ਸਿਆਹਫ਼ਾਮ ਰੋਸ

ਅਮਰੀਕਾ ਵਿਚ ਜਾਰਜ ਫਲਾਇਡ ਨੂੰ ਪੁਲੀਸ ਦੁਆਰਾ ਮਾਰੇ ਜਾਣ ਕਾਰਨ ਲੋਕਾਂ ਨੇ ਵੱਡੇ ਪੱਧਰ ’ਤੇ ਰੋਸ ਪ੍ਰਗਟਾਵੇ ਕੀਤੇ ਹਨ। ਜਾਰਜ ਫਲਾਇਡ ਸਿਆਹਫ਼ਾਮ ਰੰਗ ਦਾ ਅਮਰੀਕੀ ਸੀ ਜਿਨ੍ਹਾਂ ਨੂੰ ਅਫ਼ਰੀਕਨ-ਅਮਰੀਕਨ ਵੀ ਕਿਹਾ ਜਾਂਦਾ ਹੈ। ਥਾਂ ਥਾਂ ’ਤੇ ਮੁਜ਼ਾਹਰਾਕਾਰੀਆਂ ਦੀਆਂ ਪੁਲੀਸ ਨਾਲ ਝੜਪਾਂ ਹੋਈਆਂ ਅਤੇ ਕਈ ਸੂਬਿਆਂ ਵਿਚ ਨੈਸ਼ਨਲ ਗਾਰਡ ਨੂੰ ਬੁਲਾਇਆ ਗਿਆ। 25 ਮਈ ਨੂੰ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਮਿਨਿਆਪੋਲਿਸ ਦੇ ਪੁਲੀਸ ਅਫ਼ਸਰਾਂ ਨੇ ਜਾਰਜ ਫਲਾਇਡ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਸੀ ਕਿ ਉਸ ’ਤੇ 20 ਡਾਲਰਾਂ ਦੇ ਨਕਲੀ ਨੋਟ ਨਾਲ ਸਿਗਰਟ ਖਰੀਦਣ ਦਾ ਦੋਸ਼ ਲਗਾਇਆ ਗਿਆ ਸੀ। ਮੀਡੀਆ ਵੱਲੋਂ ਉਸ ਦੀ ਮੌਤ ਦੇ ਹਾਲਾਤ ਬਾਰੇ ਇਕੱਠੀਆਂ ਕੀਤੀਆਂ ਗਈਆਂ ਖ਼ਬਰਾਂ ਅਨੁਸਾਰ ਪੁਲੀਸ ਅਧਿਕਾਰੀ ਡੈਰਿਕ ਚੌਵਿਨ ਨੇ ਜਾਰਜ ਫਲਾਇਡ ਨੂੰ ਜ਼ਮੀਨ ’ਤੇ ਸੁੱਟ ਕੇ ਲਗਭਗ 8.46 ਮਿੰਟ ਗੋਡੇ ਨਾਲ ਉਸ ਦੀ ਧੌਣ ਦਬਾਈ ਰੱਖੀ। ਜਾਰਜ ਫਲਾਇਡ ਨੇ ਵਿਰੋਧ ਕਰਦਿਆਂ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਡੈਰਿਕ ਚੌਵਿਨ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ ਅਤੇ ਫਲਾਇਡ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੁਰਘਟਨਾ ਤੋਂ ਬਾਅਦ ਪੁਲੀਸ ਵਿਭਾਗ ਨੇ ਉੱਥੇ ਮੌਜੂਦ 4 ਪੁਲੀਸ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਡੈਰਿਕ ਚੌਵਿਨ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿਚ ਪਰਦਰਸ਼ਨ ਹੋਏ ਅਤੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੇ ਬਾਹਰ ਹੋ ਰਹੇ ਮੁਜ਼ਾਹਰੇ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੁਝ ਸਮੇਂ ਲਈ ਸੁਰੱਖਿਅਤ ਬੰਕਰ ਵਿਚ ਵੀ ਲਿਜਾਇਆ ਗਿਆ। ਇਸ ਤੋਂ ਪਹਿਲਾਂ ਟਰੰਪ ਨੇ ਮੁਜ਼ਾਹਰਾਕਾਰੀਆਂ ਵਿਰੁੱਧ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਕਾਬੂ ਕਰਨ ਲਈ ਕੁੱਤੇ ਵੀ ਛੱਡੇ ਜਾ ਸਕਦੇ ਹਨ। ਹਿੰਸਾ ਕਾਰਨ ਕਈ ਥਾਵਾਂ ’ਤੇ ਕਰਫ਼ਿਊ ਲਗਾਇਆ ਗਿਆ ਹੈ ਪਰ ਮੁਜ਼ਾਹਰਾਕਾਰੀਆਂ ਨੇ ਕਰਫ਼ਿਊ ਦੀ ਉਲੰਘਣਾ ਕੀਤੀ। ਪੁਲੀਸ ਨਾਲ ਹੋਈਆਂ ਝੜਪਾਂ ਵਿਚ 11 ਮੌਤਾਂ ਹੋਈਆਂ ਅਤੇ 4500 ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਵਿਚ ਨਸਲਵਾਦ ਦੀ ਸਮੱਸਿਆ ਸਦੀਆਂ ਪੁਰਾਣੀ ਹੈ ਅਤੇ ਸਿਆਹਫ਼ਾਮ ਲੋਕ ਇਸ ਵਿਤਕਰੇ ਦਾ ਸ਼ਿਕਾਰ ਹੁੰਦੇ ਆਏ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਸੰਕਟ ਦੌਰਾਨ ਸਿਆਹਫ਼ਾਮ ਲੋਕਾਂ ਨੂੰ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਵਿਚ ਹਕੂਮਤ ਵਿਰੁੱਧ ਗੁੱਸਾ ਬੜੀ ਦੇਰ ਤੋਂ ਵਧ ਰਿਹਾ ਸੀ। ਅਮਰੀਕਾ ਦੇ ਵੱਖ ਵੱਖ ਸੂਬਿਆਂ ਦੀ ਪੁਲੀਸ ਦੇ ਗੋਰੇ ਅਫ਼ਸਰਾਂ ’ਤੇ ਸਿਆਹਫ਼ਾਮ ਲੋਕਾਂ ਨਾਲ ਮਾੜਾ ਵਰਤਾਓ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਹੁਣ ਹੋ ਰਹੇ ਮੁਜ਼ਾਹਰਿਆਂ ਵਿਚ ਗੋਰੇ ਅਤੇ ਕੁਝ ਹੋਰ ਨਸਲਾਂ ਦੇ ਲੋਕ ਵੀ ਸਿਆਹਫ਼ਾਮ ਲੋਕਾਂ ਦਾ ਸਾਥ ਦੇ ਰਹੇ ਹਨ। ਨਸਲਵਾਦ ਦੇ ਇਤਿਹਾਸ ਦੇ ਬਾਵਜੂਦ ਅਮਰੀਕਾ ਵਿਚ ਨਸਲਵਾਦ ਦੇ ਵਿਰੁੱਧ ਜਮਹੂਰੀ ਲਹਿਰ ਹਮੇਸ਼ਾ ਮੌਜੂਦ ਰਹੀ ਹੈ। ਲੋਕਾਂ ਵਿਚ ਆਪਣੀ ਆਜ਼ਾਦੀ ਦੀ ਰੱਖਿਆ ਕਰਨ ਦਾ ਜਜ਼ਬਾ ਵੀ ਅਮਰੀਕਾ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਹਿੱਸਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਨਸਲਵਾਦ ਨੇ ਅਮਰੀਕਾ ਦੇ ਸਮਾਜ ਨੂੰ ਬੁਰੀ ਤਰ੍ਹਾਂ ਨਾਲ ਵੰਡੀ ਰੱਖਿਆ ਹੈ। ਸਿਆਹਫ਼ਾਮ ਲੋਕਾਂ ਤੋਂ ਇਲਾਵਾ ਲਾਤੀਨੀ ਅਮਰੀਕੀਆਂ, ਏਸ਼ੀਅਨ ਮੂਲ ਦੇ ਲੋਕਾਂ ਅਤੇ ਯਹੂਦੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਵਿਡ ਮਹਾਮਾਰੀ ਅਤੇ ਇਸ ਦੁਰਘਟਨਾ ਤੋਂ ਬਾਅਦ ਹੋਏ ਮੁਜ਼ਾਹਰਿਆਂ ਦੌਰਾਨ ਡੋਨਲਡ ਟਰੰਪ ਇਕ ਵਾਰ ਫਿਰ ਲੋਕਾਂ ਦੀ ਯੋਗ ਅਗਵਾਈ ਕਰਨ ਵਿਚ ਅਸਫ਼ਲ ਰਿਹਾ ਹੈ ਅਤੇ ਆਉਣ ਵਾਲੇ ਦਿਨ ਅਮਰੀਕੀ ਲੋਕਾਂ ਲਈ ਕਾਫ਼ੀ ਸੰਕਟ ਵਾਲੇ ਹੋ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All