ਹਿੰਦ-ਪਾਕਿ ਦੇ ਮਾੜੇ ਸਬੰਧ ਅਤੇ ਦਹਿਸ਼ਤਵਾਦ

ਡਾ. ਸੁਰਿੰਦਰ ਮੰਡ ਪੁਲਵਾਮਾ (ਕਸ਼ਮੀਰ) ਵਿਚ ਕਸ਼ਮੀਰੀ ਮੁੰਡੇ ਆਦਿਲ ਅਹਿਮਦ ਡਾਰ ਦੇ ਆਤਮਘਾਤੀ ਘਟਨਾ ਤੋਂ ਬਾਅਦ ਘਟਨਾਕ੍ਰਮ ਖਤਰਨਾਕ ਮੋੜ ਲੈ ਗਿਆ। ਭਾਰਤ ਸਰਕਾਰ ਨੇ ਇਸ ਨੂੰ ਪਾਕਿਸਤਾਨ ਵੱਲੋਂ ਕੀਤਾ ਹਮਲਾ ਆਖ ਕੇ ਬਾਲਾਕੋਟ ਅਤੇ ਹੋਰ ਥਾਈਂ ਮਸੂਦ ਅਜ਼ਹਰ ਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਹਵਾਈ ਹਮਲਾ ਕੀਤਾ ਤੇ ਅਗਲੇਰੇ ਦਿਨ ਪਾਕਿਸਤਾਨ ਨੇ ਦਿਨ ਦੀਵੀਂ ਜਹਾਜ਼ਾਂ ਨਾਲ ਭਾਰਤੀ ਫੌਜ ਦੇ ਟਿਕਾਣਿਆਂ ਵੱਲ ਫੇਰਾ ਪਾ ਕੇ ਮੋੜਵਾਂ ਸੰਕੇਤਕ ਜਵਾਬ ਦੇਣ ਦਾ ਦਾਅਵਾ ਕੀਤਾ। ਇਸ ਕਸ਼ਮਕਸ਼ ਵਿਚ ਦੋਵਾਂ ਮੁਲਕਾਂ ਦਾ ਇਕ ਇਕ ਲੜਾਕੂ ਜਹਾਜ਼ ਤਬਾਹ ਹੋਇਆ। ਇਸੇ ਦੌਰਾਨ ਭਾਰਤੀ ਪਾਇਲਟ ਅਭਿਨੰਦਨ ਫੜਿਆ ਗਿਆ ਤੇ ਮਗਰੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਾਂਤੀ ਦੇ ਕਦਮ ਦੀ ਪਹਿਲ ਵਜੋਂ ਉਸ ਨੂੰ ਭਾਰਤ ਨੂੰ ਸੌਂਪ ਦਿੱਤਾ। ਨਾਲ ਹੀ ਫੌਜ ਨੇ ਅਭਿਨੰਦਨ ਦੇ ਬੇਟੇ ਦੇ ਨਾਮ ਜਜ਼ਬਾਤੀ ਕਿਸਮ ਦਾ ਪ੍ਰੇਮ ਪੱਤਰ ਵੀ ਭੇਜਿਆ। ਇਮਰਾਨ ਖਾਨ ਨੇ ਨਰਿੰਦਰ ਮੋਦੀ ਨੂੰ ਜੰਗ ਤੋਂ ਬਚਣ ਅਤੇ ਆਪਸੀ ਗੱਲਬਾਤ ਨਾਲ ਮਸਲੇ ਸੁਲਝਾਉਣ ਦਾ ਸੰਦੇਸ਼ ਦਿੱਤਾ। ਇਸ ਨਾਲ ਜੰਗ ਫਿਲਹਾਲ ਟਲੀ ਗਈ ਅਤੇ ਕੌਮਾਂਤਰੀ ਬਰਾਦਰੀ, ਦੋਵਾਂ ਮੁਲਕਾਂ ਦੇ ਬਸ਼ਿੰਦਿਆਂ, ਫੌਜੀਆਂ ਦੇ ਘਰਦਿਆਂ ਅਤੇ ਬਾਰਡਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਂਜ, ਸਰਕਾਰ ਦੇ ਚਹੇਤੇ ਟੀਵੀ ਚੈਨਲਾਂ ਨੇ ਜੰਗ ਲਾਉਣ ਦਾ ਮਹੌਲ ਬੰਨ੍ਹਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ, ਪ੍ਰਧਾਨ ਮੰਤਰੀ ਨੇ ਵੀ ਚੋਣ ਰੈਲੀਆਂ ਵਿਚ ਫੌਜੀ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਅਤੇ ਜੰਮੂ ਸੈਕਟਰ ਵਿਚ ਸਰਹੱਦ ਉਤੇ ਹੋ ਰਹੀ ਦੁਵੱਲੀ ਗੋਲਾਬਾਰੀ ਤੋਂ ਲਗਦਾ ਹੈ ਕਿ ਮਾਹੌਲ ਕੋਈ ਕਰਵਟ ਲੈ ਸਕਦਾ ਹੈ; ਤੇ ਇਹ ਭਾਰਤ ਪਾਕਿਸਤਾਨ ਦੇ ਲੋਕਾਂ ਲਈ ਗੰਭੀਰ ਚਿੰਤਨ ਦਾ ਵਿਸ਼ਾ ਹੈ। ਪਾਕਿਸਤਾਨ ਨੂੰ ਹੁਣ ਪਹਿਲੀ ਕਸ਼ਮੀਰ ਨੀਤੀ ਬਦਲਣੀ ਪੈਣੀ ਹੈ। ਇਸ ਦੇ ਨਾਲ ਹੀ ਤੱਤੇ ਵਹਿਣ ਵਿਚ ਮਗਰੇ ਰੁੜ੍ਹਨ ਦੀ ਥਾਂ ਅਤਿਵਾਦ ਦੀ ਜੜ੍ਹ ਨੂੰ ਸਮਝਣ ਦੀ ਲੋੜ ਹੈ। ਜੜ੍ਹ ਉੱਤੇ ਸੱਟ ਮਾਰਿਆਂ ਹੀ ਅਤਿਵਾਦ ਦੇ ਦਰਖ਼ਤ ਨੇ ਮੁਰਝਾਉਣਾ ਹੈ। ਸਿਰਫ ਕਰੂੰਬਲਾਂ ਭਰੂਹੀ ਜਾਣ ਨਾਲ ਇਹ ਦਰਖ਼ਤ ਹੋਰ ਸੰਘਣਾ ਹੁੰਦਾ ਹੈ। ਨਾਲ ਹੀ ਇਸ ਰੁੱਖ ਨੂੰ ਸਿੰਜਣ ਵਾਲਿਆਂ ਦੀ ਪਛਾਣ ਵੀ ਜ਼ਰੂਰੀ ਹੈ। ਮਸਲੇ ਨੰ ਸਮਝਣ ਲਈ ਪਹਿਲਾਂ ਏਸ਼ੀਆ ‘ਚ ਫੈਲੇ ਅਤਿਵਾਦ ਉੱਤੇ ਨਜ਼ਰ ਮਾਰੀਏ। 1978 ਤੋਂ ਪਹਿਲਾ ਅਫ਼ਗਾਨਿਸਤਾਨ ਵਿਚ ਅਤਿਵਾਦ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਥੋਂ ਦੀ ਖੱਬੇ ਪੱਖੀ ਸਰਕਾਰ ਨੂੰ ਖਤਮ ਕਰਨ ਲਈ ਪਾਕਿਸਤਾਨ ਦੇ ਫੌਜੀ ਸ਼ਾਸਕ ਜ਼ਿਆ-ਉਲ ਹੱਕ ਨਾਲ ਮਿਲ ਕੇ ਅਲਕਾਇਦਾ ਅਤੇ ਤਾਲਿਬਾਨ ਵਰਗੀਆਂ ਜਥੇਬੰਦੀਆਂ ਅਮਰੀਕਾ ਨੇ ਖੜ੍ਹੀਆਂ ਕੀਤੀਆਂ। ਹਥਿਆਰ, ਪੈਸਾ ਅਤੇ ਟਰੇਨਿੰਗ ਦਿੱਤੀ ਪਰ ਅੱਜ ਅਮਰੀਕਾ ਅਤੇ ਪਾਕਿਸਤਾਨ ਖੁਦ ਇਸ ਅੱਗ ਵਿਚ ਝੁਲਸ ਰਹੇ ਹਨ। ਇਰਾਕ ਵਿਚ ਸੱਦਾਮ ਹੁਸੈਨ ਦੀ ਸਰਕਾਰ ਵੇਲੇ ਤੱਕ ਕੋਈ ਅਤਿਵਾਦ ਨਹੀਂ ਸੀ। ਇਰਾਕ, ਲਿਬੀਆ, ਸੀਰੀਆ, ਇਰਾਨ ਵਿਚ ਲੱਖਾਂ ਭਾਰਤੀ ਖੁਸ਼ੀ ਖੁਸ਼ੀ ਜਾਂਦੇ ਅਤੇ ਕੰਮ ਕਰਦੇ ਸਨ। ਅਮਰੀਕਾ ਨੇ ਆਪਣੇ ਆਪ ਨੂੰ ਇਕੋ-ਇਕ ਮਹਾਂ ਸ਼ਕਤੀ ਹੋਣ ਦਾ ਭਰਮ ਪਾਲਦਿਆਂ ਇਨ੍ਹਾਂ ਮੁਲਕਾਂ ਦੀਆਂ ਅਸਹਿਮਤ ਸਰਕਾਰਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ। ਕਾਰਵਾਈ ਆਰੰਭੀ। ਬਹਾਨੇ ਸਭ ਝੂਠੋ ਝੂਠ ਸਨ। ਇਰਾਕ, ਲਿਬੀਆ ਦੀਆਂ ਸਰਕਾਰਾਂ ਖਤਮ ਕਰ ਦਿੱਤੀਆਂ। ਸੀਰੀਆ ਵਿਚ ਰੂਸ ਦੇ ਵਿਚਕਾਰ ਆ ਖਲੋਣ ਕਰਕੇ ਸਫਲਤਾ ਨਹੀਂ ਮਿਲੀ। ਇਰਾਨ ਨਾਲ ਵੀ ਤਣਾਓ ਹੈ। ਇਸ ਧੱਕੇਸ਼ਾਹੀ ਅਤੇ ਸਿਆਸੀ ਖਲਾਅ ਵਿਚੋਂ ਬਗਦਾਦੀ ਦੀ ਅਗਵਾਈ ਵਿਚ ਆਈਐੱਸਆਈਐੱਸ ਵਰਗੀ ਜਥੇਬੰਦੀ ਉਭਰੀ। ਇਹ ਵੱਡੀਆਂ ਮਹਾਸ਼ਕਤੀਆਂ ਨਾਲ ਸਿੱਧੀ ਫੌਜੀ ਲੜਾਈ ਵਿਚ ਕੁੱਦੀ। ਇਸ ਨੂੰ ਸੰਸਾਰ ਦੀ ਸਭ ਤੋਂ ਸਮਰੱਥ ਅਤੇ ਖਤਰਨਾਕ ਅਤਿਵਾਦੀ ਜੱਥੇਬੰਦੀ ਐਲਾਨਿਆ ਗਿਆ। ਹੁਣ ਤਕ ਜ਼ਾਹਿਰ ਹੈ ਕਿ ਅਲਕਾਇਦਾ, ਤਾਲਿਬਾਨ ਅਤੇ ਆਈਐੱਸਆਈਐੱਸ ਦਾ ਭਾਰਤ ਨਾਲ ਕੋਈ ਟਕਰਾਓ ਨਹੀਂ ਪਰ ਇਨ੍ਹਾਂ ਨਾਲ ਭਾਰਤ ਦੇ ਸਿੰਗ ਫਸਾਉਣ ਲਈ ਝੂਠੀਆਂ ਅਫ਼ਵਾਹਾਂ/ਖਬਰਾਂ ਫੈਲਾਉਣ ਰਾਹੀਂ ਯਤਨ ਹੋਏ। ਸਾਡੇ ਲੀਡਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਸ਼ੁਕਰ ਕਿ ਅਜੇ ਤਕ ਬਚਾਅ ਹੈ। ਅਸਲ ਵਿਚ, ਭਾਰਤ ਨੂੰ ਕਿਸੇ ਵੱਡੇ ਮੁਲਕ ਦੇ ਚੁੱਕੇ ਚੁਕਾਏ ਕੌਮਾਂਤਰੀ ਅਤਿਵਾਦ ਨੂੰ ਖਤਮ ਕਰਨ ਦਾ ਚੈਂਪੀਅਨ ਬਣਨ ਦਾ ਭਰਮ ਨਹੀਂ ਪਾਲਣਾ ਚਾਹੀਦਾ। ਇਹ ਸਾਡੇ ਮੁਲਕ ਖਿਲਾਫ ਸ਼ਰਾਰਤ ਤੇ ਸਾਜ਼ਿਸ਼ ਹੈ। ਭਾਰਤ ਆਪਣਾ ਘਰ ਸੰਭਾਲੇ ਅਤੇ ਇੱਥੋਂ ਦੇ ਅਤਿਵਾਦ ਜਾਂ ਅਜਿਹੇ ਹੋਰ ਮਸਲਿਆਂ ਨੂੰ ਆਪਣੇ ਬੁੱਧ ਵਿਵੇਕ ਨਾਲ ਆਪਣਿਆਂ ਵਾਂਗੂੰ ਨਜਿੱਠੇ। ਨਾਲ ਹੀ ਇਹ ਵੀ ਸਮਝੇ ਕਿ ਹਰ ਇਕ ਵਿਚ ਜਾਨ ਹੈ, ਹਰ ਇਕ ਨੂੰ ਪੀੜ ਹੁੰਦੀ ਹੈ। ਮਰਨ ਦਾ ਚਾਅ ਕਿਸੇ ਨੂੰ ਵੀ ਨਹੀਂ ਹੁੰਦਾ; ਬਸ਼ਰਤੇ ਜ਼ਿੰਦਗੀ ਮੌਤ ਤੋਂ ਵੀ ਬਦਤਰ ਨਾ ਲੱਗਣ ਲੱਗ ਪਵੇ। ਕਸ਼ਮੀਰ ‘ਚ ਪਹਿਲਾ ਬੰਬ ਧਮਾਕਾ 1987 ਵਿਚ ਹੋਇਆ ਸੀ। ਉਸ ਤੋਂ ਪਹਿਲਾਂ ਤਕ ਕੇਂਦਰ ਸਰਕਾਰ ਦੀ ਕਸ਼ਮੀਰ ਨੀਤੀ ਦਾ ਖਿੱਦੋ ਜੇ ਫਰੋਲਾਂਗੇ ਤਾਂ ਉਸ ਵਿਚੋਂ ਵੀ ਬੜਾ ਕੁੱਝ ਨਿਕਲੇਗਾ ਪਰ ਇਹ ਵੱਖਰਾ ਵਿਸ਼ਾ ਹੈ। ਹੁਣ ਧੂਆਂਧਾਰ ਪ੍ਰਚਾਰ ਇਹ ਹੈ ਕਿ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਕਰਕੇ ਦੋਵੇਂ ਮੁਲਕ ਟਕਰਾਓ ਅਤੇ ਜੰਗ ਵੱਲ ਵਧ ਰਹੇ ਹਨ ਪਰ ਦੋਵੇਂ ਮੁਲਕ ਤਾਂ 1965 ਅਤੇ 1971 ਦੀ ਜੰਗ ਵੀ ਲੜ ਚੁੱਕੇ ਹਨ। ਉਦੋਂ ਕਿਹੜਾ ਅਤਿਵਾਦ ਸੀ? ਸੱਚ ਇਹ ਹੈ ਕਿ ਦੋਵਾਂ ਮੁਲਕਾਂ ਦੇ ਖਰਾਬ ਸਬੰਧਾਂ ਕਰਕੇ ਅਤਿਵਾਦ ਪਨਪਿਆ ਹੈ।

ਡਾ. ਸੁਰਿੰਦਰ ਮੰਡ

ਅਤਿਵਾਦ ਉਤੇ ਅੱਜ ਵੀ ਸਭ ਤੋਂ ਵੱਡੀ ਸੱਟ ਇਹੀ ਹੈ ਕਿ ਜਿਵੇਂ ਕਿਵੇਂ ਕਸ਼ਮੀਰ ਮਸਲੇ ਦੇ ਹੁੰਦਿਆਂ ਵੀ ਬਾਕੀ ਸਾਰੇ ਖੇਤਰਾਂ ਵਿਚ ਸਬੰਧ ਸੁਧਾਰਨ ਵੱਲ ਲਗਾਤਾਰ ਅੱਗੇ ਵਧਿਆ ਜਾਵੇ। ਸੁਧਰੇ ਸਬੰਧਾਂ ਦੀਆਂ ਬਰਕਤਾਂ ਦੀ ਰੌਸ਼ਨੀ ਅਤਿਵਾਦੀ ਨਫ਼ਰਤ ਦੇ ਹਨੇਰਿਆਂ ਨੂੰ ਦੂਰ ਭਜਾਉਂਦੀ ਰਹੇਗੀ। ਘਰ ਸੰਭਾਲੀਏ। ਨਫ਼ਰਤ ਅਤਿਵਾਦ ਦੀ ਖੁਰਾਕ ਹੈ। ਦੋਵਾਂ ਪਾਸਿਆਂ ਦੇ ਕੱਟੜ ਸਿਆਸਤਦਾਨਾਂ ਦੀ ਖੁਰਾਕ ਵੀ ਇਹੀ ਹੈ। ਜਦ ਇਕ ਪਾਸੇ ਦਾ ਕੱਟੜਪੰਥੀ ਨਫ਼ਰਤ ਦੇ ਤੀਰ ਛੱਡੇ ਤਾਂ ਦੂਜੇ ਪਾਸੇ ਵਾਲਿਆਂ ਨੂੰ ਚਾਅ ਚੜ੍ਹਦਾ ਹੈ, ਕਿਉਕਿ ਇਸ ਤਰ੍ਹਾਂ ਆਪਣੇ ਆਪ ਉਨ੍ਹਾਂ ਦੇ ਹੱਕ ‘ਚ ਮਹੌਲ ਬੱਝਦਾ ਹੈ। ਇੰਜ ਇਹ ਦੇਖਣ ਨੂੰ ਭਾਵੇਂ ਦੁਸ਼ਮਣ ਲੱਗਦੇ ਹਨ ਪਰ ਹਨ ਇਹ ਇਕ ਦੂਜੇ ਦੇ ਸਭ ਤੋਂ ਵੱਡੇ ਗੁੱਝੇ ਸਿਆਸੀ ਮਿੱਤਰ। ਦੋਵੇਂ ਮੁਲਕ ਜਦ ਵੀ ਗੱਲਬਾਤ ਲਈ ਜ਼ਰਾ ਅੱਗੇ ਵਧਦੇ ਹਨ ਤਾਂ ਕੋਈ ਅਤਿਵਾਦੀ ਵਾਰਦਾਤ ਹੋ ਜਾਂਦੀ ਹੈ ਅਤੇ ਦੋਵੇਂ ਮੁਲਕ ਅਤਿਵਾਦੀਆਂ ਦੇ ਮਨਸੂਬਿਆਂ ਦੇ ਮੂਜਬ ਹੀ ਗੱਲਬਾਤ ਮਨਸੂਖ ਕਰਕੇ ਇਵੇਂ ਲੜਨ/ਘੁਲਣ ਲੱਗ ਪੈਂਦੇ ਹਨ, ਜਿਵੇਂ ਕਿਤੇ ਅਤਿਵਾਦੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ। ਮੁਲਕਾਂ ਨੂੰ ਬਾਜੇ ਵੇਲੇ ਜੰਗਾਂ ਲੜਨੀਆਂ ਪੈ ਵੀ ਜਾਂਦੀਆਂ ਪਰ ਜੰਗਾਂ ਕਦੀ ਵੀ ਜੰਗ ਦੇ ਚਾਅ ਵਜੋਂ ਸਹੀ ਸਾਬਤ ਨਹੀਂ ਕੀਤੀਆਂ ਜਾ ਸਕਦੀਆਂ। ਇਹ ਹੱਕ ਲਈ, ਸਵੈਮਾਣ ਵਜੋਂ ਮਜਬੂਰੀ ਵਿਚ ਲੜੀਆਂ ਅਤੇ ਜਿੱਤੀਆਂ ਜਾਂਦੀਆਂ ਹਨ। ਚੋਣ ਰੈਲੀਆਂ ਵਿਚ ਜੰਗ ਦੇ ਚਾਅ ਲਈ ਤਾੜੀਆਂ ਵੱਜਦੀਆਂ ਪਹਿਲੀ ਵਾਰ ਦੇਖ ਰਹੇ ਹਾਂ। ਜੰਗ ਤਬਾਹੀ ਦਾ ਦੂਜਾ ਨਾਮ ਹੈ। ਜੰਗ ਦੀ ਭੱਠੀ ‘ਚ ਗਰੀਬ ਮਾਵਾਂ ਦੇ ਪੁੱਤ ਲੱਖਾਂ ਦੀ ਗਿਣਤੀ ‘ਚ ਬਾਲਣ ਬਣ ਕੇ ਮੱਚਦੇ ਹਨ। ਸੁਹਾਗ ਉਜੜਦੇ ਹਨ। ਇਸ ਦਾ ਅਹਿਸਾਸ ਪਰਿਵਾਰਾਂ ਵਾਲਿਆਂ ਅਤੇ ਬਾਲ ਬੱਚੜਦਾਰਾਂ ਨੂੰ ਹੋ ਸਕਦਾ ਹੈ। ਛੜੇ ਮਲੰਗਾਂ ਨੂੰ ਨਹੀਂ। ਜੰਗਾਂ ਅਮੀਰਾਂ ਦੇ ਮੁਨਾਫਿਆਂ ਖਾਤਰ ਵੀ ਲਗਦੀਆਂ ਹਨ। ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ 9 ਕਰੋੜ ਲੋਕ ਮਰੇ। ਜ਼ਖ਼ਮੀ ਹੋਏ ਲੋਕਾਂ ਅਤੇ ਤਬਾਹੀ ਦਾ ਲੇਖਾ ਕੋਈ ਨਹੀਂ। ਹੁਣ ਉਹੀ ਸਭ ਮੁਲਕ ਜੱਫੀਆਂ ਪਾ ਰਹੇ ਹਨ। ਭਾਰਤ ਪਾਕਿਸਤਾਨ ਦੀ ਪਰਮਾਣੂ ਜੰਗ ਨਾਲ ਕਸ਼ਮੀਰ ਮਸਲੇ ਦਾ ਕਿਵੇਂ ਹੱਲ ਨਿਕਲੇਗਾ, ਕੋਈ ਦੱਸੇ? ਇਹ ਅਖ਼ਿਰਕਾਰ ਮਿਲ ਬੈਠ ਕੇ ਹੀ ਨਿਕਲੇਗਾ। ਹੋਰ ਤਾਂ ਹੋਰ, ਸੀਆਰਪੀਐੱਫ ਜਵਾਨਾਂ ਦੀਆਂ ਜਾਨਾਂ ਜਾਣ ‘ਤੇ ਮਿਥ ਕੇ ਸਿਆਸਤ ਕੀਤੀ ਗਈ ਪਰ ਵਾਜਪਾਈ ਸਰਕਾਰ ਨੇ ਹੀ ਤਾਂ 2004 ਤੋਂ ਇਨ੍ਹਾਂ ਸੀਆਰਪੀਐੱਫ ਵਾਲਿਆਂ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ। ਉਹ ਪੈਨਸ਼ਨ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਦਿੱਤੀ? ਨਹੀਂ। ਹੁਣ ਰਤਾ ਕੁ ਪੁਲਵਾਮਾ ਹਮਲੇ ਤੋਂ ਬਾਅਦ ਦਾਅਪੇਚਕ ਤੌਰ ‘ਤੇ ਮੋਦੀ ਸਰਕਾਰ ਦੀ ਕੂਟਨੀਤਕ ਬੇਸਮਝੀ ਵੀ ਸਾਂਝੀ ਕਰ ਲਈਏ। ਮੋਦੀ ਤੋਂ ਪਹਿਲੀਆਂ ਸਭ ਸਰਕਾਰਾਂ ਕਸ਼ਮੀਰ ‘ਚ ਜੋ ਵੀ ਵਾਰਦਾਤ ਹੁੰਦੀ ਸੀ, ਉਸ ਨੂੰ ਆਪ ਕੌਮਾਂਤਰੀ ਪੱਧਰ ਉਤੇ ਤੂਲ ਨਹੀਂ ਸੀ ਦਿੰਦੀਆਂ। ਇੱਥੋਂ ਤਕ ਕਿ ਪਾਰਲੀਮੈਂਟ ਉੱਤੇ ਹਮਲੇ ਅਤੇ ਕਾਰਗਿੱਲ ਘੁਸਪੈਠ ਤੇ ਸੀਮਤ ਜੰਗ ਦੇ ਵੇਲੇ ਵੀ ਨਹੀਂ; ਹਾਲਾਂਕਿ ਉਦੋਂ ਭਾਰਤੀ ਜਨਤਾ ਪਾਰਟੀ ਦੀ ਵਾਜਪਾਈ ਸਰਕਾਰ ਸੀ। ਇਹ ਸਰਕਾਰਾਂ ਸਗੋਂ ਝੱਟ ਦੇਣੀ ਪੈਂਤੜਾ ਮੱਲ ਲੈਂਦੀਆਂ ਸਨ ਕਿ ਇਹ ਦੋਵਾਂ ਮੁਲਕਾਂ ਦਾ ਆਪਸੀ ਮਸਲਾ ਹੈ ਅਤੇ ਅਸੀਂ ਤੇ ਪਾਕਿਸਤਾਨ ਵੀ ਸ਼ਿਮਲਾ ਸਮਝੌਤੇ ਤਹਿਤ ਆਪਸ ‘ਚ ਮਿਲ ਬੈਠ ਕੇ ਇਸ ਨੂੰ ਹੱਲ ਕਰਨ ਦੇ ਪਾਬੰਦ ਹਾਂ, ਕਰ ਲਵਾਂਗੇ। ਭਾਰਤ ਦੀ ਵਿਦੇਸ਼ ਨੀਤੀ ਇਹੀ ਹੈ ਹੈ ਕਿ ਕਸ਼ਮੀਰ ਦੇ ਕਿਸੇ ਵੀ ਮਾਮਲੇ ਵਿਚ ਅਮਰੀਕਾ ਜਾਂ ਦੂਜੇ ਮੁਲਕਾਂ ਦਾ ਦਖਲ ਨਹੀਂ ਹੋਣਾ ਚਾਹੀਦਾ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਬੇਸਮਝ ਸਰਕਾਰ ਨੇ ਇਸ ਨੂੰ ਆਪ ਹੀ ਪੂਰੇ ਸੰਸਾਰ ਦਾ ਮਸਲਾ ਬਣਾ ਦਿੱਤਾ। ਪਰਮਾਣੂ ਸ਼ਕਤੀ ਪ੍ਰਾਪਤ ਦੋ ਮੁਲਕ ਜਦੋਂ ਕਸ਼ਮੀਰ ਮੁੱਦੇ ਉੱਤੇ ਵੱਡੀ ਜੰਗ ਲਾਉਣ ਵੱਲ ਵਧਣਗੇ ਤਾਂ ਸੰਸਾਰ ਤਾਂ ਜੰਗ ਦੇ ਖਤਰੇ ਤੋਂ ਡਰਦਾ ਦਖਲ ਦੇਵੇਗਾ ਹੀ। ਉਹੀ ਕੁਝ ਹੁਣ ਹੋਇਆ ਹੈ। ਟਰੰਪ, ਚੀਨ, ਸਊਦੀ ਅਰਬ, ਤੁਰਕੀ ਜੋ ਅੰਦਰੋਂ ਪਾਕਿਸਤਾਨ ਨਾਲ ਹਨ (ਇਹ ਗੱਲ ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਵੀ ਕਹਿੰਦਾ ਹੈ), ਉਹ ਸਭ ਵਿਚੋਲੇ ਬਣ ਗਏ ਹਨ। ਫਿਰ ਕਿਧਰ ਗਿਆ ਸ਼ਿਮਲਾ ਸਮਝੌਤਾ? ਜਿਸ ਮਸੂਦ ਅਜ਼ਹਰ ਨੂੰ ਮਸਾਂ ਫੜਿਆ ਸੀ, ਉਸ ਨੂੰ ਭਾਜਪਾ ਵਾਲੇ ਆਪ ਹੀ ਕਾਬਲ ਛੱਡ ਕੇ ਆਏ ਸਨ। ਕਈ ਸਾਲਾਂ ਤੋਂ ਮੋਦੀ ਸਰਕਾਰ ਦੇ ਬਹੁਤ ਚਹੇਤੇ ਚੈਨਲਾਂ ਅਤੇ ਪਾਰਟੀ ਲੀਡਰਾਂ ਦੀ ਕਸ਼ਮੀਰ ਬਾਰੇ ਸੋਚ ਦੀ ਖਤਰਨਾਕ, ਗੁੱਝੀ ਘੁੰਡੀ ਖੋਲ੍ਹੀਏ ਤਾਂ ਪਤਾ ਲਗਦਾ ਹੈ ਕਿ ਜੇ ਉਥੇ 10-20 ਦਿਨ ਕੋਈ ਵਾਰਦਾਤ ਨਾ ਹੋਵੇ ਤਾਂ ਬੜ੍ਹਕਾਂ ਮਾਰਨ ਲੱਗ ਪੈਂਦੇ ਹਨ ਕਿ ‘ਅਤਿਵਾਦੀਆਂ ਅਤੇ ਪਾਕਿਸਤਾਨ ਦਾ ਲੱਕ ਤੋੜ ਦਿੱਤਾ ਹੈ’, ਤੇ ਜੇ ਫਿਰ ਵਾਰਦਾਤ ਹੋ ਜਾਵੇ ਤਾਂ ਫਿਰ ਦੂਜੇ ਰੁਕ, ਲੋਕਾਂ ਨੂੰ ਭੜਕਾਉਣ ਦਾ ਮੌਕਾ ਹੱਥ ਆਇਆ ਸਮਝ ਕੇ ਬਿਆਨਬਾਜੀ ਕਰਨ ਲਗ ਪੈਂਦੇ ਹਨ। ਇਹੀ ਕੁੱਝ ਪੁਲਵਾਮਾ ਹਮਲੇ ਤੋਂ ਬਾਅਦ ਕੀਤਾ ਗਿਆ ਹੈ। ਸਿਆਣੇ ਲੋਕ ਜੰਗ ਦੇ ਆਰਜ਼ੀ ਰੌਲੇ ਥੱਲੇ ਆਪਣੇ ਅਸਲੀ ਮਸਲੇ (ਗਰੀਬੀ, ਬੇਰੁਜਗਾਰੀ, ਮਹਿੰਗਾਈ, ਵਿਦਿਆ, ਸਿਹਤ, ਭ੍ਰਿਸ਼ਟਾਚਾਰ, ਮਾਫੀਆ ਰਾਜ) ਦਫਨ ਕਰ ਦੇਣ ਦੀ ਆਗਿਆ ਨਾ ਦੇਣ। ਸੰਪਰਕ: 94173-24543

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All