ਅਜਮਲ ਕਸਾਬ ਨੂੰ ਪੁਣੇ ਦੀ ਜੇਲ੍ਹ ਵਿੱਚ ਫਾਂਸੀ

ਪੁਣੇ, 21 ਨਵੰਬਰ ਮੁੰਬਈ ਦੇ 26/11 ਹਮਲਿਆਂ ਦੇ ਇਕੋ-ਇਕ ਜ਼ਿੰਦਾ ਫੜੇ ਗਏ ਦੋਸ਼ੀ ਪਾਕਿਸਤਾਨੀ ਦਹਿਸ਼ਤਗਰਦ ਅਜਮਲ ਆਮਿਰ ਕਸਾਬ ਨੂੰ ਅੱਜ ਸਵੇਰੇ ਇਥੋਂ ਦੀ ਯਰਵਦਾ ਜੇਲ੍ਹ ਵਿੱਚ ਫਾਹੇ ਲਾ ਦਿੱਤਾ ਗਿਆ। ਇਹ ਐਲਾਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੇ ਇਸ ਮਿਸ਼ਨ ਨੂੰ ਪੂਰੀ ਤਰ੍ਹਾਂ ਖੁਫ਼ੀਆ ਢੰਗ ਨਾਲ ਸਿਰੇ ਚਾੜ੍ਹ ਦਿੱਤੇ ਜਾਣ ਦੇ ਤੁਰਤ ਬਾਅਦ ਮੁੰਬਈ ਵਿੱਚ ਕੀਤਾ। ਸ੍ਰੀ ਪਾਟਿਲ ਨੇ ਦੱਸਿਆ ਕਿ 25 ਸਾਲਾ ਕਸਾਬ ਨੂੰ ਅੱਜ ਸਵੇਰੇ 7.30 ਵਜੇ ਫਾਂਸੀ ਦਿੱਤੀ ਗਈ। ਇਸ ਬਾਰੇ ਪਾਕਿਸਤਾਨ ਹਕੂਮਤ ਨੂੰ ਪਹਿਲਾਂ ਹੀ ਇਤਲਾਹ ਦੇ ਦਿੱਤੀ ਗਈ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਦੱਸਿਆ ਕਿ ਕਸਾਬ ਨੂੰ ਯਰਵਦਾ ਜੇਲ੍ਹ ਵਿੱਚ ਹੀ ਦਫ਼ਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਸਾਬ ਨੇ ਕੋਈ ਆਖਰੀ ਖ਼ਾਹਿਸ਼ ਨਹੀਂ ਦੱਸੀ ਤੇ ਨਾ ਹੀ ਕੋਈ ਵਸੀਅਤ ਹੀ ਲਿਖੀ। ਇਸ ਮਿਸ਼ਨ ਨੂੰ ਅਪਰੇਸ਼ਨ ਐਕਸ ਦਾ ਨਾਂ ਦਿੱਤਾ ਗਿਆ ਸੀ। ਫਾਂਸੀ ਲਾਏ ਜਾਣ ਤੋਂ ਪਹਿਲਾਂ ਉਸ ਦੇ ਮੂੰਹੋਂ ਨਿਕਲੇ ਆਖਰੀ ਲਫਜ਼ ਸਨ, ''ਅੱਲਾ ਮੈਨੂੰ ਮੁਆਫ਼ ਕਰੀਂ।'' ਇਸ ਘਟਨਾ ਨਾਲ 26 ਨਵੰਬਰ, 2008 ਨੂੰ ਮੁੰਬਈ ਉਤੇ ਹੋਏ ਦਹਿਸ਼ਤੀ ਹਮਲਿਆਂ ਦੀਆਂ ਦਰਦਨਾਕ ਯਾਦਾਂ ਇਕ ਵਾਰੀ ਹੋਰ ਤਾਜ਼ਾ ਹੋ ਗਈਆਂ ਹਨ। ਪਾਕਿਸਤਾਨ ਅਧਾਰਤ ਦਹਿਸ਼ਤੀ ਤਨਜ਼ੀਮ ਲਸ਼ਕਰ-ਏ-ਤੋਇਬਾ ਦੇ 10 ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ। ਉਨ੍ਹਾਂ 60 ਘੰਟੇ ਤੱਕ ਦੇਸ਼ ਦੀ ਆਰਥਿਕ ਰਾਜਧਾਨੀ ਨੂੰ ਬੰਧਕ ਵਾਂਗ ਬਣਾਈ ਰੱਖਿਆ ਸੀ, ਜਿਸ ਦੌਰਾਨ ਭਾਰਤੀ ਸਲਾਮਤੀ ਦਸਤਿਆਂ ਵੱਲੋਂ ਕੀਤੀ ਗਈ ਕਾਰਵਾਈ ਵਿੱਚ 9 ਹਮਲਾਵਰ ਮਾਰੇ ਗਏ ਸਨ ਤੇ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਬੀਤੀ 5 ਨਵੰਬਰ ਨੂੰ ਕਸਾਬ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੇ ਜਾਣ ਕਾਰਨ ਉਸ ਦੇ ਬਚਣ ਦੇ ਸਾਰੇ ਕਾਨੂੰਨੀ ਰਾਹ ਬੰਦ ਹੋ ਗਏ ਸਨ, ਜਿਸ ਪਿੱਛੋਂ ਅੱਜ ਉਸ ਨੂੰ ਫਾਂਸੀ ਦਿੱਤੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ ਕੇਂਦਰੀ ਮੁੰਬਈ ਸਥਿਤ ਆਰਥਰ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਵਾਲੇ ਸੈੱਲ 'ਚ ਬੰਦ ਚਲੇ ਆ ਰਹੇ ਇਸ ਹਮਲਾਵਰ ਨੂੰ ਫਾਂਸੀ ਲਾਉਣ ਲਈ 18 ਅਤੇ 19 ਨਵੰਬਰ ਦੀ ਰਾਤ ਨੂੰ ਪੁਣੇ ਦੀ ਯਰਵਦਾ ਜੇਲ੍ਹ ਪਹੁੰਚਾਇਆ ਗਿਆ ਕਿਉਂਕਿ ਰਾਜ ਦੀਆਂ ਦੋ ਜੇਲ੍ਹਾਂ-ਪੁਣੇ ਤੇ ਨਾਗਪੁਰ ਵਿੱਚ ਹੀ ਮੁਜਰਮਾਂ ਨੂੰ ਫਾਂਸੀ ਲਾਏ ਜਾਣ ਦਾ ਇੰਤਜ਼ਾਮ ਹੈ।

ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦੱਸਿਆ, ''ਰਾਸ਼ਟਰਪਤੀ ਨੇ 5 ਨਵੰਬਰ ਨੂੰ ਰਹਿਮ ਦੀ ਅਪੀਲ ਖਾਰਜ ਕੀਤੀ ਤੇ ਮੈਂ 7 ਨਵੰਬਰ ਨੂੰ ਇਸ ਉਤੇ ਸਹੀ ਪਾ ਦਿੱਤੀ ਅਤੇ 8 ਨਵੰਬਰ ਨੂੰ ਇਹ ਜਾਣਕਾਰੀ ਮਹਾਰਾਸ਼ਟਰ ਸਰਕਾਰ ਨੂੰ ਦੇ ਦਿੱਤੀ ਗਈ।'' ਉਸ ਨੂੰ 21 ਨਵੰਬਰ ਨੂੰ ਸਵੇਰੇ 7.30 ਵਜੇ ਫਾਂਸੀ ਦੇਣ ਦਾ ਫੈਸਲਾ ਕੀਤਾ ਗਿਆ।'' ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਦੱਸਿਆ ਕਿ ਕਾਨੂੰਨੀ ਰਸਮ ਵਜੋਂ ਇਸ ਬਾਰੇ ਪਾਕਿਸਤਾਨ ਸਰਕਾਰ ਤੇ ਕਸਾਬ ਦੇ ਪਰਿਵਾਰ ਨੂੰ ਅਗਾਊਂ ਜਾਣਕਾਰੀ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ, ''ਅਸੀਂ ਪਾਕਿਸਤਾਨ ਦੇ ਵਿਦੇਸ਼ ਦਫਤਰ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਕਿ ਕਸਾਬ ਨੂੰ ਅੱਜ ਸਵੇਰੇ ਫਾਂਸੀ ਲਾਉਣ ਦਾ ਫੈਸਲਾ ਹੋਇਆ ਹੈ। ਵਿਦੇਸ਼ ਵਿਭਾਗ ਵੱਲੋਂ ਇਹ ਪੱਤਰ ਸਵੀਕਾਰ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਇਹ ਚਿੱਠੀ ਫੈਕਸ ਕਰ ਦਿੱਤੀ ਗਈ।'' ਕਸਾਬ ਨੂੰ ਫਾਹੇ ਲਾਉਣ ਦੀ ਜ਼ਿੰਮੇਵਾਰੀ ਸਪੈਸ਼ਲ ਇੰਸਪੈਕਟਰ ਜਨਰਲ ਦੇਵਨ ਭਾਰਤੀ ਅਤੇ 16 ਹੋਰ ਚੋਣਵੇਂ ਵਿਅਕਤੀਆਂ ਦੀ ਟੀਮ ਨੂੰ ਸੌਂਪੀ ਗਈ ਸੀ। ਇਸ ਨੂੰ ਅਪਰੇਸ਼ਨ ਐਕਸ ਦਾ ਨਾਂ ਦਿੱਤਾ ਗਿਆ ਸੀ।  ਇਹ ਅਮਲ 5 ਨਵੰਬਰ ਨੂੰ ਕਸਾਬ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਰੱਦ ਕਰ ਦਿੱਤੇ ਜਾਣ ਨਾਲ ਚੁੱਪ-ਚਪੀਤੇ ਸ਼ੁਰੂ ਹੋਇਆ। ਇਸ ਫਾਈਲ ਉਤੇ 7 ਨਵੰਬਰ ਨੂੰ ਸਹੀ ਪਾ ਕੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਮਹਾਰਾਸ਼ਟਰ ਭੇਜ ਦਿੱਤਾ ਅਤੇ ਇਸ ਦੇ ਨਾਲ ਹੀ ਮਾਮਲੇ ਦੀ ਕਮਾਨ ਇਕ ਵਿਸ਼ੇਸ਼ ਟੀਮ ਨੇ ਸਾਂਭ ਲਈ ਜਿਸ ਦਾ ਮਿਸ਼ਨ ਸੀ ਚੁੱਪ-ਚਪੀਤੇ 25 ਸਾਲਾ ਕਸਾਬ ਨੂੰ ਪੁਣੇ ਦੀ ਯਰਵਦਾ ਜੇਲ੍ਹ ਵਿੱਚ ਫਾਂਸੀ ਲਾ ਕੇ ਦਫਨਾ ਦੇਣਾ।  ਕੁਝ ਕੁ ਲੋਕਾਂ ਨੂੰ ਹੀ ਪਤਾ ਸੀ ਕਿ ਇਹ ਕੰਮ 21 ਨਵੰਬਰ ਦੀ ਸਵੇਰ ਨੂੰ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਪੁਲੀਸ ਮੁਖੀ ਸੰਜੀਵ ਦਿਆਲ, ਮੁੰਬਈ ਦੇ ਪੁਲੀਸ ਕਮਿਸ਼ਨਰ ਸਤਿਆਪਾਲ ਸਿੰਘ ਜੋ ਪਹਿਲਾਂ ਪੁਣੇ ਦੇ ਪੁਲੀਸ ਮੁਖੀ ਸਨ ਅਤੇ ਯਰਵਦਾ ਜੇਲ੍ਹ ਦੇ ਮੁਖੀ ਮੀਰਨ ਬੋਰਬੰਕਰ/ਮਹਾਰਾਸ਼ਟਰ ਦੀਆਂ ਦੋ ਜੇਲ੍ਹਾਂ ਨਾਗਪੁਰ ਤੇ ਪੁਣੇ ਵਿੱਚ ਹੀ ਫਾਂਸੀ ਦੇਣ ਦਾ ਪ੍ਰਬੰਧ ਹੈ ਤੇ ਮੁੰਬਈ ਦੇ ਨੇੜੇ ਹੋਣ ਕਾਰਨ ਪੁਣੇ ਨੂੰ ਇਸ ਲਈ ਚੁਣਿਆ ਗਿਆ।

  -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All