ਅਦਭੁੱਤ ਲੋਕ ਕਾਵਿ ਰੂਪ ਥਾਲ

ਸੁਖਦੇਵ ਮਾਦਪੁਰੀ

ਥਾਲ ਪੰਜਾਬੀ ਲੋਕ ਗੀਤਾਂ ਦਾ ਇਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ’ਤੇ ਖੜੋਤੀਆਂ ਅਤੇ ਮੁਟਿਆਰਾਂ ਥਾਲ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲੋਂ ਨਾਲ ਗਾਉਂਦੀਆਂ ਹਨ। ਜਿਸ ਨੂੰ ਥਾਲ ਪਾਉਣਾ ਆਖਿਆ ਜਾਂਦਾ ਹੈ। ਇਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਉਂਜ ਜਵਾਨ ਤੇ ਨਵ ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਣਦਾਂ ਅਤੇ ਭੈਣਾਂ ਨਾਲ ਰਲਕੇ ਥਾਲ ਪਾਉਂਦੀਆਂ ਹਨ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਰੋੜਿਆਂ ਦੀ ਖੇਡ ਦੇ ਨਾਲ ਹੀ ਇਹ ਖੇਡ ਖੇਡਣ ਲੱਗ ਜਾਂਦੀਆਂ ਹਨ। ਇਹ ਖੇਡ ਆਮ ਤੌਰ ’ਤੇ ਦੁਪਹਿਰ ਸਮੇਂ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ। ਥਾਲ ਸੱਤਾਂ ਤੈਹਾਂ (ਪਰਦਿਆਂ) ਵਾਲੀ ਲੀਰਾਂ ਦੀ ਧਾਗਿਆਂ ਨਾਲ ਗੁੰਦੀ ਹੋਈ ਗੇਂਦ ਨਾਲ ਖੇਡੇ ਜਾਂਦੇ ਹਨ ਜਿਸ ਨੂੰ ਖਿੱਦੋ ਜਾਂ ਖੇਹਨੂੰ ਵੀ ਕਿਹਾ ਜਾਂਦਾ ਹੈ। ਇਸਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ। ਇਹ ਖੇਡ ਕਈ ਕੁੜੀਆਂ ਰਲਕੇ ਖੇਡਦੀਆਂ ਹਨ। ਉਂਜ ਗਿਣਤੀ ’ਤੇ ਕੋਈ ਪਾਬੰਦੀ ਨਹੀਂ। ਆਮ ਤੌਰ ’ਤੇ ਇਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਖਿਡਾਰਨਾਂ ਅਰਧ ਚੱਕਰ ਵਿਚ ਧਰਤੀ ’ਤੇ ਬੈਠ ਜਾਂਦੀਆਂ ਹਨ। ਖੇਡ ਸ਼ੁਰੂ ਕਰਨ ਲਈ ਇਕ ਕੁੜੀ ਇਕ ਹੱਥ ਨਾਲ ਖਿੱਦੋ ਨੂੰ ਹਵਾ ਵਿਚ ਉਛਾਲਦੀ ਹੈ ਤੇ ਫੇਰ ਸੱਜੇ ਹੱਥ ਦੀ ਤਲੀ ’ਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ’ਤੇ ਬੁੜ੍ਹਕਾਉਂਦੀ ਹੋਈ ਨਾਲੋ ਨਾਲ ਇਸੇ ਤਾਲ ਨਾਲ ਥਾਲ ਗੀਤ ਦੇ ਬੋਲ ਬੋਲਦੀ ਹੈ। ਅਰਧ ਚੱਕਰ ਵਿਚ ਬੈਠੀਆਂ ਕੁੜੀਆਂ ਉਸ ਵੱਲ ਉਤਸੁਕਤਾ ਨਾਲ ਵੇਖਦੀਆਂ ਹਨ ਅਤੇ ਉਨ੍ਹਾਂ ਦੀ ਨਜ਼ਰ ਬੁੜ੍ਹਕਦੀ ਹੋਈ ਖਿੱਦੋ ’ਤੇ ਟਿਕੀ ਹੁੰਦੀ ਹੈ। ਖਿੱਦੋ ਬੁੜ੍ਹਕਣ ਦਾ ਭਾਵ ਖਿੱਦੋ ਦੇ ਟੱਪੇ ਮਰਵਾਉਣਾ ਹੈ। ਜਦੋਂ ਇਕ ਥਾਲ ਗੀਤ ਮੁੱਕ ਜਾਂਦਾ ਹੈ ਤਾਂ ਬਿਨਾਂ ਰੁਕੇ ਦੂਜੇ ਥਾਲ ਗੀਤ ਦੇ ਬੋਲ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਦੂਜੇ ਪਿੱਛੋਂ ਤੀਜਾ ਤੇ ਤੀਜੇ ਪਿੱਛੋਂ ਚੌਥਾ ਥਾਲ ਤੇ ਇੰਜ ਹੀ ਥਾਲ ਦੇ ਬੋਲ ਬੋਲੇ ਜਾਂਦੇ ਹਨ। ਜੇ ਸੱਜਾ ਹੱਥ ਥੱਕ ਜਾਵੇ ਤਾਂ ਖੱਬੇ ਹੱਥ ਦੀ ਤਲੀ ਨਾਲ ਖਿੱਦੋ ਬੁੜ੍ਹਕਾਉਣ ਤੇ ਥਾਲ ਗਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਥਾਲਾਂ ਦੀ ਗਿਣਤੀ ਨਾਲੋਂ ਨਾਲ ਕੀਤੀ ਜਾਂਦੀ ਹੈ। ਜਿੱਥੇ ਵੀ ਖਿੱਦੋ ਡਿੱਗ ਪਵੇ, ਉੱਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ ਪਾਉਣੇ ਆਰੰਭ ਦਿੰਦੀ ਹੈ। ਇਸੇ ਤਰ੍ਹਾਂ ਵਾਰੋ ਵਾਰੀ ਸਾਰੀਆਂ ਕੁੜੀਆਂ ਥਾਲ ਪਾਉਂਦੀਆਂ ਹਨ। ਅਖੀਰ ਵਿਚ ਸਾਰੀਆਂ ਕੁੜੀਆਂ ਦੇ ਥਾਲਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸ ਨੂੰ ਜੇਤੂ ਕੁੜੀ ਮੰਨਿਆ ਜਾਂਦਾ ਹੈ। ਥਾਲਾਂ ਦੀ ਲੰਬਾਈ ਵਿਚ ਥੋੜ੍ਹਾ ਬਹੁਤਾ ਅੰਤਰ ਹੁੰਦਾ ਹੈ, ਪਰ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇਕ ਖ਼ਾਸ ਸੁਰ ਤੇ ਤਾਲ ਨਾਲ ਗਾਏ ਜਾਂਦੇ ਹਨ। ਕਿਕਲੀ ਦੇ ਗੀਤਾਂ ਵਾਂਗ ਇਨ੍ਹਾਂ ਦੀ ਬਣਤਰ ਵੀ ਸੰਜਮੀ ਸ਼ਬਦਾਂ ਰਾਹੀਂ ਤੁਕਾਂਤ ਮੇਲ ਕੇ ਸਿਰਜੀ ਜਾਂਦੀ ਹੈ। ਗਾਉਣ ਵਾਲੀ ਕੁੜੀ ਆਪਣੀ ਕਲਪਨਾ ਅਨੁਸਾਰ ਸ਼ਬਦਾਂ ਦੀ ਘਾੜਤ ਘੜਦੀ ਹੈ। ਥਾਲ ਪਾਉਂਦੀਆਂ ਕੁੜੀਆਂ ਦੀ ਉਮਰ ਬਚਪਨ ਅਤੇ ਜਵਾਨੀ ਵਿਚਕਾਰ ਹੋਣ ਕਰਕੇ ਉਨ੍ਹਾਂ ਦਾ ਸੰਸਾਰ ਆਪਣੇ ਭੈਣਾਂ ਭਰਾਵਾਂ, ਭਰਜਾਈਆਂ ਅਤੇ ਆਪਣੇ ਮਾਂ ਬਾਪ ਦੇ ਆਲੇ ਦੁਆਲੇ ਹੀ ਉਸਾਰਿਆਂ ਹੁੰਦਾ ਹੈ, ਇਸ ਲਈ ਉਹ ਆਪਣੇ ਥਾਲਾਂ ਦੇ ਗੀਤਾਂ ਵਿਚ ਉਨ੍ਹਾਂ ਦਾ ਜ਼ਿਕਰ ਵਾਰ ਵਾਰ ਕਰਦੀਆਂ ਹਨ। ਵੀਰਾਂ ਲਈ ਭੈਣਾਂ ਦਾ ਡੁੱਲ੍ਹ, ਡੁੱਲ੍ਹ ਪੈਂਦਾ ਪਿਆਰ ਅਤੇ ਆਪਣੇ ਮਾਂ ਬਾਪ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਦੀਆਂ ਕੁੜੀਆਂ ਦੇ ਬੋਲ ਹਵਾਵਾਂ ਵਿਚ ਮੋਹ ਮੁਹੱਬਤਾਂ ਦੀ ਸੁਗੰਧ ਬਿਖੇਰ ਦਿੰਦੇ ਹਨ। ਖਿੱਦੋ ਦੇ ਬੁੜ੍ਹਕਣ ਅਥਵਾ ਟੱਪਾ ਲਾਉਣ ਨਾਲ ਹੀ ਥਾਲ ਦੇ ਬੋਲ ਵਿਸ਼ੇਸ਼ ਤਾਲ ਦੇ ਸੁਰ ਵਿਚ ਸੁਣਾਈ ਦਿੰਦੇ ਹਨ। ਪਹਿਲਾ ਥਾਲ ਆਰੰਭ ਹੁੰਦਾ ਹੈ: ਥਾਲ ਥਾਲ ਥਾਲ ਮਾਂ ਮੇਰੀ ਦੇ ਲੰਮੇ ਵਾਲ ਪਿਓ ਮੇਰਾ ਸ਼ਾਹੂਕਾਰ, ਸ਼ਾਹੂਕਾਰ ਨੇ ਬਾਗ਼ ਲਵਾਇਆ ਅੰਦਰੋਂ ਪਾਣੀ ਰੁੜ੍ਹਦਾ ਆਇਆ ਰੁੜ੍ਹ ਰੁੜ੍ਹ ਪਾਣੀਆਂ ਸੁਰਮੇਂ ਦਾਨੀਆਂ ਸੁਰਮਾਂ ਪਾਵਾਂ ਕੱਜਲ ਪਾਵਾਂ ਪਾਵਾਂ ਫੁੱਲ ਗੁਲਾਬ ਦਾ ਭਾਬੋ ਮੇਰੀ ਜ਼ੁਲਫਾਂ ਵਾਲੀ ਵੀਰ ਮੇਰਾ ਸਰਦਾਰ ਆਲ ਮਾਲ ਹੋਇਆ ਬੀਬੀ ਪਹਿਲਾ ਥਾਲ

ਸੁਖਦੇਵ ਮਾਦਪੁਰੀ

ਪਹਿਲਾ ਥਾਲ ਮੁੱਕਣ ਦੇ ਨਾਲ ਹੀ ਦੂਜਾ ਥਾਲ ਸ਼ੁਰੂ ਕਰਦੀ ਹੋਈ ਭੈਣ ਵੀਰ ਨੂੰ ਯਾਦ ਕਰਦੀ ਹੈ: ਕੋਠੇ ਉੱਤੇ ਗੰਨਾ ਵੀਰ ਮੇਰਾ ਲੰਮਾ ਭਾਬੋ ਮੇਰੀ ਪਤਲੀ ਜੀਹਦੇ ਨੱਕ ਮਛਲੀ ਮਛਲੀ ਤੇ ਮੈਂ ਨਹਾਵਣ ਗਈਆਂ ਲੰਡੇ ਪਿੱਪਲ ਹੇਠ ਲੰਡਾ ਪਿੱਪਲ ਢੈ ਪਿਆ ਮਛਲੀ ਆ ਗਈ ਹੇਠ ਮਛਲੀ ਦੇ ਦੋ ਮਾਮੇ ਆਏ ਮੇਰਾ ਆਇਆ ਜੇਠ ਜੇਠ ਦੀ ਮੈਂ ਰੋਟੀ ਪਕਾ ਤੀ ਨਾਲ ਪਕਾਈਆ ਤੋਰੀਆਂ ਅੱਲਾ ਮੀਆਂ ਭਾਗ ਲਾਏ ਵੀਰਾਂ ਦੀਆਂ ਜੋੜੀਆਂ ਆਲ ਮਾਲ, ਹੋਇਆ ਬੀਬੀ ਦੂਜਾ ਥਾਲ ਥਾਲਾਂ ਰਾਹੀਂ, ਬੱਚਿਆਂ ਤੇ ਨਿੱਕੀਆਂ ਕੁੜੀਆਂ ਵਿਚ ਸਾਡੇ ਰਹਿਣ ਸਹਿਣ ਕੰਮ ਧੰਦਿਆਂ ਅਤੇ ਸਾਕਾਦਾਰੀ ਪ੍ਰਬੰਧ ਅਤੇ ਖਾਣ ਪੀਣ ਬਾਰੇ ਜਾਣਕਾਰੀ ਦਾ ਸੰਚਾਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਖੇਡ ਖੇਡ ਵਿਚ ਹੀ ਥਾਲ ਪਾਏ ਜਾਂਦੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਇਹ ਥਾਲ ਉਪਲੱਬਧ ਹਨ। ਸਾਡਾ ਆਲਾ ਦੁਆਲਾ ਇਨ੍ਹਾਂ ਵਿਚ ਵਿਦਮਾਨ ਹੈ: ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਕੁੰਡੇ ਸਦਾ ਕੁੜੀ ਨੂੰ ਵਿਆਹੁਣ ਚੱਲੇ ਚੌਂਹ ਕੂੰਟਾਂ ਦੇ ਮੁੰਡੇ ਮੁੰਡਿਆਂ ਦੇ ਸਿਰ ਟੋਪੀਆਂ ਜਿਊਣ ਸਾਡੀਆਂ ਝੋਟੀਆਂ ਝੋਟੀਆਂ ਦੇ ਸਿਰ ਬੱਗੇ ਜਿਊਣ ਸਾਡੇ ਢੱਗੇ ਢੰਗਿਆਂ ਗਲ ਪੰਜਾਲੀ ਜਿਊਣ ਸਾਡੇ ਹਾਲੀ ਹਾਲੀ ਦੇ ਪੈਰ ਜੁੱਤੀ ਜੀਵੇ ਸਾਡੀ ਕੁੱਤੀ ਕੁੱਤੀ ਦੇ ਨਿਕਲਿਆ ਫੋੜਾ ਜੀਵੇ ਸਾਡਾ ਘੋੜਾ ਘੋੜੇ ਤੇ ਲਾਲ ਕਾਠੀ ਜੀਵੇ ਸਾਡਾ ਹਾਥੀ ਹਾਥੀ ਦੇ ਸਿਰ ਝਾਫੇ ਜਿਊਣ ਸਾਡੇ ਮਾਪੇ ਮਾਪਿਆਂ ਨੇ ਦਿੱਤਾ ਖੇਸ ਜੀਵੇ ਸਾਡਾ ਦੇਸ ਆਲ ਮਾਲ ਹੋਇਆ ਪੂਰਾ ਥਾਲ ਜਿੱਥੇ ਮਾਂ ਬਾਪ ਤੇ ਭਰਾਵਾਂ ਲਈ ਸਦਭਾਵਨਾ ਦਰਸਾਈ ਜਾਂਦੀ ਹੈ, ਉੱਥੇ ਸਾਕਾਦਾਰੀ ਵਿਚੋਂ ਸੱਸ-ਸਹੁਰਾ ਤੇ ਸਹੁਰੇ ਪਰਿਵਾਰ ਦਾ ਜ਼ਿਕਰ ਵੀ ਹੁੰਦਾ ਹੈ: ਰਾਹ ਵਿਚ ਪੌੜੀ ਸੱਸ ਮੇਰੀ ਕੋਹੜੀ ਸਹੁਰਾ ਮੇਰਾ ਮਿੱਠਾ ਜਮਾਲਪੁਰ ਡਿੱਠਾ ਜਮਾਲਪੁਰ ਦੀਆਂ ਕੁੜੀਆਂ ਆਈਆਂ ਨਣਦ ਕੁੜੀ ਨਾ ਆਈ ਨਣਦ ਕੁੜੀ ਦਾ ਗਿੱਟਾ ਭੰਜਾ ਹਿੰਗ ਜਮੈਣ ਲਾਈ ਤੂੰ ਨਾ ਲਾਈ ਮੈਂ ਨਾ ਲਾਈ ਲਾ ਗਿਆ ਕਸਾਈ ਤੇਰੇ ਪੇਕਿਆਂ ਦਾ ਨਾਈ ਤੈਨੂੰ ਅਜੇ ਵੀ ਖ਼ਬਰ ਨਾ ਆਈ ਆਲ ਮਾਲ ਹੋਇਆ ਬੀਬੀ ਪੂਰਾ ਥਾਲ ਪ੍ਰਦੇਸੀ ਗਏ ਵੀਰਾਂ ਲਈ ਅਰਦਾਸ ਕਰਦੀ ਭੈਣ ਆਪਣੇ ਮਾਂ ਬਾਪ ਦੇ ਵਾਰੇ ਵਾਰੇ ਜਾਂਦੀ ਹੋਈ ਥਾਲ ਪਾਉਂਦੀ ਹੈ: ਕੋਠੇ ਉੱਤੇ ਤਾਣੀ ਖੂਹ ’ਚ ਮਿੱਠਾ ਪਾਣੀ ਬਾਬਲ ਮੇਰਾ ਰਾਜਾ ਅੰਬੜੀ ਰਾਣੀ ਦੁੱਧ ਦੇਵਾਂ ਦਹੀਂ ਜਮਾਵਾਂ ਵੀਰਾਂ ਦੀਆਂ ਦੂਰ ਬਲਾਵਾਂ ਵੇਲ ਕੱਢਾਂ ਫੁੱਲ ਕੱਢਾਂ ਕੱਢਾਂ ਮੈਂ ਕਸੀਦੜਾ ਲਹਿਰਾਂ ਦੀ ਮੈਂ ਵੇਲ ਪਾਵਾਂ ਰੰਗਾਂ ਦਾ ਬਗੀਚੜਾ ਸਭ ਭਰਾਈਆਂ ਕੁੜੀਆਂ ਆਰੇ ਪਾਰੇ ਜੁੜੀਆਂ ਆਲ ਮਾਲ ਹੋਇਆ ਪੂਰਾ ਥਾਲ ਲੰਬੇ ਆਕਾਰ ਦੇ ਗੀਤਾਂ ਤੋਂ ਇਲਾਵਾ ਵੀ ਨਿੱਕੀਆਂ ਬੱਚੀਆਂ ਛੋਟੇ ਆਕਾਰ ਦੇ ਥਾਲ ਪਾਉਂਦੀਆਂ ਹਨ: ਪੈਲਾਂ ਪੂਲਾਂ ਪਾ ਕੇ ਮੈਂ ਬੈਠੀ ਮੂਹੜਾ ਡਾਹ ਕੇ ਵੀਰ ਆਇਆ ਨਹਾ ਕੇ ਮੈਂ ਰੋਟੀ ਦਿੱਤੀ ਪਾ ਕੇ ਵੀਰਾ ਖਾਣੀ ਏ ਤੇ ਖਾ ਨਹੀਂ ਨੌਕਰੀ ਤੇ ਜਾ ਆਲ ਮਾਲ ਹੋਇਆ ਬੀਬੀ ਪੂਰਾ ਥਾਲ ਕਈ ਕੁੜੀਆਂ ਤਾਂ ਲਗਾਤਾਰ ਖਿੱਦੋ ਬੁੜ੍ਹਕਾਈ ਜਾਂਦੀਆਂ ਹਨ ਤੇ ਨਾਲੋਂ ਨਾਲ ਥਾਲ ਪਾਈ ਜਾਂਦੀਆਂ ਹਨ। ਇਕ ਕੁੜੀ ਦੇ ਲਗਾਤਾਰ ਸੱਠ ਥਾਲ ਪਾਉਣ ਦਾ ਜ਼ਿਕਰ ਮਿਲਦਾ ਹੈ: ਅੱਠ ਅਠੈਂਗਣ ਬਾਰਾਂ ਬੈਂਗਣ ਕੱਦੂ ਪੱਕਣ ਤੋਰੀਆਂ ਖਟ ਲਿਆਵਾਂ ਬੋਰੀਆਂ ਬੋਰੀ ਬੋਰੀ ਘਿਓ ਜੀਵੇ ਰਾਜਾ ਪਿਓ ਪਿਓ ਪੈਰੀਂ ਜੁੱਤੀ ਜੀਵੇ ਕਾਲੀ ਕੁੱਤੀ ਕਾਲੀ ਕੁੱਤੀ ਦੇ ਕਤੂਰੇ ਮੇਰੇ ਸੱਭੇ ਥਾਲ ਪੂਰੇ ਮੇਰਾ ਇਕ ਵੀ ਨਾ ਘੱਟ ਮੇਰੇ ਹੋ ਗਏ ਪੂਰੇ ਸੱਠ ਆਲ ਮਾਲ ਹੋਇਆ ਬੀਬੀ ਪੂਰਾ ਥਾਲ ਮਸ਼ੀਨੀਕਰਨ ਦੇ ਪ੍ਰਭਾਵ ਸਦਕਾ ਮਨੋਰੰਜਨ ਦੇ ਸਾਧਨ ਤਬਦੀਲ ਹੋ ਗਏ ਹਨ ਜਿਸ ਕਰਕੇ ਥਾਲ ਪਾਉਣ ਦੀ ਪਰੰਪਰਾ ਵੀ ਖ਼ਤਮ ਹੋ ਗਈ ਹੈ। ਪੰਜਾਬ ਦੇ ਪੇਂਡੂ ਸਕੂਲਾਂ ਵਿਚ ਅੱਧੀ ਛੁੱਟੀ ਵੇਲੇ ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਕਦੀ ਕਦੀ ਨਜ਼ਰ ਆਉਂਦੀਆਂ ਹਨ। ਸ਼ਹਿਰਾਂ ਵਿਚ ਤਾਂ ਇਹ ਪ੍ਰਥਾ ਖ਼ਤਮ ਹੋ ਗਈ ਹੈ ਜਿਸ ਕਰਕੇ ਥਾਲ ਪਾਉਣ ਅਤੇ ਥਾਲ ਗੀਤ ਰੂਪ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਥਾਲ ਗੀਤ ਰੂਪ ਸਾਡੇ ਲੋਕ ਸਾਹਿਤ ਦਾ ਖ਼ਜ਼ਾਨਾ ਹਨ। ਇਸ ਨੂੰ ਲਿਖਤੀ ਰੂਪ ਵਿਚ ਸਾਂਭਣ ਦੀ ਲੋੜ ਹੈ।

ਸੰਪਰਕ : 94630-34472

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All