ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ

ਸਾਹਿਤ ਤੇ ਚਿੰਤਨ ਦੇ ਇਤਿਹਾਸ ਵਿਚ ਕਈ ਵਾਰ ਕਈ ਸਾਹਿਤਕਾਰਾਂ ਤੇ ਚਿੰਤਕਾਂ ਨੇ ਅਜਿਹਾ ਕਿਰਦਾਰ ਨਿਭਾਇਆ ਜਿਸ ਨੂੰ ਲੋਕ ਪੱਖੀ ਨਹੀਂ ਕਿਹਾ ਜਾ ਸਕਦਾ। ਮਸ਼ਹੂਰ ਅੰਗਰੇਜ਼ੀ ਕਵੀ ਇਜ਼ਰਾ ਪੌਂਡ ਇਟਲੀ ਦੇ ਫਾਸ਼ੀਵਾਦੀਆਂ ਦਾ ਹਮਾਇਤੀ ਬਣ ਗਿਆ ਤੇ ਇਸੇ ਤਰ੍ਹਾਂ ਜਰਮਨ ਚਿੰਤਕ ਮਾਰਟਿਨ ਹਿਡੇਗਰ ਨਾਜ਼ੀਆਂ ਦਾ। ਇਜ਼ਰਾ ਪੌਂਡ ਦੀ ਕਵਿਤਾ ਨੇ ਵੀਹਵੀਂ ਸਦੀ ਦੇ ਅੰਗਰੇਜ਼ੀ ਕਵੀਆਂ ਤੇ ਹਿਡੇਗਰ ਦੀ ਫਿਲਾਸਫ਼ੀ ਨੇ ਜਰਮਨੀ, ਫਰਾਂਸ ਤੇ ਹੋਰ ਮੁਲਕਾਂ ਦੇ ਚਿੰਤਕਾਂ ਦੀ ਸੋਚ ਦੇ ਵਿਕਾਸ ’ਤੇ ਵੱਡਾ ਅਸਰ ਪਾਇਆ। ਇਸ ਤਰ੍ਹਾਂ ਦਾ ਵਰਤਾਰਾ ਇਹ ਸਵਾਲ ਉਠਾਉਂਦਾ ਹੈ ਕਿ ਇਹੋ ਜਿਹੇ ਸਾਹਿਤਕਾਰਾਂ ਤੇ ਦਾਨਿਸ਼ਵਰਾਂ ਨੂੰ ਕਿਸ ਤਰ੍ਹਾਂ ਪੜ੍ਹਿਆ, ਪਰਖਿਆ ਤੇ ਸਮਝਿਆ ਜਾਵੇ।

ਸੁਰਿੰਦਰ ਸਿੰਘ ਤੇਜ

ਪੀਟਰ ਹੈਂਕੀ

ਉਸ ਜ਼ਿੰਦਗੀ ਦਾ ਕੀ ਫ਼ਾਇਦਾ ਜਿਸ ਵਿਚ ਝਗੜੇ-ਝਮੇਲੇ ਨਾ ਹੋਣ। 1964 ਵਿਚ ਛਪੇ ਨਾਵਲ ‘ਦਿ ਹੌਰਨੈੱਟਸ’ (ਭਰਿੰਡਾਂ ਦੀ ਖੱਖਰ) ਦੇ ਅਹਿਮ ਕਿਰਦਾਰ ਫਿੰਚ ਦਾ ਇਹ ਫ਼ਿਕਰਾ ਨਾਵਲ ਦੇ ਲੇਖਕ ਪੀਟਰ ਹੈਂਕੀ (Peter Handke) ਦੇ ਅਦਬ ਤੇ ਨਿੱਜ ਦੀ ਤਰਜਮਾਨੀ ਕਰਦਾ ਹੈ। ਹੈਂਕੀ ਆਸਟ੍ਰੀਅਨ ਹੈ, ਰਹਿੰਦਾ ਫਰਾਂਸ ਵਿਚ ਹੈ, ਲਿਖਦਾ ਜਰਮਨ ਵਿਚ ਹੈ। ਯੁੂਰੋਪ ਦੇ ਸਾਹਿਤਕ ਖੇਤਰ ਵਿਚ ਅੱਧੀ ਸਦੀ ਤੋਂ ਉਹ ਮਹਾਰਥੀ ਵਜੋਂ ਵਿਚਰਦਾ ਆ ਰਿਹਾ ਹੈ। ਉਸ ਨੇ ਨਾਵਲ ਵੀ ਲਿਖੇ, ਨਾਟਕ ਵੀ, ਨਿਬੰਧ ਵੀ ਅਤੇ ਕਵਿਤਾ ਵੀ। ਫਿਲਮਾਂ ਲਈ ਪਟਕਥਾ ਲੇਖਣ ਦਾ ਉਹ ਮਾਹਿਰ ਹੈ। ਖ਼ੁਦ ਫਿਲਮ ਨਿਰਦੇਸ਼ਕ ਵੀ ਹੈ। ਉਸ ਦੇ ਛੇ ਨਾਵਲਾਂ ’ਤੇ ਫਿਲਮਾਂ ਬਣ ਚੁੱਕੀਆਂ ਹਨ। ਉਸ ਦੇ ਨਿੱਜ ਵਾਂਗ ਉਸ ਦੀਆਂ ਫਿਲਮਾਂ ਵੀ ਵਿਵਾਦਾਂ ਨਾਲ ਜੂਝਦੀਆਂ ਆਈਆਂ ਹਨ। ਵਿਵਾਦ ਉਸ ਦਾ ਪੱਲਾ ਨਹੀਂ ਛੱਡਦੇ; ਉਹ ਪੱਲਾ ਛੁਡਾਉਣ ਪ੍ਰਤੀ ਸੰਜੀਦਾ ਵੀ ਨਹੀਂ। ਹੁਣ ਸਵੀਡਿਸ਼ ਅਕੈਡਮੀ ਆਫ਼ ਲਿਟਰੇਚਰ ਵੱਲੋਂ ਉਸ ਨੂੰ ਸਾਲ 2019 ਦੇ ਨੋਬੇਲ ਅਦਬੀ ਇਨਾਮ ਲਈ ਚੁਣੇ ਜਾਣ ਤੋਂ ਪੱਛਮ ਦੇ ਅਦਬੀ ਜਗਤ ਵਿਚ ਨਵਾਂ ਬਵਾਲ ਉੱਠ ਖੜ੍ਹਿਆ ਹੈ। ਉਸ ਦੇ ਖ਼ਿਲਾਫ਼ ਪਟੀਸ਼ਨਾਂ ਲਾਮਬੰਦ ਹੋ ਰਹੀਆਂ ਹਨ। ਅਦਬੀ ਸਿਰਮੌਰਾਂ ਦੇ ਦਸਤਖ਼ਤ ਜੁਟਾਏ ਜਾ ਰਹੇ ਹਨ। ਪੀਟਰ ਹੈਂਕੀ ਨੂੰ ਇਸ ਉਬਾਲੇ ਤੋਂ ਮਜ਼ਾ ਆ ਰਿਹਾ ਹੈ। ਆਪਣੀ ਫ਼ਿਤਰਤ (ਜਾਂ ਅਕਸ) ਮੁਤਾਬਿਕ ਉਹ ਇਕ ਪਾਸੇ ਸਵੀਡਿਸ਼ ਅਕਾਦਮੀ ਦੀ ਦਸ਼ਾ ਅਤੇ ਦੂਜੇ ਪਾਸੇ ਆਪਣੇ ਅਦਬੀ ਵਿਰੋਧੀਆਂ ਦੀ ਦੁਰਦਸ਼ਾ ਉੱਤੇ ਫ਼ਿਕਰੇ ਕਸ ਰਿਹਾ ਹੈ। ਪ੍ਰਮੁੱਖ ਫਰਾਂਸੀਸੀ ਅਖ਼ਬਾਰ ‘ਲੀ ਪੈਰਿਸੀਅਨ’ ਨਾਲ ਇਕ ਇੰਟਰਵਿਊ ਵਿਚ ਉਸ ਨੇ ਕਿਹਾ, ‘‘ਮੈਨੂੰ ਲੱਗਦੈ ਨੋਬੇਲ ਕਮੇਟੀ ਵਾਲੇ ਆਪਣੀ ਸੁਰਤ ਗੁਆ ਬੈਠੇ ਸਨ। ਤਦੋਂ ਹੀ ਤਾਂ ਉਨ੍ਹਾਂ ਮੇਰੀ ਚੋਣ ਕੀਤੀ।’’

ਓਲਗਾ ਤੋਕਾਰਚੁੱਕ

ਉਸ ਦੇ ਇਨ੍ਹਾਂ ਸ਼ਬਦਾਂ ਦਾ ਆਪਣਾ ਪਿਛੋਕੜ ਹੈ। ਉਸ ਨੇ 2014 ਵਿਚ ਨੋਬੇਲ ਫਾਊਂਡੇਸ਼ਨ ਉੱਤੇ ‘ਸਾਹਿਤ ਦੇ ਜਾਅਲੀ ਦੈਵੀਕਰਨ’ ਦੇ ਦੋਸ਼ ਲਾਉਂਦਿਆਂ ਨੋਬੇਲ ਅਦਬੀ ਇਨਾਮ ਖ਼ਤਮ ਕੀਤੇ ਜਾਣ ਦਾ ਸੱਦਾ ਦਿੱਤਾ ਸੀ। ਪਰ ਹੁਣ ਉਸ ਨੂੰ ਇਨਾਮ ਸਵੀਕਾਰਨ ਤੋਂ ਕੋਈ ਝਿਜਕ ਨਹੀਂ। ਬੜੀ ਬੇਬਾਕੀ ਨਾਲ ਉਹ ਕਹਿੰਦਾ ਹੈ: ‘‘ਅੱਸੀ ਲੱਖ ਸਵੀਡਿਸ਼ ਕਰੋਨਰ (11 ਲੱਖ ਡਾਲਰ) ਕੋਈ ਮੂੜ੍ਹਮੱਤ ਹੀ ਠੁਕਰਾਏਗਾ।’’ ਸਾਹਿਤਕਾਰ ਤੋਂ ਸੰਵੇਦਨਸ਼ੀਲ ਤੇ ਇਨਸਾਨਪ੍ਰਸਤ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਅਵਧਾਰਨਾ ਇਹੋ ਹੈ ਕਿ ਆਰਥਿਕ, ਸਮਾਜਿਕ, ਰਾਜਨੀਤਕ ਜਾਂ ਜਜ਼ਬਾਤੀ ਤੌਰ ’ਤੇ ਦੁਤਕਾਰਿਆਂ ਦੀ ਜੇਕਰ ਉਹ ਖੈ਼ਰਖਾਹੀ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਜਾਬਰਾਂ, ਸੰਗਦਿਲਾਂ ਤੇ ਹੰਕਾਰੀਆਂ ਦੀ ਖੈਰਖਾਹੀ ਤਾਂ ਨਹੀਂ ਕਰੇਗਾ। ਪਰ ਪੀਟਰ ਹੈਂਕੀ ਦਾ ਆਚਾਰ-ਵਿਚਾਰ ਇਸ ਤੋਂ ਉਲਟ ਹੈ। ਉਸ ਨੂੰ ਜਬਰ ਪਿੱਛੇ ਵੀ ਇਨਸਾਨੀ ਹਿੱਤ ਨਜ਼ਰ ਆਉਂਦੇ ਹਨ। ਉਹ ਨਸਲਪ੍ਰਸਤ ਨਹੀਂ, ਨਾ ਹੀ ਮਜ਼ਹਬਪ੍ਰਸਤ ਹੈ। ਪਰ ਉਸ ਨੂੰ ਯੁੂਰੋਪ ਵਿਚ ਇਸਲਾਮ ਦਾ ਪਸਾਰਾ, ਤ੍ਰਾਸਦਿਕ ਭਵਿੱਖ ਦਾ ਲੱਛਣ ਜਾਪਦਾ ਹੈ। ਸਰਬੀਆ ਦੇ ਸਾਬਕਾ ਤਾਨਾਸ਼ਾਹ ਤੇ ਬਲਕਾਨ ਖ਼ਿੱਤੇ ਵਿਚ ਨਸਲਕੁਸ਼ੀ ਦੇ ਦੋਸ਼ੀ ਸਲੋਬੋਦਾਨ ਮਿਲੌਸੋਵਿਚ ਦਾ ਉਹ ਪ੍ਰਮੁੱਖ ਤਰਫ਼ਦਾਰ ਰਿਹਾ ਹੈ। ਕੌਮਾਂਤਰੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ 2006 ਵਿਚ ਮਿਲੌਸੋਵਿਚ ਦੀ ਜੇਲ੍ਹ ’ਚ ਮੌਤ ਹੋ ਗਈ ਸੀ।

ਵਿਦਿਆਧਰ ਸੂਰਜਪ੍ਰਸਾਦ ਨਾਇਪਾਲ

ਹੈਂਕੀ ਨੇ ਨਾ ਸਿਰਫ਼ ਉਸ ਦੇ ਜ਼ਨਾਜ਼ੇ ਵਿਚ ਹਾਜ਼ਰੀ ਭਰੀ ਸਗੋਂ ਮਾਤਮੀ ਤਕਰੀਰ ਵੀ ਕੀਤੀ। ਇਸ ਤਕਰੀਰ ਵਿਚ ਉਸ ਨੇ ਮਿਲੌਸੋਵਿਚ ਨੂੰ ਪੱਛਮੀ ਉਦਾਰਵਾਦੀਆਂ ਤੇ ਨਾਟੋ ਮੁਲਕਾਂ ਦੇ ਕੂੜ-ਪ੍ਰਚਾਰ ਦਾ ਸ਼ਿਕਾਰ ਦੱਸਿਆ। ਉਸ ਨੇ ਇਲਜ਼ਾਮ ਲਾਇਆ ਕਿ 1995 ਦਾ ਸਰਬਰੇਨਿਕਾ ਕਤਲੇਆਮ ਮਿਲੌਸੋਵਿਚ ਨੇ ਨਹੀਂ ਸਗੋਂ ਬੋਸਨਿਆਈ ਮੁਸਲਿਮ ਆਗੂਆਂ ਨੇ ਖ਼ੁਦ ਕਰਵਾਇਆ ਸੀ। ਮਕਸਦ ਸੀ ਸਰਬੀਆ ਖ਼ਿਲਾਫ਼ ਕੂੜ-ਪ੍ਰਚਾਰ ਤੇ ਨਫ਼ਰਤ ਨੂੰ ਹਵਾ ਦੇ ਕੇ ਬੋਸਨੀਆ-ਹਰਜ਼ਗੋਵਿਨਾ ਦੀ ਅਲਹਿਦਗੀ ਲਈ ਅਮਰੀਕਾ ਤੇ ਨਾਟੋ ਦੇਸ਼ਾਂ ਦੀ ਸਿੱਧੀ ਹਮਾਇਤ ਜੁਟਾਉਣੀ। ਹੈਂਕੀ ਦੀ ਇਸ ਤਕਰੀਰ ਦੀ ਚੁਫ਼ੇਰਿਓਂ ਨਿੰਦਾ ਹੋਈ, ਪਰ ਉਹ ਬੇਲਾਗ਼ ਰਿਹਾ। ਇਹ ਬੇਪਰਵਾਹੀ ਹੁਣ ਵੀ ਬਰਕਰਾਰ ਹੈ। ਉਸ ਦੇ ਹਸਾਇਤੀ ਵੀ ਹੈਰਾਨ ਹੁੰਦੇ ਹਨ ਕਿ ਡੂੰਘੇਰੇ ਇਨਸਾਨੀ ਜਜ਼ਬਿਆਂ ਨੂੰ ਸਾਦ-ਮੁਰਾਦੀ ਜ਼ੁਬਾਨ ਦੇਣ ਵਾਲਾ ਇਹ ਜੁਗਤੀ, ਇਨਸਾਨੀਅਤ ਦਾ ਘਾਣ ਕਰਨ ਵਾਲਿਆਂ ਦਾ ਕਦਰਦਾਨ ਕਿਵੇਂ ਹੋ ਸਕਦਾ ਹੈ। ਪਰ ਹੈਂਕੀ ਕੋਲ ਅਜਿਹੇ ਅਚੰਭਿਆਂ ਦਾ ਜਵਾਬ ਮੌਜੂਦ ਹੈ। ਉਹ ਦਾਆਵਾ ਕਰਦਾ ਹੈ ਕਿ ਉਹ ਸਿਰਫ਼ ਸਿਆਹ ਨਹੀਂ ਦੇਖਦਾ, ਸਲ੍ਹੇਟੀ ਦੀਆਂ ਵੱਖ ਵੱਖ ਭਾਹਾਂ ਵੀ ਫੜਨੀਆਂ ਲੋਚਦਾ ਹੈ। ਇਹ ਹੁਨਰ ਉਸ ਨੂੰ ਜਾਬਰਾਂ ਦੇ ਅੰਤਰੀਵ ਤਕ ਪੁੱਜਣ ਅਤੇ ਉਨ੍ਹਾਂ ਦੀ ਸੋਚ ਦਾ ਸਹੀ ਵਿਸ਼ਲੇਸ਼ਣ ਕਰਨ ਦੇ ਕਾਬਲ ਬਣਾਉਂਦਾ ਹੈ। ਨਿੰਦਾ ਨੂੰ ਨਿਗੂਣਤਾ ਵਾਂਗ ਲੈਣ ਦੀ ਕਲਾ ਦੇ ਇਸ ਸਾਧਕ ਨੂੰ 2006 ਵਿਚ ਜਦੋਂ ਡੁਸੈੱਲਡੌਰਫ਼ ਸਾਹਿਤਕ ਇਨਾਮ ਲਈ ਚੁਣਿਆ ਗਿਆ ਤਾਂ ਵਿਰੋਧ ਪੂਰਾ ਤਾਅ ਫੜ ਗਿਆ। ਇਸ ਤੋਂ ਪਹਿਲਾਂ ਕਿ ਉਸ ਦੀ ਚੋਣ ਰੱਦ ਕੀਤੀ ਜਾਂਦੀ, ਉਸ ਨੇ ਖ਼ੁਦ ਹੀ ਐਲਾਨ ਕਰ ਦਿੱਤਾ ਕਿ ਉਹ ਪੁਰਸਕਾਰ ਨਹੀਂ ਲਵੇਗਾ ਕਿਉਂਕਿ ਉਸ ਦਾ ਸਾਹਿਤਕ ਕੱਦ ਇਸ ਪੁਰਸਕਾਰ ਨਾਲੋਂ ਕਿਤੇ ਵੱਧ ਉੱਚਾ ਹੈ। ਇਹ ਐਲਾਨ ਉਸ ਦੇ ਨਿੰਦਕਾਂ ਨੂੰ ਹੋਰ ਵੀ ਜ਼ਿਆਦਾ ਭਖਾਉਣ ਵਾਲਾ ਸੀ; ਉਸ ਦੇ ਬਾਈਕਾਟ ਦੇ ਐਲਾਨ ਹੋਏ, ਪਰ ਹੈਂਕੀ ਨੇ ਜਵਾਬ ਆਪਣੇ ਲੇਖਣ ਨੂੰ ਵੱਧ ਸੰਮੋਹਕ, ਵੱਧ ਵਜ਼ਨੀ ਬਣਾ ਕੇ ਦਿੱਤਾ। 2014 ਵਿਚ ਥੀਏਟਰ ਦੀ ਦੁਨੀਆ ਦੇ ਸਭ ਤੋਂ ਵੱਕਾਰੀ ਇੰਟਰਨੈਸ਼ਨਲ ਇਬਸਨ ਐਵਾਰਡ ਲਈ ਉਸ ਦੀ ਚੋਣ ਸਮੇਂ ਵੀ ਪੂਰਾ ਰੌਲਾ ਪਿਆ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਪੁਰਸਕਾਰ ਦੀ ਮਨਸੂਖ਼ੀ ਲਈ ਪ੍ਰਬੰਧਕਾਂ ਉੱਤੇ ਚੁਫ਼ੇਰਿਉਂ ਦਬਾਅ ਬਣਾਇਆ, ਪਰ ਨਾ ਪ੍ਰਬੰਧਕ ਝੁਕੇ ਤੇ ਨਾ ਹੀ ਪੀਟਰ ਹੈਂਕੀ। ਇਹੋ ਵਰਤਾਰਾ ਹੁਣ ਨੋਬੇਲ ਅਦਬੀ ਪੁਰਸਕਾਰ ਦੇ ਐਲਾਨ ਮਗਰੋਂ ਵਾਪਰ ਰਿਹਾ ਹੈ। ਸਵੀਡਿਸ਼ ਅਕਾਦਮੀ ਦਾ ਰੁਖ਼, ਇਬਸਨ ਐਵਾਰਡ ਕਮੇਟੀ ਵਾਲਾ ਹੀ ਹੈ। ਅਕਾਦਮੀ ਦੇ ਨਵੇਂ ਸਥਾਈ ਸਕੱਤਰ ਮੌਟਸ ਮਾਮ ਦਾ ਕਹਿਣਾ ਹੈ, ‘‘ਅਦਬੀ ਇਨਾਮਾਂ ਦੇ ਜੇਤੂਆਂ ਦੀ ਚੋਣ ਤੋਂ ਰੌਲਾ ਪੈਂਦਾ ਹੀ ਹੈ। ਅਸੀਂ ਜੋ ਕੀਤਾ ਹੈ, ਸਭ ਕੁਝ ਸੋਚ ਵਿਚਾਰ ਕੇ ਕੀਤਾ ਹੈ। ਪੀਟਰ ਹੈਂਕੀ ਯੂਰੋਪ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਦੀ ਕਤਾਰ ਵਿਚ ਸ਼ੁਮਾਰ ਹੈ। ਉਸ ਦਾ ਲੇਖਣ ਮਨੁੱਖੀ ਅਨੁਭਵਾਂ ਦੇ ਵਲ-ਫੇਰਾਂ ਤੇ ਵਿਲੱਖਣਤਾਵਾਂ ਨੂੰ ਮੁਖਰਿਤ ਕਰਦਾ ਹੈ। ਜਜ਼ਬਿਆਂ ਨੂੰ ਜ਼ੁਬਾਨ ਦੇਣ ਦੀ ਉਸ ਦੀ ਮੁਹਾਰਤ ਬਾਕਮਾਲ ਹੈ। ਇਹ ਸਹੀ ਮਾਅਨਿਆਂ ਵਿਚ ਸਲਾਮ ਦੀ ਹੱਕਦਾਰ ਹੈ।’’ * * *

ਸਲੋਬੋਦਾਨ ਮਿਲੌਸੋਵਿਚ

2019 ਵਾਲੇ ਪੁਰਸਕਾਰ ਦੇ ਨਾਲ ਨਾਲ ਰੌਲਾ 2018 ਵਾਲੇ ਨੋਬੇਲ ਪੁਰਸਕਾਰ ਵਾਸਤੇ ਓਲਗਾ ਤੋਕਾਰਚੁੱਕ (Olga Tokarczuk) ਦੀ ਚੋਣ ਤੋਂ ਵੀ ਪਿਆ। ਸ਼ਖ਼ਸੀ ਤੌਰ ’ਤੇ ਇਹ ਪੋਲਿਸ਼ ਲੇਖਿਕਾ, ਪੀਟਰ ਹੈਂਕੀ ਤੋਂ ਬਿਲਕੁਲ ਉਲਟ ਹੈ। ਉਹ ਦਰਦਮੰਦਾਂ ਦੀ ਦਰਦੀ ਹੈ ਅਤੇ ਦਰਦ ਦੇਣ ਵਾਲਿਆਂ ਦੀ ਦੋਖੀ। ਇਹੋ ਉਸ ਦੀ ਸ਼ਖ਼ਸੀ ਪਛਾਣ ਹੈ ਅਤੇ ਅਦਬੀ ਵੀ। ਉਮਰ (57 ਵਰ੍ਹੇ) ਪੱਖੋਂ ਉਹ ਪੀਟਰ ਹੈਂਕੀ ਤੋਂ 18 ਵਰ੍ਹੇ ਛੋਟੀ ਹੈ। ਉਸ ਦਾ ਉਦਾਰਵਾਦ ਤੇ ਮਾਨਵਵਾਦ, ਪੋਲਿਸ਼ ਅੰਧਰਾਸ਼ਟਰਵਾਦੀਆਂ ਨੂੰ ਕਦੇ ਨਹੀਂ ਸੁਖਾਇਆ। ਉਹ ਓਲਗਾ ਨੂੰ ਪੱਛਮੀ ਤਾਕਤਾਂ ਦੀ ਏਜੰਟ ਦੱਸਦੇ ਆਏ ਹਨ। ਤੋਹਮਤ ਇਹ ਵੀ ਲਾਈ ਜਾ ਰਹੀ ਹੈ ਕਿ ਵੋਲਗਾ ਦੀ ਚੋਣ ਸਵੀਡਿਸ਼ ਅਦਬੀ ਅਕਾਦਮੀ ਵਿਚ ਪਿਛਲੇ ਸਾਲ ਉੱਭਰੇ ਨਾਰੀ ਸ਼ੋਸ਼ਣ ਸਕੈਂਡਲ ਦੀ ਖੇਹ ਉੱਤੇ ਪਾਣੀ ਤ੍ਰੌਂਕਣ ਲਈ ਕੀਤੀ ਗਈ (ਜ਼ਿਕਰਯੋਗ ਹੈ ਕਿ ਇਸ ਸਕੈਂਡਲ ਕਾਰਨ ਪਿਛਲੇ ਵਰ੍ਹੇ ਅਦਬੀ ਪੁਰਸਕਾਰ ਦਾ ਐਲਾਨ ਰੋਕਣਾ ਪਿਆ ਸੀ ਅਤੇ ਅਕਾਦਮੀ ਦੇ ਸਕੱਤਰ ਨੂੰ ਅਸਤੀਫ਼ਾ ਦੇਣਾ ਪਿਆ ਸੀ)। ਅਜਿਹੀ ਤੋਹਮਤ ਦੇ ਬਾਵਜੂਦ ਇਹ ਹਕੀਕਤ ਵੀ ਝੁਠਲਾਈ ਨਹੀਂ ਜਾ ਸਕਦੀ ਕਿ ਓਲਗਾ, ਪੋਲਿਸ਼ ਅਦਬੀ ਜਗਤ ਦੀਆਂ ਸਿਖਰਲੀਆਂ ਹਸਤੀਆਂ ਵਿਚੋਂ ਇਕ ਹੈ। ਉਸ ਦਾ ਲੇਖਣ ਅਦਮੀ ਤੌਰ ’ਤੇ ਵੀ ਕਾਮਯਾਬ ਹੈ ਅਤੇ ਕਾਰੋਬਾਰੀ ਤੌਰ ’ਤੇ ਵੀ। ਨਾਵਲਕਾਰ ਤੇ ਕਹਾਣੀਕਾਰ ਵਜੋਂ ਉਸ ਦੀਆਂ ਰਚਨਾਵਾਂ ਦਾ 21 ਯੂਰੋਪੀਅਨ ਭਾਸ਼ਾਵਾਂ ਵਿਚ ਤਰਜਮਾ ਹੋ ਚੁੱਕਾ ਹੈ। ਉਸ ਦੀਆਂ ਕਹਾਣੀਆਂ ਦੇ ਹਿੰਦੀ ਅਨੁਵਾਦ ਦੀ ਕਿਤਾਬ ‘ਕਮਰੇ ਔਰ ਅਨਯ ਕਹਾਨੀਆਂ’ ਦੇ ਸਿਰਲੇਖ ਹੇਠ 2014 ਵਿਚ ਰਾਜਕਮਲ ਪ੍ਰਕਾਸ਼ਨ ਵੱਲੋਂ ਛਾਪੀ ਗਈ ਸੀ। ਉਸ ਦਾ ਨਾਵਲ ‘ਫਲਾਈਟਸ’, ਜੋ 2008 ਵਿਚ ਪੋਲਿਸ਼ ਭਾਸ਼ਾ ਵਿਚ ਛਪਿਆ ਸੀ, 2018 ਵਿਚ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋਇਆ। ਇਸ ਨੂੰ ਉਸੇ ਸਾਲ ਮੈਨ ਬੁੱਕਰ ਐਵਾਰਡ ਨਾਲ ਸਨਮਾਨਿਆ ਗਿਆ। ਪੋਲੈਂਡ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ‘ਨਾਇਲੀ ਐਵਾਰਡ’ ਉਹ ਦੋ ਵਾਰ ਜਿੱਤ ਚੁੱਕੀ ਹੈ ਅਤੇ ਦਰਜਨ ਦੇ ਕਰੀਬ ਹੋਰ ਯੂਰੋਪੀਅਨ ਇਨਾਮਾਂ ਨਾਲ ਵੀ ਸਨਮਾਨੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਪੋਲੈਂਡ ਦੀ ਹੁਣ ਵਾਲੀ ਹਕੂਮਤ ਤੇ ਹੁਕਮਰਾਨ ਪਾਰਟੀ ਵੱਲੋਂ ਉਸ ਉੱਤੇ ਮੁਲਕ ਦਾ ਅਕਸ ਵਿਗਾੜਨ ਅਤੇ ਕੌਮੀ ਹਿੱਤਾਂ ਨੂੰ ਵਿਸਾਰਨ ਦੇ ਦੋਸ਼ ਲੱਗ ਰਹੇ ਹਨ। * * *

ਸੁਰਿੰਦਰ ਸਿੰਘ ਤੇਜ

ਨੋਬੇਲ ਅਦਬੀ ਇਨਾਮਾਂ ਦਾ ਵਿਵਾਦਾਂ ਨਾਲ ਵਾਹ-ਵਾਸਤਾ ਕੋਈ ਅਜੋਕਾ ਰੁਝਾਨ ਨਹੀਂ। 1901 ਵਿਚ ਇਸ ਐਵਾਰਡ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਔਸਤਨ ਹਰ ਦੂਜੇ ਵਰ੍ਹੇ ਇਨਾਮ ਜੇਤੂ ਨੂੰ ਇਲਜ਼ਾਮਾਂ ਨਾਲ ਜੂਝਣਾ ਪਿਆ। ਪੀਟਰ ਹੈਂਕੀ ਵਾਂਗ 2005 ਵਿਚ ਬ੍ਰਿਟਿਸ਼ ਨਾਟਕਕਾਰ ਹੈਰਲਡ ਪਿੰਟਰ ਦੀ ਚੋਣ ਵੀ ਮਿਲੌਸੋਵਿਚ ਬਾਰੇ ਉਸ ਦੀ ਸੋਚ ਨੂੰ ਲੈ ਕੇ ਤੋਹਮਤਾਂ ਦਾ ਨਿਸ਼ਾਨਾ ਬਣੀ ਰਹੀ। ਉਸ ਤੋਂ ਪਹਿਲਾਂ 2001 ਵਿਚ ਵਿਦਿਆਧਰ ਸੂਰਜਪ੍ਰਸਾਦ ਨਾਇਪਾਲ ਨੂੰ ਵੀ ਉਸ ਦੇ ‘ਇਸਲਾਮ-ਵਿਰੋਧੀ’ ਅਕਸ ਕਾਰਨ ਭਰਵੇਂ ਭੰਡੀ-ਪ੍ਰਚਾਰ ਦਾ ਸ਼ਿਕਾਰ ਹੋਣਾ ਪਿਆ ਸੀ। ਨਾਇਪਾਲ ਦਾ ਤਰਕ ਸੀ ਕਿ ਉਸ ਦਾ ਇਸਲਾਮ-ਵਿਰੋਧ ਕੋਈ ਲੁਕਵਾਂ ਤੱਤ ਨਹੀਂ। ਇਸ ਵਿਰੋਧ ਦਾ ਉਸ ਦੀਆਂ ਲੇਖਣੀਆਂ ਦੇ ਮਿਆਰ ਨਾਲ ਕੋਈ ਸਬੰਧ ਨਹੀਂ। ਲਿਹਾਜ਼ਾ, ਨੋਬੇਲ ਮਿਲਣ ’ਤੇ ਉਸ ਦੀ ਨਿੰਦਾ ਨੁਕਤਾਚੀਨੀ ਨਾਵਾਜਬ ਹੈ। ਅਜਿਹੀਆਂ ਦਲੀਲਾਂ ਦੇ ਬਾਵਜੂਦ ਨਾਇਪਾਲ ਅਤੇ ਸਵੀਡਿਸ਼ ਅਕਾਦਮੀ ਉਪਰ ਦੂਸ਼ਨਬਾਜੀ ਦਾ ਦੌਰ ਕਈ ਮਹੀਨਿਆਂ ਤਕ ਚੱਲਦਾ ਰਿਹਾ। ਨਾਇਪਾਲ ਵਰਗੀ ਹੋਣੀ ਜਰਮਨ ਅਦੀਬ ਗੁੰਠਰ ਗਰਾਸ ਦੀ ਵੀ ਰਹੀ। ਗਰਾਸ (1999 ਦਾ ਨੋਬੇਲ ਜੇਤੂ) ਜਰਮਨ ਰਲੇਵੇਂ ਦਾ ਸਦਾ ਹੀ ਵਿਰੋਧੀ ਰਿਹਾ। ਇੰਜ ਹੀ ਉਹ ਜਰਮਨਾਂ ਨੂੰ ਆਪਣੇ ਨਾਜ਼ੀ ਅਤੀਤ ਦਾ ਸੱਚ ਨਾ ਸਵੀਕਾਰਨ ਲਈ ਨਿੰਦਦਾ ਰਿਹਾ। ਪਰ ਅਜਿਹਾ ਕਰਦਿਆਂ ਉਸ ਨੇ ਇਹ ਸਵੀਕਾਰਨ ਦੀ ਜੁਰੱਅਤ ਨਹੀਂ ਵਿਖਾਈ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਤੇ ਗ਼ੈਰ-ਜਰਮਨਾਂ ਉਪਰ ਕਹਿਰ ਢਾਹੁਣ ਵਾਲੇ ਜਰਮਨ ਕਾਡਰ ਦਾ ਉਹ ਖ਼ੁਦ ਵੀ ਮੈਂਬਰ ਸੀ। ਉਸ ਨੇ ਇਸ ਹਕੀਕਤ ਨੂੰ ਆਪਣੀ ਜ਼ਿੰਦਗੀ ਦੇ ਆਖ਼ਰੀ ਮਹੀਨਿਆਂ ਦੌਰਾਨ ਤਸਲੀਮ ਕੀਤਾ। ਉਦੋਂ ਉਸ ਤੋਂ ਨੋਬੇਲ ਵਾਪਸ ਲਏ ਜਾਣ ਦੀ ਮੰਗ ਜ਼ਰੂਰ ਉੱਠੀ, ਪਰ ਉਸ ਦੀ ਮੌੌਤ ਕਾਰਨ ਮੱਠੀ ਪੈ ਗਈ। 1988 ਦਾ ਨੋਬੇਲ ਜਿੱਤਣ ਵਾਲਾ ਪੁਰਤਗੀਜ਼ ਲੇਖਕ ਹੋਜ਼ੀ ਸੇਰਾਮਾਸੋ ਖੱਬੇ-ਪੱਖੀ ਮੁਤੱਸਬੀ ਸੀ। ਜਦੋਂ ਉਹ ਅਖ਼ਬਾਰ ਦਾ ਸੰਪਾਦਕ ਸੀ ਤਾਂ ਉਸ ਨੇ ਆਪਣੀ ਵਿਚਾਰਧਾਰਾ ਨਾਲ ਗ਼ੈਰ-ਮੁਤਫਿਕ ਸਟਾਫ਼ਰਾਂ ਦੀ ਚੁਣ-ਚੁਣ ਕੇ ਛਾਂਟੀ ਕੀਤੀ ਸੀ। ਇਸ ਦੇ ਬਾਵਜੂਦ ਉਸ ਨੂੰ ‘‘ਆਪਣੇ ਰਚਨਾ ਜਗਤ ਰਾਹੀਂ ਇਨਸਾਨੀ ਕਦਰਾਂ ਨੂੰ ਮਜ਼ਬੂਤੀ ਬਖ਼ਸ਼ਣ’’ ਵਾਸਤੇ ਨੋਬੇਲ ਨਾਲ ਸਨਮਾਨਿਆ ਗਿਆ। ਹੋਜ਼ੀ ਸੇਰਾਮਾਸੋ ਤੋਂ ਪਹਿਲਾਂ 1964 ਵਿਚ ਯਾਂ ਪਾਲ ਸਾਰਤਰ ਦੀ ਨੋਬੇਲ ਪੁਰਸਕਾਰ ਲਈ ਚੋਣ ਸਮੇਂ ਵੀ ਉਸ ਦੀ ‘ਸਟਾਲਿਨ ਭਗਤੀ’ ਨੂੰ ਲੈ ਕੇ ਖ਼ੂਬ ਵਿਵਾਦ ਖੜ੍ਹਾ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਉਸ ਨੇ ਪੁਰਸਕਾਰ ਲੈਣ ਤੋਂ ਖ਼ੁਦ ਹੀ ਨਾਂਹ ਕਰ ਦਿੱਤੀ ਸੀ ਅਤੇ ਬਾਅਦ ਦੇ ਵਰ੍ਹਿਆਂ ਦੌਰਾਨ ਸੋਵੀਅਤ ਸੰਘ ਬਾਰੇ ਆਪਣੀ ਸੋਚ ਨੂੰ ਵੀ ਮੋੜਾ ਦੇ ਦਿੱਤਾ ਸੀ। * * * ਪੀਟਰ ਹੈਂਕੀ ਨੂੰ ਉਪਰੋਕਤ ਸ਼ਖ਼ਸੀਅਤਾਂ ਵਾਲੀ ਸਫ਼ ਵਿਚ ਸ਼ੁਮਾਰ ਹੋਣ ’ਤੇ ਕੋਈ ਇਤਰਾਜ਼ ਨਹੀਂ, ਪਰ ਉਸ ਦੀ ਜਾਂ ਓਲਗਾ ਦੀ ਚੋਣ ਤੋਂ ਉਪਜੇ ਇਤਰਾਜ਼ਾਂ ਤੋਂ ਸਵਾਲ ਇਹ ਉਭਰਦਾ ਹੈ ਕਿ ਪੁਰਸਕਾਰ, ਲੇਖਣ ਦੇ ਮਿਆਰ ਦੇ ਆਧਾਰ ’ਤੇ ਦਿੱਤਾ ਜਾਣਾ ਚਾਹੀਦਾ ਹੈ ਜਾਂ ਲੇਖਕ ਦੀਆਂ ਜੀਵਨ ਕਦਰਾਂ ਤੇ ਰਚਨਾਵਾਂ ਵਿਚਲੀ ਸਮਾਨਤਾ ਤੇ ਮੇਲਤਾ ਦੇ ਆਧਾਰ ਉੱਤੇ? ਇਸ ਸਵਾਲ ਦਾ ਜਵਾਬ ਆਸਾਨ ਨਹੀਂ। ਅਸਲੀਅਤ ਇਹ ਹੈ ਕਿ ਅਦਬ ਤੇ ਅਲਫਾਜ਼ ਦੇ ਬਹੁਤੇ ਜਾਦੂਗਰ ਨਿੱਜੀ ਜੀਵਨ ਵਿਚ ਉਨ੍ਹਾਂ ਕਦਰਾਂ ਦੇ ਕਦਰਦਾਨ ਨਹੀਂ ਰਹੇ ਜਿਹੜੀਆਂ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਜਾਂ ਸਿਰਜਣਾਵਾਂ ਰਾਹੀਂ ਉਲੀਕੀਆਂ। ਹੁਣ ਤਕ ਦਾ ਇਤਿਹਾਸ ਇਹੋ ਦਰਸਾਉਂਦਾ ਹੈ ਕਿ ਸਲਾਮ, ਲੇਖਣ ਦੇ ਹਿੱਸੇ ਆਉਂਦੀ ਹੈ, ਲਿਖਣ ਵਾਲੇ ਦੇ ਕਿਰਦਾਰ ਦੇ ਹਿੱਸੇ ਨਹੀਂ। ਇਹੋ ਦਸਤੂਰ ਸ਼ਾਇਦ ਅੱਗੇ ਵੀ ਜਾਰੀ ਰਹੇਗਾ। ਪਰ ਆਦਰਸ਼ ਤਾਂ ਇਹੋ ਦੱਸਦੇ ਹਨ ਕਿ ਜਦੋਂ ਸ਼ਬਦਾਂ ਦੀ ਪਾਕੀਜ਼ਗੀ ਅਤੇ ਇਨ੍ਹਾਂ ਦੇ ਸਿਰਜਕ ਦੀ ਕਿਰਦਾਰੀ ਪੁਖ਼ਤਗੀ ਵਿਚ ਬੇਮੇਲਤਾ ਨਹੀਂ ਰਹਿੰਦੀ ਤਾਂ ਲੇਖਣ ਦੀ ਛਬ ਤੇ ਲੌਸ ਖ਼ੁਦ-ਬਖ਼ੁਦ ਵਧ ਜਾਂਦੀ ਹੈ।

ਈ-ਮੇਲ: sstejtribune@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All