ਅਜੈ ਚੌਟਾਲਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਜੀਂਦ ਵਿੱਚ ਕਾਰਜਕਾਰਨੀ ਦੀ ਮੀਟਿੰਗ ਬਾਅਦ ਕੀਤਾ ਐਲਾਨ; 9 ਦਸੰਬਰ ਨੂੰ ਨਿਆਂ ਯੁੱਧ ਦੀ ਸ਼ੁਰੂਆਤ ਕਰਨ ਦਾ ਐਲਾਨ

ਅਜੈ ਚੌਟਾਲਾ ਵੱਲੋਂ ਕੀਤੀ ਗਈ ਰੈਲੀ ਦਾ ਦਿ੍ਸ਼।

ਦਲੇਰ ਸਿੰਘ ਜੀਂਦ, 17 ਨਵੰਬਰ ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਸ਼ਨਿਚਰਵਾਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਰਾਜਨੀਤਕ ਵਿਰਾਸਤ ਦੀ ਲੜਾਈ ਦੌਰਾਨ ਇਨੈਲੋ ’ਚੋਂ ਕੱਢੇ ਮੁੱਖ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਅਜੈ ਚੌਟਾਲਾ ਨੇ ਜੀਂਦ ਵਿੱਚ ਆਪਣੇ ਸਮਰਥਕਾਂ ਨਾਲ ਇਨੈਲੋ ਤੋਂ ਨਾਤਾ ਤੋੜਦਿਆਂ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ। ਅਜੈ ਨੇ ਸਪਸ਼ਟ ਕੀਤਾ ਕਿ ਉਹ ਆਪਣੇ ਅਜੀਜ਼ ਬਿੱਲੂ(ਅਭੈ ਸਿੰਘ ਚੌਟਾਲਾ) ਨੂੰ ਇਨੈਲੋ ਅਤੇ ਚਸ਼ਮਾ ਭੇਟ ਕਰਦੇ ਹਨ। ਉਹ ਇਨ੍ਹਾਂ ਨੂੰ ਸੰਭਾਲ ਕੇ ਰੱਖਣ। ਹੁਣ ਨਵੇਂ ਝੰਡੇ ਨਾਲ ਨਵਾਂ ਡੰਡਾ ਅਤੇ ਨਵਾਂ ਨਿਸ਼ਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੌਧਰੀ ਦੇਵੀਲਾਲ ਨੇ 23 ਮਾਰਚ 1987 ਨੂੰ ਜੀਂਦ ਦੇ ਇਸੇ ਮੈਦਾਨ ਤੋਂ ਅਨਿਆਂ ਖ਼ਿਲਾਫ਼ ਨਿਆਂ ਯੁੱਧ ਦੀ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਇਸੇ ਧਰਤੀ ਤੋਂ 9 ਦਸੰਬਰ ਨੂੰ ਨਿਆਂ ਯੁੱਧ ਦੀ ਸ਼ੁਰੂਆਤ ਹੋਵੇਗੀ। ਉਸੇ ਦਿਨ ਨਵੀਂ ਪਾਰਟੀ ਦਾ ਐਲਾਨ ਹੋਵੇਗਾ। ਇਨੈਲੋ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਕ ਰਾਹ ਕਾਨੂੰਨੀ ਲੜਾਈ ਲੜਨ ਦਾ ਸੀ, ਪਰ ਸਾਥੀਆਂ ਨੇ ਕਿਹਾ ਕਿ ਬੇਲੋੜਾ ਇਸ ਵਿੱਚ ਨਾ ਉਲਝਿਆ ਜਾਵੇ, ਇਹ ਲੰਬੀ ਪ੍ਰਕਿਰਿਆ ਹੈ। ਇਸ ਤੋਂ ਪਹਿਲਾਂ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਸਾਨੂੰ ਚੋਣਵੇਂ ਲੋਕਾਂ ਨੇ ਪਾਰਟੀ ’ਚੋਂ ਕੱਢਿਆ ਹੈ, ਹੁਣ ਪਾਰਟੀ ਵਿੱਚ ਮੁੜਨ ਦਾ ਮਨ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਦਾਦਾ ਓਮਪ੍ਰਕਾਸ਼ ਚੌਟਾਲਾ ਨੂੰ ਆਦਰਸ਼ ਮੰਨ ਕੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਪਹਿਲਾਂ ਦੀਪ ਪੈਲੇਸ ਵਿੱਚ ਅਜੈ ਚੌਟਾਲਾ ਵੱਲੋਂ ਸੱਦੀ ਇਨੈਲੋ ਕਾਰਜਕਾਰਨੀ ਦੀ ਮੀਟਿੰਗ ਹੋਈ। ਇਸ ਦੌਰਾਨ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਡਾ. ਅਜੈ ਸਿੰਘ ਚੌਟਾਲਾ, ਦੁਸ਼ਿਅੰਤ ਸਿੰਘ ਅਤੇ ਦਿਗਵਿਜੈ ਚੌਟਾਲਾ ਨੂੰ ਪਾਰਟੀ ’ਚੋਂ ਕੱਢਣਾ ਗੈਰਕਾਨੂੰਨੀ ਹੈ। ਅਖੀਰ ਮੀਟਿੰਗ ਵਿੱਚ ਮੌਜੂਦ ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਰਾਜਦੀਪ ਫੌਗਾਟ, ਵਿਧਾਇਕ ਅਨੂਪ ਧਾਨਕ, ਵਿਧਾਇਕ ਨੈਨਾ ਸਿੰਘ ਚੋਣਾਂ, ਇਨਸੋ ਦੇ ਕੈਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਆਦਿ ਹਾਜ਼ਰ ਸਨ।

ਵਿਧਾਇਕ ਅਤੇ ਪਾਰਟੀ ਅਭੈ ਦੇ ਨਾਲ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਪਾਰਟੀ ਦੇ 18 ਵਿਚੋਂ 14 ਵਿਧਾਇਕਾਂ ਨੂੰ ਆਪਣੇ ਨਾਲ ਲਿਆਉਣ ਵਿੱਚ ਸਫਲ ਰਹੇ। ਸ਼ਨਿਚਰਵਾਰ ਨੂੰ ਜਾਟ ਭਵਨ ਵਿੱਚ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਵਿੱਚ ਵਿਧਾਇਕਾਂ ਅਤੇ ਸੰਗਠਨ ਨੂੰ ਆਪਣੇ ਨਾਲ ਖੜਾ ਕਰ ਕੇ ਅਭੈ ਨੇ ਆਪਣੀ ਰਾਜਨੀਤਕ ਤਾਕਤ ਦਿਖਾਈ। ਇਸ ਦੌਰਾਨ ਅਭੈ ਨੇ ਆਪਣੇ ਵੱਡੇ ਭਰਾ ਅਜੈ ਸਿੰਘ ਚੌਟਾਲਾ, ਭਰਜਾਈ ਨੈਨਾ ਸਿੰਘ ਚੌਟਾਲਾ ਅਤੇ ਭਤੀਜੇ ਦੁਸ਼ਿਅੰਤ ਚੌਟਾਲਾ ’ਤੇ ਟਿੱਪਣੀਆਂ ਕਰਨ ’ਚ ਕੋਈ ਕਸਰ ਨਹੀਂ ਛੱਡੀ। ਮੀਟਿੰਗ ਸਵੇਰੇ 12 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤਕ ਚੱਲੀ। ਮੀਟਿੰਗ ਵਿੱਚ ਇਨੈਲੋ ਦੇ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਰਾਮਪਾਲ ਮਾਜਰਾ ਸਮੇਤ ਕਈ ਨੇਤਾ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All