ਤੇਰਾ ਸਿੰਘ ਚੰਨ : The Tribune India

ਤੇਰਾ ਸਿੰਘ ਚੰਨ

ਤੇਰਾ ਸਿੰਘ ਚੰਨ

'ਹੇ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ', 'ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ, ਮਾਖਿਓਂ ਵਰਗੀ ਮਸਤੀ ਜਿਸ ਕਣ ਕਣ ਵਿਚ ਘੋਲੀ' ਅਤੇ ਅਜਿਹੇ ਹੀ ਅਨੇਕਾਂ ਅਮਰ ਗੀਤਾਂ ਦਾ ਰਚਾਇਤੇ ਤੇਰਾ ਸਿੰਘ ਚੰਨ ਦਾ ਜਨਮ ਛੇ ਜਨਵਰੀ 1921 ਨੂੰ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ, ਜ਼ਿਲ੍ਹਾ ਕੈਂਬਲਪੁਰ, ਪਾਕਿਸਤਾਨ ਵਿਚ ਮਾਤਾ ਜੀਵੀ ਦੀ ਕੁੱਖੋਂ ਬਾਪੂ ਸਰਦਾਰ ਮੇਲਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਜੀ ਪਿੰਡਾਂ ਵਿਚ ਭਾਂਡੇ ਤੇ ਕੱਪੜੇ ਵੇਚਣ ਜਾਂਦੇ ਤਾਂ ਬਹੁਤ ਦਿਨਾਂ ਪਿੱਛੋਂ ਘਰ ਪਰਤਦੇ। ਉਨ੍ਹਾਂ ਦੇ ਫੁਫੜ ਜੀ ਮਸ਼ਹੂਰ ਅਕਾਲੀ ਨੇਤਾ ਕਰਮ ਸਿੰਘ ਗੰਗਵਾਲ ਜੀ ਤੇ ਤੇਜਾ ਸਿੰਘ ਚੂਹੜਕਾਣਾ ਦੀ ਅਗਵਾਈ ਵਿਚ ਕੰਮ ਕਰਦੇ ਅੰਗਰੇਜ਼ ਸਰਕਾਰ ਖਿਲਾਫ਼ ਜੰਗ-ਏ-ਆਜ਼ਾਦੀ ਲੜ ਰਹੇ ਸੀ। ਅੰਗਰੇਜ਼ੀ ਕਪੜਿਆਂ ਦਾ ਤਿਆਗ ਕਰਨਾ, ਕੱਪੜੇ ਸਾੜਨਾ ਅਤੇ ਜਲਿ੍ਹਆਂਵਾਲੇ ਬਾਗ ਦਾ ਸਾਕਾ ਚੰਨ ਜੀ ਦੇ ਸੰਵੇਦਨਸ਼ੀਲ ਤੇ ਕੋਮਲ ਹਿਰਦੇ ਉਤੇ ਬਹੁਤ ਗਹਿਰਾ ਅਸਰ ਕਰ ਗਿਆ ਤੇ ਉਹ ਵੀ ਜੰਗ-ਏ-ਆਜ਼ਾਦੀ ਦੇ ਮੈਦਾਨ ਵਿਚ ਨਿੱਤਰ ਪਏ। ਚੰਨ ਜੀ ਨੇ ਬਚਪਨ ਵਿਚ ਵੇਖਿਆ ਕਿ ਪਿੰਡ ਬਿਲਾਵਲ ਵਿਚ ਸੁਆਂ ਨਦੀ ਕੰਡੇ ਰੇਤ ਦੇ ਡਿੱਬਿਆਂ ਉਤੇ-ਢੱਕੀ ਉਤੇ ਖੇਡਾਂ ਹੁੰਦੀਆਂ। ਨਾਚ, ਗਾਣੇ ਅਤੇ ਨਾਟ ਹੁੰਦੇ। ਸੱਸੂ ਪੁਨੂੰ, ਹੀਰ ਰਾਂਝਾ ਅਤੇ ਹੋਰਨਾਂ ਲੋਕ ਗਾਥਾਵਾਂ ਉਤੇ ਆਧਾਰਤ ਨਾਟਕ ਜਾਂ ਕਾਵਿ ਓਪੇਰੇ ਖੇਡੇ ਜਾਂਦੇ। ਪੁਨੂੰ ਦੇ ਰੋਲ ਵਾਲਾ ਕਲਾਕਾਰ ਊਠ ਉਤੇ ਬੈਠ ਕੇ ਹੀ ਅਦਾਕਾਰੀ ਕਰਦਾ ਉੱਚੀ ਹੇਕ ਲਾ ਕੇ ਗੀਤ ਗਾਉਂਦਾ। ਕਲਾਕਾਰ ਹੀਰ ਗਾਉਂਦਾ ਜੋ ਦੂਰ ਦੂਰ ਤੱਕ ਸੁਣਾਈ ਦੇਂਦੀ। ਇਨ੍ਹਾਂ ਲੋਕ ਗੀਤਾਂ, ਨਾਟਕਾਂ, ਸਾਂਗਾਂ ਤੇ ਨਾਚਾਂ ਨੇ ਚੰਨ ਜੀ ਦੇ ਮਨ ਵਿਚ ਘਰ ਕਰ ਲਿਆ ਤੇ ਉਹ ਵੀ ਸਾਹਿਤ ਵੱਲ ਪ੍ਰੇਰਿਤ ਹੋਏ। ਉਨ੍ਹਾਂ ਕਵਿਤਾ ਦੀ ਐਸੀ ਬਾਂਹ ਫੜੀ ਕਿ ਸਾਹਿਤ ਖੇਤਰ ਵਿਚ ਅਮਿੱਟ ਛਾਪ ਛੱਡਦੇ ਹੋਏ ਸਦੀਵੀ ਗੌਲਣਯੋਗ ਤੇ ਮਹੱਤਵਪੂਰਨ ਕਵਿਤਾਵਾਂ, ਗ਼ਜ਼ਲਾਂ, ਓਪੇਰੇ, ਨਾਟ-ਗੀਤ ਤੇ ਨਾਟਕ ਲਿਖੇ ਤੇ ਸਾਹਿਤਕ ਖੇਤਰ ਵਿਚ ਨਿੱਗਰ ਹਾਜ਼ਰੀ ਲਵਾਈ। ਉਨ੍ਹਾਂ ਪ੍ਰੋ. ਮੋਹਨ ਸਿੰਘ ਤੇ ਹੀਰਾ ਸਿੰਘ ਦਰਦ ਨਾਲ ਮਿਲ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਬਠਿੰਡਾ ਵਿਖੇ ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਅਤੇ ਕਪੂਰ ਚੰਦ ਖਲੀਲੀ ਨਾਲ ਮਿਲ ਕੇ ਇਪਟਾ ਥੀਏਟਰ ਦਾ ਗਠਨ ਕਰ ਕੇ ਬਠਿੰਡਾ ਨੂੰ ਓਪੇਰਾ ਥੀਏਟਰ ਦੇ ਗੜ੍ਹ ਵਜੋਂ ਵਿਕਸਤ ਕੀਤਾ। ਉਨ੍ਹਾਂ ਦੀਆਂ ਨਾਟ ਰਚਨਾਵਾਂ ਵਿਚ ਚਾਰ ਦਹਾਕੇ ਪਹਿਲਾਂ ਲਿਖਿਆ ਅਮਰ ਪੰਜਾਬ, ਸਾਂਝਾ ਵਿਹੜਾ ਤੇ ਲੱਕੜ ਦੀ ਲੱਤ ਓਪੇਰੇ ਸਦੀਵੀ ਸਾਹਿਤ ਹਨ। ਭਾਵੇਂ ਰਾਜਨੀਤਕ ਹਾਲਤਾਂ ਤੇ ਸਮਾਂ ਬਦਲ ਗਿਆ, ਪਰ ਚੰਨ ਜੀ ਦਾ ਸਾਹਿਤ ਸਮੇਂ ਤੇ ਸਥਾਨ ਦੀ ਬੰਦਸ਼ ਤੋਂ ਦੂਰ ਹੋ ਅਵਾਮ ਦੇ ਦੁੱਖ ਦਰਦ ਦੀ ਗੱਲ ਕਰਦਾ ਹੈ। ਦੂਜੀ ਸੰਸਾਰ ਜੰਗ ਸਮੇਂ ਹਿਟਲਰ ਦੇ ਫਾਸ਼ੀਵਾਦ ਵਿਰੁੱਧ ਸਾਰੀਆਂ ਜਮਹੂਰੀ ਤਾਕਤਾਂ ਇਕਜੁਟ ਹੋਈਆਂ ਤੇ ਪ੍ਰੋਗ੍ਰੈਸਿਵ ਰਾਈਟਰ ਐਸੋਸੀਏਸ਼ਨ ਬਣੀ। ਚੰਨ ਜੀ ਨੇ ਵੀ ਅਮਨ ਦੇ ਹੱਕ 'ਚ ਸ਼ਾਹਕਾਰ ਰਚਨਾਵਾਂ ਰਚ ਕੇ ਇਸ ਲਹਿਰ ਵਿਚ ਵਡਮੁੱਲਾ ਹਿੱਸਾ ਪਾਇਆ। ਉਨ੍ਹਾਂ ਦੇ ਸਾਹਿਤ ਵਿਚ ਮਾਨਵਤਾ ਪੱਖੀ ਉਭਾਰ ਬਹੁਤਾਤ ਵਿਚ ਹੈ। ਉਨ੍ਹਾਂ ਦੀ ਕਵਿਤਾ ਦਾ ਮੁਹਾਵਰਾ ਪੰਜਾਬੀ ਸੁਭਾਅ ਦੇ ਅਨੁਸਾਰ ਸੀ। ਸੋਚ ਅੰਤਰਰਾਸ਼ਟਰੀ ਸੀ ਅਤੇ ਵਿਚਾਰ ਵਿਅਕਤ ਕਰਨ ਦੀ ਮੁਹਾਰਤ ਉਨ੍ਹਾਂ ਦਾ ਗਹਿਣਾ ਸੀ। ਸੰਸਾਰ ਅਮਨ ਦੀ ਗੱਲ ਕਰਦੇ ਉਹ ਮੁਹਾਵਰੇ ਮੁਕਾਮੀ ਲੈਂਦੇ, ਸਾਹਿਤ ਦੇ ਉਤਮ ਪ੍ਰਤੀਕਾਂ, ਓਪੇਰਿਆਂ ਦੇ ਦਿਲਕਸ਼ ਸੀਨਾਂ, ਢੁਕਵੀਂ ਸ਼ਬਦਾਵਲੀ, ਚੋਣਵੀਆਂ ਕਾਵਿ ਟੁਕੜੀਆਂ, ਵਿਚਾਰਾਂ ਤੇ ਟਕਰਾਵਾਂ ਦੀ ਗੱਲ ਕਰਦੇ ਚੰਨ ਜੀ ਨੂੰ ਪ੍ਰਤੀਬੱਧ ਕਲਾਕਾਰੀ ਤੇ ਰਚਨਾ ਰਚਣ ਦੇ ਉੱਚ ਹਸਤਾਖਰ ਕਹਿਣਾ ਕੋਈ ਅਤਿਕਥਨੀ ਨਹੀਂ। ਤੇਰਾ ਸਿੰਘ ਚੰਨ ਇਪਟਾ ਦੇ ਰਾਸ਼ਟਰੀ ਉਪ ਪ੍ਰਧਾਨ ਵੀ ਰਹੇ ਤੇ ਦੇਸ਼ ਵਿਦੇਸ਼ ਵਿਚ ਪੰਜਾਬੀ ਰੰਗਮੰਚ ਦਾ ਝੰਡਾ ਲਗਾਤਾਰਤਾ ਤੇ ਦ੍ਰਿੜ੍ਹਤਾ ਨਾਲ ਲਹਿਰਾਉਂਦੇ ਰਹੇ। ਉਨ੍ਹਾਂ ਦੇ ਸੱਦੇ 'ਤੇ ਜਤਿੰਦਰ ਰਘੂਵੰਸ਼ੀ, ਰਾਜਿੰਦਰ ਸਿੰਘ ਬੇਦੀ, ਕੈਫੀ ਆਜ਼ਮੀ, ਸ਼ੌਕਤ ਆਜ਼ਮੀ, ਏ.ਕੇ. ਹੰਗਲ ਤੇ ਬਲਰਾਜ ਸਾਹਨੀ ਆਦਿ ਅਨੇਕਾਂ  ਰੰਗਮੰਚ ਦੀਆਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਹਸਤੀਆਂ ਵਾਰ-ਵਾਰ ਇਪਟਾ ਦੇ ਬੈਨਰ ਹੇਠ ਪੰਜਾਬ ਆਈਆਂ। ਉਨ੍ਹਾਂ ਨਾਟਕਾਂ ਦੌਰਾਨ ਔਰਤ ਪਾਤਰਾਂ ਦੀ ਅਦਾਕਾਰੀ ਲਈ ਔਰਤ ਕਲਾਕਾਰਾਂ ਤੋਂ ਹੀ ਕੰਮ ਲੈਣ ਦੇ ਸਫਲ ਨਵੇਂ ਪ੍ਰਯੋਗ ਵੀ ਕੀਤੇ। ਉਨ੍ਹਾਂ ਬਾਰੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਲਿਖਿਆ ਸੀ, ''...ਚੰਨ ਦੀ ਆਸ ਹੈ, ਸਭ ਓਹਲੇ ਚੁੱਕੇ ਜਾਣਗੇ, ਹਨੇਰੇ ਜੰਗਲਾਂ 'ਚੋਂ ਮਾਰਗ ਦਿੱਸੇਗਾ, ਬੁਲਬੁਲ ਦੇ ਦੋਖੀ ਤੇ ਫਾਹੀਆਂ ਦੋਹਾਂ ਦੇ ਨਿਸ਼ਾਨ ਨਹੀਂ ਰਹਿਣੇ। ਜੀਵਨ-ਰੌ ਅੱਗੋਂ ਚਟਾਨਾਂ ਸਾਫ ਕੀਤੀਆਂ ਜਾਣਗੀਆਂ ਤੇ ਭਵਿੱਖ ਦੀ ਕਵਿਤਾ, ਜਿਹੜੀ ਜ਼ਿੰਦਗੀ ਦੇ ਵਕਤੀ ਘੋਲ ਨੂੰ ਅਭੁੱਲ ਚਿੱਤਰਾਂ ਵਿਚ ਚਿਤਰਦੀ ਹੈ, ਭਵਿੱਖ ਦੀਆਂ ਜਿੱਤਾਂ ਦਾ ਇਤਿਹਾਸ ਮੰਨੀ ਜਾਵੇਗੀ ਤੇ ਜਿੰਨੇ ਉਬਾਲ ਨਾਲ ਉਹ ਅੱਜ ਲਿਖੀ ਗਈ ਹੈ, ਓਨੇ ਉਬਾਲ ਨਾਲ ਉਹ ਪੜ੍ਹੀ ਜਾਂਦੀ ਰਹੇਗੀ। ਕਿਸੇ ਰੋਸ਼ਨ ਮਿਲਣੀ ਲਈ ਖਾਧੇ ਹਨੇਰੇ ਠੇਡਿਆਂ ਵਾਂਗ ਚੰਨ ਦੀਆਂ ਇਹ ਵਕਤੀ ਕਵਿਤਾਵਾਂ ਜਿੱਤੇ ਮਾਰਗ ਉਤੇ ਮੀਲ-ਨਿਸ਼ਾਨ ਬਣ ਜਾਣਗੀਆਂ।'' ਨਵਤੇਜ ਸਿੰਘ ਪ੍ਰੀਤਲੜੀ ਨੇ ਪ੍ਰੀਤ ਨਗਰ ਵਿਖੇ ਆਪਣੇ ਅਨੁਭਵ ਕੁਝ ਇੰਜ ਦਰਜ ਕੀਤੇ ਸੀ, ''...ਚੰਨ ਵਿਚ ਅਸਲੀ ਕਲਾਕਾਰ ਦੀ ਨਿਰਮਾਣਤਾ ਹੈ। ਲੋਕਾਂ ਨੇ ਉਹਦੀ ਭਰਪੂਰ ਪ੍ਰਸੰਸਾ ਕੀਤੀ ਹੈ, ਪਰ ਇਸ ਪ੍ਰਸੰਸਾ ਕਾਰਨ ਉਹਦਾ ਸਿਰ ਲੋਕਾਂ ਸਾਹਮਣੇ ਹੋਰ ਝੁਕਿਆ ਹੀ ਹੈ। ਉਹ ਸਿਰਫ ਪੁਰਾਣੇ ਸਾਹਿਤ ਦੇ ਵਿਰਸੇ ਤੋਂ ਹੀ ਨਹੀਂ, ਅੱਜ ਦੇ ਜਿਉਂਦੇ ਜਾਗਦੇ, ਸੁਫਨਿਆਂ ਦੇ ਚਾਨਣ ਵਿਚ ਭਵਿੱਖ ਲਈ ਜੂਝਦੇ ਲੋਕਾਂ ਤੋਂ ਵੀ ਸਿਖਦਾ ਹੈ। ਚੰਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਆਪਣੀ ਕਲਾ ਦੇ ਵਿਕਾਸ ਵਿਚ ਹੁਣ ਤੋਂ ਕਿਤੇ ਵੱਧ ਉਚਾਈਆਂ ਤੱਕ ਅਪੜੇਗਾ। ਤੇਰਾ ਸਿੰਘ ਚੰਨ 9 ਜੁਲਾਈ, 2009 ਨੂੰ ਸਦਾ ਲਈ ਸੌਂ ਕੇ ਵੀ ਸਾਡੇ ਖਵਾਬਾਂ ਖਿਆਲਾਂ ਵਿਚ ਸਦਾ ਜਿਉਂਦੇ-ਜਾਗਦੇ ਅਤੇ ਪ੍ਰੇਰਣਾ ਦੇਂਦੇ ਰਹਿਣਗੇ। ਮਿੱਠ ਬੋਲੜੇ, ਸਾਦ-ਮੁਰਾਦੇ ਤੇ ਹਲੀਮੀ ਦੇ ਮੁਜੱਸਮੇ ਸਨ ਬਾਪੂ ਚੰਨ ਜੀ। ਚਾਨਣ ਤੇ ਅਮਨ ਸ਼ਾਂਤੀ ਦੇ ਸਦੀਵੀ ਹਮਾਇਤੀ ਤੇ ਪੁਜਾਰੀ ਹੋਣ ਨਾਤੇ ਆਪ ਯੋਲ ਕੈਂਪ ਜੇਲ੍ਹ ਵਿਚ ਬੈਠੇ ਵੀ ਬੁਲੰਦ ਇਰਾਦੇ ਨਾਲ ਸੰਦੇਸ਼ ਦੇਂਦੇ ਸਨ, ਜੋ ਮਾਨਵਤਾ ਤੋਂ ਕਦੇ ਨਹੀਂ ਭੁਲਾਇਆ ਜਾਣਾ: ਬੱਦਲ ਲੁਕਾ ਸਕਦੇ ਨਹੀਂ ਚੰਨ ਨੂੰ ਹਮੇਸ਼ਾ ਦੇ ਲਈ, ਕੌਣ ਰੱਖੇਗਾ ਸਦਾ ਲਈ ਕਾਇਮ ਰਾਤਾਂ ਕਾਲੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All