ਸੀਰੀਆ ਸੰਕਟ: ਜਮਹੂਰੀਅਤ ਦੀ ਲੜਾਈ ਲਈ ਕੁਝ ਸਬਕ

ਤੇਗਿੰਦਰ* ਸਮੁੱਚੀ ਮਾਨਵਤਾ ਲਈ ਇਸ ਸਦੀ ਦਾ ਸਭ ਤੋਂ ਵੱਡਾ ਸੰਕਟ ਸੀਰੀਆ ਸੰਕਟ ਹੈ। ਇਸ ਸੰਕਟ ਨੇ ਕਿਸੇ ਨਾ ਕਿਸੇ ਰੂਪ ਵਿਚ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਇਕ ਰਿਪੋਰਟ ਮੁਤਾਬਕ, 5 ਲੱਖ ਲੋਕ ਮੌਤ ਦੀ ਭੇਟ ਚੜ੍ਹ ਚੁੱਕੇ ਹਨ, 10 ਲੱਖ ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ। ਮੁਲਕ ਦੀ ਅੱਧ ਤੋਂ ਵੱਧ ਵਸੋਂ ਬੇਘਰ ਹੋ ਗਈ ਹੈ। ਇਨ੍ਹਾਂ ਵਿਚੋਂ 52 ਲੱਖ ਲੋਕਾਂ ਨੇ ਹੋਰਾਂ ਮੁਲਕਾਂ ਵਿਚ ਪਨਾਹ ਲਈ ਹੈ। ਲੱਖਾਂ ਹੀ ਲੋਕ ਅਜੇ ਪਨਾਹ ਮਿਲਣ ਦੀ ਉਡੀਕ ਵਿਚ ਹਨ। ਔਰਤਾਂ ਅਤੇ ਬੱਚਿਆਂ ਦੀ ਹਾਲਤ ਬਦਤਰ ਹੈ। ਹਜ਼ਾਰਾਂ ਔਰਤਾਂ ਨੂੰ ਸੈਕਸ ਸਲੇਵ (ਸਰੀਰਕ ਗੁਲਾਮ) ਵਜੋਂ ਵਰਤਿਆ ਜਾ ਰਿਹਾ ਹੈ। ਔਰਤਾਂ ਨਾਲ ਫ਼ੌਜ, ਜਹਾਦੀਆਂ, ਰਫ਼ਿਊਜੀ ਕੈਪਾਂ ਵਿਚ ਏਡ ਵਰਕਰਾਂ ਤੇ ਆਪਣਿਆਂ ਦੁਆਰਾਂ ਹੀ ਬਲਾਤਕਾਰ ਇੰਨੀ ਵੱਡੀ ਗਿਣਤੀ ਵਿਚ ਕੀਤੇ ਜਾ ਰਹੇ ਹਨ ਕਿ ਜੇ ਸੀਰੀਆ ਸੰਕਟ ਨੂੰ ਰੇਪ ਸੰਕਟ ਦਾ ਨਾਮ ਦੇ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਸੀ ਲੱਖ ਤੋਂ ਵੱਧ ਬੱਚੇ ਸਿੱਧੇ ਰੂਪ ਵਿਚ ਹੀ ਇਸ ਯੁੱਧ ਦੀ ਮਾਰ ਹੇਠ ਆਏ ਹਨ। ਪੱਚੀ ਲੱਖ ਬੱਚੇ ਘਰ ਛੱਡਣ ਲਈ ਮਜਬੂਰ ਹੋ ਗਏ ਅਤੇ 50 ਲੱਖ ਸਹਾਇਤਾ ਦੀ ਉਡੀਕ ਕਰ ਰਹੇ ਹਨ। ਇਹੀ ਨਹੀਂ, ਪੰਜਾਹ ਹਜ਼ਾਰ ਤੋਂ ਵੀ ਵੱਧ ਬੱਚੇ ਮੌਤ ਦੀ ਗੋਦ ਵਿਚ ਜਾ ਚੁੱਕੇ ਹਨ। ਯੂਨੀਸੈਫ਼ ਦੀ ਰਿਪੋਰਟ ਮੁਤਾਬਿਕ 2017 ਦਾ ਵਰ੍ਹਾ ਬੱਚਿਆਂ ਲਈ ਸਭ ਤੋਂ ਕਹਿਰਵਾਨ ਸਾਲ ਰਿਹਾ ਜਿਸ ਵਿਚ 910 ਬੱਚੇ ਮਾਰੇ ਗਏ ਅਤੇ 361 ਜ਼ਖਮੀ ਹੋਏ। ਇਸ ਸੰਕਟ ਦੀ ਸ਼ੁਰੂਆਤ ਮਾਰਚ 2011 ਵਿਚ ਸ਼ੁਰੂ ਹੋਈ, ਜਦੋਂ ਅਰਬ ਸਪਰਿੰਗ ਤੋਂ ਪ੍ਰਭਾਵਿਤ ਹੋ ਕੇ ਮੁਵਾਇਆ ਨਾਮੀ ਬਾਲਕ ਨੇ ਆਪਣੇ ਕੁਝ ਸਾਥਿਆਂ ਨਾਲ ਮਿਲ ਕੇ ਸਕੂਲ ਦੀ ਦੀਵਾਰ ‘ਤੇ ਕੁਝ ਲਿਖ ਦਿੱਤਾ ਜਿਸ ਨੂੰ ਅਸਦ ਸਰਕਾਰ ਸਹਿਣ ਨਾ ਕਰ ਸਕੀ। ਉਸ ਨੇ ਇਨ੍ਹਾਂ ਨੂੰ ਨਾ ਸਿਰਫ਼ ਗ੍ਰਿਫ਼ਤਾਰ ਕੀਤਾ ਸਗੋਂ ਡੇਢ ਮਹੀਨਾ ਤਸੀਹੇ ਵੀ ਦਿੱਤੇ ਜਿਸ ਖ਼ਿਲਾਫ਼ ਲੋਕਾਂ ਨੇ ਆਪ-ਮੁਹਾਰੇ ਪਹਿਲਾਂ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਸਥਾਨਕ ਪੱਧਰ ‘ਤੇ ਅਤੇ ਫਿਰ ਮੁਲਕ ਪੱਧਰ ‘ਤੇ ਰੋਸ ਵਿਖਾਵੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿਖਾਵਿਆਂ ਵਿਚ ਉਹ ਜਮਹੂਰੀਅਤ ਪੱਖੀ ਸੁਧਾਰਾਂ ਦੀ ਮੰਗ ਕਰ ਰਹੇ ਸਨ; ਜਿਵੇਂ ਨਿਰਪੱਖ ਤੇ ਭੈਅ-ਮੁਕਤ ਚੋਣਾਂ, ਪਾਰਲੀਮੈਂਟਰੀ ਸਰਕਾਰ ਕਾਇਮ ਕਰਨੀ, ਸਿਆਸੀ ਕੈਦੀਆਂ ਦੀ ਰਿਹਾਈ ਅਤੇ ਸ਼ਾਂਤਮਈ ਸੰਘਰਸ਼ ਦੀ ਆਗਿਆ ਦੇਣਾ ਸ਼ਾਮਿਲ ਸੀ। ਸਰਕਾਰ ਨੇ ਇਨ੍ਹਾਂ ਮੰਗਾਂ ਨੂੰ ਮੁੱਢ ਤੋਂ ਹੀ ਖਾਰਜ ਕਰਦਿਆਂ ਰੋਸ ਵਿਖਾਵਿਆਂ ਉੱਪਰ ਹਿੰਸਾਤਮਿਕ ਹਮਲੇ ਕੀਤੇ। ਆਮ ਲੋਕ ਹੈਰਾਨ ਤੇ ਪ੍ਰੇਸ਼ਾਨ ਸਨ ਕਿ ਬਿਨਾ ਕੁੱਝ ਕੀਤੇ ਕੋਈ ਕਿਵੇਂ ਗ੍ਰਿਫ਼ਤਾਰ ਕਰ ਸਕਦਾ ਹੈ ਤੇ ਮਾਰ ਸਕਦਾ ਹੈ। ਇਸ ਦੀ ਪ੍ਰਤੀਕਿਰਿਆ ਵਿਚ ਵਿਖਾਵਾਕਾਰੀਆਂ ਨੇ ਅਸਦ ਸਰਕਾਰ ਦੇ ਅਸਤੀਫ਼ੇ ਦੀ ਮੰਗ ਸ਼ੁਰੂ ਕਰ ਦਿੱਤੀ। ਜਵਾਬ ਵਿਚ ਸਰਕਾਰ ਨੇ ਹੋਰ ਤਾਨਾਸ਼ਾਹੀ ਰੁਖ਼ ਅਪਣਾਉਂਦੇ ਹੋਏ ਫ਼ੌਜ ਨੂੰ ਹੋਰ ਅਧਿਕਾਰ ਦੇ ਦਿੱਤੇ। ਫ਼ੌਜ ਦੇ ਇਸ ਤਰ੍ਹਾਂ ਆਪਣੇ ਹੀ ਲੋਕਾਂ ਉੱਪਰ ਅਤਿਆਚਾਰ ਕਰਨ ਦੇ ਰੋਸ ਵਜੋਂ ਫ਼ੌਜ ਵਿਚ ਫੁੱਟ ਪੈ ਗਈ। ਕੁੱਝ ਫ਼ੌਜੀ ਅਫ਼ਸਰਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ‘ਫ਼੍ਰੀ ਸੀਰੀਅਨ ਆਰਮੀ’ ਬਣਾ ਲਈ ਪਰ ਇਹ ਸਿਆਸੀ ਅਤੇ ਫ਼ੌਜੀ ਪੱਖ ਤੋਂ ਬਹੁਤ ਘੱਟ ਇਕਸਾਰਤਾ ਵਾਲਾ ਸੰਗਠਨ ਸੀ। ਇਸ ਵਿਚ ਇਕੋ ਪਿੰਡ ਜਾਂ ਕਸਬੇ ਦੇ ਸਥਾਨਕ ਨੌਜਵਾਨਾਂ ਨੇ ਇਕੱਠੇ ਹੋ ਕਿ ਵੱਖ ਵੱਖ ਐਡਹਾਕ ਮਿਲੀਸ਼ੀਆ ਬਣਾ ਲਈ। ਉਨ੍ਹਾਂ ਨੇ ਹਥਿਆਰ ਵੀ ਜਾਂ ਤਾਂ ਆਪ ਬਣਾਏ ਜਾਂ ਫਿਰ ਸੀਰੀਅਨ ਫ਼ੌਜ ਤੋਂ ਖੋਹੇ ਹੋਏ ਸਨ। ਇਸ ਦਾ ਮੁੱਖ ਉਦੇਸ਼ ਅਸਦ ਸਰਕਾਰ ਨੂੰ ਲਾਂਭੇ ਕਰਕੇ ਧਰਮ ਨਿਰਪੱਖ ਜਮਹੂਰੀ ਸਰਕਾਰ ਕਾਇਮ ਕਰਨਾ ਸੀ। ਇਉਂ ਸ਼ਾਂਤਮਈ ਅੰਦੋਲਨ, ਹਥਿਆਰਬੰਦ ਰਸਤੇ ਪੈ ਗਿਆ। ਸੀਰੀਆ ਪੱਛਮੀ ਏਸ਼ੀਆ ਵਿਚ ਪੈਂਦਾ ਸੰਸਾਰ ਦੀ ਪੁਰਾਣੀ ਸਭਿਆਤਾ ਵਾਲਾ ਮੁਲਕ ਹੈ ਜਿੱਥੇ ਵੱਖ ਵੱਖ ਧਰਮਾਂ, ਨਸਲਾਂ ਅਤੇ ਵੱਖੋ-ਵੱਖਰੀਆਂ ਭਾਸ਼ਾਵਾਂ ਵਾਲੇ ਲੋਕ ਰਹਿੰਦੇ ਹਨ। 1946 ਵਿਚ ਫ਼ਰਾਂਸ ਤੋਂ ਆਜ਼ਾਦ ਹੋਣ ਤੋਂ ਬਾਅਦ 1970 ਤੱਕ ਕੋਈ ਵੀ ਸੱਤਾ ਲੰਮਾ ਸਮਾਂ ਟਿਕ ਨਹੀਂ ਸਕੀ। 1970 ਵਿਚ ਹਾਫ਼ਿਜ਼ ਅਲ ਅਸਦ ਨੇ ਸੱਤਾ ਉੱਪਰ ਕਬਜ਼ਾ ਕਰ ਲਿਆ ਜੋ ਹੁਣ ਤੱਕ ਜਾਰੀ ਹੈ। ਸੀਰੀਆ ਵਿਚ ਭਾਵੇਂ ਸੁੰਨੀ ਫ਼ਿਰਕੇ ਦੀ ਬਹੁਤਾਤ ਹੈ ਪਰ ਅਸਦ ਸ਼ੀਆਂ ਫ਼ਿਰਕੇ ਦੇ ਅਲਵਾਇਟ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਉਸ ਨੇ ਹੌਲੀ ਹੌਲੀ ਸੱਤਾ ਦੇ ਗਲਿਆਰਿਆਂ ਵਿਚ ਸੁੰਨੀ ਫ਼ਿਰਕੇ ਨਾਲ ਸਬੰਧਤ ਅਫ਼ਸਰਾਂ ਨੂੰ ਲਾਂਭੇ ਕੀਤਾ, ਇਉਂ ਅਲਵਾਇਟ ਦੇ ਮੈਂਬਰਾਂ ਦੀ ਮਜ਼ਬੂਤ ਕੀਤੀ। ਹਰ ਤਰ੍ਹਾਂ ਦੇ ਵਿਦਰੋਹ ਨੂੰ ਸਖ਼ਤੀ ਨਾਲ ਕੁਚਲ ਦਿੱਤਾ ਗਿਆ। ਸਾਲ 2000 ਤੋਂ ਉਸ ਦਾ ਪੁੱਤਰ ਬਸ਼ਰ ਅਲ ਅਸਦ ਗੱਦੀ ‘ਤੇ ਬੈਠਾ ਹੈ। ਉਸ ਨੂੰ ਵਿਸ਼ਵਾਸ ਸੀ ਕਿ ਅਰਬ ਸਪਰਿੰਗ ਦਾ ਸੀਰੀਆ ਉੱਪਰ ਕੋਈ ਅਸਰ ਨਹੀਂ ਪਵੇਗਾ। ਜੇ ਕੋਈ ਹੋਇਆ ਵੀ, ਤਾਂ ਉਹ ਆਪਣੇ ਪਿਤਾ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਕੁਚਲ ਦੇਵੇਗਾ ਪਰ ਇਸ ਵਾਰ ਲੋਕਾਂ ਨੇ ਲੰਮੇ ਸਮੇਂ ਤੋਂ ਪਸਰੀ ਚੁੱਪ ਅਤੇ ਡਰ ਦੀ ਦੀਵਾਰ ਢਾਹੁੰਦਿਆਂ ਸ਼ਾਂਤਮਈ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਦਾ ਇਕ ਹੋਰ ਕਾਰਨ ਅਸਦ ਦਾ ਨਵ-ਉਦਾਰਵਾਦੀਆਂ ਨੀਤੀਆਂ ਲਾਗੂ ਕਰਨਾ ਵੀ ਸੀ ਜਿਸ ਦਾ ਫਾਇਦਾ ਮੁੱਠੀ ਭਰ ਲੋਕਾਂ ਨੂੰ ਹੀ ਹੋਇਆ। ਨੌਜਵਾਨਾਂ ਨੂੰ ਰੁਜ਼ਗਾਰ ਕਾਗਜ਼ਾਂ ਵਿਚ ਹੀ ਮਿਲਿਆ। ਇਸ ਤੋਂ ਵੀ ਵੱਧ ਅਹਿਮ ਕਾਰਨ ਜਲਵਾਯੂ ਤਬਦੀਲੀ ਸੀ ਜਿਸ ਕਾਰਨ 2007 ਤੋਂ 2010 ਤੱਕ ਸੀਰੀਆ ਵਿਚ ਫੈਲੇ ਸੋਕੇ ਕਰਕੇ ਵੱਡੀ ਤਦਾਦ ਵਿਚ ਖੇਤ ਬਰਬਾਦ ਹੋ ਗਏ ਤੇ ਅੱਸੀ ਫ਼ੀਸਦ ਦੇ ਕਰੀਬ ਮਾਲ-ਡੰਗਰ ਮਰ ਗਿਆ। ਇਸ ਦੀ ਪ੍ਰੜੋਤਾ ਕਰਦਾ ਹੋਇਆ ਅਮਰੀਕਾ ਦਾ ਸਾਬਕਾ ਉੱਪ ਰਾਸ਼ਟਰਪਤੀ ਤੇ ਵਾਤਾਵਰਨਵਾਦੀ ਅਲ ਗੋਰ ਕਹਿੰਦਾ ਹੈ ਕਿ ਇਸ ਸਮੇਂ ਦੌਰਾਨ ਤਕਰਬਨ ਡੇਢ ਲੱਖ ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਪਰਵਾਸ ਕੀਤਾ। ਇਹੀ ਸੰਕਟ ਅੱਗੇ ਚੱਲ ਕੇ ਸੀਰੀਆ ਦੀ ਖਾਨਾਜੰਗੀ ਦਾ ਮੁੱਖ ਕਾਰਨ ਬਣਿਆ। ਅਸਦ ਨੇ ਇਸ ਨੂੰ ਦਬਾਉਣ ਲਈ ਤਾਕਤ ਦੇ ਨਾਲ ਨਾਲ ਹਰ ਹਰਬਾ ਵਰਤਿਆ। ਕੌਮਪ੍ਰਸਤੀ ਦੀ ਅੰਨ੍ਹੀ ਭਗਤੀ ਦੀ ਪਾਣ ਚੜ੍ਹਾਉਣ ਦੀ ਕੋਸ਼ਿਸ ਕੀਤੀ। ਜੇ ਕੋਈ ਇਸ ਦਾ ਵਿਰੋਧ ਕਰਦਾ ਤਾਂ ਦੇਸ਼ ਧ੍ਰੋਹੀ ਕਹਿ ਕੇ ਕੈਦ ਕਰ ਲਿਆ ਜਾਂਦਾ। ਫਿਰ ਵੀ ਸਮਾਜਿਕ ਵਿਸਫੋਟ ਇੰਨਾ ਜ਼ਿਆਦਾ ਸੀ ਕਿ ਅਸਦ ਦੇ ਕੰਟਰੋਲ ਤੋਂ ਬਾਹਰ ਸੀ। ਕੌਮਾਂਤਰੀ ਪੱਧਰ ‘ਤੇ ਸੀਰੀਆ ਦੀ ਆਪਣੀ ਖਾਸ ਭੂਗੋਲਿਕ ਹਾਲਤ ਕਾਰਨ ਅਤੇ ਗੈਸ ਤੇ ਤੇਲ ਦੇ ਭੰਡਾਰ ਹੋਣ ਕਰਕੇ ਇਹ ਸਦਾ ਕੌਮਾਂਤਰੀ ਤਾਕਤਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਰੂਸ, ਇਰਾਨ ਤੇ ਹਿਜ਼ਬੁਲਾ ਆਪੋ-ਆਪਣੇ ਹਿੱਤਾਂ ਕਾਰਨ ਅਸਦ ਦੀ ਮਦਦ ਕਰ ਰਹੇ ਹਨ। ਅਮਰੀਕਾ, ਸਾਊਦੀ ਅਰਬ ਤੇ ਹੋਰ ਖਾੜੀ ਮੁਲਕ ਅਸਦ ਖ਼ਿਲਾਫ਼ ਉੱਠੀ ਲਹਿਰ ਨੂੰ ਆਪਣੇ ਹੱਕ ਵਿਚ ਵਰਤਣ ਲਈ ਐੱਸਐੱਫਐੱਸ ਵਰਕਰਾਂ ਨੂੰ ਅਤੇ ਕੱਟੜ ਇਸਲਾਮੀ ਗਰੁਪ ਅਲ ਨੁਸਰਾ ਫ਼ਰੰਟ, ਆਈਐੱਸਆਈਐੱਸ ਤੇ ਕੁਰਦ ਲੜਾਕਿਆਂ ਨੂੰ ਨਾਂ ਸਿਰਫ ਹਥਿਆਰਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਸਗੋਂ ਪੈਸਾ, ਹਥਿਆਰ ਤੇ ਗੋਲੀ ਸਿੱਕਾ ਵੀ ਮੁਹੱਈਆ ਕਰਾਉਣਾ ਸ਼ੁਰੂ ਕਰਾਇਆ। ਛੇਤੀ ਹੀ ਇਨ੍ਹਾਂ ਵਿਚੋਂ ਧਰਮ ਆਧਾਰਿਤ ਗਰੁਪਾਂ, ਖਾਸ ਤੌਰ ‘ਤੇ ਆਈਐੱਸਆਈਐਸ ਦਾ ਦਬਦਬਾ ਵਧ ਗਿਆ। ਲੋਕ ਭਾਵੇਂ ਅਸਦ ਦੇ ਅਤਿਆਚਾਰਾਂ ਤੋਂ ਤੰਗ ਸਨ ਪਰ ਧਾਰਮਿਕ ਪੱਧਰ ‘ਤੇ ਆਪਸ ਵਿਚ ਵਿਤਕਰੇ ਨੂੰ ਅੱਖੋਂ ਪਰੋਖੇ ਹੀ ਕਰਦੇ ਸਨ। ਉਂਝ, ਜਦੋਂ ਹੀ ਯੁੱਧ ਸ਼ੁਰੂ ਹੋਇਆ ਤਾਂ ਦੋਵੇਂ ਪਾਸਿਆਂ ਨੇ ਆਪੋ-ਆਪਣੇ ਲੜਾਕਿਆਂ ਨੂੰ ਧਰਮ ਦੀ ਪਾਣ ਚੜ੍ਹਾਉਣੀ ਸ਼ੁਰੂ ਕਰ ਦਿੱਤੀ। ਇਉਂ ਜਮਹੂਰੀਅਤ ਲਈ ਸ਼ੁਰੂ ਹੋਇਆ ਸੰਘਰਸ਼ ਫ਼ਿਰਕੂ ਯੁੱਧ ਵਿਚ ਬਦਲ ਗਿਆ। ਸਿੱਟੇ ਵਜੋਂ ਇਨਸਾਨੀਅਤ ਦੇ ਸਾਰੇ ਮਾਪ-ਦੰਡਾਂ ਨੂੰ ਤਾਕ ਤੇ ਰੱਖ ਕੇ ਹੈਵਾਨੀਅਤ ਦੀ ਨੰਗੀ ਖੇਡ ਖੇਡੀ ਗਈ। ਹਮਲਿਆਂ ਵਿਚ ਹਸਪਤਾਲਾਂ, ਸਕੂਲਾਂ, ਸ਼ਹਿਰਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ; ਇੱਥੋਂ ਤੱਕ ਕਿ ਰਸਾਇਣਿਕ ਹਥਿਆਰਾਂ ਰਾਹੀਂ ਵੀ ਹਮਲੇ ਕੀਤੇ ਗਏ। ਇਸ ਯੁੱਧ ਵਿਚ ਤਕਰੀਬਨ ਸਾਰੇ ਹੀ ਹਥਿਆਰਬੰਦ ਗਰੁਪਾਂ ਨੇ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਿਆ। ਇਸ ਲੜਾਈ ਨੂੰ ਧਰਮ ਯੁੱਧ ਦਾ ਨਾਮ ਦੇਣ ਵਾਲਿਆਂ ਨੇ ਔਰਤ ਦੇ ਬਲਤਕਾਰ ਨੂੰ ਮੁਕਤੀ ਦਾ ਮਾਰਗ ਦੱਸਿਆ। ਆਈਐੱਸਆਈਐੱਸ ਦੀ ਕੈਦ ਵਿਚੋਂ ਬਚ ਕੇ ਨਿਕਲੀ ਯਜ਼ੀਦੀ ਕੁੜੀ ਅਤੇ 2018 ਦਾ ਨੋਬੇਲ ਪੁਰਸਕਾਰ ਜੇਤੂ ਨਾਦਿਆ ਮੁਰਾਦ ਦੱਸਦੀ ਹੈ ਕਿ ਜੋ ਕੁੱਝ ਉਸ ਨਾਲ ਵਾਪਰਿਆ ਹੈ, ਦੁਨੀਆ ਵਿਚ ਇਹ ਆਖਰੀ ਹੋਣਾ ਚਾਹੀਦਾ ਹੈ। ਅਮਰੀਕਾ, ਸਾਊਦੀ ਅਰਬ, ਤੁਰਕੀ, ਜਾਰਡਨ, ਰੂਸ, ਇਰਾਨ, ਸੀਰੀਆ ਦੇ ਮਾਡਰੇਟ ਗਰੁੱਪਾਂ ਦੀ ਮਦਦ ਕਰਨ ਦੀ ਬਜਾਏ, ਕੱਟੜ ਗਰੁਪਾਂ ਦੀ ਸਮੇਂ ਸਮੇਂ ਤੇ ਬਦਲ ਬਦਲ ਕੇ ਹਰ ਤਰ੍ਹਾਂ ਨਾਲ ਮੱਦਦ ਕਰ ਰਹੇ ਹਨ। ਇਉਂ ਇਹ ਯੁੱਧ ਕੌਮਾਂਤਰੀ ਤਾਕਤਾਂ ਦੇ ਅਸਿੱਧੇ ਯੁੱਧ ਵਿਚ ਤਬਦੀਲ ਹੋ ਕੇ ਰਹਿ ਗਿਆ। ਸੋ, ਸੀਰੀਆ ਪੈਦਾ ਹੋਏ ਆਪਣੇ ਅੰਦਰੂਨੀ ਵਿਰੋਧਾਂ ਕਰਕੇ ਕੌਮਾਂਤਰੀ ਤਾਕਤਾਂ ਲਈ ਖੇਡ ਦਾ ਮੈਦਾਨ ਬਣ ਕੇ ਰਹਿ ਗਿਆ ਹੈ ਜਿਸ ਦਾ ਹੱਲ ਨੇੜਲੇ ਭਵਿੱਖ ਵਿਚ ਕਿਤੇ ਦਿਖਾਈ ਨਹੀਂ ਦੇ ਰਿਹਾ। ਇਸ ਸੰਕਟ ਦੀ ਸਾਡੇ ਆਪਣੇ ਮੁਲਕ ਲਈ ਕੀ ਅਹਿਮਿਅਤ ਹੈ? ਸੀਰੀਆ ਵਾਂਗ ਸਾਡਾ ਮੁਲਕ ਵੀ ਸੰਸਾਰ ਦੀ ਪੁਰਾਣੀ ਸਭਿਅਤਾ ਦਾ ਮਾਲਕ ਹੈ। ਇੱਥੇ ਵੀ ਭਿੰਨ ਭਿੰਨ ਧਰਮਾਂ, ਜਾਤਾਂ, ਨਸਲਾਂ, ਭਾਸ਼ਾ ਅਤੇ ਕੌਮਾਂ ਦੇ ਲੋਕ ਰਹਿੰਦੇ ਹਨ। ਸਾਡੇ ਵੀ ਜਲਵਾਯੂ ਤਬਦੀਲੀ ਅਤੇ ਹੋਰ ਕਾਰਨਾਂ ਕਰਕੇ ਕਿਸਾਨੀ ਸੰਕਟ ਗੰਭੀਰ ਰੁਖ਼ ਅਖ਼ਤਿਆਰ ਕਰ ਗਿਆ ਹੈ। ਪਿੰਡ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ, ਬੇਰੁਜ਼ਗਾਰੀ ਸਿਖਰ ‘ਤੇ ਹੈ। ਆਰਥਿਕਤਾ ਆਏ ਦਿਨ ਹੋ ਰਹੇ ਘੁਟਾਲਿਆਂ ਤੇ ਨੋਟਬੰਦੀ ਕਾਰਨ ਖੜੋਤ ਵੱਲ ਵਧ ਰਹੀ ਹੈ। ਜਮਹੂਰੀ ਸੰਸਥਾਵਾਂ ਦੀ ਸਾਰਥਿਕਤਾ ਖ਼ਤਰੇ ਦੀ ਕਾਗਾਰ ‘ਤੇ ਹੈ। ਮੁਲਕ ਦੇ ਹੁਕਮਰਾਨ ਇਨ੍ਹਾਂ ਗੰਭੀਰ ਹੋ ਰਹੀਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਮੁਲਕ ਵਿਚ ਆਪਣੀ ਹੀ ਕਿਸਮ ਦਾ ਕੌਮਵਾਦ ਪ੍ਰਚਾਰ ਰਹੇ ਹਨ ਜਿਸ ਅਨੁਸਾਰ ਨਾ ਸਿਰਫ਼ ਸਕੂਲਾਂ, ਕਾਲਜਾਂ ਦੇ ਸਿਲੇਬਸ ਬਦਲੇ ਜਾ ਰਹੇ ਹਨ ਬਲਕਿ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਨਾਮ ਵੀ ਬਦਲ ਰਹੇ ਹਨ। ਮੁਲਕ ਵਿਚ ਧਰਮਾਂ, ਜਾਤਾਂ, ਕੌਮਾਂ ਤੇ ਨਸਲਾਂ ਵਿਚਕਾਰ ਨਫ਼ਰਤ ਦਿਨੋ-ਦਿਨ ਵਧਾਈ ਜਾ ਰਹੀ ਹੈ। ਇਨ੍ਹਾਂ ਹਾਲਾਤ ਖ਼ਿਲਾਫ਼ ਜੋ ਵੀ ਬੋਲਦਾ ਹੈ, ਉਸ ਨੂੰ ਦੇਸ਼ ਧ੍ਰੋਹੀ ਜਾਂ ਅਰਬਨ ਨਕਸਲ ਕਹਿ ਕੇ ਦਬਾ ਦਿੱਤਾ ਜਾਂਦਾ ਹੈ। ਇਹ ਸਾਡੀ ਜਮਹੂਰੀਅਤ ਲਈ ਵੱਡੇ ਸਵਾਲ ਹਨ। *ਅਸਿਸਟੈਂਟ ਪ੍ਰੋਫ਼ੈਸਰ, ਯੂਨੀਵਰਸਿਟੀ ਕਾਲਜ, ਘਨੌਰ (ਪਟਿਆਲਾ) ਸੰਪਰਕ: 94782-81331

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਇਕ ਦਿਨ ’ਚ 53000 ਦੇ ਕਰੀਬ ਨਵੇਂ ਕੇਸ

ਇਕ ਦਿਨ ’ਚ 53000 ਦੇ ਕਰੀਬ ਨਵੇਂ ਕੇਸ

ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 18 ਲੱਖ ਦੇ ਪਾਰ; ਮੌਤਾਂ ਦਾ ਅੰਕੜਾ ਵ...

ਸ਼ਹਿਰ

View All