ਵੰਡ ਤੋਂ ਪਹਿਲਾਂ: ਆਪਸੀ ਰਿਸ਼ਤਿਆਂ ਦੀ ਵਿਆਕਰਣ : The Tribune India

ਵੰਡ ਤੋਂ ਪਹਿਲਾਂ: ਆਪਸੀ ਰਿਸ਼ਤਿਆਂ ਦੀ ਵਿਆਕਰਣ

ਵੰਡ ਤੋਂ ਪਹਿਲਾਂ: ਆਪਸੀ ਰਿਸ਼ਤਿਆਂ ਦੀ ਵਿਆਕਰਣ

ਸੋਮ ਆਨੰਦ ਮੈਂ ਜਦੋਂ ਹੋਸ਼ ਸੰਭਾਲੀ ਤਾਂ ਮੇਰੇ ਪਿਤਾ ਮਾਡਲ ਟਾਊਨ ਲਾਹੌਰ ਵਿਚ ਰਹਿੰਦੇ ਸਨ। ਅੰਦਰਲੇ ਸ਼ਹਿਰ ਤੋਂ ਪੰਜ ਮੀਲ ਦੇ ਫ਼ਾਸਲੇ ’ਤੇ ਮਾਡਲ ਟਾਊਨ ਮੱਧ ਸ਼੍ਰੇਣੀ ਦੇ ਲੋਕਾਂ ਦੀ ਇਕ ਬਸਤੀ ਸੀ। ਇਸ ਬਸਤੀ ਦੇ ਰਹਿਣ ਵਾਲੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਸਨ। ਇਸ ਲਈ ਉਸ ਢੰਗ ਦੀ ਬੋਲ ਚਾਲ ਵੀ ਸੁਣਾਈ ਨਹੀਂ ਦਿੰਦੀ ਸੀ ਜੋ ਲਾਹੌਰ ਦੀ ਆਪਣੀ ਸੀ। ਆਪਣੇ ਲਡ਼ਕਪਨ ਦੇ ਜ਼ਮਾਨੇ ਵਿਚ ਮੈਨੂੰ ਅੰਦਰਲੇ ਸ਼ਹਿਰ ਜਾਣ ਦੇ ਅਵਸਰ ਬਹੁਤ ਘੱਟ ਮਿਲਦੇ ਸਨ। ਆਮ ਤੌਰ ’ਤੇ ਇਹ ਅਵਸਰ ਉਸ ਸਮੇਂ ਆਉਂਦਾ ਜਦ ਮੈਨੂੰ ਪਿਤਾ ਤੋਂ ਸਿਨਮਾ ਦੇਖਣ ਦੀ ਆਗਿਆ ਮਿਲਦੀ। ਲਾਹੌਰ ਦੇ ਬਹੁਤੇ ਸਿਨਮਾ ਹਾਲ ਮੈਕਲੋਡ ਰੋਡ ’ਤੇ ਸਨ। ਮਾਲ ਰੋਡ ਵੀ ਇੱਥੋਂ ਨੇਡ਼ੇ ਹੀ ਸੀ। ਕਦੇ-ਕਦਾਈਂ ਖਰੀਦਦਾਰੀ ਬਹਾਨੇ ਅਨਾਰਕਲੀ ਦੀ ਰੌਣਕ ਵੀ ਦੇਖ ਲੈਂਦਾ। ਇਸ ਤੋਂ ਇਲਾਵਾ ਮੈਂ ਇਕ ਹੋਰ ਥਾਂ ਵੀ ਜਾਇਆ ਕਰਦਾ ਸੀ ਅਤੇ ਉਹ ਸੀ ਇੱਛਰਾ, ਇੱਥੇ ਮੇਰੇ ਨਾਨਕੇ ਸਨ। ਇੱਛਰਾ ਸ਼ਹਿਰ ਅਤੇ ਮਾਡਲ ਟਾਊਨ ਦੇ ਵਿਚਕਾਰ ਇਕ ਪਿੰਡਾਂ ਵਰਗਾ ਕਸਬਾ ਸੀ। ਪਿੰਡ ਮੈਂ ਉਸ ਨੂੰ ਇਸ ਲਈ ਸਮਝਦਾ ਕਿਉਂਕਿ ਉੱਥੇ ਬਿਜਲੀ ਨਹੀਂ ਸੀ ਅਤੇ ਦਿਨ ਢਲਣ ’ਤੇ ਸਾਡੀ ਨਾਨੀ ਦੇ ਘਰ ਲਾਲਟੈਨ ਜਗਾਈ ਜਾਂਦੀ ਸੀ। ਦੂਸਰੀ ਗੱਲ ਇਹ ਸੀ ਕਿ ਉੱਥੋਂ ਦੇ ਲਗਪਗ ਸਾਰੇ ਮਰਦ ਮੂੰਹ ਹਨੇਰੇ ਜੰਗਲ ਪਾਣੀ ਲਈ ਬਾਹਰ ਖੇਤਾਂ ਵਿਚ ਜਾਂਦੇ ਹੁੰਦੇ ਸਨ। ਉਂਝ ਵੀ ਇੱਛਰਾ ਵਿਚ ਮਿੱਟੀ ਘੱਟੇ ਅਤੇ ਗੰਦੀਆਂ ਗਲੀਆਂ ਤੋਂ ਇਲਾਵਾ ਹੋਰ ਕੋਈ ਵਿਸ਼ੇਸ਼ ਗੱਲ ਨਹੀਂ ਸੀ, ਪਰ ਮੇਰੇ ਲਈ ਉੱਥੋਂ ਦਾ ਦੌਰਾ ਬਹੁਤ ਦਿਲਚਸਪ ਰਹਿੰਦਾ। ਨਾਨੀ ਵੱਲੋਂ ਮੇਰੀ ਸੇਵਾ, ਲਿਖਾਈ-ਪਡ਼੍ਹਾਈ ਤੋਂ ਛੁੱਟੀ ਤੇ ਬੇਲਗਾਮ ਹੋ ਕੇ ਖੇਡਣ-ਕੁੱਦਣ ਦਾ ਮੌਕਾ। ਇੱਛਰਾ ਪਹੁੰਚ ਕੇ ਪੰਜਾਬੀ ਬੋਲੀ ਇਕ ਨਵੀਂ ਆਵਾਜ਼ ਅਪਣਾ ਲੈਂਦੀ। ਮੇਰੀ ਨਾਨੀ ਮਾਂ ਅਤੇ ਨਾਲ ਦੀਆਂ ਦੂਜੀਆਂ ਤੀਵੀਆਂ ਅਖਾਣਾਂ ਤੇ ਟੋਟਕੇ ਆਮ ਬੋਲਚਾਲ ਵਿਚ ਵਰਤਦੀਆਂ ਜਿਨ੍ਹਾਂ ਵਿਚ ਲੋਕਾਂ ਦੀ ਸਾਦਗੀ, ਪਿਆਰ, ਖ਼ਲੂਸ ਅਤੇ ਪੰਜਾਬ ਦੀ ਧਰਤੀ ਦੀ ਭਿੰਨੀ-ਭਿੰਨੀ ਮਹਿਕ ਹੁੰਦੀ। ਇਸ ਦੇ ਉਲਟ ਮਾਡਲ ਟਾਊਨ ਵਿਚ ਪਡ਼੍ਹੇ-ਲਿਖੇ ਲੋਕਾਂ ਦੀ ਭਾਸ਼ਾ ਬਿਲਕੁਲ ਰੰਗਹੀਣ, ਫਿੱਕੀ ਅਤੇ ਬਨਾਉਟੀ ਹੁੰਦੀ। ਇੱਛਰਾ ਵਿਚ ਵਧੇਰੇ ਵਸੋਂ ਮੁਸਲਮਾਨਾਂ ਦੀ ਸੀ ਜੋ ਬੁਨਿਆਦੀ ਤੌਰ ’ਤੇ ਹਿੰਦੂਆਂ ਤੋਂ ਕੁਝ ਪੱਛਡ਼ੇ ਹੋਏ ਸਨ। ਉਸ ਵੇਲੇ ਪੰਜਾਬ ਵਿਚ ਹਿੰਦੂ-ਮੁਸਲਿਮ ਸਬੰਧ ਜਿਸ ਪ੍ਰਕਾਰ ਦੇ ਸਨ ਉਸ ਦਾ ਅੰਦਾਜ਼ਾ ਇੱਛਰਾ ਦੀ ਜ਼ਿੰਦਗੀ ਨੂੰ ਦੇਖ ਕੇ ਹੁੰਦਾ ਸੀ। ਜਿਸ ਮੁਹੱਲੇ ਵਿਚ ਮੇਰੇ ਨਾਨਕੇ ਸਨ, ਉੱਥੇ ਮੁਸਲਮਾਨਾਂ ਦੇ ਬਹੁਤ ਸਾਰੇ ਘਰ ਸਨ। ਮੇਰੀ ਨਾਨੀ ਦਿਨ ਦਾ ਬਹੁਤਾ ਭਾਗ ਗਲੀ ਵਿਚ ਬੈਠ ਕੇ ਚਰਖਾ ਕੱਤਣ ਵਿਚ ਹੀ ਬਿਤਾਉਂਦੀ। ਦੁਪਹਿਰ ਵੇਲੇ ਗਲੀ ਦਾ ਉਹ ਹਿੱਸਾ ਤੀਵੀਆਂ ਦੀ ਕਲੱਬ ਵਿਚ ਤਬਦੀਲ ਹੋ ਜਾਂਦਾ। ਅਣਗਿਣਤ ਚਰਖੇ ਅਤੇ ਅਣਗਿਣਤ ਤੀਵੀਆਂ। ਇਨ੍ਹਾਂ ਵਿਚ ਮੁਸਲਮਾਨ ਤੀਵੀਆਂ ਦੀ ਗਿਣਤੀ ਵੀ ਚੰਗੀ ਖ਼ਾਸੀ ਹੁੰਦੀ। ਮੇਰੀ ਨਾਨੀ ਦੇ ਕੋਲ ਬੈਠਣ ਵਾਲੀਆਂ ਵਿਚੋਂ ਇਕ ਅਧਖਡ਼ ਉਮਰ ਦੀ ਤੀਵੀ ਸੀ ਜਿਸ ਦਾ ਨਾਮ ‘ਗਾਮਾਂ’ ਸੀ। ਅਸਲ ਨਾਮ ਤਾਂ ਸ਼ਾਇਦ ਉਸ ਦਾ ਕੋਈ ਹੋਰ ਹੋਵੇਗਾ ਪਰ ਸਭ ਉਸ ਨੂੰ ਗਾਮਾਂ ਕਹਿ ਕੇ ਹੀ ਬੁਲਾਉਂਦੇ ਸਨ। ਹਰ ਘਰ ਦੇ ਅਨੇਕਾਂ ਭੇਤ ਉਸ ਨੂੰ ਪਤਾ ਸਨ। ਉਸ ਜ਼ਮਾਨੇ ਵਿਚ ਗੁਆਂਢੀਆਂ ਬਾਰੇ ਤੀਵੀਆਂ ਦਾ ‘ਜਨਰਲ ਨਾਲੇਜ’ ਆਮ ਤੌਰ ’ਤੇ ਬਹੁਤ ਵਿਸ਼ਾਲ ਹੁੰਦਾ ਸੀ। ਸਾਡੇ ਨਾਨਕਿਆਂ ਵਿਚ ਗਾਮਾਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਸੀ, ਉਸ ਦਾ ਅੰਦਾਜ਼ਾ ਮੈਨੂੰ ਕਈ ਵਰ੍ਹਿਆਂ ਬਾਅਦ ਆਪਣੀ ਮਾਂ ਦੀਆਂ ਗੱਲਾਂ ਤੋਂ ਹੋਇਆ। ਜਦ ਵੀ ਇੱਛਰੇ ਦਾ ਜ਼ਿਕਰ ਹੁੰਦਾ ਤਾਂ ਗਾਮਾਂ ਕਿਤੋਂ ਨਾ ਕਿਤੋਂ ਜ਼ਰੂਰ ਆ ਟਪਕਦੀ ਅਤੇ ਇਸ ਜ਼ਿਕਰ ਵਿਚ ਬਡ਼ਾ ਪਿਆਰ ਹੁੰਦਾ, ਹਮਦਰਦੀ ਹੁੰਦੀ। ਬਾਵਜੂਦ ਇਸ ਪਿਆਰ ਅਤੇ ਹਮਦਰਦੀ ਦੇ ਮੇਰੇ ਨਾਨਕਿਆਂ ਦੇ ਲੋਕ ਗਾਮਾਂ ਦੇ ਘਰ ਦਾ ਪਾਣੀ ਵੀ ਨਹੀਂ ਪੀ ਸਕਦੇ ਸਨ। ਉਨ੍ਹਾਂ ਦੇ ਸਬੰਧਾਂ ਵਿਚ ਛੂਤ-ਛਾਤ ਅਤੇ ਤਰ੍ਹਾਂ-ਤਰ੍ਹਾਂ ਦੇ ਪਰਹੇਜ਼ਾਂ ਦੀ ਕੰਧ ਖਡ਼੍ਹੀ ਸੀ। ਇੰਝ ਦੇ ਪਰਹੇਜ਼ ਮੇਰੀ ਮਾਂ ਦੇ ਨਿਯਮਾਂ ਵਿਚ ਬਹੁਤ ਹੱਦ ਤਕ ਸ਼ਾਮਲ ਸਨ। ਮਾਡਲ ਟਾਊਨ ਵਿਚ ਮੁਸਲਮਾਨ ਗੁਆਂਢੀਆਂ ਨਾਲ ਉਨ੍ਹਾਂ ਦਾ ਬਹੁਤ ਮੇਲ-ਜੋਲ ਸੀ ਪਰ ਉਨ੍ਹਾਂ ਵਿਚੋਂ ਜੇ ਕਿਸੇ ਨੇ ਖਾਣ ਦੀ ਚੀਜ਼ ਭੇਜਣੀ ਤਾਂ ਉਸ ਨੂੰ ਰਸੋਈ ਵਿਚ ਲਿਆਉਣ ’ਤੇ ਬੰਦਿਸ਼ ਸੀ। ਬਾਹਰ ਮੇਜ਼ ’ਤੇ ਬੈਠ ਕੇ ਹੀ ਉਸ ਨੂੰ ਖਾਧਾ ਜਾਂਦਾ ਸੀ। ਮੇਰੇ ਲਡ਼ਕਪਨ ਦੇ ਜ਼ਮਾਨੇ ਵਿਚ ਮੱਧ ਦਰਜੇ ਦੇ ਪਡ਼੍ਹੇ-ਲਿਖੇ ਹਿੰਦੂ ਘਰਾਣਿਆਂ ਦੇ ਮਰਦ ਅਜਿਹੀ ਛੂਤ-ਛਾਤ ਛੱਡ ਚੁੱਕੇ ਸਨ। ਮੇਰੇ ਪਿਤਾ ਵੀ ਇਸੇ ਲਈ ਮੁਸਲਮਾਨਾਂ ਦੇ ਘਰ ਤੋਂ ਆਇਆ ਪਕਵਾਨ ਖਾਣ ਵਿਚ ਕੋਈ ਹਰਜ਼ ਨਹੀਂ ਸਮਝਦੇ ਸਨ। ਪਿਤਾ ਦੇ ਦੋਸਤਾਂ ਵਿਚ ਮੁਸਲਮਾਨ ਵੀ ਸਨ। ਉਨ੍ਹਾਂ ਨੂੰ ਖਾਣੇ ’ਤੇ ਬੁਲਾਇਆ ਜਾਂਦਾ। ਇਸ ਦੇ ਵਿਪਰੀਤ ਮੇਰੀ ਮਾਂ ਬਾਹਰ ਬਰਾਂਡੇ ਵਿਚ ਖਾ ਰਹੀ ਹੁੰਦੀ ਤੇ ਜੇ ਕੋਈ ਮੁਸਲਮਾਨ ਗੁਆਂਢਣ ਆ ਜਾਂਦੀ (ਰਸੋਈ ਵਿਚ ਤਾਂ ਉਸ ਦਾ ਪੈਰ ਪਾਉਣਾ ਵੀ ਵਰਜਿਤ ਸੀ) ਤਾਂ ਉਹ ਸਾਫ਼-ਸਾਫ਼ ਕਹਿ ਦਿੰਦੀ ਕਿ ਭੈਣ ਜ਼ਰਾ ਪਰ੍ਹੇ ਹੋ ਕੇ ਬੈਠ, ਮੈਂ ਖਾਣਾ ਖਾ ਰਹੀ ਹਾਂ। ਪਰ ਮੈਨੂੰ ਇਹ ਪਰਹੇਜ਼ ਬਡ਼ਾ ਬੇਤੁਕਾ ਜਿਹਾ ਲੱਗਦਾ। ਅਜਿਹੀਆਂ ਘਟਨਾਵਾਂ ਕਰਕੇ ਪਡ਼੍ਹੇ-ਲਿਖੇ ਹਿੰਦੂਆਂ ਨੂੰ ਆਮ ਤੌਰ ’ਤੇ ਇਹ ਬੇਤੁਕਾਪਣ ਮਹਿਸੂਸ ਹੋਣ ਲੱਗ ਪਿਆ ਸੀ, ਹਾਲਾਂਕਿ ਉਹ ਜ਼ਬਾਨ ਨਾਲ ਇਹ ਗੱਲ ਸਵੀਕਾਰ ਨਹੀਂ ਕਰਦੇ ਸਨ। ਸਾਡੇ ਰੋਜ਼ਾਨਾ ਜੀਵਨ ਵਿਚ ਮੁਸਲਮਾਨਾਂ ਦਾ ਇੰਨਾ ਦਖ਼ਲ ਸੀ ਕਿ ਇੰਝ ਦੇ ਪਰਹੇਜ਼ ਨੂੰ ਕੋਈ ਵੀ ਜਾਇਜ਼ ਸਾਬਤ ਨਹੀਂ ਕਰ ਸਕਦਾ ਸੀ। ਸਵੇਰ ਸਾਰ ਸਾਡੀ ਗਾਂ ਚੋਣ ਲਈ ਇਕ ਮੁਸਲਮਾਨ ਗੁੱਜਰ ਆਉਂਦਾ। ਗਾਂ ਵੇਚ ਦਿੱਤੀ ਤਾਂ ਉਸ ਦੀ ਥਾਂ ਇਕ ਗਵਾਲੇ ਨੇ ਲੈ ਲਈ ਜੋ ਦੁੱਧ ਦੇਣ ਆਉਂਦਾ ਸੀ। ਉਸ ਦਾ ਨਾਂ ਅਮਾਮਦੀਨ ਸੀ। ਫਿਰ ਉਸ ਤੋਂ ਬਾਅਦ ਦਿਨ ਚਡ਼੍ਹੇ ਸਬਜ਼ੀ ਅਤੇ ਫ਼ਲਾਂ ਵਾਲ ਆਉਂਦਾ, ਉਹ ਵੀ ਮੁਸਲਮਾਨ ਸੀ। ਕੱਪਡ਼ੇ ਵੀ ਮੁਸਲਮਾਨ ਤੋਂ ਧੁਆਏ ਜਾਂਦੇ ਅਤੇ ਦਰਜ਼ੀ ਤਾਂ ਸਦਾ ਹੀ ਮੁਸਲਮਾਨ ਹੁੰਦਾ। ਮੈਂ ਸੋਚਦਾ ਕਿ ਦੁੱਧ ਅਸੀਂ ਇਨ੍ਹਾਂ ਤੋਂ ਲੈ ਕੇ ਪੀਂਦੇ ਹਾਂ, ਸਬਜ਼ੀ ਇਨ੍ਹਾਂ ਦੀ ਦਿੱਤੀ ਹੋਈ ਖਾਂਦੇ ਹਾਂ, ਕੱਪਡ਼ੇ ਇਨ੍ਹਾਂ ਤੋਂ ਸਵਾਉਂਦੇ ਅਤੇ ਧੁਆਉਂਦੇ ਹਾਂ; ਫਿਰ ਵੀ ਮੌਲਵੀ ਸਾਹਿਬ ਦੇ ਘਰ ਤੋਂ ਜੋ ਕੁਝ ਪੱਕਾ ਹੋਇਆ ਆਉਂਦਾ ਹੈ, ਮਾਂ ਉਸ ਨੂੰ ਰਸੋਈ ਵਿਚ ਲਿਆਉਣ ਕਿਉਂ ਨਹੀਂ ਦਿੰਦੀ। ਪਰ ਇਹ ਸਾਰੇ ਤੁਅੱਸਬ (ਜੇ ਇਸ ਲਈ ਤੁਅੱਸਬ ਸ਼ਬਦ ਦੀ ਵਰਤੋਂ ਜਾਇਜ਼ ਹੈ) ਤਾਂ ਸਦੀਆਂ ਤੋਂ ਚਲੇ ਆ ਰਹੇ ਸਨ। ਮੁਸਲਮਾਨਾਂ ਨੇ ਵੀ ਕਿਸੇ ਹੱਦ ਤੱਕ ਇਨ੍ਹਾਂ ਨਾਲ ਸਮਝੌਤਾ ਕਰ ਰੱਖਿਆ ਸੀ। ਮੈਂ ਆਪਣੇ ਲਡ਼ਕਪਨ ਵਿਚ ਕੁਝ ਵਿਅਕਤੀਆਂ ਨੂੰ ਇਹ ਕਹਿੰਦੇ ਵੀ ਸੁਣਿਆ ਕਿ ਰੱਬ ਨੇ ਸਾਡੇ ਵਿਚਕਾਰ ਇਹ ਵੱਟਾਂ ਬਣਾਈਆਂ ਹਨ, ਇਸੇ ਕਾਰਨ ਹਿੰਦੂਆਂ ਮੁਸਲਮਾਨਾਂ ਦੇ ਸਬੰਧ ਇਕ ਵਿਸ਼ੇਸ਼ ਪੱਧਰ ’ਤੇ ਖਾਸੇ ਖੁਸ਼ਗਵਾਰ ਸਨ। ਤਮਾਸ਼ੇ ਦੀ ਗੱਲ ਇਹ ਹੈ ਕਿ ਸਾਡੇ ਬਜ਼ੁਰਗਾਂ ਨੇ ਇਸ ਪਰਹੇਜ਼ ਦੇ ਉਪਰੰਤ ਵੀ ਵਿਆਹ-ਸ਼ਾਦੀਆਂ ਦੇ ਸ਼ੁਭ ਅਵਸਰਾਂ ’ਤੇ ਇਕ ਦੂਸਰੇ ਨੂੰ ਸ਼ਰੀਕ ਕਰਨ ਦੇ ਢੰਗ ਕੱਢ ਲਏ ਸਨ। ਇੱਛਰੇ ਵਿਚ ਜੇ ਮੇਰੀ ਨਾਨੀ ਦੇ ਮੁਸਲਮਾਨ ਗਵਾਂਢੀਆਂ ਦੇ ਘਰੀਂ ਸ਼ਾਦੀ ਵਿਆਹ ਹੁੰਦਾ ਤਾਂ ਉੱਥੋਂ ਮਠਿਆਈ ਆਉਂਦੀ ਅਤੇ ਇਹ ਵੀ ਸੁਣ ਲਓ ਕਿ ਕਿੰਝ ਜਿਸ ਵਿਅਕਤੀ ਦੇ ਘਰ ਇਹ ਸ਼ੁਭ ਅਵਸਰ ਹੁੰਦਾ, ਉਹ ਹਿੰਦੂ ਹਲਵਾਈ ਦੀ ਦੁਕਾਨ ਤੋਂ ਮਠਿਆਈ ਖਰੀਦਦੇ ਅਤੇ ਉਸ ਦੇ ਨੌਕਰ ਤੋਂ ਚੁਕਵਾ ਕੇ ਮੇਰੇ ਨਾਨਕਿਆਂ ਦੇ ਘਰ ਲਿਆਉਂਦੇ। ਨਹੀਂ ਤਾਂ ਕੱਚੇ ਚਾਵਲ, ਘਿਓ ਅਤੇ ਖੰਡ ਤੇ ਸੁੱਕੀ ਰਸਦ ਭੇਜ ਦਿੱਤੀ ਜਾਂਦੀ। ਜੇ ਅੱਜ ਅਸੀਂ ਸੋਚੀਏ ਤਾਂ ਹਾਸਾ ਆਉਂਦਾ ਹੈ ਪਰ ਅਗਲੇ ਜ਼ਮਾਨੇ ਦੇ ਲੋਕਾਂ ਨੇ ਸੰਪ੍ਰਦਾਇਕ ਸਬੰਧਾਂ ਵਿਚ ਇਵੇਂ ਦੀਆਂ ਹਸਾਉਣੀਆਂ ਪਾਬੰਦੀਆਂ ਨੂੰ ਜ਼ਿੰਦਗੀ ਦਾ ਦਸਤੂਰ ਬਣਾ ਲਿਆ ਸੀ। •

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All