ਖ਼ਤਰੇ ਵਿਚ ਹੈ ਅਸਹਿਮਤੀ ਰੱਖਣ ਦੀ ਆਜ਼ਾਦੀ : The Tribune India

ਖ਼ਤਰੇ ਵਿਚ ਹੈ ਅਸਹਿਮਤੀ ਰੱਖਣ ਦੀ ਆਜ਼ਾਦੀ

ਖ਼ਤਰੇ ਵਿਚ ਹੈ ਅਸਹਿਮਤੀ ਰੱਖਣ ਦੀ ਆਜ਼ਾਦੀ

ਸਵਾਮੀ ਅਗਨੀਵੇਸ਼ ਮੈਂ ਆਰੀਆ ਸਮਾਜੀ ਹਾਂ ਅਤੇ ਛੇ ਦਹਾਕੇ ਪਹਿਲਾਂ ਮੈਂ ਸੰਨਿਆਸ ਲੈ ਲਿਆ ਸੀ। ਮੈਂ ਕਾਇਲ ਹੋ ਗਿਆ ਸੀ ਕਿ ਰੂਹਾਨੀਅਤ ਹੀ ਜੀਵਨ ਦੀ ਮਾਰਗ ਦਰਸ਼ਕ ਹੈ ਪਰ ਸ਼ੁਰੂ ਤੋਂ ਹੀ ਮੇਰਾ ਰੂਹਾਨੀਅਤ ਦਾ ਵਿਚਾਰ ਇਸ ਦੇ ਦਿਖਾਵੇ ਵਾਲੇ ਰੂਪ ਨਾਲੋਂ ਭਿੰਨ ਰਿਹਾ ਹੈ। ਰੂਹਾਨੀਅਤ ਦਾ ਟੀਚਾ ਅਜਿਹੇ ਧਾਰਮਿਕ ਸਮਾਜ ਦੀ ਸਿਰਜਣਾ ਕਰਨਾ ਹੈ ਜਿਥੇ ਸਾਰੇ ਪ੍ਰਾਣੀ ਵਿਕਾਸ, ਆਜ਼ਾਦੀ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਜੇ ਅਜਿਹਾ ਹੋ ਜਾਂਦਾ ਹੈ ਤਾਂ ਰੂਹਾਨੀਅਤ ਤੋਂ ਮੁਨਕਰ, ਭਾਂਜਵਾਦੀ ਸੰਸਾਰ ਸਪੱਸ਼ਟ ਤੌਰ ‘ਤੇ ਪ੍ਰਵਾਨ ਕਰਨ ਯੋਗ ਨਹੀਂ ਹੋਵੇਗਾ। ਇਸ ਲਈ, ਮੈਂ ਆਪਣੇ ਲਈ ਵੈਦਿਕ ਸਮਾਜਵਾਦ ਦਾ ਨਜ਼ਰੀਆ ਵਿਕਸਿਤ ਕੀਤਾ ਅਤੇ ਇਸ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗਿਆ। ਇਸ ਦੌਰਾਨ ਮੈਂ ਮਹਾਰਿਸ਼ੀ ਦਇਆਨੰਦ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਇਆ। ਉਨ੍ਹਾਂ ਵੱਲੋਂ ਆਰੀਆ ਸਮਾਜ ਦੇ ਘੜੇ ਨੌਂ ਸਿਧਾਂਤ ਮੇਰੇ ਮਾਰਗ ਦਰਸ਼ਕ ਬਣ ਚੁੱਕੇ ਹਨ। ਮੈਂ ਪੂਰੀ ਤਰ੍ਹਾਂ ਕਾਇਲ ਹੋ ਚੁੱਕਿਆ ਹਾਂ ਕਿ ਉਨ੍ਹਾਂ ਵੱਲੋਂ ਧਾਰਮਿਕ ਦਾਇਰੇ ਵਿਚ ਤਰਕ ਨੂੰ ਪਹਿਲਾਂ ਵਰਗਾ ਸਥਾਨ ਮੁੜ ਦਿਵਾਉਣਾ ਅਤੇ ਹਰ ਕਿਸਮ ਦੇ ਵਹਿਮਾਂ-ਭਰਮਾਂ ਅਤੇ ਰੂੜ੍ਹੀਵਾਦ ਦੇ ਖ਼ਿਲਾਫ਼ ਬੇਕਿਰਕ ਹੋ ਕੇ ਜੂਝਣ ਦਾ ਮਾਰਗ ਹੀ ਭਾਰਤ ਨੂੰ ਸਹੀ ਦਿਸ਼ਾ ਵਿਚ ਅੱਗੇ ਲਿਜਾਣ ਵਾਲਾ ਹੈ। ਮੈਂ ਅਕਾਦਮਿਕ ਪੜ੍ਹਾਈ ਛੱਡ ਦਿੱਤੀ ਅਤੇ ਮਹਾਰਿਸ਼ੀ ਦਇਆਨੰਦ ਦੇ ਸੰਸਾਰ ਨੂੰ ਬਦਲ ਦੇਣ ਵਾਲੇ ਨਜ਼ਰੀਏ ਅਧੀਨ ਰੂਹਾਨੀਅਤ ਦੇ ਖੇਤਰ ਵਿਚ ਸਰਗਰਮ ਹੋ ਗਿਆ। ਮੈਂ ਕਾਇਲ ਹੋ ਗਿਆ ਸੀ ਕਿ ਇਹ ਉਹ ਮਨੋਰਥ ਹੈ ਜਿਸ ਵਾਸਤੇ ਮੈਂ ਆਪਣੀ ਬਾਕੀ ਦੀ ਸਾਰੀ ਉਮਰ ਸਮਰਪਿਤ ਰਹਿਣਾ ਹੈ। ਇਸ ਲਈ, ਮੇਰਾ ਸੰਨਿਆਸ ਸੱਚਾਈ ਦੀ ਤਲਾਸ਼ ਕਰਨ ਅਤੇ ਇਸ ਨੂੰ ਦੇਸ਼ ਵਾਸੀਆਂ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਅਪਣਾਇਆ ਗਿਆ ਕਠੋਰ ਵਿਸ਼ੇਸ਼ ਮਾਰਗ ਹੈ। ਮੇਰੇ ਜੀਵਨ ਦੀ ਕਵਾਇਦ ‘ਸ਼ੱਕ ਕਰਨਾ, ਸੰਵਾਦ ਰਚਾਉਣਾ ਅਤੇ ਜੇ ਲੋੜ ਪਏ ਤਾਂ ਮੱਤਭੇਦ ਪ੍ਰਗਟਾਉਣਾ ਹੈ’। ਹਰ ਫ਼ਰਜ਼ੀ ਗੱਲ ਜਾਂ ਕਾਰਜ, ਅੰਧ ਵਿਸ਼ਵਾਸ ਅਤੇ ਵੰਡਪਾਊ ਏਜੰਡੇ ਨੂੰ ਸਹਿਯੋਗ ਦੇਣਾ ਮੇਰਾ ਮਾਰਗ ਨਹੀਂ ਹੈ। ਮੇਰਾ ਰੂਹਾਨੀ ਮਾਰਗ ਮੈਨੂੰ ਆਪਣੀ ਜ਼ਮੀਰ ਦੀ ਤਸੱਲੀ ਲਈ ਪਾਬੰਦ ਕਰਦਾ ਹੈ ਅਤੇ ਮੈਂ ਸੱਚ ਦੀ ਰੌਸ਼ਨੀ ਵਿੱਚ ਸੰਪੂਰਨ ਸਦਭਾਵਨਾ ਦੇ ਲੜ ਲੱਗਿਆ ਹਾਂ। ਮਨੁੱਖ ਨੂੰ ਬਾਲਪਣ ਤੋਂ ਹੀ ਅੰਧ ਵਿਸ਼ਵਾਸ ਦਾ ਹਥਿਆਰ ਵਰਤ ਕੇ, ਧਰਮ ਦੀ ਆੜ ਹੇਠ ਉਪਦੇਸ਼ਾਂ ਰਾਹੀਂ ਫ਼ਿਰਕੂ ਬਣਾਉਣ ਦੇ ਖ਼ਿਲਾਫ਼ ਮੈਂ ਬਾਕਾਇਦਾ ਪੈਂਤੜਾ ਮੱਲਿਆ ਹੈ। ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਆਜ਼ਾਦੀ ਉਪਰ ਕਲੰਕ ਅਤੇ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ। ਹਰ ਤਰ੍ਹਾਂ ਦੀਆਂ ਬੰਦਿਸ਼ਾਂ, ਅਜਿਹੀਆਂ ਬੰਦਿਸ਼ਾਂ ਜੋ ਜਨਮ ਵੇਲੇ ਤੋਂ ਸ਼ੁਰੂ ਹੋ ਜਾਂਦੀਆਂ ਹਨ, ਬੰਦੇ ਨੂੰ ਆਪਣੀ ਚੋਣ ਦੇ ਅਧਿਕਾਰ ਦੇ ਖ਼ਿਲਾਫ਼ ਲੈ ਜਾਂਦੀਆਂ ਹਨ ਜਦਕਿ ਇਹੀ ਅਧਿਕਾਰ ਤਾਂ ਧਾਰਮਿਕ ਆਜ਼ਾਦੀ ਦਾ ਮੂਲ ਆਧਾਰ ਹੈ। ਮੇਰੇ ਲਈ ਚੋਣ ਕਰਨ ਦੀ ਆਜ਼ਾਦੀ ਹੀ ਧਰਮ ਦਾ ਸਾਰ ਹੈ। ਮੇਰੇ ਕੋਲ ਇਹ ਚੋਣ ਹੋਵੇ ਕਿ ਮੈਂ ਖੜ੍ਹਨਾ ਕਿੱਥੇ ਹੈ ਅਤੇ ਮੇਰੀ ਇਹ ਚੋਣ ਬਿਲਕੁੱਲ ਆਜ਼ਾਦ ਅਤੇ ਤਰਕ ਆਧਾਰਿਤ ਹੋਣੀ ਚਾਹੀਦੀ ਹੈ। ਮੈਂ ਇਸੇ ਉਪਰ ਹੀ ਅਮਲ ਕਰਨਾ ਚਾਹੁੰਦਾ ਹਾਂ। ਮਹਾਰਿਸ਼ੀ ਦਇਆਨੰਦ ਦੀਆਂ ਅੰਧ ਵਿਸ਼ਵਾਸਾਂ ਅਤੇ ਧਾਰਮਿਕ ਰੁਕਾਵਟਾਂ ਖ਼ਿਲਾਫ਼ ਮੁਹਿੰਮਾਂ ਦਾ ਮਕਸਦ ਸਮਾਜ ਵਿਚ ਨਿਆਂ ਅਤੇ ਮਾਣ-ਸਨਮਾਨ ਦੀ ਬਹਾਲੀ ਪ੍ਰਤੀ ਵਚਨਬੱਧ ਹੋਣਾ ਹੈ। ਵਹਿਮਾਂ ਭਰਮਾਂ ਖ਼ਿਲਾਫ਼ ਹਮਲਾ ਮਹਿਜ਼ ਅਕਾਦਮਿਕ ਕਾਰਵਾਈ ਹੈ। ਮੈਂ ਇਸ ਬੁਰਾਈ ਦੇ ਖ਼ਿਲਾਫ਼ ਖੜ੍ਹਦਾ ਹਾਂ ਅਤੇ ਸਵਾਲ ਉਠਾਉਂਦਾ ਹਾਂ ਕਿਉਂਕਿ ਇਹ ਮੇਰੀ ਸੱਚਾਈ ਦੀ ਬਹਾਲੀ ਲਈ ਵਚਨਬੱਧਤਾ ਦਾ ਹਿੱਸਾ ਹੈ। ਇਤਿਹਾਸ ਪੜ੍ਹਨ ਨਾਲ ਮੈਨੂੰ ਹਾਸਲ ਹੋਇਆ ਚਾਨਣ ਮੈਨੂੰ ਕਾਇਲ ਕਰਦਾ ਹੈ ਕਿ ਅੰਧ ਵਿਸ਼ਵਾਸ ਫੈਲਾਉਣਾ ਅਤੇ ਆਜ਼ਾਦ ਤੇ ਤਰਕ ਆਧਾਰਿਤ ਸੋਚ ਨੂੰ ਦਬਾਉਣਾ ਅਨਿਆਂ, ਸ਼ੋਸ਼ਣ ਅਤੇ ਦਮਨ ਕਰਨ ਵਾਲੀਆਂ ਤਾਕਤਾਂ ਦੇ ਮੁੱਖ ਹਥਿਆਰ ਹੁੰਦੇ ਹਨ। ਮੇਰੀ ਆਤਮਾ ਤੇ ਮੇਰਾ ਨਿਸਚਾ ਮੈਨੂੰ ਇਸ ਭਟਕਣ ਖ਼ਿਲਾਫ਼ ਜੂਝਣ ਲਈ ਪ੍ਰੇਰਦੇ ਹਨ। ਮੈਂ ਉਪਰ ਜੋ ਵਰਣਨ ਕੀਤਾ ਹੈ, ਉਹ ਦੇਸ਼ ਵਾਸੀਆਂ ਨੂੰ ਚੌਕਸ ਕਰਨ ਵਾਸਤੇ ਕੀਤਾ ਹੈ ਕਿ ਮੇਰੇ ਉਪਰ ਜੋ ਹਮਲੇ ਕੀਤੇ ਗਏ ਹਨ, ਉਨ੍ਹਾਂ ਨੂੰ ਭੀੜ ਵੱਲੋਂ ਕੀਤੀਆਂ ਆਪਮੁਹਾਰੀਆਂ ਜਾਂ ਇੱਕਾ-ਦੁੱਕਾ ਕਾਰਵਾਈਆਂ ਕਹਿ ਕੇ ਇਨ੍ਹਾਂ ਨੂੰ ਦਰਕਿਨਾਰ ਨਹੀਂ ਕੀਤੀ ਜਾ ਸਕਦਾ, ਸਗੋਂ ਇਹ ਧਾਰਮਿਕ ਆਜ਼ਾਦੀ ਉਪਰ ਕੀਤੇ ਗਏ ਹਮਲੇ ਹਨ, ਜਿਸ ਆਜ਼ਾਦੀ ਦਾ ਅਧਿਕਾਰ ਮੈਨੂੰ ਸੰਵਿਧਾਨ ਦੀ ਧਾਰਾ 25 ਵਿੱਚ ਹਾਸਲ ਹੈ। ਮੈਂ ਸਮਝਦਾ ਹਾਂ ਕਿ ਮੇਰੇ ਧਾਰਮਿਕ ਨਜ਼ਰੀਏ ਨੂੰ ਮੰਨਣ, ਉਪਦੇਸ਼ ਦੇਣ ਅਤੇ ਪ੍ਰਚਾਰਨ ਦਾ ਅਧਿਕਾਰ ਮੈਨੂੰ ਹਰਗਿਜ਼ ਇਹ ਇਜਾਜ਼ਤ ਨਹੀਂ ਦਿੰਦਾ ਕਿ ਮੈਨੂੰ ਕਿਸੇ ਦੇ ਧਰਮ ਨੂੰ ਬਦਲਣ ਦਾ ਅਧਿਕਾਰ ਹੈ। ਇਹ ਅਧਿਕਾਰ ਮੈਨੂੰ ਆਪਣੀ ਰੂਹਾਨੀ ਧਾਰਨਾ ਨੂੰ ਪ੍ਰਗਟਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਕੁਝ ਧੱਕੜ ਤਾਕਤਾਂ ਅਤੇ ਵਿਚਾਰਧਾਰਾਵਾਂ ਵੱਲੋਂ ਖਿੱਚੀ ਲਕੀਰ ਅੱਗੇ ਝੁਕਣ ਤੋਂ ਵੀ ਮੇਰੀ ਰੱਖਿਆ ਕਰਦਾ ਹੈ। ਮੈਂ ਮੌਜੂਦਾ ਰੁਝਾਨ ਨੂੰ ਕਿਸੇ ਸ਼ਖ਼ਸੀ ਧਮਕੀ ਵਜੋਂ ਨਹੀਂ ਦੇਖਦਾ ਸਗੋਂ ਇਸ ਨੂੰ ਸਮਾਜ ਅਤੇ ਦੇਸ਼ ਲਈ ਖ਼ਤਰਨਾਕ ਮਰਜ਼ ਵਜੋਂ ਦੇਖਦਾ ਹਾਂ। ਆਰੀਆ ਸਮਾਜ ਦੀ ਰਵਾਇਤ ਵਿਚ ਸੰਨਿਆਸੀ ਵਜੋਂ ਮੈਂ ਮਹਿਸੂਸ ਕਰਦਾ ਹਾਂ ਕਿ ਆਰੀਆ ਸਮਾਜ ਅੱਜ ਆਪ ਖ਼ਤਰੇ ਵਿਚ ਹੈ। ਇਸ ਪੱਖੋਂ ਦੋ ਰਣਨੀਤੀਆਂ ਵਰਤੀਆਂ ਜਾ ਰਹੀਆਂ ਹਨ। ਪਹਿਲੀ ਰਣਨੀਤੀ ਘੁਸਪੈਠ ਅਤੇ ਕਬਜ਼ੇ ਦੀ ਹੈ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਤੱਤ, ਕਮਜ਼ੋਰ ਤੇ ਇਛੁੱਕ ਲੋਕਾਂ ਦੀ ਮਿਲੀਭੁਗਤ ਨਾਲ ਕਈ ਖੇਤਰਾਂ ਵਿੱਚ ਆਰੀਆ ਸਮਾਜ ਅੰਦਰ ਘੁਸਪੈਠ ਕਰ ਗਏ ਹਨ ਅਤੇ ਇਸ ਦੀਆਂ ਅੰਦਰੂਨੀ ਵਿਸ਼ੇਸ਼ਤਾਈਆਂ ਨੂੰ ਖੋਖਲਾ ਬਣਾ ਦਿੱਤਾ ਹੈ। ਅਜਿਹੇ ਖੇਤਰਾਂ ਵਿਚ ਆਰੀਆ ਸਮਾਜੀਆਂ ਅਤੇ ਆਰਐੱਸਐੱਸ ਵਿਚਕਾਰ ਅਹਿਮ ਫ਼ਰਕ ਧੁੰਦਲਾ ਹੋ ਗਿਆ ਹੈ। ਮੇਰੇ ਉੱਪਰ ਸਰੀਰਕ ਹਮਲੇ ਉਨ੍ਹਾਂ ਦੀ ਦੂਜੀ ਰਣਨੀਤੀ ਦੀ ਸ਼ੁਰੂਆਤ ਦੇ ਸੰਕੇਤ ਹਨ। ਇਹ ਰਣਨੀਤੀ ਧਮਕਾਉਣ ਅਤੇ ਜ਼ੋਰ-ਜ਼ਬਰਦਸਤੀ ਦੀ ਹੈ। ਸੁਨੇਹਾ ਬੜਾ ਸਪੱਸ਼ਟ ਹੈ: ਆਰੀਆ ਸਮਾਜ ਨੂੰ ਆਰਐੱਸਐੱਸ ਦੀ ਅਗਵਾਈ ਵਾਲੀ ਹਿੰਦੂ ਵਿਜੈ ਦੇ ਅਧੀਨ ਚੱਲਣ ਦੀ ਹੀ ਆਗਿਆ ਹੋਵੇਗੀ। ਆਰੀਆ ਸਮਾਜ ਦੀ ਹਕੀਕੀ ਰੂਹਾਨੀ ਦ੍ਰਿਸ਼ਟੀ ਦੀ ਬੁਲੰਦੀ ਲਈ ਕੇ ਕੋਈ ਕੋਸ਼ਿਸ਼ ਕਤੀ ਜਾਵੇਗੀ ਤਾਂ ਉਸ ਨੂੰ ਦਰੜ ਦਿੱਤਾ ਜਾਵੇਗਾ। ਆਰਐੱਸਐੱਸ ਅਤੇ ਆਰੀਆ ਸਮਾਜ ਦੋਵੇਂ ਇਕ ਦੂਜੇ ਦੇ ਵਿਰੋਧੀ ਹਨ। ਆਰਐੱਸਐੱਸ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਹੈ, ਉੱਪਰ ਤੋਂ ਲੈ ਕੇ ਹੇਠ ਤੱਕ ਮੁਕੰਮਲ ਕੰਟਰੋਲ। ਇਹ ਸਮਾਜਿਕ ਨਿਆਂ ਅਤੇ ਸਾਡੇ ਸੰਵਿਧਾਨ ਦੀਆਂ ਮੂਲ ਕਦਰਾਂ-ਕੀਮਤਾਂ ਲਈ ਖ਼ਤਰਾ ਹੈ। ਇਹ ਵੇਦਾਂ ਦੇ ਸਰਵਵਿਆਪੀ ਨਜ਼ਰੀਏ ਨੂੰ ਤ੍ਰਿਸਕਾਰਦਾ ਹੈ ਅਤੇ ਭਾਰਤ ਵਿਚ ਜਾਤਪਾਤ ਅਤੇ ਕੱਟੜ ਦੇਸ਼ਭਗਤੀ ਦੀ ਵਿਚਾਰਧਾਰਾ ਫੈਲਾਉਂਦਾ ਹੈ ਜੋ ਅਸਹਿਣਸ਼ੀਲ ਅਤੇ ਤੰਗ ਸੋਚ ਹੈ। ਇਹ ਸੱਚਾਈ ਦੀ ਥਾਂ ਹਿੰਸਾ, ਖਾਸ ਕਰਕੇ ਅੰਧ ਵਿਸ਼ਵਾਸ ਦੀ ਹਿੰਸਾ ਵਿੱਚ ਤਬਦੀਲ ਕਰਦਾ ਹੈ। ਇਹ ਦਰਜਾਬੰਦੀ ਤੋਂ ਪ੍ਰਭਾਵਿਤ ਹੈ ਜਿਸ ਤਹਿਤ ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਨਾਲ ਵਿਤਕਰਾ ਹੁੰਦਾ ਹੈ। ਇਸ ਦੇ ਉਲਟ ਆਰੀਆ ਸਮਾਜ ਧਾਰਮਿਕ ਆਜ਼ਾਦੀ ਉਪਰ ਜ਼ੋਰ ਦਿੰਦਾ ਹੈ ਜਿਹੜੀ ਮੂਲ ਰੂਪ ਵਿਚ ਤਰਕ ‘ਤੇ ਆਧਾਰਿਤ ਹੋਵੇ। ਇਹ ਲਿੰਗਕ ਬਰਾਬਰੀ ਅਤੇ ਸਮਾਜਿਕ ਨਿਆਂ ਲਈ ਵਚਨਬੱਧ ਹੈ। ਇਸ ਦਾ ਸੁਫ਼ਨਾ ਬਿਹਤਰੀਨ (ਆਰੀਆ) ਦੇ ਆਧਾਰ ‘ਤੇ ਸਮਾਜ ਦੀ ਸਿਰਜਣਾ ਕਰਨਾ ਹੈ। ਮੈਂ ਸਮਝ ਸਕਦਾ ਹਾਂ ਕਿ ਵੱਖ ਵੱਖ ਮੁੱਦਿਆਂ ਤੇ ਮਸਲਿਆਂ ਬਾਰੇ ਮੇਰੀ ਹਮਾਇਤ ਅਤੇ ਦਖ਼ਲ ਆਰਐੱਸਐੱਸ ਨੂੰ ਖਿਝਾਉਂਦੇ ਹਨ ਪਰ ਜਮਹੂਰੀਅਤ ਤਾਂ ਇਹੀ ਹੈ ਕਿ ਤਰਕ ਦੇ ਆਧਾਰ ਉੱਤੇ ਅਤੇ ਜ਼ਿੰਮੇਵਾਰ ਢੰਗ ਨਾਲ ਕਿਸੇ ਨਾਲ ਅਸਹਿਮਤ ਹੋਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸਾਡੀ ਰਵਾਇਤ ਹੈ ਕਿ ਵਿਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਮਤਭੇਦ ਸੰਵਾਦ (ਸ਼ਾਸਤਰਾਰਥ) ਰਾਹੀਂ ਹੱਲ ਕੀਤੇ ਜਾਣੇ ਚਾਹੀਦੇ ਹਨ, ਹਿੰਸਾ ਅਤੇ ਧਮਕਾਉਣ ਨਾਲ ਨਹੀਂ। ਸਾਡਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਹਿੰਸਾ ਨੂੰ ਤਰਜੀਹ ਦੇਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਨਾ ਕਿ ਤਾਕਤਵਰ ਹੋਣ ਦੀ। ਉਮਰ ਦੇ ਇਸ ਆਖ਼ਿਰੀ ਪੜਾਅ ਉੱਤੇ ਹੁਣ ਮੇਰੇ ਕੋਲ ਬਦਲ ਕੀ ਹਨ? ਹਮਾਲਵਰਾਂ ਦੇ ਕਾਰ-ਮੁਖ਼ਤਾਰਾਂ ਅੱਗੇ ਝੁਕ ਕੇ ਖ਼ਾਮੋਸ਼ ਹੋ ਜਾਵਾਂ ਜਾਂ ਉਨ੍ਹਾਂ ਦੇ ਉਸ ਏਜੰਡੇ ਨਾਲ ਸਹਿਮਤ ਹੋ ਜਾਵਾਂ ਜੋ ਭਾਰਤ ਦੇ ਹਿੱਤ ਵਿਚ ਨਹੀਂ ਹੈ? ਜਾਂ ਫਿਰ ਆਖ਼ਿਰੀ ਸਾਹਾਂ ਤੱਕ ਡਟਿਆ ਰਹਾਂ ਅਤੇ ਮਹਾਰਿਸ਼ੀ ਮਹਾਰਿਸ਼ੀ ਦਇਆਨੰਦ ਦੇ ਰੂਹਾਨੀ ਨਜ਼ਰੀਏ ਨੂੰ ਕਾਇਮ ਰੱਖਾਂ ਜੋ ਸਾਡੇ ਅੱਜ ਦੇ ਸਮਿਆਂ ਲਈ ਵੀ ਸਾਰਥਿਕ ਹੈ? ਜਿੱਥੋਂ ਤੱਕ ਮੇਰਾ ਸਵਾਲ ਹੈ, ਇਹ ਮੇਰੇ ਲਈ ਕੋਈ ਸ਼ਖ਼ਸੀ ਦੋਚਿਤੀ ਵਾਲੀ ਗੱਲ ਨਹੀਂ ਹੈ। ਇਹ ਤਾਂ ਇਕ ਵੰਗਾਰ ਹੈ; ਅਜਿਹੀ ਵੰਗਾਰ ਜੋ ਸਮੁੱਚੇ ਦੇਸ਼ ਲਈ ਵੀ ਬਹੁਤ ਅਹਿਮ ਹੈ। *ਲੇਖਕ ਆਰੀਆ ਸਮਾਜੀ ਵਿਦਵਾਨ ਅਤੇ ਸਮਾਜਿਕ ਕਾਰਕੁਨ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All