ਵਿਦਿਆਰਥੀ ਸਿਆਸਤ

ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਅਲਾਹਾਬਾਦ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਨੂੰ ਭੰਗ ਕਰ ਦਿੱਤਾ ਹੈ ਅਤੇ ਇਸ ਲਈ ਹੁੰਦੀਆਂ ਸਿੱਧੀਆਂ ਚੋਣਾਂ ’ਤੇ ਰੋਕ ਲਾ ਦਿੱਤੀ ਹੈ। ਇਸ ਦੀ ਥਾਂ ’ਤੇ ਵਿਦਿਆਰਥੀਆਂ ਦੀ ਕੌਂਸਲ ਬਣਾਈ ਗਈ ਹੈ ਜਿਹੜੀ ਸਿੱਧੇ ਤੌਰ ’ਤੇ ਵੋਟਾਂ ਪਾ ਕੇ ਨਹੀਂ ਚੁਣੀ ਜਾਏਗੀ। ਅਲਾਹਾਬਾਦ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਯੂਨੀਅਨ ਬਹੁਤ ਪੁਰਾਣੀ ਹੈ ਅਤੇ ਇਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਅਹਿਮ ਭੂਮਿਕਾ ਨਿਭਾਈ। ਬਹੁਤ ਸਾਰੇ ਸਿਆਸੀ ਆਗੂ ਜਿਨ੍ਹਾਂ ਵਿਚ ਸ਼ੰਕਰ ਦਿਆਲ ਸ਼ਰਮਾ (ਜਿਹੜੇ ਰਾਸ਼ਟਰਪਤੀ ਬਣੇ) ਅਤੇ ਵੀਪੀ਼ ਸਿੰਘ ਤੇ ਚੰਦਰ ਸ਼ੇਖਰ (ਜਿਹੜੇ ਪ੍ਰਧਾਨ ਮੰਤਰੀ ਬਣੇ) ਇਸ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿਚ ਹਿੱਸਾ ਲੈਣ ਤੋਂ ਬਾਅਦ ਹੀ ਸਰਗਰਮ ਰਾਜਨੀਤੀ ਵਿਚ ਆਏ। ਸਿਆਸੀ ਆਗੂਆਂ, ਅਫ਼ਸਰਸ਼ਾਹਾਂ ਤੇ ਸਿਆਸੀ ਮਾਹਿਰਾਂ ਵਿਚੋਂ ਕਈ ਲੋਕ ਵਿਦਿਆਰਥੀਆਂ ਦੇ ਸਿਆਸਤ ਵਿਚ ਹਿੱਸਾ ਲੈਣ ਦੇ ਵਿਰੁੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦਾ ਕੰਮ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨਾ ਹੈ ਨਾ ਕਿ ਸਿਆਸਤ ਕਰਨਾ। ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਵਿਦਿਆਰਥੀ ਬਾਲਗ਼ ਹੁੰਦੇ ਹਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਹੈ। ਇਸ ਤਰ੍ਹਾਂ ਉਹ ਦੇਸ਼ ਦੀ ਸਿਆਸਤ ਵਿਚ ਪਹਿਲਾਂ ਹੀ ਹਿੱਸਾ ਲੈ ਰਹੇ ਹੁੰਦੇ ਹਨ। ਏਥੇ ਇਹ ਸਮਝਣ ਦੀ ਜ਼ਰੂਰਤ ਵੀ ਹੈ ਕਿ ਸਿਆਸਤ ਸਾਡੀ ਜ਼ਿੰਦਗੀ ਦੇ ਹਰ ਪੱਖ ਨਾਲ ਜੁੜੀ ਹੁੰਦੀ ਹੈ। ਦੁਨੀਆਂ ਦੀਆਂ ਸਾਰੀਆਂ ਵੱਡੀਆਂ ਤੇ ਪ੍ਰਭਾਵਸ਼ਾਲੀ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਯੂਨੀਅਨਾਂ ਹਨ ਅਤੇ ਵਿਦਿਆਰਥੀ ਯੂਨੀਅਨਾਂ ਚੋਣਾਂ ਦੀ ਪ੍ਰਕਿਰਿਆ ਵਿਚ ਹਿੱਸਾ ਲੈ ਕੇ ਜਮਹੂਰੀ ਤਜਰਬਾ ਪ੍ਰਾਪਤ ਕਰਦੇ ਹਨ। ਆਕਸਫੋਰਡ ਯੂਨੀਵਰਸਿਟੀ ਵਿਚ ਸਟੂਡੈਂਟ ਯੂਨੀਅਨ ਨਾ ਸਿਰਫ਼ ਵਿਦਿਆਰਥੀਆਂ ਸਬੰਧਿਤ ਵਿਸ਼ਿਆਂ ਬਾਰੇ ਹੀ ਆਪਣੇ ਵਿਚਾਰ ਪ੍ਰਗਟਾਉਂਦੀ ਹੈ ਸਗੋਂ ਦੁਨੀਆ ਤੇ ਦੇਸ਼ ਨਾਲ ਸਬੰਧਿਤ ਵਿਸ਼ਿਆਂ ਬਾਰੇ ਵਿਚਾਰ ਲੋਕਾਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕਰਦੀ ਹੈ। ਸਵਾਲ ਹੈ ਕਿ ਰਾਜਸੀ ਆਗੂ ਵਿਦਿਆਰਥੀ ਯੂਨੀਅਨਾਂ ਦਾ ਵਿਰੋਧ ਕਿਉਂ ਕਰਦੇ ਹਨ? ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀ ਯੂਨੀਅਨ ਚੋਣਾਂ ਵਿਚ ਪੈਸੇ ਤੇ ਗੁੰਡਾਗਰਦੀ ਦਾ ਪ੍ਰਭਾਵ ਵਧਿਆ ਹੈ। ਇਸ ’ਤੇ ਰੋਕ ਲੱਗਣੀ ਚਾਹੀਦੀ ਹੈ ਪਰ ਸਿਆਸੀ ਆਗੂ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਦਾ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਵਿਦਿਆਰਥੀਆਂ ਵਿਚ ਪਨਪਣ ਵਾਲੀ ਜਮਹੂਰੀਅਤ ਦੀ ਭਾਵਨਾ ਉਨ੍ਹਾਂ ਦੀ ਸਿਆਸੀ ਤਾਕਤ ਨਾਲ ਟੱਕਰ ਲੈਣ ਵਾਲੀ ਧਿਰ ਵਜੋਂ ਉੱਭਰ ਸਕਦੀ ਹੈ; ਵਿਦਿਆਰਥੀ ਸਿਆਸਤ ਸਮਾਜ ਸਾਹਮਣੇ ਨਵੇਂ ਵਿਚਾਰ ਤੇ ਬਦਲ ਪੇਸ਼ ਕਰ ਸਕਦੀ ਹੈ। ਸੱਤਾ ਵਿਚ ਬੈਠੇ ਵਿਅਕਤੀ ਨਵੇਂ ਵਿਚਾਰਾਂ ਤੇ ਬਦਲਾਂ ਦੇ ਵਿਰੋਧੀ ਹੁੰਦੇ ਹਨ। ਯੂਨੀਅਨਾਂ ਦੀ ਚੋਣਾਂ ਦੌਰਾਨ ਅਪਣਾਈ ਜਾਂਦੀ ਜਮਹੂਰੀ ਪ੍ਰਕਿਰਿਆ ਵਿਦਿਆਰਥੀਆਂ ਵਿਚ ਵਿਸ਼ਵਾਸ ਜਗਾਉਂਦੀ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਬਾਰੇ ਬੋਲਣ ਲਈ ਉਤਸ਼ਾਹਿਤ ਕਰਦੀ ਹੈ। ਵਿਦਿਆਰਥੀਆਂ ਵਿਚ ਸਵੈਮਾਣ ਤੇ ਸਵੈਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਹ ਹੀਣਭਾਵਨਾ ਤੋਂ ਮੁਕਤ ਹੁੰਦੇ ਹਨ। ਅਜਿਹੇ ਵਿਦਿਆਰਥੀ ਹੀ ਚੰਗੇ ਸ਼ਹਿਰੀ ਤੇ ਚੰਗੇ ਆਗੂ ਬਣ ਸਕਦੇ ਹਨ। ਸਾਰੀ ਦੁਨੀਆ ਵਿਚ ਵਿਦਿਆਰਥੀਆਂ ਵੱਲੋਂ ਯੂਨੀਅਨਾਂ ਦੀ ਸਿਆਸਤ ਨੂੰ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਚੋਣਾਂ ਰਾਹੀਂ ਹੀ ਦੇਸ਼ ਨੂੰ ਵਧੀਆ ਆਗੂ ਮਿਲਦੇ ਹਨ। ਵਿਦਿਆਰਥੀ ਸਿਆਸਤ ਤੋਂ ਦੇਸ਼ ਦੀ ਸਿਆਸਤ ਤਕ ਜਾਣ ਦੀ ਪ੍ਰਕਿਰਿਆ ਨੂੰ ਰਾਜਨੀਤੀ ਸਾਸ਼ਤਰ ਵਿਚ ਸਿਆਸੀ ਰਿਕਰਿਊਟਮੈਂਟ (Political recruitment) ਦਾ ਨਾਂ ਦਿੱਤਾ ਜਾਂਦਾ ਹੈ। ਵਿਦਿਆਰਥੀ ਸਮਾਜ ਦਾ ਹਿੱਸਾ ਹਨ। ਵਿਦਿਆਰਥੀ ਯੂਨੀਅਨਾਂ ਵਾਲੀ ਜਮਹੂਰੀ ਪ੍ਰਕਿਰਿਆ ਉਨ੍ਹਾਂ ਲਈ ਓਨੀ ਹੀ ਲੋੜੀਂਦੀ ਹੈ ਜਿੰਨੀ ਸਮਾਜ ਲਈ ਵੱਖ ਵੱਖ ਚੋਣਾਂ ਦੀ ਜਮਹੂਰੀ ਪ੍ਰਕਿਰਿਆ। ਜ਼ਰੂਰੀ ਇਹ ਹੈ ਕਿ ਵਿਦਿਆਰਥੀ ਯੂਨੀਅਨਾਂ ਦੇ ਜਮਹੂਰੀ ਕਿਰਦਾਰ ਨੂੰ ਕਾਇਮ ਰੱਖਿਆ ਜਾਏ। ਵਿਦਿਆਰਥੀਆਂ ਨੂੰ ਯੂਨੀਅਨਾਂ ਦੀ ਸਿਆਸਤ ਤੋਂ ਲਾਂਭੇ ਕਰਨਾ, ਉਨ੍ਹਾਂ ਨੂੰ ਨਿਤਾਣੇ ਤੇ ਬੌਣੇ ਬਣਾਉਣਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All