ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ

ਜਗਦੀਸ਼ ਕੌਰ ਮਾਨ

ਮੇਰੇ ਸਹੁਰੇ ਘਰ ਐਰੋ-ਐਰ ਮਿਲਦਿਆਂ ਇੱਕ ਨਵਾਂ ਵਿਆਹਿਆ ਜੋੜਾ ਮਿਲਣ ਆ ਗਿਆ। ਘਰ ਵਿਚ ਉਨ੍ਹਾਂ ਦੋਹਾਂ ਜੀਆਂ ਨੂੰ ਕੋਈ ਵੀ ਨਹੀਂ ਸੀ ਜਾਣਦਾ, ਇਸ ਲਈ ਸਾਰੇ ਉਨ੍ਹਾਂ ਦੇ ਚਿਹਰਿਆਂ ਵੱਲ ਬਿੱਟ ਬਿੱਟ ਤੱਕ ਰਹੇ ਸਨ। ਮੇਰੇ ਜੇਠ ਦੀਆਂ ਨਿੱਕੀਆਂ ਕੁੜੀਆਂ ਸਜ-ਵਿਆਹੀ ਵਹੁਟੀ ਦੇ ਲਾਲ ਚੂੜੇ ਅਤੇ ਸੋਹਣੇ ਕੱਪੜੇ ਤੇ ਗਹਿਣਿਆਂ ਵੱਲ ਤੱਕ ਕੇ ਖੁਸ਼ ਹੋ ਰਹੀਆਂ ਸਨ। ਉਨ੍ਹਾਂ ਨੂੰ ਪਾਣੀ-ਧਾਣੀ ਫੜਾ ਕੇ ਮੇਰੀ ਜਠਾਣੀ ਨੇ ਪੁੱਛਿਆ, “ਮੈਂ ਤਾਂ ਭਾਈ ਕੁੜੀਏ ਤੈਨੂੰ ਸਿਆਣਿਆ ਨ੍ਹੀਂ! ਕੀਹਦੀ ਕੁੜੀ ਏਂ ਤੂੰ?” “ਬੀਬੀ ਜੀ, ਮੈਂ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਵਿਚੋਂ ਤੁਹਾਡੀ ਰਿਸ਼ੇਤਦਾਰ ਹਾਂ।” ਉਹਨੇ ਮੁਸਕਰਾਹਟ ਬਿਖੇਰਦੀ ਨੇ ਉੱਤਰ ਦਿੱਤਾ। “ਫੇਰ ਵੀ ਰਿਸ਼ਤੇਦਾਰੀ ਸਮਝਾਉਣ ਦੀ ਜ਼ਰਾ ਕੁ ਖੇਚਲ ਕਰੋਗੇ?” ਮੇਰੀ ਜਠਾਣੀ ਦੀ ਅਜੇ ਤਸੱਲੀ ਨਹੀਂ ਸੀ ਹੋਈ। ਹੁਣ ਕੁੜੀ ਦੀ ਜਗ੍ਹਾ ਸੰਧੂਰੀ ਪੱਗ ਵਾਲਾ ਮੁੰਡਾ ਉਹਨੂੰ ਵਲੇਵੇਂਦਾਰ ਰਿਸ਼ਤੇਦਾਰੀ ਸਮਝਾਉਣ ਲੱਗ ਪਿਆ ਤੇ ਉਲਝੇ ਧਾਗੇ ਨੂੰ ਸੁਲਝਾਉਣ ਵਾਂਗ ਗੋਲ-ਗਲੂੰਡੀਆਂ ਨਿਕਲਣ ਪਿੱਛੋਂ ਮਸਾਂ ਵਿਚਾਰੀ ਨੂੰ ਰਿਸ਼ਤੇਦਾਰੀ ਦੀ ਸਮਝ ਲੱਗੀ। ਜਠਾਣੀ ਦੇ ਪੇਕਿਆਂ ਨਾਲ ਉਨ੍ਹਾਂ ਦੀ ਕੋਈ ਦੂਰ ਦੀ ਰਿਸ਼ਤੇਦਾਰੀ ਸੀ। ਵਧੀਆ ਰੋਟੀ ਪਾਣੀ ਖਵਾਇਆ ਅਤੇ ਉਨ੍ਹਾਂ ਦੇ ਸੌਣ ਕਮਰੇ ਦਾ ਪ੍ਰਬੰਧ ਕੀਤਾ। ਸੌਣ ਤੋਂ ਪਹਿਲਾਂ ਪਹਿਲਾਂ ਸਾਰਾ ਪਰਿਵਾਰ ਉਸ ਜੋੜੇ ਨਾਲ ਘੁਲ ਮਿਲ ਗਿਆ ਸੀ। ਕੰਮ ਧੰਦਾ ਨਿਬੇੜ ਕੇ ਘਰ ਦੀਆਂ ਸੁਆਣੀਆਂ ਅਤੇ ਨਿੱਕੀਆਂ ਕੁੜੀਆਂ ਵਹੁਟੀ ਦੁਆਲੇ ਬੈਠ ਕੇ ਗੱਲਾਂ ਮਾਰਨ: “ਵਿਆਹ ਦੇ ਦਿਨ ਧਰੇ ਹੋਏ ਸਨ। ਮਸਾਂ ਵੀਹ ਕੁ ਦਿਨ ਰਹਿੰਦੇ ਸਨ। ਗੱਲਾਂ ਕਰਦਿਆਂ ਵਿਚੇ ਹੀ ਸਾਡੇ ਵਿਆਹ ਦੀ ਗੱਲ ਚੱਲ ਪਈ।” “ਸਾਡੇ ਘਰ ਵੀ ਵਿਆਹ ਧਰਿਆ ਹੋਇਐ, ਮੇਰੇ ਦਿਉਰ ਦਾ।” ਮੇਰੀ ਜਠਾਣੀ ਨੇ ਉਸ ਕੁੜੀ ਨੂੰ ਚਾਅ ਨਾਲ ਦੱਸਿਆ। “ਅੱਛਾ! ਕਿਹੜੇ ਪਿੰਡ ਢੁੱਕਣੈ?” ਕੁੜੀ ਚਹਿਕਦੀ ਹੋਈ ਬੋਲੀ। “ਪਿੰਡ ਨਹੀਂ ਸ਼ਹਿਰ ਢੁੱਕਣੈਂ, ਜਗਰਾਵੀਂ।” ਮੇਰੀ ਨਣਦ ਨੇ ਦੱਸਿਆ। “ਤੁਸੀਂ ਕੁੜੀ ਦਾ ਨਾਮ ਤੇ ਉਸ ਦੇ ਪਿਤਾ ਦਾ ਨਾਮ ਦੱਸੋ, ਮੈਂ ਤਾਂ ਜਗਰਾਉਂ ਕਾਲਜ ਵਿਚ ਪੜ੍ਹਦੀ ਰਹੀ ਆ, ਮੈਂ ਤਾਂ ਜਗਰਾਉਂ ਦੀਆਂ ਸਾਰੀਆਂ ਕੁੜੀਆਂ ਨੂੰ ਜਾਣਦੀ ਆਂ।” “ਕੁੜੀ ਦਾ ਨਾਮ ਜਗਦੀਸ਼ ਐ ਤੇ ਉਸ ਦੇ ਡੈਡੀ ਦਾ ਨਾਮ ਹਰੀ ਸਿੰਘ ਏ।” ਮੇਰੀ ਛੋਟੀ ਜਠਾਣੀ ਨੇ ਨਾਮ ਦੱਸਣ ਦੇ ਨਾਲ ਹੀ ਸਾਡਾ ਗਲੀ ਮੁਹੱਲਾ ਵੀ ਦੱਸ ਦਿੱਤਾ। “ਲੈ... ਵਾਹ ਬਈ ਵਾਹ! ਆਪਣੀ ਤਾਂ ਇੱਕ ਸਕੀਰੀ ਹੋਰ ਨਿਕਲ ਆਈ, ਉਹ ਤਾਂ ਸਾਡੇ ਖਾਸ ਬੰਦੇ ਨੇ। ਉਸ ਪਰਿਵਾਰ ਨਾਲ ਤਾਂ ਸਾਡੇ ਘਰੇਲੂ ਸਬੰਧ ਨੇ।” ਉਹ ਦੁਪਹਿਰ ਖਿੜੀ ਦੇ ਫੁੱਲਾਂ ਵਾਂਗ ਖਿੜ ਗਈ ਸੀ। “ਫੇਰ ਤਾਂ ਕੁਲਵੰਤ, ਤੈਨੂੰ ਸਾਰਾ ਪਤਾ ਹੋਊ, ਬਈ ਕੁੜੀ ਦਾ ਸੁਭਾਅ ਕਿਹੋ ਜਿਹਾ ਏ? ਸਾਡੇ ਘਰ ਵਿਚ ਪਹਿਲਾਂ ਏਨੀ ਪੜ੍ਹੀ ਲਿਖੀ ਬਹੂ ਨ੍ਹੀਂ ਆਈ। ਅਸੀਂ ਤਾਂ ਭਾਈ ਡਰਦੇ ਆਂ।” ਜਠਾਣੀ ਮੇਰੇ ਬਾਰੇ ਵਿਸਥਾਰ ਨਾਲ ਜਾਣਨਾ ਚਾਹੁੰਦੀ ਸੀ। “ਨਹੀਂ ਬੀਬੀ ਜੀ, ਡਰਨ ਵਾਲੀ ਕੋਈ ਗੱਲ ਨ੍ਹੀਂ, ਸੁਭਾਅ ਦੀ ਤਾਂ ਵਧੀਆ ਏ ਪਰ ਨਘੋਚਣ ਬਹੁਤੀ ਏ, ਸਾਫ਼ ਸਫ਼ਾਈ ਰੱਖਣ ਵਾਲੀ ਕੁੜੀ ਏ।” ਫੇਰ ਉਹਨੇ ਮਜ਼ਾਹੀਆ ਅੰਦਾਜ਼ ਵਿਚ ਦੱਸਿਆ, “ਤੁਸੀ ਐਂ ਕਰਿਉ, ਵਿਆਹ ਤੋਂ ਪਹਿਲਾਂ ਵੀਹ ਪੱਚੀ ਕਿਲੋ ਸਾਬਣ ਦਾ ਪ੍ਰਬੰਧ ਕਰਕੇ ਰੱਖਿਉ, ਉਹ ਤਾਂ ਵੀਹਾਂ ਮਿੰਟਾਂ ਵਿਚ ਦਸ ਵਾਰੀ ਹੱਥ ਧੋਂਦੀ ਏ।” “ਚੱਲ ਕੋਈ ਨਾ ਭਾਈ! ਵਾਹਵਾ ਸਾਰਾ ਸਾਬਣ ਲਿਆ ਕੇ ਰੱਖ ਦਿਆ ਕਰਾਂਗੇ, ਧੋਈ ਜਾਵੇ ਹੱਥ ਜਿੰਨੇ ਵਾਰੀ ਮਰਜ਼ੀ।” ਉਹ ਜੋੜੀ ਤਾਂ ਦੂਜੇ ਦਿਨ ਸਾਝਰੇ ਹੀ ਤੁਰ ਗਈ ਪਰ ਸਾਡੇ ਘਰ ਸਾਡੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀਆਂ ਇਹ ਗੱਲਾਂ ਚੱਲਦੀਆਂ ਰਹੀਆਂ। ਜਦੋਂ ਵੀ ਘਰ ਦੀਆਂ ਸੁਆਣੀਆਂ ਨੇ ਮੇਰੇ ਕੋਲ ਆਉਣਾ, ਪਹਿਲਾਂ ਇਹੋਂ ਟਿੱਚਰ ਕਰਨੀ, “ਓ ਸੁਣਾ ਬਈ! ਦਿਨ ਤਾਂ ਵਾਹਵਾ ਚੜ੍ਹ ਗਿਐ, ਸਵੇਰ ਦੀ ਉੱਠੀ ਨੇ ਕਿੰਨੀ ਕੁ ਵਾਰੀ ਸਾਬਣ ਘਸਾ ਦਿੱਤਾ। ਕੁਲਵੰਤ ਕਹਿੰਦੀ ਸੀ, ਉਹ ਤਾਂ ਵੀਹਾਂ ਮਿੰਟਾਂ ਵਿਚ ਦਸ ਵਾਰੀ ਸਾਬਣ ਨਾਲ ਹੱਥ ਧੋਂਦੀ ਐ।” ਘਰ ਵਿਚ ਸਾਰਾ ਦਿਨ ਹਾਸਾ ਮਜ਼ਾਕ ਚਲਦਾ ਰਹਿੰਦਾ। ਹੁਣ ਜਦੋਂ ਦਾ ਕਰੋਨਾਵਾਇਰਸ ਫੈਲਿਆ ਏ- ਰੇਡੀਓ, ਟੀਵੀ, ਅਖਬਾਰ, ਮੋਬਾਇਲ ਦੀ ਰਿੰਗਟੋਨ ਵਾਰ ਵਾਰ ਬਿਮਾਰੀ ਤੋਂ ਬਚਣ ਲਈ ਚਿਤਾਵਨੀ ਦਿੰਦੇ ਹਨ, ‘ਘਰਾਂ ਦੇ ਅੰਦਰ ਰਹੋ ਤੇ ਵਾਰ ਵਾਰ ਸਾਬਣ ਨਾਲ ਹੱਥ ਧੋਵੋ’ ਤਾਂ ਮੈਨੂੰ ਆਪਣੀ ਵਾਰ ਵਾਰ ਹੱਥ ਧੋਣ ਦੀ ਆਦਤ ’ਤੇ ਮਾਣ ਮਹਿਸੂਸ ਹੋ ਰਿਹਾ ਹੈ।

ਸੰਪਰਕ: 98722-21504

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All