ਸਦੀ ਦਾ ਸਭ ਤੋਂ ਖੂਬਸੂਰਤ ਲਾਲ ਸੁਰਖ਼ ਚੰਨ ਗ੍ਰਹਿਣ : The Tribune India

ਸਦੀ ਦਾ ਸਭ ਤੋਂ ਖੂਬਸੂਰਤ ਲਾਲ ਸੁਰਖ਼ ਚੰਨ ਗ੍ਰਹਿਣ

ਸਦੀ ਦਾ ਸਭ ਤੋਂ ਖੂਬਸੂਰਤ ਲਾਲ ਸੁਰਖ਼ ਚੰਨ ਗ੍ਰਹਿਣ

ਮਨਿੰਦਰ ਕੌਰ

12607469cd _Chann 1ਕਵੀ/ਲੇਖਕ ਚੰਨ ਦੀ ਖੂਬਸੂਰਤੀ ਦੀ ਤੁਲਨਾ ਆਪਣੀ ਮਹਿਬੂਬਾ ਨਾਲ ਸਦੀਆਂ ਤੋਂ ਕਰਦੇ ਆ ਰਹੇ ਹਨ ਅਤੇ ਇਹ ਉਸ ਚੰਨ ਦੀ ਗੱਲ ਕਰਦੇ ਹਨ ਜੋ ਰੋਜ਼ ਦਿਸਣ ਵਾਲਾ ਆਮ ਚੰਨ ਹੈ, ਪਰ ਇਸ ਸ਼ੁੱਕਰਵਾਰ (27 ਜੁਲਾਈ 2018) ਨੂੰ ਚੰਨ ਦਾ ਜੋ ਵਿਲੱਖਣ ਨਜ਼ਾਰਾ ਕੁਦਰਤ ਪੇਸ਼ ਕਰੇਗੀ, ਉਸ ਦੀ ਤਾਂ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ। ਸਾਲ ਦੇ ਇਸ ਦੂਜੇ ਚੰਨ ਗ੍ਰਹਿਣ (ਪਹਿਲਾ ਚੰਨ ਗ੍ਰਹਿਣ 31 ਜਨਵਰੀ 2018 ਨੂੰ ਲੱਗਿਆ ਸੀ) ਦੀ ਵਿਸ਼ੇਸ਼ ਗੱਲ ਇਹ ਹੈ ਕਿ ਆਸਟਰੇਲੀਆ, ਅਫ਼ਰੀਕਾ, ਏਸ਼ੀਆ (ਖਾਸ ਕਰਕੇ ਭਾਰਤ ਦੇ ਹਰ ਹਿੱਸੇ) ਤੋਂ ਇਹ ਨਜ਼ਾਰਾ ਤੱਕਿਆ ਜਾ ਸਕਦਾ ਹੈ ਅਤੇ ਇਸ ਲਈ ਕਿਸੇ ਵਿਸ਼ੇਸ਼ ਯੰਤਰ ਦੀ ਵੀ ਲੋੜ ਨਹੀਂ ਸਗੋਂ ਇਹ ਨੰਗੀ ਅੱਖ ਨਾਲ ਸਾਫ ਸਾਫ ਦੇਖਿਆ ਜਾ ਸਕੇਗਾ, ਬਸ਼ਰਤੇ ਭਾਰਤ ਵਿਚ ਮੌਨਸੂਨੀ ਬੱਦਲ ਕਿਧਰੇ ਇਹ ਨਜ਼ਾਰਾ ਢਕ ਨਾ ਲੈਣ। ਇਹ ਸੁਰਖ਼ ਚੰਨ ਗ੍ਰਹਿਣ ਵਿਲੱਖਣ ਇਸ ਲਈ ਹੈ ਕਿਉਂਕਿ 104 ਸਾਲ ਬਾਅਦ ਦਿਸਣ ਵਾਲੇ ਇਸ ਅਦਭੁਤ ਨਜ਼ਾਰੇ ਦੌਰਾਨ ਤਿੰਨ ਦੁਰਲੱਭ ਖਗੋਲੀ ਘਟਨਾਵਾਂ ਸੰਜੋਗ ਨਾਲ ਇੱਕੋ ਸਮੇਂ ਵਾਪਰ ਰਹੀਆਂ ਹਨ। ਇਸ ਦੌਰਾਨ ਚੰਨ ਚਾਰ ਘੰਟਿਆਂ ਲਈ ਧਰਤੀ ਦੇ ਕਾਲੇ ਪਰਛਾਵੇਂ ਹੇਠ ਆ ਜਾਏਗਾ। ਧਰਤੀ, ਸੂਰਜ ਦੀਆਂ ਕਿਰਨਾਂ ਸਿੱਧੇ ਰੂਪ ਵਿੱਚ ਚੰਨ ‘ਤੇ ਨਹੀਂ ਪੈਣ ਦਿੰਦੀ ਅਤੇ ਸੂਰਜ, ਧਰਤੀ ਅਤੇ ਚੰਨ ਸਿੱਧੀ ਕਤਾਰ ਵਿਚ ਆ ਜਾਂਦੇ ਹਨ; ਭਾਵ ਜਦੋਂ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਨੇ ਰੋਕ ਲਿਆ ਅਤੇ ਚੰਨ ‘ਤੇ ਪਹੁੰਚਣ ਨਹੀਂ ਦਿੱਤਾ, ਕੇਵਲ ਉਹੀ ਪ੍ਰਕਾਸ਼ ਚੰਨ ‘ਤੇ ਪਹੁੰਚਦਾ ਹੈ ਜੋ ਧਰਤੀ ਦੀ ਸਤਿਹ ਤੋਂ ਪਰਿਵਰਤਿਤ ਹੋ ਕੇ, ਧਰਤੀ ਦੇ ਵਾਯੂਮੰਡਲ ਵਿੱਚੋਂ ਅਪਵਰਤਿਤ ਹੋ ਕੇ ਚੰਨ ਤੱਕ ਪਹੁੰਚਦਾ ਹੈ। ਇਹੀ ਅਮਲ ਚੰਨ ਨੂੰ ਲਾਲ ਰੰਗ ਬਖ਼ਸ਼ਦਾ ਹੈ। ਲਾਲ ਰੰਗ ਦਾ ਕਾਰਨ ਇਹ ਹੈ ਕਿ ਜਿਹੜਾ ਸੂਰਜੀ ਪ੍ਰਕਾਸ਼ ਅਸਿੱਧੇ ਰੂਪ ਵਿਚ ਚੰਨ ‘ਤੇ ਪਏਗਾ, ਉਹ ‘ਰੈਲੇਅ-ਸਕੈਟਰਿੰਗ’ ਅਮਲ ਰਾਹੀਂ ਵਾਯੂਮੰਡਲ ਵਿੱਚੋਂ ਗੁਜ਼ਰਦਾ ਹੈ ਜਿਸ ਅਨੁਸਾਰ ਘੱਟ ਤਰੰਗ ਲੰਬਾਈ ਵਾਲੀਆਂ ਲਾਲ/ਸੰਤਰੀ ਰੰਗਾਂ ਦੀਆਂ ਕਿਰਨਾਂ ਦੇ ਮੁਕਾਬਲੇ ਵੱਧ ਤਰੰਗ ਲੰਬਾਈ ਵਾਲੀਆਂ ਨੀਲੇ/ਵੈਂਗਣੀ ਰੰਗਾਂ ਦੀਆਂ ਕਿਰਨਾਂ ਵਧੇਰੇ ਖਿੰਡਰਦੀਆਂ ਹਨ। ਸੋ, ਲਾਲ/ਸੰਤਰੀ ਪ੍ਰਕਾਸ਼ ਕਿਰਨਾਂ ਚੰਨ ‘ਤੇ ਵੱਧ ਮਾਤਰਾ ਵਿਚ ਪਹੁੰਚ ਜਾਂਦੀਆਂ ਹਨ ਜਿਸ ਨਾਲ ਸਾਨੂੰ ਧਰਤੀ ‘ਤੇ ਖੜ੍ਹੇ ਹੋ ਕੇ ਚੰਨ ਸੁਰਖ਼ ਨਜ਼ਰ ਆਉਂਦਾ ਹੈ। ਇਸ ਚੰਨ ਗ੍ਰਹਿਣ ਦਾ ਇੱਕ ਹੋਰ ਨਿਵੇਕਲਾਪਨ ਇਹ ਹੈ ਕਿ ਇਸ ਸਮੇਂ ਚੰਨ, ਧਰਤੀ ਦੇ ਬਹੁਤ ਨੇੜੇ ਆ ਜਾਂਦਾ ਹੈ ਜਿਸ ਨਾਲ ਧਰਤੀ ‘ਤੇ ਇਸ ਦਾ ਆਕਾਰ ਨਾਂ ਕੇਵਲ ਬਹੁਤ ਵੱਡਾ ਬਲਕਿ ਇਹ ਹੋਰ ਖੂਬਸੂਰਤ ਤੇ ਚਮਕਦਾਰ ਨਜ਼ਰ ਆਉਂਦਾ ਹੈ। ਤੀਸਰੀ ਵਿਸ਼ੇਸ਼ਤਾ ਇਹ ਹੈ ਕਿ ਇਹ ਚੰਨ ਗ੍ਰਹਿਣ ਪੁੰਨਿਆ ਨੂੰ ਲੱਗ ਰਿਹਾ ਹੈ। ਇਨ੍ਹਾਂ ਤਿੰਨ ਦੁਰਲੱਭ ਖਗੋਲੀ ਵਰਤਾਰਿਆਂ ਕਾਰਨ ਇਸ ਵਾਰ ਦੇ ਚੰਨ ਗ੍ਰਹਿਣ ਦਾ ਨਜ਼ਾਰਾ ਦੇਖਦੇ ਹੀ ਬਣੇਗਾ। ਇਹ ਨਜ਼ਾਰਾ ਇੱਕ ਘੰਟਾ 43 ਮਿੰਟ ਚੱਲਣ ਦੀ ਉਮੀਦ ਕੀਤੀ ਜਾ ਰਹੀ ਹੈ ਜੋ 21ਵੀਂ ਸਦੀ ਦੀਆਂ ਖਗੋਲੀ ਘਟਨਾਵਾਂ ਵਿਚੋਂ ਸਭ ਤੋਂ ਲੰਬੀ ਹੋਵੇਗੀ। ਪਹਿਲੇ ਪੜਾਅ ਦੌਰਾਨ 27 ਜੁਲਾਈ ਨੂੰ ਰਾਤ 11:44 ਵਜੇ ਚੰਨ, ਧਰਤੀ ਦੇ ਪਰਛਾਵੇਂ ਦੇ ਕਾਲੇ ਹਿੱਸੇ (ਅੰਬਰਾ) ਵਿਚੋਂ ਹੋ ਕੇ ਗੁਜ਼ਰੇਗਾ ਅਤੇ ਮੁਕੰਮਲ ਰੂਪ ਵਿਚ ਛੁਪ ਜਾਏਗਾ। ਇਹ ਹਾਲਤ 11:54 ਵਜੇ ਤੱਕ ਰਹੇਗੀ। ਪੂਰਨ ਚੰਨ ਗ੍ਰਹਿਣ ਦੀ ਹਾਲਤ ਰਾਤ 11:30 ਤੋਂ 28 ਜੁਲਾਈ ਨੂੰ 1:13 ਤੱਕ ਇੱਕ ਘੰਟਾ 43 ਮਿੰਟ ਤੱਕ ਰਹੇਗੀ। ਦੂਜੇ ਪੜਾਅ ਵਿਚ ਚੰਨ ਆਪਣੇ ਆਰਬਿਟ ਵਿਚ ਗਤੀ ਕਰਦਾ ਹੋਇਆ ਇੱਕ ਹੋਰ ਅੰਸ਼ਿਕ ਚੰਨ ਗ੍ਰਹਿਣ (ਪੂਰਨ ਚੰਨ ਗ੍ਰਹਿਣ ਦੌਰਾਨ ਬਣਨ ਵਾਲੇ ਚੰਨ ਗ੍ਰਹਿਣ ਰਿੰਗ ਨੂੰ ਅੰਸ਼ਿਕ ਚੰਨ ਗ੍ਰਹਿਣ ਕਹਿੰਦੇ ਹਨ) ਹਾਲਤ ਵੱਲ ਵਧੇਗਾ ਜੋ 2 ਘੰਟੇ 12 ਮਿੰਟਾਂ ਲਈ 10:24 ਵਜੇ ਤੋਂ 2:19 ਵਜੇ ਤੱਕ ਰਹੇਗਾ। ਇਸ ਹਾਲਤ ਵਿਚ ਚੰਨ, ਸੂਰਜ ਅਤੇ ਧਰਤੀ ਦੇ ਠੀਕ ਮੱਧ ਵਿਚ ਸਿੱਧੀ ਰੇਖਾ ਵਿਚ ਆ ਜਾਵੇਗਾ। ਕਈ ਵਾਇਰਲ ਹੋਏ ਵੀਡੀਓਜ਼ ਵਿਚ ਇਸ ਘਟਨਾ ਨੂੰ ਮਨੁੱਖਤਾ ਲਈ ਅਸ਼ੁਭ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਖਗੋਲੀ ਘਟਨਾ ਨੂੰ ਭਿਆਨਕ ਸੁਨਾਮੀ, ਭੂਚਾਲ ਜਾਂ ਤੂਫਾਨਾਂ ਨਾਲ ਜੋੜਿਆ ਜਾ ਰਿਹਾ ਹੈ। ਇਹ ਸਭ ਗ਼ਲਤ ਧਾਰਨਾਵਾਂ ਹਨ। ਇਸ ਕੁਦਰਤੀ ਕ੍ਰਿਸ਼ਮੇ ਦਾ ਆਨੰਦ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਜੇ ਇਸ ਵਾਰ ਖੁੰਝ ਗਏ ਤਾਂ ਅਜਿਹੇ ਅਗਲੇ ਚੰਨ ਗ੍ਰਹਿਣ (31 ਦਸੰਬਰ, 2028) ਤੱਕ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਸੰਪਰਕ: maninderkaurcareers@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All