ਅੰਮ੍ਰਿਤਸਰ - ਦੁਖਾਂਤ ਦੀਆਂ ਪਰਤਾਂ

ਅੰਮ੍ਰਿਤਸਰ - ਦੁਖਾਂਤ ਦੀਆਂ ਪਰਤਾਂ

ਅੰਮ੍ਰਿਤਸਰ ਵਿਚ ਕੱਲ੍ਹ ਜੌੜੇ ਫਾਟਕਾਂ ਨੇੜੇ ਹੋਇਆ ਰੇਲ ਹਾਦਸਾ ਅਤਿ ਦੁਖਦਾਈ ਹੈ। ਇਹ ਉਹ ਥਾਂ ਹੈ ਜਿੱਥੇ ਜਲੰਧਰ ਅਤੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਲਈ ਆਉਂਦੀਆਂ ਹੋਈਆਂ ਰੇਲ ਲਾਈਨਾਂ ਮਿਲਦੀਆਂ ਹਨ ਅਤੇ ਇਨ੍ਹਾਂ ਲਈ ਵੱਖੋ ਵੱਖਰੇ ਫਾਟਕ ਹਨ ਜਿਸ ਕਾਰਨ ਇਸ ਦਾ ਨਾਂ ਜੌੜੇ ਫਾਟਕ ਹੈ। ਸਰਕਾਰੀ ਸੂਤਰਾਂ ਅਨੁਸਾਰ ਹੁਣ ਤਕ 59 ਮੌਤਾਂ ਹੋ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਹੁਕਮ ਦਿੱਤਾ ਹੈ ਕਿ ਜ਼ਖ਼ਮੀ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਏ। ਇਹ ਇਸ ਵੇਲੇ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਸ਼੍ਰੋਮਣੀ ਕਮੇਟੀ ਦੇ ਹਸਪਤਾਲ ਨੇ ਵੀ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਹੈ। ਸ਼ੋਕ ਵਜੋਂ ਸ਼ਨਿਚਰਵਾਰ ਨੂੰ ਸਰਕਾਰੀ ਸਕੂਲ ਤੇ ਦਫ਼ਤਰ ਬੰਦ ਰਹੇ। ਦਸਹਿਰਾ ਤੇ ਹੋਰ ਤਿਉਹਾਰ ਸਾਡੀ ਵਿਰਾਸਤ ਹਨ ਅਤੇ ਹਿੰਦੋਸਤਾਨ ਦੇ ਸੱਭਿਆਚਾਰ ਦੀ ਵੰਨ-ਸੁਵੰਨਤਾ ਦੇ ਪ੍ਰਤੀਕ ਵੀ। ਲੋਕਾਂ ਦੇ ਦਿਲਾਂ ਵਿਚ ਉਤਸ਼ਾਹ ਤੇ ਉਮਾਹ ਰਹਿੰਦਾ ਹੈ ਕਿ ਉਹ ਇਹ ਤਿਉਹਾਰ ਮਨਾਉਣ ਤੇ ਆਪਣੇ ਧਾਰਮਿਕ ਵਿਰਸੇ ਨੂੰ ਯਾਦ ਕਰਨ। ਦਸਹਿਰੇ ਦਾ ਸਬੰਧ ਭਗਵਾਨ ਰਾਮ ਚੰਦਰ ਦੀ ਰਾਵਣ ਅਤੇ ਦੇਵੀ ਦੁਰਗਾ ਦੀ ਅਸੁਰਾਂ ਉੱਤੇ ਜਿੱਤ ਨਾਲ ਜੁੜਿਆ ਹੋਇਆ ਹੈ। ਧਾਰਮਿਕ ਤੇ ਸੱਭਿਆਚਾਰਕ ਪੱਖਾਂ ਦੇ ਨਾਲ ਨਾਲ ਤਿਉਹਾਰਾਂ ਦਾ ਹੋਰ ਮਹੱਤਵ ਇਹ ਵੀ ਹੈ ਕਿ ਇਹ ਆਮ ਲੋਕਾਂ ਨੂੰ ਉਹ ਮੌਕਾ ਦਿੰਦੇ ਹਨ ਜਿਸ ਦਿਨ ਮਿਹਨਤ-ਮਜ਼ਦੂਰੀ ਕਰਨ ਵਾਲੇ ਲੋਕ, ਜਿਨ੍ਹਾਂ ਨੂੰ ਰੋਜ਼ ਦੀ ਰੋਟੀ ਤਦ ਮਿਲਦੀ ਹੈ ਜੇ ਉਹ ਦਿਨ ਭਰ ਮੁਸ਼ੱਕਤ ਕਰਨ, ਆਪਣੇ ਦਿਲ ਨੂੰ ਸਮਝਾ ਲੈਂਦੇ ਹਨ ਕਿ ਅੱਜ ਧਾਰਮਿਕ ਦਿਹਾੜਾ ਹੈ, ਅੱਜ ਪਰਿਵਾਰ ਨਾਲ ਰਹਿਣਾ ਤੇ ਘਰ ਦੇ ਜੀਆਂ ਨੂੰ ਓਥੇ ਲੈ ਕੇ ਜਾਣਾ ਹੈ ਜਿੱਥੇ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਤਿਉਹਾਰ ਮਿਹਨਤਕਸ਼ ਲੋਕਾਂ ਦੀ ਨਿਤਾਪ੍ਰਤੀ ਦੀ ਜ਼ਿੰਦਗੀ ਵਿਚਲੇ ਕਸ਼ਟ ਤੇ ਚਿੰਤਾ ਤੋਂ ਪਲ ਭਰ ਲਈ ਮੁਕਤ ਹੋਣ ਦਾ ਢੋਅ ਢਕਾਉਂਦੇ ਹਨ। ਇਹੀ ਕਾਰਨ ਹੈ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਨਾਲ ਆਮ ਲੋਕ ਤਿਉਹਾਰਾਂ ਨੂੰ ਮਨਾਉਣ ਲਈ ਹੁੰਮ ਹੁਮਾ ਕੇ ਪਹੁੰਚਦੇ ਹਨ। ਜਿਹੜੇ ‘ਦਾਨਿਸ਼ਵਰ’, ਲੋਕਾਂ ਦੀਆਂ ਧਾਰਮਿਕ ਤਿਉਹਾਰਾਂ ਵੱਲ ਵਹੀਰਾਂ ਘੱਤਣ ਨੂੰ ਗ਼ਲਤ ਆਖਦੇ ਹਨ, ਉਹ ਇਹ ਨਹੀਂ ਸਮਝਦੇ ਕਿ ਤਿਉਹਾਰ ਆਮ ਬੰਦੇ ਦੀ ਰੋਜ਼ਾਨਾ ਜ਼ਿੰਦਗੀ ਵਿਚਲੀ ਪੀੜਾ ਦੇ ਕਸ਼ਟ ਨੂੰ ਕੁਝ ਸਮੇਂ ਲਈ ਨਿਵਾਰਨ ਦਾ ਸਾਧਨ ਵੀ ਹਨ। ਜਿਸ ਜਗ੍ਹਾ ’ਤੇ ਇਹ ਹਾਦਸਾ ਵਾਪਰਿਆ, ਉਹ ਇਲੀਟ ਆਬਾਦੀ ਗੋਲਡਨ ਐਵੇਨਿਊ ਦੇ ਰੇਲਵੇ ਲਾਈਨ ਵਿਚਕਾਰ ਛੋਟਾ ਜਿਹਾ ਧੋਬੀਘਾਟ ਹੈ। ਇੱਥੇ ਕਈ ਵਰ੍ਹਿਆਂ ਤੋਂ ਦਸਹਿਰਾ ਮਨਾਇਆ ਜਾਂਦਾ ਰਿਹਾ ਹੈ। ਪਿਛਲੇ ਸਾਲ ਇਹ ਤਿਉਹਾਰ ਏਥੇ ਨਹੀਂ ਸੀ ਮਨਾਇਆ ਗਿਆ। ਤਿਉਹਾਰ ਮਨਾਉਣਾ ਲੋਕਾਂ ਦਾ ਹੱਕ ਹੈ ਅਤੇ ਸੰਸਥਾਵਾਂ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਤਿਉਹਾਰ ਮਨਾਉਣ ਦਾ ਪ੍ਰਬੰਧ ਕਰਦੀਆਂ ਹਨ। ਇਸ ਲਈ ਤਿਉਹਾਰ ਮਨਾਉਣ ਵਾਲੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਦੀਆਂ ਵੱਖ ਵੱਖ ਸ਼ਾਖਾਵਾਂ (ਵਿੰਗਾਂ) ਜਿਵੇਂ ਪੁਲੀਸ, ਮਿਉਂਸਿਪਲ ਕਮੇਟੀ (ਇਸ ਕੇਸ ਵਿਚ ਰੇਲ ਵਿਭਾਗ ਵੀ) ਆਦਿ ਨਾਲ ਤਾਲਮੇਲ ਕਰਨਾ ਹੁੰਦਾ ਹੈ। ਇਸ ਹਾਦਸੇ ਨੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਦੋਵਾਂ ਦੀ ਕਾਰਗੁਜ਼ਾਰੀ ਅੱਗੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਪ੍ਰਬੰਧਕ ਜਾਣਦੇ ਹਨ ਕਿ ਇਹ ਜਗ੍ਹਾ ਦਸਹਿਰੇ ਵਰਗੇ ਤਿਉਹਾਰ ਨੂੰ ਮਨਾਉਣ ਲਈ ਮੁਨਾਸਿਬ ਨਹੀਂ। ਰੇਲਵੇ ਲਾਈਨ ਦੇ ਨਜ਼ਦੀਕ। ਫਿਰ ਪ੍ਰਸ਼ਾਸਨ ਨੇ ਏਥੇ ਰਾਵਣ ਸਾੜਨ ਦੀ ਆਗਿਆ ਕਿਵੇਂ ਦਿੱਤੀ? ਇਸ ਗੱਲ ਦਾ ਖ਼ੁਲਾਸਾ ਅਜੇ ਹੋਣਾ ਹੈ ਕਿ ਕੀ ਸਥਾਨਕ ਰੇਲ ਅਧਿਕਾਰੀਆਂ ਨਾਲ ਕੋਈ ਤਾਲਮੇਲ ਕੀਤਾ ਗਿਆ ਸੀ ਕਿ ਨਹੀਂ। ਤਿਉਹਾਰਾਂ ਦੇ ਮੌਕਿਆਂ ’ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਦੇ ਆਉਣ-ਜਾਣ (ਆਮਦ-ਨਿਕਾਸ) ਦਾ ਪ੍ਰਬੰਧ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੁੰਦਾ ਹੈ। ਹਿੰਦੋਸਤਾਨ ਵਿਚ ਬਹੁਤ ਸਾਰੇ ਤਿਉਹਾਰਾਂ ਦੌਰਾਨ ਲੋਕ ਹਜ਼ਾਰਾਂ/ਲੱਖਾਂ ਦੀ ਗਿਣਤੀ ਵਿਚ ਪਹੁੰਚਦੇ ਹਨ ਤੇ ਕਈ ਵਾਰ ਆਏ ਹੋਏ ਸ਼ਰਧਾਲੂਆਂ ਵਿਚ ਪਈਆਂ ਭਾਜੜਾਂ ਕਾਰਨ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਹਨ। ਇਸ ਲਈ ਤਿਉਹਾਰਾਂ ’ਤੇ ਜੁੜਨ ਵਾਲੇ ਲੋਕਾਂ ਦੇ ਆਉਣ-ਜਾਣ ਅਤੇ ਇਹ ਯਕੀਨੀ ਬਣਾਉਣ ਦਾ ਪ੍ਰਬੰਧ ਕਿ ਨਜ਼ਦੀਕੀ ਟਰੈਫ਼ਿਕ ਵਿਚ ਖ਼ਲਲ ਨਾ ਪਵੇ, ਪ੍ਰਬੰਧਕਾਂ ਤੇ ਪ੍ਰਸ਼ਾਸਨ ਲਈ ਉਹ ਮੁੱਦਾ ਹੈ ਜਿਸ ’ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪਰ ਏਦਾਂ ਨਹੀਂ ਹੁੰਦਾ ਤੇ ਭਿਆਨਕ ਹਾਦਸੇ ਵਾਰ ਵਾਰ ਵਾਪਰਦੇ ਹਨ। ਤਿਉਹਾਰ ਮਨਾਉਣ ਦੇ ਤਰੀਕਿਆਂ ਵਿਚ ਭਾਰੀ ਤਬਦੀਲੀ ਆਈ ਹੈ। ਬੀਤੇ ਸਮਿਆਂ ਵਿਚ ਤਿਉਹਾਰਾਂ ਨੂੰ ਅਜਿਹੀ ਧਾਰਮਿਕ ਨਿਸ਼ਠਾ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਸੀ ਜਿਸ ਵਿਚ ਲੋਕ-ਮਨ ਦਾ ਸਿਦਕ ਤੇ ਸਾਦਗੀ ਪ੍ਰਤੱਖ ਦਿਸਦੇ ਸਨ। ਜਿਉਂ ਹੀ ਸਮਾਜ ਵਿਚ ਵਪਾਰਕ ਤੇ ਦਿਖਾਵੇ ਵਾਲੀਆਂ ਬਿਰਤੀਆਂ ਵਧੀਆਂ, ਇਹ ਰੂਪ ਵੱਡੇ ਦਿਖਾਵੇ ਵਾਲੀ ਦਿੱਖ ਧਾਰਨ ਕਰ ਗਏ। ਜਥੇਬੰਦੀਆਂ ਵਿਚ ਇਹ ਹੋੜ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦਾ ਤਿਉਹਾਰ ਲਾਗਲੇ ਗਲੀ-ਮੁਹੱਲਿਆਂ ਨਾਲੋਂ ਵੱਡੇ ਪੱਧਰ ’ਤੇ ਮਨਾਇਆ ਜਾਏ ਅਤੇ ਵੱਡੇ ਸਿਆਸੀ ਆਗੂਆਂ ਨੂੰ ਸੱਦਿਆ ਜਾਏ, ਭਾਵ ਦਿਖਾਵੇ ਵਾਲੇ ਤੇ ਸਿਆਸੀ ਪਹਿਲੂ ਧਾਰਮਿਕ ਤੇ ਸੱਭਿਆਚਾਰਕ ਪਹਿਲੂਆਂ ’ਤੇ ਹਾਵੀ ਹੋ ਜਾਂਦੇ ਹਨ। ਸਿਆਸੀ ਆਗੂ ਤਿਉਹਾਰ ਦੇ ਮੌਕੇ ’ਤੇ ਜਾ ਕੇ ਬਾਹਰੀ ਤੌਰ ’ਤੇ ਤਾਂ ਧਾਰਮਿਕ ਸ਼ਰਧਾ ਵਿਚ ਭਾਈਵਾਲ ਹੋਣ ਦਾ ਮੁਜ਼ਾਹਰਾ ਕਰਦੇ ਹਨ ਪਰ ਉਨ੍ਹਾਂ ਦਾ ਮੂਲ ਮੰਤਵ ਸਿਆਸੀ ਲਾਭ ਲੈਣਾ ਹੁੰਦਾ ਹੈ। ਇਹ ਗੱਲ ਕੁਝ ਪ੍ਰਬੰਧਕਾਂ ’ਤੇ ਵੀ ਢੁੱਕਦੀ ਹੈ। ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਇਕ ਤਰ੍ਹਾਂ ਦੇ ਪ੍ਰਦਰਸ਼ਨੀ-ਦਿਖਾਵੇ (Spectacle) ਵਿਚ ਬਦਲ ਦਿੱਤਾ ਹੈ। ਅੱਜ ਅਸੀਂ ਸਾਰੇ ਇਸ ਹਾਦਸੇ ਬਾਰੇ ਦੁਖੀ ਹਾਂ ਪਰ ਥੋੜ੍ਹੇ ਦਿਨਾਂ ਬਾਅਦ ਇਸ ਹਾਦਸੇ ਨੂੰ ਭੁੱਲ ਜਾਵਾਂਗੇ ਤੇ ਫੇਰ ਟਰਾਲੀਆਂ ਤੇ ਟਰੱਕਾਂ ਵਿਚ ਦੂਹਰੀਆਂ-ਤੀਹਰੀਆਂ ਛੱਤਾਂ ਪਾਈ ਕਿਸੇ ਨਾ ਕਿਸੇ ਸਾਧ ਦੇ ਡੇਰੇ ਵੱਲ ਜਾਂ ਅਖੌਤੀ ਮੁਕਤੀ ਸਥਾਨਾਂ ਵੱਲ ਵਹੀਰਾਂ ਘੱਤ ਲਵਾਂਗੇ ਜਦੋਂਕਿ ਇਸ ਤਰ੍ਹਾਂ ਸਫ਼ਰ ਕਰਦਿਆਂ ਵੀ ਬਹੁਤ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਪ੍ਰਸ਼ਾਸਕੀ ਢਾਂਚੇ ਦੀ ਇਕ ਵੱਡੀ ਅਣਗਹਿਲੀ ਇਹ ਦਿਖਾਈ ਦਿੰਦੀ ਹੈ ਕਿ ਜਦੋਂ ਤਿਉਹਾਰ ਮਨਾਏ ਜਾਣ ਦੀ ਇਜਾਜ਼ਤ ਸਬੰਧਿਤ ਵਿਭਾਗਾਂ ਤੋਂ ਮੰਗੀ ਜਾਂਦੀ ਹੈ ਤਾਂ ਬਹੁਤੀ ਵਾਰ ਇਹ ਇਜਾਜ਼ਤ ਇਸ ਲਈ ਦੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਨਾਲ ਲੋਕਾਂ ਦੀ ਧਾਰਮਿਕ ਸ਼ਰਧਾ ਜੁੜੀ ਹੋਈ ਹੈ ਭਾਵੇਂ ਕਿ ਅਧਿਕਾਰੀ ਅੰਦਰੋਂ ਜਾਣਦੇ ਹਨ ਕਿ ਇਹ ਥਾਂ ਤਿਉਹਾਰ ਮਨਾਉਣ ਲਈ ਸੁਰੱਖਿਅਤ ਨਹੀਂ ਹੈ ਅਤੇ ਏਥੇ ਉਚਿਤ ਪ੍ਰਬੰਧ ਨਹੀਂ ਕੀਤੇ ਜਾ ਸਕਦੇ। ਪ੍ਰਸ਼ਾਸਨ ਨੂੰ ਪ੍ਰਬੰਧਕਾਂ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਜਗ੍ਹਾ ’ਤੇ ਤਿਉਹਾਰ ਮਨਾਇਆ ਜਾਏ, ਉਹ ਯੋਗ ਤੇ ਸੁਰੱਖਿਅਤ ਹੋਵੇ, ਓਥੇ ਲੋਕਾਂ ਦੇ ਆਉਣ-ਜਾਣ ਨੂੰ ਨਿਯਮਬੱਧ ਕੀਤਾ ਜਾ ਸਕੇ ਅਤੇ ਡਾਕਟਰੀ ਸਹਾਇਤਾ ਤੇ ਫਾਇਰ ਬ੍ਰਿਗੇਡ ਆਦਿ ਦੀ ਸਹੂਲਤ ਹੋਵੇ। ਪ੍ਰਬੰਧਕਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਇਹ ਵਿਚਾਰ ਵੀ ਕਰਨਾ ਚਾਹੀਦਾ ਹੈ ਕਿ ਜੇ ਕੋਈ ਦੁਰਘਟਨਾ ਵਾਪਰ ਗਈ ਤਾਂ ਲੋਕਾਂ ਨੂੰ ਤੁਰੰਤ ਸਹਾਇਤਾ ਕਿਵੇਂ ਪਹੁੰਚਾਈ ਜਾਵੇਗੀ। ਜਿਹੜੇ ਲੋਕਾਂ ਨਾਲ ਇਹ ਹੋਣੀ ਵਾਪਰੀ ਹੈ, ਉਨ੍ਹਾਂ ਦਾ ਦੁੱਖ ਕੋਈ ਨਹੀਂ ਵੰਡਾ ਸਕਦਾ। ਕੁਝ ਦਿਨ ਬਾਅਦ ਅਸੀਂ ਮੀਡੀਆ ਵਿਚ ਇਹ ਰਿਪੋਰਟਾਂ ਵੇਖਾਂਗੇ ਕਿ ਅੰਮ੍ਰਿਤਸਰੀਆਂ ਦੀ ਹਿੰਮਤ ਦੇਖੋ, ਸ਼ਹਿਰ ਨੇ ਆਪਣੀ ਚਾਲ ਫੇਰ ਫੜ ਲਈ ਹੈ। ਇਸ ਨੂੰ ਲੋਕਾਂ ਦੀ ਸਹਿਣਸ਼ਕਤੀ ਤੇ ਜ਼ਿੰਦਗੀ ਨਾਲ ਜੁੜੇ ਰਹਿਣ ਦੀ ਤਾਕਤ ਵਜੋਂ ਪੇਸ਼ ਕੀਤਾ ਜਾਵੇਗਾ। ਜ਼ਿੰਦਗੀ ਨੇ ਤਾਂ ਤੁਰਦੇ ਹੀ ਰਹਿਣਾ ਹੈ। ਪਰ ਜਿਨ੍ਹਾਂ ਪਰਿਵਾਰਾਂ ਨਾਲ ਇਹ ਹੋਣੀ ਵਾਪਰੀ ਹੈ, ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਨੇ ਲੀਹੋਂ ਲੱਥ ਜਾਣਾ ਹੈ ਤੇ ਉਮਰ ਭਰ ਦੇ ਦੁੱਖ ਭੋਗਣੇ ਪੈਣੇ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ : ‘‘ਕਉਣ ਜਾਣੈ ਪੀਰ ਪਰਾਈ’’ ਭਾਵ ਹੋਰਸ (ਦੂਜੇ) ਦੀ ਪੀੜ ਨੂੰ ਕੌਣ ਜਾਣਦਾ ਹੈ। ਪ੍ਰਤੱਖ ਹੈ ਕਿ ਬਹੁਤੇ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਮਗਰਮੱਛੀ ਹੰਝੂ ਵਹਾਉਣ ਦੇ ਬਰਾਬਰ ਹੈ ਤੇ ਕਿਸੇ ਨੂੰ ਵੀ ਇਹ ਹੈਰਾਨੀ ਨਹੀਂ ਹੋਵੇਗੀ ਜੇ ਕੁਝ ਸਿਆਸੀ ਨੇਤਾ ਇਸ ਦੁੱਖ ਦੀ ਘੜੀ ਵਿਚ ਲੋਕਾਂ ਦੇ ਦਿਲਾਂ ਅੰਦਰ ਬਲ ਰਹੀ ਅੱਗ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਪੈਣ। ਹਾਲ ਦੀ ਘੜੀ ਪ੍ਰਸ਼ਾਸਨ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਜ਼ਖ਼ਮੀਆਂ ਦੀ ਦੇਖਭਾਲ ਅਤੇ ਪਰਿਵਾਰਾਂ ਨੂੰ ਰਾਹਤ ਦੇਣ ਦੀ ਹੈ। ਜੋ ਵੀ ਸਹਾਇਤਾ ਕੇਂਦਰੀ ਤੇ ਰਾਜ ਸਰਕਾਰਾਂ ਨੇ ਦੇਣੀ ਹੈ, ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਲੋੜਵੰਦ ਲੋਕਾਂ ਤਕ ਪਹੁੰਚੇ ਅਤੇ ਨੌਕਰਸ਼ਾਹੀ ਦੇ ਜਾਲ ਵਿਚ ਫਸ ਕੇ ਨਾ ਰਹਿ ਜਾਏ। ਅੰਮ੍ਰਿਤਸਰ ਦੇ ਲੋਕਾਂ ਦੇ ਦੁੱਖ ਵਿਚ ਸ਼ਰੀਕ ਹੋਣ ਦੇ ਨਾਲ ਨਾਲ ਸਰਕਾਰ, ਧਾਰਮਿਕ ਆਗੂਆਂ ਅਤੇ ਸਾਨੂੰ ਸਾਰਿਆਂ ਨੂੰ ਇਸ ਮੁੱਦੇ ’ਤੇ ਵੀ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਧਾਰਮਿਕ ਤੇ ਸੱਭਿਆਚਾਰਕ ਤਿਉਹਾਰ ਜ਼ਬਤ ਤੇ ਸਾਦਗੀ ਨਾਲ ਮਨਾਈਏ ਤਾਂ ਕਿ ਇਹੋ ਜਿਹੇ ਹਾਦਸਿਆਂ ਨੂੰ ਟਾਲਿਆ ਜਾ ਸਕੇ। ਸਾਦਗੀ, ਧਰਮ ਤੇ ਸੱਭਿਆਚਾਰ ਦੀ ਰੂਹ ਹੁੰਦੀ ਹੈ। ਮਹਾਨ ਪੰਜਾਬੀ ਸ਼ਾਇਰ ਤੇ ਦਾਨਿਸ਼ਵਰ ਪੂਰਨ ਸਿੰਘ ਨੇ ਕਿਹਾ ਸੀ: ‘‘ਕੌਮ ਦੀ ਕੌਮ ਤਦ ਹੀ ਲਾਸ਼ ਬਣ ਜਾਂਦੀ ਹੈ ਜਦ ਆਦਰਸ਼ ਦੀ ਤੀਬ੍ਰਤਾ, ਜ਼ਿੰਦਗੀ ਦੇ ਦੁੱਖ ਤੇ ਦਰਦ ਦੀਆਂ ਡੂੰਘਿਆਈਆਂ ਦੀ ਸਾਦਗੀ ਨੂੰ ਲੋਕੀਂ ਛੱਡ ਦੇਣ।’’ ਤਿਉਹਾਰ ਮਨਾਉਣ ਦੇ ਨਾਲ ਨਾਲ ਸਾਨੂੰ ਪੂਰਨ ਸਿੰਘ ਦੇ ਦੱਸੇ ਰਾਹ ’ਤੇ ਚੱਲਣ ਅਤੇ ਸਾਦਗੀ ਵੱਲ ਪਰਤਣ ਦੀ ਜ਼ਰੂਰਤ ਹੈ।

-ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All