ਅਗਵਾ ਕਰਨ ਦਾ ਮਾਮਲਾ: ਪੁਲੀਸ ’ਤੇ ਢਿੱਲੀ ਕਾਰਵਾਈ ਦਾ ਦੋਸ਼

ਇਨਸਾਫ ਦੀ ਮੰਗ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ।

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 15 ਜਨਵਰੀ ਕਰੀਬ ਅੱਠ ਮਹੀਨੇ ਪਹਿਲਾਂ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਵਡਾਲੀ ਡੋਗਰਾਂ ਦੀ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਛੇ ਲੋਕਾਂ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਅੱਠ ਮਹੀਨੇ ਮਗਰੋਂ ਪੁਲੀਸ ਵੱਲੋਂ ਪਰਚੇ ਵਿੱਚ ਨਾਮਜ਼ਦ ਛੇ ਲੋਕਾਂ ਵਿੱਚੋਂ ਸਿਰਫ ਦੋ ਨੂੰ ਗ੍ਰਿਫਤਾਰ ਗਿਆ ਅਤੇ ਬਾਕੀ ਅਜੇ ਤੱਕ ਫਰਾਰ ਹਨ। ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਤਕਰੀਬਨ ਅੱਠ ਮਹੀਨੇ ਪਹਿਲਾਂ ਹੋਈ ਇਸ ਘਟਨਾ ਵਿੱਚ ਪੁਲੀਸ ਵੱਲੋਂ ਧਾਰਾ 376 ਡੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਰ ਅੱਠ ਮਹੀਨੇ ਮਗਰੋਂ ਵੀ ਪੁਲੀਸ ਚੌਕੀ ਨਵਾਂ ਪਿੰਡ ਦੇ ਇੰਚਾਰਜ ਏਐੱਸਆਈ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਪੁਲੀਸ ਨੇ ਛੇ ਮੁਲਜ਼ਮਾਂ ਵਿੱਚੋਂ ਸਿਰਫ ਦੋ ਮੁਲਜ਼ਮ ਮਨਜੀਤ ਕੌਰ ਅਤੇ ਹਰਦੀਪ ਸਿੰਘ ਨੂੰ ਹੀ ਫੜ ਸਕੀ ਹੈ ਜਦੋਂ ਕਿ ਬਾਕੀ ਪਰਚੇ ‘ਚ ਨਾਮਜ਼ਦ ਮੁਲਜ਼ਮ ਅਜੇ ਤੱਕ ਫਰਾਰ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਹਾਲੇ ਤੱਕ ਫੜੇ ਗਏ ਮੁਲਜ਼ਮ੍ਹਾਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਨਹੀਂ ਕੀਤੀ। ਪਿੰਡ ਵਾਲਿਆਂ ਨੇ ਦੱਸਿਆ ਬੀਤੇ ਦਿਨ ਚੌਕੀ ਇੰਚਾਰਜ ਨੇ ਇੱਕ ਹੋਰ ਮੁਲਜ਼ਮ ਕੁਲਵਿੰਦਰ ਸਿੰਘ ਕਿੰਦਾ ਖ਼ਿਲਾਫ਼ ਛਾਪੇਮਾਰੀ ਕਰਦਿਆਂ ਉਸ ਨੂੰ ਫੜ ਲਿਆ ਹੈ ਅਤੇ ਜਦੋਂ ਕੁਲਵਿੰਦਰ ਸਿੰਘ ਕਿੰਦਾ ਬਾਰੇ ਚੌਕੀ ਇੰਚਾਰਜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੁਲਵਿੰਦਰ ਸਿੰਘ ਕਿੰਦਾ ਨੂੰ ਛੱਡਿਆ ਗਿਆ ਤਾਂ ਉਹ ਇਨਸਾਫ਼ ਲੈਣ ਲਈ ਸੰਘਰਸ਼ ਕਰਨਗੇ।

ਪੁਲੀਸ ਵੱਲੋਂ ਛਾਪੇ ਜਾਰੀ: ਡੀਐੱਸਪੀ

ਡੀਐੱਸਪੀ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਪੁਲੀਸ ਇਸ ਮਾਮਲੇ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਇੱਕ ਮੁਲਜ਼ਮ ਕੁਲਵਿੰਦਰ ਸਿੰਘ ਕਿੰਦਾ ਕਾਬੂ ਕੀਤਾ ਗਿਆ ਹੈ ਅਤੇ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਫੜੇ ਗਏ ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All