ਹਵਾਈ ਉਡਾਣਾਂ ਬਾਰੇ ਭੰਬਲਭੂਸਾ

ਪਿਛਲੇ ਦੋ ਮਹੀਨਿਆਂ ਤੋਂ ਲੌਕਡਾਊਨ ਰਾਹੀਂ ਸਰੀਰਕ ਦੂਰੀ ਬਣਾ ਕੇ ਰੱਖਣ ਦੀ ਸਖ਼ਤੀ ਪਿੱਛੋਂ ਹੁਣ ਕੇਂਦਰ ਸਰਕਾਰ ਵੱਲੋਂ ਧੜਾਧੜ ਕੀਤੇ ਜਾ ਰਹੇ ਫ਼ੈਸਲੇ ਸੰਕੇਤ ਦੇ ਰਹੇ ਹਨ ਕਿ ਹੁਣ ਕਰੋਨਾਵਾਇਰਸ ਦੇ ਸੰਕਟ ਵਿਰੁੱਧ ਲੜਾਈ ਜਾਰੀ ਰੱਖਣ ਦੇ ਨਾਲ ਨਾਲ ਆਮ ਜੀਵਨ ਵੀ ਪਹਿਲਾਂ ਵਾਂਗ ਚੱਲਣ ਲੱਗ ਜਾਵੇਗਾ। ਇਨ੍ਹਾਂ ਫ਼ੈਸਲਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸਪੱਸ਼ਟਤਾ ਤੇ ਦੂਰਅੰਦੇਸ਼ੀ ਦੀ ਘਾਟ ਦਿਖਾਈ ਦਿੰਦੀ ਹੈ। ਰੇਲ ਗੱਡੀਆਂ ਚਾਲੂ ਕਰਨ ਤੋਂ ਲੈ ਕੇ ਹਵਾਈ ਉਡਾਣਾਂ ਤੱਕ ਭੰਬਲਭੂਸਾ ਹੈ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਪੁਰੀ ਦੇ ਐਲਾਨ ਮੁਤਾਬਿਕ ਘਰੇਲੂ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਯਾਤਰੀਆਂ ਨੇ ਆਨਲਾਈਨ ਸੀਟਾਂ ਬੁੱਕ ਕਰਵਾ ਲਈਆਂ। ਦਿੱਲੀ ਹਵਾਈ ਅੱਡੇ ਉੱਤੇ ਵੱਡੀ ਗਿਣਤੀ ਵਿਚ ਯਾਤਰੀ ਪਹੁੰਚ ਗਏ ਪਰ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕੁਝ ਰਾਜਾਂ ਜਿਵੇਂ ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਆਂਧਰਾ ਪ੍ਰਦੇਸ਼ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਉਡਾਣਾਂ ਬਾਅਦ ਵਿਚ ਸ਼ੁਰੂ ਕਰਨਗੇ। ਅੰਫਾਨ ਸਾਈਕਲੋਨ ਨੂੰ ਵੀ ਇਸ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ। ਸਰਕਾਰ ਨੇ ਸਾਰੇ ਸੂਬਿਆਂ ਲਈ ਘੱਟੋ-ਘੱਟ ਇਕ ਉਡਾਣ ਜ਼ਰੂਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਫ਼ੈਸਲੇ ਤੋਂ ਪਹਿਲਾਂ ਹੀ ਇਹ ਮੁੱਦਾ ਕਿ ਇਨ੍ਹਾਂ ਯਾਤਰੀਆਂ ਨੂੰ ਕਿਸ ਸੂਬੇ ਵਿਚ ਕਿੰਨੇ ਦਿਨ ਇਕਾਂਤਵਾਸ ਰਹਿਣਾ ਪਵੇਗਾ, ਵੀ ਠੀਕ ਤਰ੍ਹਾਂ ਸੁਲਝਾਇਆ ਨਹੀਂ ਗਿਆ। ਇਸ ਭੰਬਲਭੂਸੇ ’ਚ ਯਾਤਰੀਆਂ ਦਾ ਇਹ ਵਿਰੋਧ ਵਾਜਿਬ ਹੈ ਕਿ ਜੇ ਉਡਾਣਾਂ ਰੱਦ ਹੋ ਗਈਆਂ ਸਨ ਤਾਂ ਉਨ੍ਹਾਂ ਨੂੰ ਸਮੇਂ ਸਿਰ ਸੂਚਿਤ ਕਿਉਂ ਨਹੀਂ ਕੀਤਾ। ਇਹ ਲਾਪ੍ਰਵਾਹੀ ਹੈ ਤੇ ਇਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਲੌਕਡਾਊਨ ਕਰਨ ਤੋਂ ਪਹਿਲਾਂ ਵੀ ਰਾਜ ਸਰਕਾਰਾਂ ਨੂੰ ਨਹੀਂ ਸੀ ਪੁੱਛਿਆ; ਇਸ ਕਾਰਨ ਕਰੋੜਾਂ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰ ਖੱਜਲ ਹੋ ਰਹੇ ਹਨ। ਸੁਪਰੀਮ ਕੋਰਟ ਨੇ 6 ਜੂਨ ਤਕ ਜਾਣ ਵਾਲੀਆਂ ਉਡਾਣਾਂ ਵਿਚ ਹੁਣ ਤਕ ਬੁੱਕ ਹੋਈਆਂ ਸੀਟਾਂ ਜਿਨ੍ਹਾਂ ਵਿਚ ਵਿਚਕਾਰਲੀ ਸੀਟ ’ਤੇ ਵੀ ਯਾਤਰੀ ਬੈਠਦਾ ਹੈ, ਅਨੁਸਾਰ ਯਾਤਰਾ ਦੀ ਪ੍ਰਵਾਨਗੀ ਦਿੱਤੀ ਹੈ ਪਰ 6 ਜੂਨ ਤੋਂ ਬਾਅਦ ਵਾਲੀਆਂ ਉਡਾਣਾਂ ’ਚ ਸਰੀਰਕ ਦੂਰੀ ਰੱਖਣ ਦੇ ਆਦੇਸ਼ ਦਿੱਤੇ ਹਨ। ਕੇਂਦਰ ਨੂੰ ਰਾਜ ਸਰਕਾਰਾਂ ਨਾਲ ਆਮ ਸਹਿਮਤੀ ਬਣਾ ਕੇ ਹੀ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਸੀ। ਇਕਪਾਸੜ ਫ਼ੈਸਲੇ ਕਾਰਨ ਜਿੱਥੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਕੇਂਦਰ ਤੇ ਸੂਬਿਆਂ ਵਿਚਲੇ ਸਬੰਧਾਂ ਵਿਚ ਤਣਾਓ ਵਧ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All