ਡੇਰਾਵਾਦ ਤੇ ਵੋਟਾਂ

ਡੇਰਾਵਾਦ ਤੇ ਵੋਟਾਂ

ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਤੋਂ ਵੋਟਾਂ ਦੀ ਮੰਗ ਨਹੀਂ ਕਰਨਗੇ, ਜਦੋਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਕਿ ਉਹ ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਗੇ। ਜਮਹੂਰੀ ਆਦਰਸ਼ ਇਹ ਮੰਗ ਕਰਦਾ ਹੈ ਕਿ ਸਿਆਸੀ ਪਾਰਟੀਆਂ ਤੇ ਸਿਆਸਤਦਾਨ ਆਪਣੇ ਪਿਛਲੇ ਪੰਜ ਵਰ੍ਹਿਆਂ ਦੀ ਕਾਰਗੁਜ਼ਾਰੀ ਅਤੇ ਭਵਿੱਖ ਵਿਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਅਤੇ ਵੋਟਰ ਇਨ੍ਹਾਂ ਮਾਪਦੰਡਾਂ ਅਨੁਸਾਰ ਵੋਟਾਂ ਪਾਉਣ ਪਰ ਅਮਲੀ ਤੌਰ ’ਤੇ ਇਹ ਵਰਤਾਰਾ ਇਸ ਤਰ੍ਹਾਂ ਨਹੀਂ ਵਾਪਰਦਾ। ਵੋਟਰ ਜਾਤ, ਧਰਮ, ਪੈਸੇ ਤੇ ਹੋਰ ਕਾਰਨਾਂ ਤੋਂ ਪ੍ਰਭਾਵਿਤ ਹੁੰਦੇ ਹਨ। ਹਿੰਦੋਸਤਾਨ ਵਿਚ ਵੱਡੀ ਗਿਣਤੀ ਵਿਚ ਡੇਰੇ ਹਨ, ਜਿਹੜੇ ਵੱਖ ਵੱਖ ਧਰਮਾਂ, ਫ਼ਿਰਕਿਆਂ ਤੇ ਜਾਤਾਂ ਨਾਲ ਸਬੰਧ ਰੱਖਦੇ ਹਨ। ਸਿਆਸੀ ਆਗੂ ਇਨ੍ਹਾਂ ਡੇਰਿਆਂ ’ਤੇ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਡੇਰਿਆਂ ਦੇ ਸੰਚਾਲਕਾਂ ਨੂੰ ਆਪਣੀ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿੰਦੇ ਹਨ। ਕਈ ਡੇਰਿਆਂ ਦੇ ਸੰਚਾਲਕ ਖ਼ੁਦ ਇਹ ਇੱਛਾ ਰੱਖਦੇ ਹਨ ਕਿ ਉਹ ਸਿਆਸੀ ਭੂਮਿਕਾ ਨਿਭਾਉਣ ਅਤੇ ਉਹ ਸਿਆਸੀ ਆਗੂਆਂ ਦੀ ਆਮਦ ਨੂੰ ਉਤਸ਼ਾਹਿਤ ਕਰਦੇ ਹਨ। 2007 ਵਿਚ ਹੋਏ ਅਧਿਐਨ ਅਨੁਸਾਰ ਪੰਜਾਬ ਵਿਚ ਲਗਭੱਗ 9000 ਡੇਰੇ ਹਨ। ਪੰਜਾਬ ਵਿਚ ਡੇਰਿਆਂ ਦਾ ਇਤਿਹਾਸ ਬਹੁਤ ਪੁਰਾਤਨ ਹੈ। ਡੇਰੇ ਨਾਥ ਜੋਗੀਆਂ ਦੇ ਸਮਿਆਂ ਤੋਂ ਜਾਂ ਉਨ੍ਹਾਂ ਤੋਂ ਵੀ ਪਹਿਲਾਂ ਹੋਂਦ ਵਿਚ ਆਏ। ਇਸਲਾਮ ਦੇ ਆਉਣ ਨਾਲ ਸੂਫ਼ੀਆਂ ਦੀਆਂ ਖਾਨਗਾਹਾਂ/ਦਰਗਾਹਾਂ ਵੀ ਇਕ ਤਰ੍ਹਾਂ ਦੇ ਡੇਰੇ ਹੀ ਹਨ। ਇਸ ਤੋਂ ਬਾਅਦ ਉਦਾਸੀਆਂ, ਨਿਰਮਲਿਆਂ, ਸੁਥਰਿਆਂ, ਸੇਵਾ ਪੰਥੀਆਂ, ਭਗਤੀ ਲਹਿਰ ਨਾਲ ਸਬੰਧਿਤ ਸੰਤਾਂ, ਗੁਲਾਬ ਦਾਸੀਆਂ ਆਦਿ ਦੇ ਡੇਰੇ ਬਣੇ ਜਿਨ੍ਹਾਂ ਨੇ ਪੰਜਾਬ ਵਿਚ ਧਰਮ ਤੇ ਵਿੱਦਿਆ ਦੇ ਪ੍ਰਚਾਰ ਵਿਚ ਯੋਗਦਾਨ ਦਿੱਤਾ। ਪੰਜਾਬ ਦੇ ਲੋਕ ਕਈ ਡੇਰਿਆਂ ਨੂੰ ਬਹੁਤ ਸਨਮਾਨ ਦਿੰਦੇ ਹਨ ਅਤੇ ਬਹੁਤ ਵਾਰ ਉਨ੍ਹਾਂ ਡੇਰਿਆਂ ਨੂੰ ਡੇਰੇ ਨਾ ਕਹਿ ਕੇ ਕੋਈ ਹੋਰ ਨਾਂ ਦਿੱਤਾ ਜਾਂਦਾ ਹੈ। ਪੰਜਾਬੀ ਲੋਕਾਂ ਦੀ ਆਮ ਸਮਝ ਵਿਚ ਡੇਰਾਵਾਦ ਦਾ ਵਿਰੋਧ ਹੁਣ ਉਨ੍ਹਾਂ ਡੇਰਿਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਵਿਚ ਉਨ੍ਹਾਂ ਦੇ ਸੰਚਾਲਕਾਂ ਨੇ ਭ੍ਰਿਸ਼ਟ ਵਤੀਰੇ ਅਪਣਾਏ ਅਤੇ ਉਨ੍ਹਾਂ ਥਾਵਾਂ ’ਤੇ ਕਈ ਤਰ੍ਹਾਂ ਦੇ ਕੁਕਰਮ ਹੋਏ। ਅਜਿਹੇ ਡੇਰਿਆਂ ਤੇ ਸਿਆਸਤਦਾਨਾਂ ਦਾ ਗੱਠਜੋੜ ਜਮਹੂਰੀਅਤ ਲਈ ਖ਼ਤਰਾ ਹੈ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਡੇਰੇ ਖਲਾਅ ਵਿਚ ਪੈਦਾ ਨਹੀਂ ਹੁੰਦੇ। ਉਨ੍ਹਾਂ ਦੀ ਸਮਾਜਿਕ ਤੇ ਸਭਿਆਚਾਰਕ ਬਿਸਾਤ (ਆਧਾਰ) ਹੁੰਦੀ ਹੈ। ਇਸ ਧਾਰਨਾ ਅਨੁਸਾਰ ਦਮਿਤ ਤੇ ਦਲਿਤ ਸ਼ੇ੍ਣੀਆਂ ਦੇ ਲੋਕਾਂ ਨੂੰ ਮੁੱਖ ਧਾਰਾ ਨਾਲ ਸਬੰਧਤ ਧਾਰਮਿਕ ਸਥਾਨਾਂ ’ਤੇ ਸਨਮਾਨ ਨਹੀਂ ਮਿਲਦਾ। ਉਨ੍ਹਾਂ ਨੂੰ ਅਣਚਾਹੇ ਅਤੇ ਵਾਧੂ ਸਮਝ ਕੇ ਛੁਟਿਆਇਆ ਜਾਂਦਾ ਹੈ ਅਤੇ ਉਹ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਆਪਣੇ ਆਪ ਨੂੰ ਬੇਗ਼ਾਨਾ ਮਹਿਸੂਸ ਕਰਦੇ ਹਨ। ਇਸ ਵਰਤਾਰੇ ਤੋਂ ਪੈਦਾ ਹੋਈ ਸਮਾਜਿਕ ਅਲਹਿਦਗੀ ਤੇ ਪਰਾਏਪਨ ਦੀ ਭਾਵਨਾ ਉਨ੍ਹਾਂ ਨੂੰ ਡੇਰਿਆਂ ਵੱਲ ਧੱਕਦੀ ਹੈ ਤੇ ਕਈ ਡੇਰੇ ਅਜਿਹੇ ਲੋਕਾਂ ਦੀ ਆਪਸ ਵਿਚ ਜੁੜ ਬਹਿਣ ਤੇ ਸਮਾਜਿਕ ਪਛਾਣ ਬਣਾਉਣ ਦੀ ਸਮੂਹਿਕ ਮੰਗ ਨੂੰ ਪੂਰਾ ਕਰਦੇ ਹਨ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਆਦਰਸ਼ਕ ਰੂਪ ਵਿਚ ਅਸੀਂ ਕੁਝ ਵੀ ਕਹੀਏ ਜਾਂ ਚਾਹੁੰਦੇ ਹੋਈਏ ਪਰ ਅਮਲੀ ਰੂਪ ਵਿਚ ਧਾਰਮਿਕ ਸਥਾਨਾਂ ਅਤੇ ਸੱਤਾ ਵਿਚਲੇ ਰਿਸ਼ਤੇ ਹਮੇਸ਼ਾ ਬਰਕਰਾਰ ਰਹਿੰਦੇ ਹਨ। ਕੁਝ ਚਿੰਤਕਾਂ ਦਾ ਖਿਆਲ ਹੈ ਕਿ ਤਾਕਤ ਸਮਾਜਿਕ, ਧਾਰਮਿਕ, ਵਿਦਿਅਕ ਤੇ ਸਭਿਆਚਾਰਕ ਸੰਸਥਾਵਾਂ ਰਾਹੀਂ ਸੰਚਾਰਿਤ ਹੁੰਦੀ ਹੈ ਅਤੇ ਇਸ ਤਰ੍ਹਾਂ ਧਾਰਮਿਕ ਸਥਾਨਾਂ/ਡੇਰਿਆਂ ਨੂੰ ਤਾਕਤ ਦੇ ਵਰਤਾਰੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਨ੍ਹਾਂ ਸਭ ਦਲੀਲਾਂ ਦੇ ਬਾਵਜੂਦ ਲੋਕ ਹਿੱਤ ਇਹ ਮੰਗ ਕਰਦਾ ਹੈ ਕਿ ਅਸੀਂ ਉਸ ਆਦਰਸ਼ ਵੱਲ ਵਧੀਏ ਜਿਸ ਅਨੁਸਾਰ ਸਿਆਸਤਦਾਨਾਂ ਤੇ ਵੋਟਰਾਂ ਵਿਚਕਾਰ ਸਿੱਧਾ ਰਿਸ਼ਤਾ ਕਾਇਮ ਹੋਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All