ਵਿਦਿਆਰਥੀ ਚੋਣਾਂ ਦਾ ਨਵਾਂ ਅਧਿਆਇ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨਾਲ ਇਤਿਹਾਸ ਰਚਿਆ ਗਿਆ ਹੈ। ਐੱਸਐੱਫਐੱਸ (ਸਟੂਡੈਂਟਸ ਫਾਰ ਸੁਸਾਇਟੀ) ਦੀ ਉਮੀਦਵਾਰ ਕਨੂਪ੍ਰਿਯਾ ਦੀ ਪ੍ਰਧਾਨਗੀ ਦੇ ਅਹੁਦੇ ਲਈ ਜਿੱਤ ਨਾਲ ਮੁੱਦਿਆਂ ਉੱਤੇ ਆਧਾਰਿਤ ਵਿਦਿਆਰਥੀ ਸਿਆਸਤ ‘ਤੇ ਤਾਂ ਮੋਹਰ ਲੱਗੀ ਹੀ ਹੈ, ਕੌਂਸਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕੋਈ ਵਿਦਿਆਰਥਣ ਪ੍ਰਧਾਨ ਬਣੀ ਹੋਵੇ। ਯੂਨੀਵਰਸਿਟੀ ਵਿਚ ਕੁੜੀਆਂ ਦੀ ਗਿਣਤੀ ਭਾਵੇਂ 60 ਫ਼ੀਸਦ ਤੋਂ ਉਪਰ ਹੈ ਪਰ ਕੋਈ ਵੀ ਵਿਦਿਆਰਥੀ ਧਿਰ ਇਸ ਅਹੁਦੇ ਲਈ ਕੁੜੀ ਨੂੰ ਉਮੀਦਵਾਰ ਬਣਾਉਣ ਬਾਰੇ ਸੁਫ਼ਨਾ ਵੀ ਨਾ ਲੈ ਸਕੀ। ਇਹ ਸਿਰਫ ਐੱਸਐੱਫਐੱਸ ਦੀ ਖਰੀ ਸਿਆਸਤ ਦਾ ਤਕਾਜ਼ਾ ਸੀ ਕਿ ਇਹ ਮੁਕਾਮ ਹਾਸਲ ਹੋ ਸਕਿਆ ਹੈ। ਇਸ ਜਥੇਬੰਦੀ ਨੇ ਅਸਲ ਵਿਚ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿਚ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ। ਇਨ੍ਹਾਂ ਵਿਚ ਚੋਣਾਂ ਨੂੰ ਬਾਹੂਬਲ ਅਤੇ ਪੈਸੇ ਵਾਲੀ ਦਲਦਲ ਵਿਚੋਂ ਕੱਢ ਕੇ ਨਿਰੋਲ ਮੁੱਦਿਆਂ ਉੱਤੇ ਲੈ ਕੇ ਆਉਣਾ ਸਭ ਤੋਂ ਅਹਿਮ ਹੈ। ਕਨੂਪ੍ਰਿਯਾ ਦੀ ਇਹ ਜਿੱਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਨੇ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ, ਜਿਹੜੀਆਂ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣ ਲਈ ਪੱਬਾਂ ਭਾਰ ਰਹਿੰਦੀਆਂ ਹਨ, ਦੇ ਵਿਦਿਆਰਥੀ ਵਿੰਗਾਂ ਨੂੰ ਪਛਾੜਿਆ ਹੈ। ਐੱਸਐੱਫਐੱਸ ਦੀ ਚੋਣ ਮੁਹਿੰਮ ਦਾ ਇਕ ਹੋਰ ਅਹਿਮ ਪਹਿਲੂ ਇਹ ਵੀ ਰਿਹਾ ਕਿ ਇਸ ਨੇ ਵਿਦਿਆਰਥੀਆਂ ਨੂੰ ਪਹਾੜੀ ਸੈਰ-ਸਪਾਟੇ ਕਰਵਾਉਣ, ਮੁਫ਼ਤ ਖਾਣਾ ਖੁਆਉਣ, ਫਿਲਮਾਂ ਦਿਖਾਉਣ ਅਤੇ ਇਸ ਤਰ੍ਹਾਂ ਦੇ ਹੋਰ ਲੁਭਾਊ ਲਾਲਚਾਂ ਦਾ ਭੋਗ ਪਾ ਦਿੱਤਾ। ਕਨੂਪ੍ਰਿਯਾ ਅਤੇ ਉਸ ਦੇ ਸਾਥੀਆਂ ਦਾ ਇਹ ਜ਼ੋਰ-ਏ-ਸਿਆਸਤ ਹੀ ਮੰਨਿਆ ਜਾਣਾ ਚਾਹੀਦਾ ਹੈ ਕਿ ਐਤਕੀਂ ਕਿਸੇ ਵੀ ਧਿਰ ਨੇ ਚੋਣਾਂ ਤੋਂ ਐਨ ਪਹਿਲਾਂ ਕੀਤੀ ਜਾਂਦੀ ਰਵਾਇਤੀ ਰੈਲੀ ਕਰਨ ਦਾ ਜਿਗਰਾ ਵੀ ਨਹੀਂ ਦਿਖਾਇਆ। ਦਰਅਸਲ, ਐੱਸਐੱਫਐੱਸ ਨੇ ਵੱਖ ਵੱਖ ਵਿਭਾਗਾਂ ਅਤੇ ਹੋਸਟਲਾਂ ਵਿਚ ਜਾ ਕੇ ਇਕੱਲੇ ਇਕੱਲੇ ਵੋਟਰ ਨੂੰ ਮਿਲਣ ਲਈ ਅਜਿਹੀ ਸਾਦਾ, ਪਰ ਅਸਰਦਾਰ ਮੁਹਿੰਮ ਚਲਾਈ ਕਿ ਬਾਕੀਆਂ ਨੂੰ ਰੀਸ ਕਰਨੀ ਪੈ ਗਈ। ਪਿਛਲੇ ਕੁਝ ਸਮੇਂ ਦੌਰਾਨ ਮੁਲਕ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿਖਿਆ ਨਾਲ ਸਬੰਧਤ ਹੋਰ ਅਦਾਰਿਆਂ ਦਾ ਮਿਥ ਕੇ ਭਗਵਾਕਰਨ ਕੀਤਾ ਜਾ ਰਿਹਾ ਹੈ। ਅਜਿਹੇ ਦੌਰ ਵਿਚ ਐੱਸਐੱਫਐੱਸ ਵਰਗੀ ਖੱਬੇ ਪੱਖ ਵਾਲੀ ਜਥੇਬੰਦੀ ਦੀ ਉਮੀਦਵਾਰ ਦਾ ਦੇਸ-ਦੁਨੀਆਂ ਅਤੇ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਸਰਗਰਮੀ ਕਰਨਾ, ਚੋਣ ਲੜਨਾ ਅਤੇ ਫਿਰ ਜਿੱਤਣ ਦੇ ਵੱਡੇ ਅਰਥ ਹਨ। ਇਸ ਜਥੇਬੰਦੀ ਨੇ ਯੂਨੀਵਰਸਿਟੀ ਵਿਚ ਆਪਣੀ ਸ਼ੁਰੂਆਤ ਵਿਚਾਰ-ਵਟਾਂਦਰੇ ਵਾਲੇ ਗਰੁੱਪ ਤੋਂ ਕੀਤੀ ਸੀ। 2010 ਵਿਚ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਇਸ ਗਰੁੱਪ ਨੇ ਆਉਣ ਵਾਲੇ ਵਕਤ ਦੌਰਾਨ ਕੈਂਪਸ ਦੀ ਵਿਦਿਆਰਥੀ ਸਿਆਸਤ ਵਿਚ ਇੰਨੀ ਵੱਡੀ ਸਿਫ਼ਤੀ ਤਬਦੀਲੀ ਦਾ ਜ਼ਰੀਆ ਬਣਨਾ ਹੈ। ਉਂਜ ਇਸ ਵੇਲੇ ਕਨੂਪ੍ਰਿਯਾ ਲਈ ਇਹ ਵੰਗਾਰ ਵਾਲਾ ਵਕਤ ਵੀ ਹੈ। ਉਸ ਨੇ ਵਿਦਿਆਰਥੀ ਕੌਂਸਲ ਵਿਚ ਉਨ੍ਹਾਂ ਨੁਮਾਇੰਦਿਆਂ ਨਾਲ ਸੰਤੁਲਨ ਬਣਾ ਕੇ ਚੱਲਣਾ ਹੈ ਜਿਨ੍ਹਾਂ ਦਾ ਐੱਸਐੱਫਐੱਸ ਦੀ ਖੜਕਵੀਂ ਸਿਆਸਤ ਨਾਲ ਪੇਚਾ ਪੈਂਦਾ ਰਿਹਾ ਹੈ। ਵਡੇਰੇ ਪ੍ਰਸੰਗ ਵਿਚ ਵਿਚਾਰਿਆ ਜਾਵੇ ਤਾਂ ਇਨ੍ਹਾਂ ਚੋਣ ਨਤੀਜਿਆਂ ਦੇ ਅਰਥ ਬਹੁਤ ਗਹਿਰੇ ਹਨ ਅਤੇ ਪੰਜਾਬ ਯੂਨੀਵਰਿਸਟੀ ਦੀ ਵਿਦਿਆਰਥੀ ਸਿਆਸਤ ਉੱਤੇ ਹੀ ਨਹੀਂ, ਸਮੁੱਚੀ ਸਿਆਸਤ ਉੱਤੇ ਵੀ ਇਸ ਦੇ ਅਸਰਅੰਦਾਜ਼ ਹੋਣ ਦੀਆਂ ਕਿਆਸਆਰਾਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All