ਸਾਂਝੀਆਂ ਥਾਵਾਂ ’ਤੇ ਔਰਤਾਂ ਦੀ ਹਿੱਸੇਦਾਰੀ ਦਾ ਸਵਾਲ

ਸਾਂਝੀਆਂ ਥਾਵਾਂ ’ਤੇ ਔਰਤਾਂ ਦੀ ਹਿੱਸੇਦਾਰੀ ਦਾ ਸਵਾਲ

ਅਮਨਦੀਪ ਕੌਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲਿੰਗਕ ਬਰਾਬਰੀ ਅਤੇ ਕੁੜੀਆਂ ਦੇ ਹੋਸਟਲਾਂ ਵਿਚ ਸਮੇਂ ਦੀ ਮਿਆਦ ਖ਼ਤਮ ਕਰਨ ਲਈ ਸੰਘਰਸ਼ ਚੱਲ ਰਿਹਾ ਹੈ ਜਿਸ ਬਾਰੇ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ਧੜਿਆਂ ਨੇ ਇਸ ਦੇ ਹੱਕ ਜਾਂ ਵਿਰੋਧ ‘ਚ ਆਵਾਜ਼ ਉਠਾਈ ਹੈ। ਇਸ ਮੁੱਦੇ ‘ਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਫੈਸਲਾ ਆਉਣਾ ਅਜੇ ਬਾਕੀ ਹੈ ਪਰ ਵਿਦਿਆਰਥਣਾਂ ਦਾ ਇਹ ਸੰਘਰਸ਼ ਸਾਂਝੀਆਂ ਥਾਵਾਂ ਉੱਤੇ ਔਰਤਾਂ ਦੀ ਮੌਜੂਦਗੀ ਅਤੇ ਹਿੱਸੇਦਾਰੀ ਦੇ ਪ੍ਰਸੰਗ ਵਿਚ ਅਹਿਮ ਸਵਾਲ ਖੜ੍ਹੇ ਕਰਦਾ ਹੈ। ਅਸੀਂ ਜਦੋਂ ਵੀ ਸਾਂਝੀਆਂ ਥਾਵਾਂ ਦੀ ਗੱਲ ਕਰਦੇ ਹਾਂ, ਤਾਂ ਆਮ ਤੌਰ ‘ਤੇ ਵਰਤੋਂ ਦੀਆਂ ਕਈ ਥਾਵਾਂ ਜਿਵੇਂ ਹੱਟੀ, ਭੱਠੀ, ਗਲੀਆਂ, ਬੱਸ ਅੱਡੇ ਤੇ ਰੇਲਵੇ ਸਟੇਸ਼ਨ, ਪਬਲਿਕ ਪਖਾਨੇ ਜਾਂ ਪਾਰਕ, ਬਾਜ਼ਾਰ ਜਾਂ ਸਿਨੇਮਾ ਘਰ ਆਦਿ ਦਿਮਾਗ ਵਿਚ ਆਉਂਦੇ ਹਨ, ਜਿੱਥੇ ਵੱਖ ਵੱਖ ਉਮਰ, ਜਾਤ, ਲਿੰਗ ਅਤੇ ਧਰਮਾਂ ਦੇ ਲੋਕ ਵਿਚਰਦੇ ਹਨ। ਇਸ ਦੇ ਨਾਲ ਹੀ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਂਝੀਆਂ ਥਾਵਾਂ ‘ਤੇ ਹਰ ਇਕ ਦੀ ਹਿੱਸੇਦਾਰੀ ਬਰਾਬਰ ਨਹੀਂ ਹੁੰਦੀ। ਅਸਲ ਵਿਚ ਥਾਵਾਂ ਤੇ ਜਗ੍ਹਾਵਾਂ ਨਿਰਪੱਖ (ਨਿਊਟਰਲ) ਜ਼ਮੀਨ ਨਹੀਂ ਹਨ, ਤੇ ਨਾ ਹੀ ਇਹ ਥਾਵਾਂ ਸਾਰਿਆਂ ਦੀ ਬਰਾਬਰ ਹਿੱਸੇਦਾਰੀ ਦੇ ਮਕਸਦ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਸੇ ਲਈ ਸਾਨੂੰ ਸੱਥ ਵਿਚ ਤਾਸ਼ ਖੇਡਦੇ ਜਾਂ ਗਲੀ ਵਿਚ ਬੈਠ ਕੇ ਸਿਆਸਤ ਬਾਰੇ ਚਰਚਾ ਕਰਦੇ ਜਾਂ ਨੁੱਕੜ ‘ਤੇ ਬੈਠੇ ਮਰਦ ਤਾਂ ਦਿਸ ਪੈਂਦੇ ਹਨ, ਪਰ ਇਨ੍ਹਾਂ ਹੀ ਥਾਵਾਂ ‘ਤੇ ਔਰਤਾਂ ਦੀ ਹਿੱਸੇਦਾਰੀ ਦਾ ਖਿਆਲ ਸਾਡੀ ਕਲਪਨਾ ਦਾ ਹਿੱਸਾ ਵੀ ਨਹੀਂ ਬਣਦਾ। ਜੇ ਅਸੀਂ ਫੁੱਟਪਾਥਾਂ, ਢਾਬਿਆਂ ‘ਤੇ ਚਾਹ ਪੀਂਦੀਆਂ; ਪਿਆਰ, ਕ੍ਰਿਕਟ ਜਾਂ ਫਿਲਮਾਂ ‘ਤੇ ਚਰਚਾ ਕਰਦੀਆਂ; ਗੱਪ-ਸ਼ੱਪ ਕਰਦੀਆਂ ਜਾਂ ਟੱਕਰ ਦਰਜ ਕਰਾਉਂਦੀਆਂ ਔਰਤਾਂ ਦੀ ਤਸਵੀਰ ਤਸੱਵਰ ਕਰ ਲਈਏ, ਤਾਂ ਅਸੀਂ ਯਕੀਨਨ ਮੂਲੋਂ ਨਿਆਰੀਆਂ ਥਾਵਾਂ ਜਾਂ ਪਿੰਡਾਂ, ਸ਼ਹਿਰਾਂ ਦੀ ਕਲਪਨਾ ਕਰ ਰਹੇ ਹੋਵਾਂਗੇ। ਉਂਜ ਹਕੀਕਤ ਇਸ ਦੇ ਠੀਕ ਉਲਟ ਹੈ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਕੁੜੀਆਂ ਦੇ ਹੋਸਟਲਾਂ ਦੇ ਸਮੇਂ ਦੇ ਮਸਲੇ ਤੇ ਥੋੜ੍ਹੇ ਬਹੁਤ ਵਖਰੇਵੇਂ ਨਾਲ ਇਕੋ ਜਿਹੇ ਨਿਯਮ ਲਾਗੂ ਕਰਦੀਆਂ ਹਨ। ਔਰਤਾਂ ਨੂੰ ਰਾਤ ਨੂੰ ਆਪਣੀ ਇੱਛਾ ਤੇ ਆਜ਼ਾਦੀ ਮੁਤਾਬਿਕ ਵਿਚਰਨ ਦੀ ਖੁੱਲ੍ਹ ਦੇਣੀ ਤਾਂ ਇਕ ਪਾਸੇ, ਉਨ੍ਹਾਂ ਨੂੰ ਦਿਨ ਵੇਲੇ ਖੁੱਲ੍ਹ ਕੇ ਵਿਚਰਨ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਅਸਲ ਵਿਚ ਇਸ ਦੇ ਪਿੱਛੇ ਇਹ ਸਮਝ ਕੰਮ ਕਰਦੀ ਹੈ ਕਿ ਕਿ ਸਾਂਝੀਆਂ ਥਾਵਾਂ ‘ਤੇ ਔਰਤਾਂ ਦੇ ਘੁੰਮਣ ਦਾ ਜ਼ਰੂਰ ਹੀ ਕੋਈ ਨਾ ਕੋਈ ਉਦੇਸ਼ ਹੋਵੇਗਾ, ਤੇ ਜਦੋਂ ਹੀ ਉਹ ਉਦੇਸ਼ ਪੂਰਾ ਹੋ ਜਾਂਦਾ ਹੈ ਤਾਂ ਆਮ ਧਾਰਨਾ ਇਹੋ ਤਵੱਕੋ ਕਰਦੀ ਹੈ ਕਿ ਔਰਤਾਂ ਘਰ, ਹੋਸਟਲ, ਜਾਂ ‘ਸੁਰੱਖਿਅਤ’ ਚਾਰਦੀਵਾਰੀ ਅੰਦਰ ਵਾਪਿਸ ਚਲੀਆਂ ਜਾਣਗੀਆਂ। ਇਸੇ ਲਈ ਸਾਂਝੀਆਂ ਥਾਵਾਂ ‘ਤੇ ਔਰਤਾਂ ਦੀ ਮੌਜੂਦਗੀ ਅਤੇ ਹਿੱਸੇਦਾਰੀ ਦੇ ਸਵਾਲ ਨੂੰ ਯੂਨੀਵਰਸਿਟੀਆਂ ਤੇ ਹੋਰ ਥਾਵਾਂ ਦੇ ਬੁਨਿਆਦੀ ਢਾਂਚੇ ਨਾਲ ਜੋੜ ਕੇ ਸਮਝਣਾ ਜ਼ਰੂਰੀ ਹੈ। ਇਹ ਢਾਂਚੇ ਆਮ ਤੌਰ ‘ਤੇ ਕਿਸੇ ਇਕ ਸਮੂਹ ਜਾਂ ਲਿੰਗ ਦੇ ਹੱਕ ਵਿਚ ਭੁਗਤਦੇ ਹਨ ਤੇ ਕੋਈ ਵੀ ਵਿਚਾਰਧਾਰਾ ਜੋ ਇਹ ਮੰਨ ਕੇ ਚੱਲਦੀ ਹੈ ਕਿ ਔਰਤਾਂ ਦੀ ਥਾਂ ਘਰ ਵਿਚ ਜਾਂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਰਾਤ ਨੂੰ ਸਿਰਫ ਤੇ ਸਿਰਫ ਹੋਸਟਲਾਂ ਜਾਂ ਪੀਥਜੀਥ ਵਿਚ ਹੀ ਹੈ, ਉਨ੍ਹਾਂ ਲਈ ਸਾਂਝੀਆਂ ਥਾਵਾਂ, ਸਹੂਲਤਾਂ ਤੇ ਬੁਨਿਆਦੀ ਢਾਂਚੇ ਦਾ ਹੱਕਦਾਰ ਸਿਰਫ ਮਰਦ ਹੀ ਹੈ। ਇਸ ਨੂੰ ਜਾਇਜ਼ ਠਹਿਰਾਉਣ ਲਈ ਇਹ ਦਲੀਲ ਅਕਸਰ ਦਿੱਤੀ ਜਾਂਦੀ ਹੈ ਕਿ ਖਾਸ ਸਮੇਂ (7 ਵਜੇ ਜਾਂ 8 ਵਜੇ) ਤੋਂ ਬਾਅਦ ਬਾਹਰ ਜਾ ਕੇ ਵਿਦਿਆਰਥਣਾਂ ਨੇ ਕਰਨਾ ਵੀ ਕੀ ਹੈ? ਅਜਿਹੀ ਦਲੀਲ ਦੇਣ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਜਾਂ ਧੜੇ ਇਹ ਭੁੱਲ ਜਾਂਦੇ ਹਨ ਕਿ ਮੁੰਡਿਆਂ ਨੂੰ ਆਪਣੀ ਇੱਛਾ ਤੇ ਲੋੜ ਮੁਤਾਬਿਕ ਕਦੇ ਵੀ ਹੋਸਟਲ ਤੋਂ ਆਉਣ ਜਾਂ ਜਾਣ ਦੀ ਖੁੱਲ੍ਹ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਪੂਰੀ ਰਾਤ ਹੋਸਟਲ ਵੜਦੇ ਹੀ ਨਹੀਂ। ਪਤਾ ਨਹੀਂ ਕਿਉਂ, ਇਹ ਸੌਖੀ ਜਿਹੀ ਦਲੀਲ ਕੁੜੀਆਂ ਦੇ ਕੇਸ ਵਿਚ ਉਨ੍ਹਾਂ ਦੀ ਸਮਝ ਨਹੀਂ ਪੈਂਦੀ। ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਕੋਈ ਵੀ ਥਾਂ ਧੁਰੋਂ ਬਣੀ ਨਹੀਂ ਹੁੰਦੀ, ਬਲਕਿ ਬਣਾਈ ਗਈ ਹੈ। ਇਹੀ ਬਣਾਈ ਗਈ ਥਾਂ ਸਮਾਜਿਕ ਢਾਂਚੇ ‘ਚ ਚੀਜ਼ਾਂ ਨੂੰ ਥਾਂ ਸਿਰ ਕਰਨ ਵਿਚ ਸਰਗਰਮ ਭੂਮਿਕਾ ਅਦਾ ਕਰਦੀ ਹੈ। ਸ਼ਾਇਦ ਇਸੇ ਕਰਕੇ ਮਰਦਾਂ ਤੇ ਔਰਤਾਂ ਦੀ ਸਾਂਝੀਆਂ ਥਾਵਾਂ ਵਿਚ ਹਿੱਸੇਦਾਰੀ ਇਕੋ ਜਿਹੀ ਨਹੀਂ ਹੈ ਅਤੇ ਨਾ ਹੀ ਉਹ ਇਨ੍ਹਾਂ ਥਾਵਾਂ ਨੂੰ ਇਕੋ ਤਰ੍ਹਾਂ ਵਰਤਦੇ ਹਨ। ਜ਼ਿਆਦਾਤਰ ਕੇਸਾਂ ਵਿਚ ਔਰਤਾਂ ਦੀ ਭੂਮਿਕਾ ਨਿਗੂਣੀ ਜਾਂ ਬਹੁਤ ਘੱਟ ਹੁੰਦੀ ਹੈ। ਸਾਂਝੀਆਂ ਥਾਵਾਂ ਵਿਚੋਂ ਇਹ ਬੇਦਖ਼ਲੀ ਬਹੁਤ ਗੁੰਝਲਦਾਰ ਤਰੀਕੇ ਨਾਲ਼ ਕਾਰਗਰ ਹੁੰਦੀ ਹੈ। ਮਿਸਾਲ ਵਜੋਂ, ਕੁਝ ਸਾਲ ਪਹਿਲਾਂ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਲੀ ਜਾਂ ਵੈਲਨਟਾਈਨ ਦਿਵਸ ਮੌਕੇ ਕੁੜੀਆਂ ਦੇ ਹੋਸਟਲ ਪੂਰੇ ਦਿਨ ਲਈ ਵੀ ਬੰਦ ਕਰ ਦਿੱਤੇ ਜਾਂਦੇ ਸਨ। ਵਿਦਿਆਰਥਣਾਂ ਦੇ ਵਿਰੋਧ ਪਿੱਛੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਲਿਖਤ ਵਿਚ ਜ਼ਿੰਮੇਵਾਰੀ ਪੱਤਰ ਲੈ ਕੇ ਬਾਹਰ ਜਾਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ। ਇਸ ਸ਼ਰਤ ਮੁਤਾਬਿਕ ਜੇ ਕਿਸੇ ਵੀ ਵਿਦਿਆਰਥਣ ਨਾਲ ਯੂਨੀਵਰਸਿਟੀ ਦੇ ਅੰਦਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਆਪਣੀ ਹੋਵੇਗੀ। ਇਸੇ ਤਰ੍ਹਾਂ ਹੋਰ ਸਾਂਝੀਆਂ ਥਾਵਾਂ ‘ਤੇ ਵੱਖ ਵੱਖ ਔਰਤਾਂ ਦੀ ਹਿੱਸੇਦਾਰੀ ਜਾਂ ਬੇਦਖ਼ਲੀ ਹੋਰ ਢੰਗਾਂ ਰਾਹੀਂ ਕਾਰਗਰ ਹੁੰਦੀ ਹੈ; ਮਸਲਨ, ਵੱਡੀ ਉਮਰ ਦੀਆਂ ਔਰਤਾਂ ਨੂੰ ਜਵਾਨ ਕੁੜੀਆਂ ਨਾਲ਼ੋਂ ਵਿਚਰਨ ਦੀ ਆਜ਼ਾਦੀ ਜ਼ਿਆਦਾ ਹੋ ਸਕਦੀ ਹੈ। ਯੂਨੀਵਰਸਿਟੀਆਂ ਵਿਚ ਵੀ ਅਜਿਹਾ ਪ੍ਰਬੰਧ ਲਾਗੂ ਹੁੰਦਾ ਹੈ ਜਿਸ ਤਹਿਤ ਜਿਨ੍ਹਾਂ ਥਾਵਾਂ ‘ਤੇ ਵਿਦਿਆਰਥਣਾਂ ਦਿਨ ਦੇ ਸਮੇਂ ਵਿਚਰ ਸਕਦੀਆਂ ਹਨ, ਉੱਥੇ ਰਾਤ ਨੂੰ ਘੁੰਮਣਾ ਤੇ ਵਿਚਰਨਾ ਸ਼ੱਕੀ ਹੋ ਜਾਂਦਾ ਹੈ। ਇਸ ਵਿਚ ਰਾਤ ਸਮੇਂ ਲਾਇਬ੍ਰੇਰੀ ਜਾਣ ਜਾਂ ਨਾ ਜਾਣ ਦਾ ਬੁਨਿਆਦੀ ਹੱਕ ਵੀ ਸ਼ਾਮਿਲ ਹੈ ਅਤੇ ਰਾਤ ਸਮੇਂ ਪਖਾਨੇ ਦੀ ਬੁਨਿਆਦੀ ਸਹੂਲਤ ਦਾ ਮਿਲਣਾ ਜਾਂ ਨਾ ਮਿਲਣਾ ਵੀ ਸ਼ਾਮਿਲ ਹੈ। ਹਰ ਉਹ ਢਾਂਚਾ ਜੋ ਸਿਰਫ ਕਿਸੇ ਸਮੂਹ ਜਾਂ ਲਿੰਗ ਦੀਆਂ ਸਹੂਲਤਾਂ ਨੂੰ ਹੀ ਪੂਰਦਾ ਹੈ, ਅਸਲ ਵਿਚ ਨਾ ਸਿਰਫ ਜੋ ਹੈ ਸੋ ਹੈ, ਭਾਵ ਤਕੜੇ ਦਾ ਸੱਤੀ ਵੀਹੀਂ ਸੌ ਦੀ ਧਾਰਨਾ ‘ਤੇ ਜ਼ੋਰ ਦਿੰਦਾ ਹੈ ਸਗੋਂ ਵਿਤਕਰੇ ਅਤੇ ਨਾ-ਬਰਾਬਰ ਪੌੜੀਦਾਰ ਢਾਂਚੇ ਨੂੰ ਹੀ ਵਧਾਉਂਦਾ ਹੈ। ਦੂਜਾ, ਇਹ ਹੋਰ ਸਮੂਹਾਂ ਜਾਂ ਲਿੰਗ ਦੇ ਹਾਸ਼ੀਏ ਉੱਤੇ ਹੋਣ ਦੇ ਹਾਲਾਤ ਨੂੰ ਵੀ ਦਰਸਾਉਂਦਾ ਹੈ। ਰਾਤ ਸਮੇਂ ਕੁੜੀਆਂ ਨੂੰ ਖੁੱਲ੍ਹ ਕੇ ਵਿਚਰਨ ਦੀ ਆਜ਼ਾਦੀ ਨਾ ਹੋਣਾ ਉਨ੍ਹਾਂ ਨਾਲ਼ ਦੂਹਰਾ ਵਿਤਕਰਾ ਹੈ: ਇਕ, ਖਾਸ ਥਾਂ ਖਾਸ ਸਮੇਂ ‘ਤੇ ਉਨ੍ਹਾਂ ਦੀ ਗੈਰ-ਮੌਜੂਦਗੀ ਅਸਲ ਵਿਚ ਅਣਡਿੱਠ ਕਰਨ ਦੀ ਧਾਰਨਾ ਨੂੰ ਪਕੇਰਾ ਕਰਦੀ ਹੈ। ਦੂਜਾ, ਸਾਂਝੇ ਥਾਂ ‘ਤੇ ਵਿਚਰ ਕੇ ਉਸ ਵਿਚ ਤਬਦੀਲੀ ਦੇ ਮੌਕੇ ਪੈਦਾ ਹੋਣ ਤੋਂ ਪਹਿਲਾਂ ਹੀ ਕੁਚਲ ਦਿੱਤਾ ਜਾਂਦਾ ਹੈ। ਸਾਂਝੀਆਂ ਥਾਵਾਂ ਵਿਚ ਔਰਤਾਂ ਦੀ ਹਿੱਸੇਦਾਰੀ ਅਤੇ ਰਾਤ ਨੂੰ ਖੁੱਲ੍ਹ ਕੇ ਵਿਚਰਨ ਜਾਂ ਨਾ ਵਿਚਰਨ ਦਾ ਸਵਾਲ ਸੁਰੱਖਿਆ ਦੇ ਸਵਾਲ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ ਪਰ ਆਮ ਤੌਰ ‘ਤੇ ਇਸ ਦਾ ਦੂਜਾ ਪੱਖ ਜਿਸ ਨੂੰ ਬਹੁਤ ਘੱਟ ਤਵੱਜੋ ਦਿੱਤੀ ਜਾਂਦੀ ਹੈ, ਉਹ ਇਹ ਹੈ ਕਿ ‘ਸੁਰੱਖਿਆ’ ਦਾ ਸਵਾਲ ਅਸਲ ਵਿਚ ਨਿਗਰਾਨੀ (ਸਰਵੇਲੈਂਸ) ਨਾਲ਼ ਜੁੜੀ ਬਹਿਸ ਨੂੰ ਕੇਂਦਰ ਵਿਚ ਲੈ ਆਉਂਦਾ ਹੈ। ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਔਰਤਾਂ ਰਾਤ ਨੂੰ ‘ਬਾਹਰ’ ਰਹਿੰਦੀਆਂ ਹਨ, ਜਾਂ ਦੇਰ ਰਾਤ ਘਰ ਮੁੜਦੀਆਂ ਹਨ, ਉਹ ਚਰਿੱਤਰ ਪੱਖੋਂ ਮਾੜੀਆਂ ਹੀ ਹੋਣਗੀਆਂ ਜਾਂ ਉਨ੍ਹਾਂ ਨੇ ਸਮਾਜ ਦੀ ‘ਤੈਅਸ਼ੁਦਾ ਹੱਦਾਂ’ ਤੋੜ ਦਿੱਤੀਆਂ ਹਨ ਜਾਂ ਬਾਹਰ ਰਹਿ ਕੇ ਉਹ ਖੁਦ ਹੀ ਕਿਸੇ ਮੁਸੀਬਤ ਨੂੰ ਸੱਦਾ ਦੇ ਰਹੀਆਂ ਹਨ ਪਰ ਇਸ ਤਰ੍ਹਾਂ ਦੀ ਦਲੀਲ ਜਾਂ ਸੋਚ ਇਹ ਵੀ ਦਰਸਾਉਂਦੀ ਹੈ ਕਿ ਸਾਂਝੀਆਂ ਥਾਵਾਂ ਵਿਚ ਔਰਤਾਂ ਦੇ ਵਿਹਾਰ ਜਾਂ ਚਰਿੱਤਰ ‘ਤੇ ਕਿਸ ਹੱਦ ਤੱਕ ਨਿਗ੍ਹਾ ਰੱਖੀ ਜਾਂਦੀ ਹੈ ਜੋ ਅੱਗੇ ਜਾ ਕੇ ਪਿੱਤਰ ਸੱਤਾ ਦੇ ਗ਼ਲਬੇ ਨੂੰ ਹੋਰ ਮਜ਼ਬੂਤ ਕਰਦੀ ਹੈ। ਸੁਰੱਖਿਆ ਦਾ ਸਵਾਲ ਅਸਲ ਵਿਚ ਔਰਤਾਂ ਦੀ ਆਜ਼ਾਦੀ ਦੇ ਸਵਾਲ ਨੂੰ ਬਹੁਤ ਨਿਗੂਣਾ ਕਰਕੇ ‘ਰਾਖੀ’ ਦਾ ਰੂਪ ਧਾਰ ਲੈਂਦਾ ਹੈ ਜੋ ਸਾਂਝੀਆਂ ਥਾਵਾਂ ‘ਤੇ ਉਨ੍ਹਾਂ ਦੀ ਹਿੱਸੇਦਾਰੀ ਦੇ ਹੱਕ ਨੂੰ ਬਹੁਤ ਸੀਮਿਤ ਵੀ ਕਰ ਦਿੰਦਾ ਹੈ। ਨਾ-ਬਰਾਬਰੀ ਤੇ ਭੇਦ-ਭਾਵ ਦੀ ਬੁਨਿਆਦ ‘ਤੇ ਖੜ੍ਹੇ ਸਮਾਜ ਵਿਚ ਇਹ ਉਦੋਂ ਤੱਕ ਹੁੰਦਾ ਰਹੇਗਾ, ਜਦੋਂ ਤੱਕ ਰਾਜ ਪ੍ਰਬੰਧ ਦਾ ਢਾਂਚਾ ਔਰਤਾਂ ਨੂੰ ਹੱਲ ਲੱਭਣ ਦੇ ਯਤਨਾਂ ਵਿਚ ਸ਼ਾਮਿਲ ਨਾ ਕਰਕੇ ਉਨ੍ਹਾਂ ਨੂੰ ਦਬਾਉਣ ਤੇ ਬਚਾਉਣ ਦੀ ਸਿਆਸਤ ਕਰਦਾ ਰਹੇਗਾ। ਸਾਂਝੀਆਂ ਥਾਵਾਂ ‘ਤੇ ਔਰਤਾਂ ਦੀ ਮੌਜੂਦਗੀ ਤੇ ਹਿੱਸੇਦਾਰੀ ਦੇ ਬੁਨਿਆਦੀ ਸਵਾਲਾਂ ਨੂੰ ਨਜਿੱਠੇ ਬਿਨਾਂ ਪਿੱਤਰ ਸੱਤਾ ਦਾ ਢਾਂਚਾ ਹੱਲ ਲੱਭਣ ਦੇ ਸਿਰਫ ਨਾਟਕ ਕਰਦਾ ਹੈ। ਢਾਂਚੇ ਦੇ ਸਵਾਲਾਂ ਨੂੰ ਅਸਲ ਵਿਚ ਹੱਕਾਂ ਅਤੇ ਬਰਾਬਰੀ ਨਾਲ ਜੋੜ ਕੇ ਵਿਚਾਰਨਾ ਚਾਹੀਦਾ ਹੈ, ਕਿਸੇ ਅਜਿਹੇ ਦ੍ਰਿਸ਼ਟੀਕੋਣ ਦੁਆਰਾ ਨਹੀਂ ਜੋ ਔਰਤਾਂ ਨੂੰ ਚਰਿੱਤਰਹੀਣ ਜਾਂ ਪੀੜਿਤ ਦੇ ਰੂਪ ਵਿਚ ਪੇਸ਼ ਕਰਦਾ ਹੈ। ਦਿਨ ਹੋਵੇ ਜਾਂ ਰਾਤ, ਸਾਂਝੀਆ ਥਾਵਾਂ ‘ਤੇ ਵਿਚਰਨਾ ਔਰਤਾਂ ਦਾ ਬੁਨਿਆਦੀ ਹੱਕ ਹੈ ਅਤੇ ਅੱਜ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥਣਾਂ ਨੇ ਆਪਣੇ ਹੱਕਾਂ ਲਈ ਝੰਡਾ ਚੁੱਕਿਆ ਹੈ ਤਾਂ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨਾ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ।

*ਲੇਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਵਿਚ ਅਸਿਸਟੈਂਟ ਪ੍ਰੋਫ਼ੈਸਰ ਹੈ। ਸੰਪਰਕ: 94783-34242

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All