ਸੰਸਾਰ ਮੀਡੀਆ ਤੇ ਰਾਜਨੀਤਕ ਆਜ਼ਾਦੀ ਦੇ ਸਵਾਲ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਦੁਨੀਆਂ ਦੀ ਵੱਡੀ ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਦੇ ਕਾਲਮਨਵੀਸ ਜਮਾਲ ਖ਼ਸ਼ੋਗੀ ਦੀ ਤੁਰਕੀ ਵਿਚ ਹੋਈ ਰਾਜਨੀਤਕ ਹੱਤਿਆ ਕਾਰਨ ਅਮਰੀਕਾ ਸਮੇਤ ਪੂਰੇ ਪੱਛਮੀ ਜਗਤ ਵਿਚ ਮੀਡੀਆ ਤੇ ਰਾਜਨੀਤੀ ਦੇ ਸਬੰਧਾਂ ਤੇ ਆਜ਼ਾਦੀ ਬਾਰੇ ਬਹਿਸ ਛਿੜੀ ਹੋਈ ਹੈ। ਅਸਲ ਵਿਚ ਸਾਊਦੀ ਅਰਬ ਦੀ ਤਾਨਾਸ਼ਾਹ ਰਾਜਸ਼ਾਹੀ ਹਕੂਮਤ ਦੇ ਕੱਟੜ ਵਿਰੋਧ ਵਿਚ ਲਿਖਣ ਵਾਲੇ ਖ਼ਸ਼ੋਗੀ ਅਜਿਹੇ ਪਹਿਲੇ ਪੱਤਰਕਾਰ ਨਹੀਂ ਜਿਨ੍ਹਾਂ ਨੂੰ ਸਾਊਦੀ ਸਰਕਾਰ ਦੀ ਆਲੋਚਨਾ ਲਈ ਜਾਨ ਗਵਾਉਣੀ ਪਈ ਹੋਵੇ। ਦੋਹਾ ਦੇ ਕੌਮਾਂਤਰੀ ਅੰਗਰੇਜ਼ੀ ਟੀਵੀ ਚੈਨਲ ‘ਅਲ-ਜਜ਼ੀਰਾ’ ਦੇ ਤਿੰਨ ਪੱਤਰਕਾਰਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਅਸਲ ਵਿਚ ਮੱਧ-ਪੂਰਬ ਵਿਚ ਮੁਸਲਿਮ ਸੁਲਤਾਨੀ ਤਾਨਾਸ਼ਾਹ ਹੀ ਕਾਬਜ਼ ਹਨ ਅਤੇ ਇਹ ਵੀ ਸੱਚ ਹੈ ਕਿ ਉਨ੍ਹਾਂ ਨੂੰ ਪੂਰੀ ਸ਼ਹਿ ਅਤੇ ਸੱਤਾ ਦੀ ਡੋਰ ਵਰ੍ਹਿਆਂ ਤੋਂ ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਹੱਥ ਹੈ। ਇਥੇ ਮੀਡੀਆ ਦੇ ਸਾਰੇ ਪ੍ਰਭਾਵੀ ਮਾਧਿਅਮ ਜਿਵੇਂ ਟੈਲੀਵਿਜ਼ਨ, ਫ਼ਿਲਮ, ਰੇਡੀਓ ਤੇ ਸੋਸ਼ਲ ਮੀਡੀਆ, ਸਭ ਸਰਕਾਰੀ ਸੈਂਸਰਸ਼ਿਪ ਦੀ ਗਿਣੀ-ਮਿਥੀ ਖੁੱਲ੍ਹ ਨਾਲ ਹੀ ਚਲਦੇ ਹਨ। ਸਾਊਦੀ ਅਰਬ ਤੋਂ ਵਹਾਬੀ ਮੁਸਲਿਮ ਸੰਪਰਦਾਇ ਤੇ ਕੱਟੜਪੰਥੀਆਂ ਦੇ ਮਦਰੱਸਿਆਂ ਦੀਆਂ ਇਸਲਾਮੀ ਕਾਰਵਾਈਆਂ ਲਈ ਦੁਨੀਆਂ ਭਰ ਦੇ ਦੇਸ਼ਾਂ ਵਿਚ ਫੰਡਿੰਗ ਹੁੰਦੀ ਹੈ, ਪਰ ਪੱਛਮੀ ਦੇਸ਼ ਇਸ ਬਾਰੇ ਜ਼ੁਬਾਨ ਨਹੀਂ ਖੋਲ੍ਹਦੇ, ਕਿਉਂਕਿ ਇਥੇ ਉਨ੍ਹਾਂ ਦਾ ਅਰਬਾਂ ਪੌਂਡਾਂ-ਡਾਲਰਾਂ ਦਾ ਹਥਿਆਰਾਂ ਦਾ ਵੱਡਾ ਬਾਜ਼ਾਰ ਹੈ ਅਤੇ ਸਸਤਾ ਤੇਲ ਲੈਣਾ ਮੁੱਖ ਧਾਰਾ।

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ

ਇਕ ਦਹਾਕੇ ਵਿਚ ਮੱਧ-ਪੂਰਬ ਦੀ ਹਾਲਤ ਤੇ ਰਾਜਨੀਤੀ ਬਦਲ ਗਈ ਹੈ। ਇਰਾਕ ਵਿਚ ਅਮਰੀਕੀ ਹਮਲਾ ਤੇ ਬਾਅਦ ਵਿਚ ਟਿਊਨੀਸ਼ੀਆ ਵਿਚ ਅਰਬ ਸਪਰਿੰਗ ਵਰਗੇ ਅੰਦੋਲਨਾਂ ਨੇ ਇਸ ਆਜ਼ਾਦੀ ਤੇ ਰਾਜਸੀ ਸੱਤਾ ਦਾ ਚਿਹਰਾ ਬਦਲਿਆ ਹੈ ਤੇ ਉਥੋਂ ਦੇ ਪ੍ਰਸਾਰਨ ਮਾਧਿਅਮਾਂ ਨੇ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਅਰਬ ਤੇ ਮੁਸਲਿਮ ਜਗਤ ਵਿਚ ਉਹ ਸਾਰੇ ਅੰਤਰਰਾਸ਼ਟਰੀ ਚੈਨਲ ਤੇ ਰੇਡੀਓ ਕੰਮ ਕਰ ਰਹੇ ਹਨ, ਜੋ ਪਹਿਲਾਂ ਇਸ ਤਰ੍ਹਾਂ ਨਹੀਂ ਸਨ। ਇਸ ਸਥਿਤੀ ਵਿਚ ਮੀਡੀਆ ਦੀ ਆਜ਼ਾਦੀ ਦੇ ਸਵਾਲ ਬਿਲਕੁਲ ਅਜੀਬ ਸਥਿਤੀ ਵਿਚ ਪੁੱਜ ਗਏ ਹਨ। ਇਹ ਵੀ ਸੱਚ ਹੈ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਸਰਕਾਰਾਂ ਆਪਣੀ ਰਾਜਨੀਤਕ ਪਹੁੰਚ ਮੁਤਾਬਕ ਮੀਡੀਆ ਨੂੰ ਵਰਤਦੀਆਂ ਹਨ। ਅਮਰੀਕੀ ਤੇ ਪੱਛਮੀ ਦੇਸ਼ਾਂ ਵਿਚ ਵੀ ਮੀਡੀਆ ਕਿੰਨਾ ਸਰਕਾਰ ਪੱਖੀ ਹੈ ਤੇ ਕਿੰਨਾ ਵਿਰੋਧੀ। ਇਹ ਅਮਰੀਕਨ ਪ੍ਰਧਾਨ ਟਰੰਪ ਦੇ ਨਜ਼ਰੀਏ ਤੋਂ ਸਪਸ਼ਟ ਹੋ ਜਾਂਦਾ ਹੈ, ਜੋ ਇਸ ਨੂੰ ‘ਫੇਕ ਮੀਡੀਆ’ ਕਹਿ ਕੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਦੇ ਹਨ, ਪਰ ਮੀਡੀਆ ਇਸ ਨੂੰ ‘ਟਰੰਪ ਮੇਨੀਆ’ ਕਹਿ ਕੇ ਨਕਾਰਦਾ ਰਿਹਾ ਹੈ। ਮੀਡੀਆ ਦੀ ਆਜ਼ਾਦੀ ਬਾਰੇ ਅਮਰੀਕੀ ਰਵੱਈਆ ਹਮੇਸ਼ਾ ਦੋਗਲਾ ਰਿਹਾ ਹੈ। ਇਕ ਉਹ ਜੋ ਉਹ ਆਪਣੇ ਦੇਸ਼ ਤੇ ਲੋਕਾਂ ਲਈ ਅਪਣਾਉਂਦਾ ਹੈ ਅਤੇ ਦੂਸਰਾ ਜੋ ਉਹ ਦੁਨੀਆਂ ਨੂੰ ਵਿਖਾਉਂਦਾ ਹੈ। ਲੋਕਤੰਤਰ ਦੇ ਚੌਥੇ ਖੰਭੇ ਤੇ ਆਜ਼ਾਦੀ ਦੇ ਪ੍ਰਤੀਕ ਦੇ ਤੌਰ ’ਤੇ ਜੇ ਤੁਸੀਂ ਗੱਲ ਕਰਨੀ ਹੋਵੇ ਤਾਂ ਫਿਰ ਬੀਬੀਸੀ, ਫਾਕਸ ਨਿਊਜ਼, ਸੀਐਨਐਨ ਦਾ ਹਵਾਲਾ ਦੇਣਾ ਹੋਵੇਗਾ ਕਿ ਉਹ ਕਿੰਨੇ ਕੁ ਅਤੇ ਕਿਸ ਤਰ੍ਹਾਂ ਵਰਤਮਾਨ ਤੇ ਪਿਛਲੀਆਂ ਸਰਕਾਰਾਂ ਦੇ ਹੱਕ ਤੇ ਵਿਰੋਧ ਵਿਚ ਰਹੇ, ਪਰ ਇਹ ਵੀ ਸੱਚ ਹੈ ਕਿ ਇਰਾਕ ਦੀ ਲੜਾਈ, ਇਰਾਨ-ਇਰਾਕ ਦੀ ਲੜਾਈ ਤੇ ਅਰਬ ਸਪਰਿੰਗ ਤੇ ਮਿਸਰ ਮੁਸਲਿਮ ਬ੍ਰਦਰਹੁੱਡ ਵਿਚ ਉਨ੍ਹਾਂ (ਮੀਡੀਆ) ਨੇ ਸਰਕਾਰਾਂ ਨੂੰ ਸਹਿਯੋਗ ਹੀ ਦਿੱਤਾ ਹੈ। ਏਸ਼ਿਆਈ ਮੀਡੀਆ ਅਜੇ ਆਪਣੀ ਲੋਕਤੰਤਰੀ ਸਾਖ ਦੀ ਬਹਾਲੀ ਦੇ ਆਰੰਭ ਵਿਚ ਹੈ। 1990 ਤੋਂ ਆਏ ਸੂਚਨਾ ਤਕਨੀਕ ਦੇ ਇਨਕਲਾਬ ਨੇ ਏਸ਼ਿਆਈ ਦੇਸ਼ਾਂ ਖ਼ਾਸਕਰ ਦੱਖਣੀ ਏਸ਼ਿਆਈ ਭਾਰਤੀ ਉਪ ਮਹਾਂਦੀਪ ਦੇ ਦੇਸ਼ਾਂ ਵਿਚ ਇਕ ਲਹਿਰ ਤੇ ਸੋਚ ਦਾ ਮੁਜ਼ਾਹਰਾ ਕੀਤਾ ਹੈ ਤੇ ਇਹ ਲਗਾਤਾਰ ਆਪਣੇ ਆਪ ਨੂੰ ਬਦਲ ਰਿਹਾ ਹੈ। ਪਰ ਅੱਜ ਭਾਰਤੀ ਮੀਡੀਆ ਵੀ ਚੌਰਾਹੇ ’ਤੇ ਹੈ। ਕਈ ਇਸ ਨੂੰ ‘ਗੋਦੀ ਮੀਡੀਆ’ ਕਹਿ ਕੇ ਭੰਡ ਰਹੇ ਹਨ ਤੇ ਕਈ ਸਰਕਾਰੀ ਮੀਡੀਆ ਨੂੰ ਜਿਵੇਂ ਸਰਕਾਰਾਂ ਵਰਤਦੀਆਂ ਹਨ, ਉਸ ਦੀ ਨਾਯਾਬ ਉਦਾਹਰਣ ਕਹਿ ਰਹੇ ਹਨ। ਅਮਰੀਕੀ ਪੱਤਰਕਾਰ ਖ਼ਸ਼ੋਗੀ ਸਊਦੀ ਅਰਬ ਮੂਲ ਦਾ ਅਮਰੀਕੀ ਨਾਗਰਿਕ ਸੀ। ਉਸ ਦੀ ਮੌਤ ’ਤੇ ਅਮਰੀਕਾ ਦਾ ਮੀਡੀਆ ਪ੍ਰਤੀ ਨਜ਼ਰੀਆ ਇਕਦਮ ਵੱਖਰਾ ਹੈ। ਜਮਾਲ ਅਮਰੀਕੀ ਨਾਗਰਿਕ ਸੀ ਅਤੇ ‘ਵਾਸ਼ਿੰਗਟਨ ਪੋਸਟ’ ਲਈ ਵਿਸ਼ੇਸ਼ ਕਾਲਮ ਲਿਖਦਾ ਸੀ ਅਤੇ ਹਥਿਆਰਾਂ ਦੇ ਅਰਬਪਤੀ ਦਲਾਲ ਵਪਾਰੀ ਅਦਨਾਨ ਦਾ ਉਹ ਦਾ ਭਤੀਜਾ ਸੀ। ਉਹ ਕਿਸੇ ਵੇਲੇ ਰਾਜ ਪਰਿਵਾਰ ਦੇ ਕਰੀਬੀਆਂ ’ਚ ਗਿਣਿਆ ਜਾਂਦਾ ਸੀ, ਪਰ ਸਾਊਦੀ ਕਰਾਊਨ ਪ੍ਰਿੰਸ ਦੇ ਵਿਰੁੱਧ ਖੁੱਲ੍ਹ ਕੇ ਲਿਖਣ ਵਾਲਿਆਂ ’ਚੋਂ ਇਕ ਸੀ। ਉਸ ਦਾ ਕਤਲ ਤੁਰਕੀ ਵਿਚਲੇ ਸਾਊਦੀ ਵਣਜ ਮਿਸ਼ਨ ਵਿਚ ਬੜੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ, ਜੋ ਹੁਣ ਜੱਗ ਜ਼ਾਹਿਰ ਹੋ ਗਿਆ ਹੈ। ਕਦੇ ‘ਅਲ-ਅਰਬ ਨਿਊਜ਼’ ਤੇ ‘ਅਲਵਤਨ’ ਵਰਗੀਆਂ ਨਾਮੀ ਸਾਊਦੀ ਅਖ਼ਬਾਰਾਂ ਦਾ ਸੰਪਾਦਕ ਰਿਹਾ, ਖ਼ਸ਼ੋਗੀ 2 ਅਕਤੂਬਰ, 1958 ਨੂੰ ਪੈਦਾ ਹੋਇਆ ਸੀ। ਤੁਰਕ ਮਾਂ ਤੇ ਸ਼ਾਹੀ ਡਾਕਟਰ ਮੁਹੰਮਦ ਖ਼ਸ਼ੋਗੀ ਦਾ ਪੁੱਤਰ ਆਪਣੇ ਸੁਭਾਅ ਤੋਂ ਬਾਗੀ ਪੱਤਰਕਾਰ ਗਿਣਿਆ ਜਾਂਦਾ ਸੀ। ਉਸ ਨੇ ‘ਓਜ਼ਾਕ’ ਸਾਊਦੀ ਗਜ਼ਟ ਵਰਗੀਆਂ ਅਖ਼ਬਾਰਾਂ ਲਈ ਵੀ ਕੰਮ ਕੀਤਾ ਸੀ। ਸਾਊਦੀ ਰਾਜਸ਼ਾਹੀ ਇੰਟੈਲੀਜੈਂਸ ਵਿਚ ਕੰਮ ਕਰਨ ਕਾਰਨ ਉਹ ਕਈ ਅਹਿਮ ਜਾਣਕਾਰੀਆਂ ਰੱਖਦਾ ਸੀ। ‘ਦਿ ਵਾਸ਼ਿੰਗਟਨ ਪੋਸਟ’ ਦੇ ਆਪਣੇ ਆਖਰੀ ਕਾਲਮ ਵਿਚ ਉਸ ਨੇ ਲਿਖਿਆ ਸੀ: ‘ਜਿੰਨਾ ਚਿਰ ਅਰਬ ਜਗਤ, ਖ਼ਾਸਕਰ ਸਾਊਦੀ ਅਰਬ ਵਿਚ ਆਮ ਲੋਕਾਂ ਤੇ ਔਰਤਾਂ ਦੇ ਮੂਲ ਅਧਿਕਾਰ ਬਹਾਲ ਨਹੀਂ ਕੀਤੇ ਜਾਂਦੇ, ਓਨੀ ਦੇਰ ਅਰਬ ਜਗਤ ਕਦੇ ਵੀ ਵਿਸ਼ਵ ਦੀ ਮੁੱਖ ਧਾਰਾ ਵਿਚ ਨਹੀਂ ਆ ਸਕਦਾ ਸੀ।’ ਬੀਬੀਸੀ ’ਚ ਕੁਝ ਦੇਰ ਪਹਿਲਾਂ ਉਸ ਨੇ ਫਿਲਸਤੀਨ ਦੇ ਮੁੱਦੇ ’ਤੇ ਸਾਊਦੀ ਅਰਬ ਦੀ ਆਲੋਚਨਾ ਕੀਤੀ ਸੀ। ਮੁਸਲਿਮ ਬ੍ਰਦਰਹੁੱਡ ਤੇ ਯਮਨ ਵਿਚ ਸਾਊਦੀ ਅਰਬ ਦੀਆਂ ਮਿਲਟਰੀ ਕਾਰਵਾਈਆਂ ਦੀ ਉਸ ਨੇ ਅੰਤਰਰਾਸ਼ਟਰੀ ਮੰਚਾਂ ’ਤੇ ਨਿੰਦਿਆ ਕੀਤੀ। ਮੀਡੀਆ ਦੇ ਮਿੱਤਰਾਂ ਲਈ ਇਹ ਵਿਸ਼ੇਸ਼ ਦਿਲਚਸਪੀ ਦਾ ਕਾਰਨ ਹੋਵੇਗਾ ਕਿ ਇਹ ਜਮਾਲ ਖ਼ਸ਼ੋਗੀ ਹੀ ਸੀ, ਜਿਸ ਨੇ 1990 ਦੇ ਦਹਾਕੇ ਵਿਚ ਤੋਰਾ ਬੋਰਾ ਦੀਆਂ ਪਹਾੜੀਆਂ ਵਿਚ ਛੁਪੇ ਓਸਾਮਾ-ਬਿਨ-ਲਾਦਿਨ ਦੀਆਂ ਕਈ ਪੱਤਰਕਾਰ ਵਾਰਤਾਵਾਂ ਤੇ ਇੰਟਰਵਿਊਜ਼ ਕੀਤੀਆਂ। ਅਤਿਵਾਦੀ ਪਰ ਪ੍ਰਾਗਰੈਸਿਵ ਮੁਸਲਿਮ ਮੁਹਿੰਮ ਦੇ ਕਵੀ ਇਬਰਾਹੀਮ ਅਲ-ਅਲਮੀਮੀ ਦੀ ਵਡਿਆਈ ਵੀ ਸ਼ਾਹੀ ਸਰਕਾਰਾਂ ਨੂੰ ਖ਼ਸ਼ੋਗੀ ਦੇ ਵਿਰੁੱਧ ਲੈ ਗਈ। ਟਵਿੱਟਰ ਵਰਤਣ ਵਾਲੇ ਦੋ ਲੱਖ ਲੋਕਾਂ ਦਾ ਚਹੇਤਾ ਖ਼ਸ਼ੋਗੀ ਹੁਣ ਵਿਆਹ ਕਰਵਾਉਣ ਵਾਲਾ ਸੀ ਕਿ ਅਚਾਨਕ ਸਾਊਦੀ ਖ਼ੁਫ਼ੀਆ ਏਜੰਸੀਆਂ ਦੇ ਜਾਲ ਵਿਚ ਫਸ ਗਿਆ। ‘ਅਰਬ ਵਰਲਡ ਨਾਓ’ ਦੀ ਇਕ ਰਿਪੋਰਟ ਦੱਸਦੀ ਹੈ ਕਿ ਅਸਲ ਵਿਚ ਸਾਊਦੀ ਸ਼ਾਹੀ ਸਰਕਾਰ ਉਸ ਦੇ ਅਮਰੀਕੀ ਸਰਕਾਰ ਦੇ ਨੇੜੇ ਹੋਣ ਕਰਕੇ ਖ਼ੌਫ਼ਜ਼ਦਾ ਸੀ ਅਤੇ ਉਸ ’ਤੇ ਮੀਡੀਆ ਦੀ ਆਜ਼ਾਦੀ ਦੇ ਨਾਂ ’ਤੇ ਸਾਊਦੀ ਅਰਬ ਖ਼ਾਸਕਰ ਸ਼ਾਹੀ ਪਰਿਵਾਰ ਖ਼ਿਲਾਫ਼ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲੱਗਿਆ ਸੀ। ਇਸ ਖ਼ਿਲਾਫ਼ ਅਮਰੀਕੀ ਸਰਕਾਰ ਤੇ ਪ੍ਰਧਾਨ ਟਰੰਪ ਨੇ ਸਿੱਧਾ ਸਾਊਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਅੱਜ ਜਿਸ ਤਰ੍ਹਾਂ ਸਾਰੀ ਦੁਨੀਆਂ ਵਿਚ ਪ੍ਰੈਸ ਤੇ ਰਾਜਨੀਤੀ ਵਿਚਕਾਰ ਰਿਸ਼ਤਾ ਬਣਿਆ ਹੈ, ਉਹ ਬੇਹੱਦ ਰੰਗ ਬਰੰਗਾ ਹੈ। ਜਿੱਥੇ ਜਿੱਥੇ ਪ੍ਰੈਸ ਅਰਥਾਤ ਮੀਡੀਆ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਉਥੇ ਆਜ਼ਾਦੀ ਦਾ ਵਾਤਾਵਰਨ ਨੁਕਸਾਨਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਤੀਜੀ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਵਿਸ਼ੇਸ਼ ਕਰ ਅਫਰੀਕੀ ਤੇ ਲਾਤਿਨੀ ਦੇਸ਼ਾਂ ਵਿਚ ਮੀਡੀਆ ਤੇ ਸਰਕਾਰਾਂ ਵਿਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਭਾਰਤ ਵਿਚ ਵੀ ਹੁਣ ਰਾਜਨੀਤੀ ਤੇ ਮੀਡੀਆ ਦਾ ਇਕ ਅਜਿਹਾ ਹੀ ਖੇਲ ਹੈ ਜਿਵੇਂ ਅਕਸਰ ਅਮੀਰ ਮੁਲਕਾਂ ’ਚ ਹੁੰਦਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਹੁਣ ਮੀਡੀਆ ਨੈਤਿਕਤਾ ਪਿੱਛੇ ਚਲੇ ਗਈ ਹੈ ਤੇ ‘ਗੋਦੀ ਮੀਡੀਆ’ ਸਰਕਾਰੀ ਪ੍ਰਚਾਰ ਤੰਤਰ ਦਾ ਹੱਥਕੰਡਾ ਬਣ ਕੇ ਰਹਿ ਗਿਆ। ਪਰ ਇਹ ਵੀ ਸੱਚ ਹੈ ਕਿ ਕੁਝ ਅਦਾਰੇ ਤੇ ਕੁਝ ਮੀਡੀਆ ਹਾਊਸ ਅਜੇ ਵੀ ਭਾਰਤ ਵਿਚ ਮੀਡੀਆ ਦੇ ਭਵਿੱਖ ਤੇ ਉਸ ਦੀ ਲੋਕਤੰਤਰੀ ਸਾਖ ਦੀ ਬਹਾਲੀ ਵਾਸਤੇ ਪ੍ਰਤੀਬੱਧ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਅਜੇ ਵੀ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਹਿ ਸਕਦੇ ਹਾਂ। ਹੁਣ ਸੋਸ਼ਲ ਮੀਡੀਆ ਦੀ ਪਹੁੰਚ ਨੂੰ ਚੈਲੰਜ ਕਰਨਾ ਔਖਾ ਹੈ, ਹਾਲਾਂਕਿ ਚੀਨ ਤੇ ਇਸਲਾਮੀ ਦੇਸ਼ਾਂ ਨੇ ਸੋਸ਼ਲ ਮੀਡੀਆ ’ਤੇ ਵੀ ਪਾਬੰਦੀਆਂ ਕਿਸੇ ਹੱਦ ਤੱਕ ਆਇਦ ਕੀਤੀਆਂ ਹਨ। ਅੱਜ-ਕੱਲ੍ਹ ਰਾਜਨੀਤੀ ਇਕ ਸੱਤਾ ਦਾ ਰੁਖ ਹੈ ਤਾਂ ਮੀਡੀਆ ਉਹ ਹਥਿਆਰ ਹੈ, ਜਿਸ ਨਾਲ ਤੁਸੀਂ ਕ੍ਰਾਂਤੀ ਲਿਆ ਸਕਦੇ ਹੋ। ਅਰਬ ਇਸਲਾਮੀ ਜਗਤ ਵਿਚ ਇਸ ਦੀਆਂ ਉਦਾਹਰਣਾਂ ਨੇ ਇਨ੍ਹਾਂ ਦਿਨਾਂ ’ਚ ਇਹ ਪਰਿਭਾਸ਼ਾ ਬਦਲ ਦਿੱਤੀ ਹੈ ਕਿ ਮੀਡੀਆ ਹੁਣ ਸਰਕਾਰਾਂ ਦਾ ਪਿੱਛਲੱਗੂ ਹੈ। ਹੁਣ ਮੀਡੀਆ ਸਿੱਧੇ ਤੌਰ ’ਤੇ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਸੱਤਾ ਨੂੰ ਬਦਲਣ ਦਾ ਇਕ ਪ੍ਰਭਾਵਸ਼ਾਲੀ ਔਜ਼ਾਰ ਬਣ ਗਿਆ ਹੈ। ਬਦਲਦੀ ਹੋਈ ਇਸ ਭੂਮਿਕਾ ਤੋਂ ਰਾਜਸ਼ਾਹੀ ਦੇ ਦੇਸ਼ ਤੇ ਕੱਟੜ ਨਿਜ਼ਾਮ ਭੈਅ ਖਾਂਦੇ ਹਨ ਤੇ ਲੋਕਤੰਤਰੀ ਦੇਸ਼ਾਂ ’ਚ ਮੀਡੀਆ ਹੁਣ ਹਵਾ ਦਾ ਰੁਖ ਬਦਲਣ ਦੀ ਭੂਮਿਕਾ ’ਚ ਹੈ। ਪ੍ਰੰਤੂ ਪੱਤਰਕਾਰਾਂ ਦੀਆਂ ਰਾਜਨੀਤਕ ਹੱਤਿਆਵਾਂ ਇਸ ਦੇ ਚਿਹਰੇ ’ਤੇ ਕਾਲਖ ਮਲ਼ਦੀਆਂ ਹਨ, ਜੋ ਆਉਣ ਵਾਲੇ ਦਿਨਾਂ ਵਿਚ ਹੋਰ ਘਿਣਾਉਣਾ ਰੂਪ ਲੈ ਲਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਕੋਈ ਸੱਤਾ ਛੱਡਣਾ ਨਹੀਂ ਚਾਹੁੰਦਾ, ਭਾਵੇਂ ਰਾਜਸ਼ਾਹੀ ਹੋਵੇ ਜਾਂ ਲੋਕਤੰਤਰੀ ਸਰਕਾਰ। ਇਸ ਗੱਲ ਨੂੰ ਸਹਿਮਤੀ ਨਾਲ ਵੇਖਿਆ ਜਾ ਸਕਦਾ ਹੈ ਕਿ ਮਾਨਵੀ ਸਰੋਕਾਰਾਂ ਨਾਲ ਪ੍ਰੈਸ ਦੀ ਭੂਮਿਕਾ ਚੰਗੇ ਭਵਿੱਖ ਲਈ ਕਾਰਗਰ ਸਾਬਤ ਹੋਵੇ। ਕਾਸ਼! ਇਹ ਸਾਰੀ ਦੁਨੀਆਂ ਵਿਚ ਸੰਭਵ ਹੋਵੇ ਤਾਂ ਕਿ ਇਕ ਸਾਜ਼ਗਾਰ ਤੇ ਸਿਹਤਮੰਦ ਮਾਹੌਲ ਲਈ ਅਸੀਂ ਉਸ ਦੀ ਭੂਮਿਕਾ ਤੋਂ ਇਕ ਨਵੀਂ ਦੁਨੀਆਂ ਦੀ ਉਮੀਦ ਰੱਖੀਏ।

ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All