ਲੋਕ ਸਭਾ ਚੋਣਾਂ ਕਾਂਗਰਸ ਲਈ ਵੱਡੀ ਵੰਗਾਰ

ਲੋਕ ਸਭਾ ਚੋਣਾਂ ਕਾਂਗਰਸ ਲਈ ਵੱਡੀ ਵੰਗਾਰ

ਸੰਜੀਵ ਪਾਂਡੇ

ਕਾਂਗਰਸ ਦੀ ਪ੍ਰਚਾਰ ਮੁਹਿੰਮ ਖ਼ਾਸੀ ਹਮਲਾਵਰ ਹੋ ਗਈ ਹੈ। ਕਾਂਗਰਸੀ ਵਰਕਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਦੀ ਉਮੀਦ ਨਾਲ ਕਾਫ਼ੀ ਉਤਸ਼ਾਹਿਤ ਹਨ। ਜ਼ਮੀਨੀ ਹਕੀਕਤ ਇਹ ਹੈ ਕਿ 2014 ਵਾਂਗ ਇਸ ਵਾਰ ਭਾਜਪਾ ਦੇ ਹੱਕ ਵਿਚ ਕੋਈ ਲਹਿਰ ਨਹੀਂ ਹੈ ਪਰ ਕਾਂਗਰਸ ਇਸ ਦਾ ਕਿੰਨਾ ਕੁ ਫ਼ਾਇਦਾ ਉਠਾਵੇਗੀ, ਇਹ ਤੈਅ ਨਹੀਂ ਹੈ। ਇਉਂ ਇਕ ਵਾਰੀ ਸਾਰੀ ਖੇਡ ਫਿਰ ਖੇਤਰੀ ਪਾਰਟੀਆਂ ਦੇ ਹੱਥ ਜਾਂਦੀ ਦਿਖਾਈ ਦੇ ਰਹੀ ਹੈ। ਕਾਂਗਰਸ ਦੀ ਚਿੰਤਾ ਇਹ ਹੈ ਕਿ ਮੁਲਕ ਦੇ ਕਈ ਅਹਿਮ ਸੂਬਿਆਂ ਵਿਚ ਇਹ ਹਾਲੇ ਤੱਕ ਲੜਾਈ ਤੋਂ ਹੀ ਬਾਹਰ ਹੈ। ਇਸ ਲਈ ਇਹ ਵੀ ਫ਼ਿਕਰ ਦੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਰੀਬ 250 ਸੀਟਾਂ ‘ਤੇ ਮੁਕਾਬਲੇ ਵਿਚ ਹੀ ਨਹੀਂ ਹੈ। ਦੇਸ਼ ਦੇ ਜਿਨ੍ਹਾਂ ਵੱਡੇ ਸੂਬਿਆਂ ਵਿਚ ਲੋਕ ਸਭਾ ਦੀਆਂ ਜ਼ਿਆਦਾ ਸੀਟਾਂ ਹਨ, ਉਥੇ ਕਾਂਗਰਸ ਜਾਂ ਤਾਂ ਮੁਕਾਬਲੇ ਵਿਚ ਨਹੀਂ ਹੈ, ਜੇ ਹੈ ਵੀ ਤਾਂ ਸਹਿਯੋਗੀ ਪਾਰਟੀਆਂ ਸਹਾਰੇ। ਇਸ ਦਾ ਮਤਲਬ ਸਾਫ਼ ਹੈ। ਲਟਕਵੀਂ ਲੋਕ ਸਭਾ ਆਉਣ ‘ਤੇ ਕਾਂਗਰਸ ਨੂੰ ਨਵੇਂ ਸਾਥੀ ਲੱਭਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ। ਕਾਂਗਰਸ ਭਾਵੇਂ ਕਈ ਪਾਰਟੀਆਂ ਦੇ ਗੱਠਜੋੜ ਨਾਲ ਮੈਦਾਨ ਵਿਚ ਉਤਰ ਰਹੀ ਹੈ ਪਰ ਇਨ੍ਹਾਂ ਗੱਠਜੋੜ ਭਾਈਵਾਲਾਂ ਦੀ ਹਾਲਤ ਅਜਿਹੀ ਨਹੀਂ ਕਿ ਉਹ ਕਾਂਗਰਸ ਨੂੰ ਦਿੱਲੀ ਦੇ ਤਖ਼ਤ ‘ਤੇ ਬਿਠਾ ਸਕਣ। ਕਾਂਗਰਸ ਦੇਸ਼ ਦੇ ਹਿੰਦੀ ਖ਼ਿੱਤੇ ਦੇ ਕੁਝ ਸੂਬਿਆਂ ਅਤੇ ਦਿੱਲੀ ਤੋਂ ਉਤਰ ਵੱਲ ਦੇ ਕੁਝ ਰਾਜਾਂ ਵਿਚ ਭਾਜਪਾ ਨਾਲ ਸਿੱਧਾ ਮੁਕਾਬਲਾ ਕਰ ਰਹੀ ਹੈ ਪਰ ਹਿੰਦੀ ਖਿੱਤੇ ਦੇ ਦੋ ਵੱਡੇ ਰਾਜਾਂ ਬਿਹਾਰ ਤੇ ਯੂਪੀ ਵਿਚ ਇਹ ਮੁੱਖ ਮੁਕਾਬਲੇ ਤੋਂ ਬਾਹਰ ਹੈ। ਇਨ੍ਹਾਂ ਰਾਜਾਂ ‘ਚ ਲੋਕ ਸਭਾ ਦੀਆਂ 120 ਸੀਟਾਂ ਹਨ। ਯੂਪੀ ਦੀਆਂ 80 ਸੀਟਾਂ ਉਤੇ ਮੁੱਖ ਮੁਕਾਬਲਾ ਭਾਜਪਾ ਗੱਠਜੋੜ ਅਤੇ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਰਾਸ਼ਟਰੀ ਲੋਕ ਦਲ ਗੱਠਜੋੜ ਦਰਮਿਆਨ ਹੈ। ਬਿਹਾਰ ਵਿਚ ਕਾਂਗਰਸ ਬਾਕੀ ਭਾਈਵਾਲਾਂ ਦੇ ਮੁਕਾਬਲੇ ਛੋਟੀ ਭੂਮਿਕਾ ਵਿਚ ਹੈ ਅਤੇ ਰਾਸ਼ਟਰੀ ਜਨਤਾ ਦਲ ਦੇ ਸਹਾਰਾ ਚੋਣ ਮੈਦਾਨ ਵਿਚ ਹੈ। ਉਥੇ ਵੀ ਇਸ ਦਾ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨਾਲ ਹੈ। ਬਿਹਾਰ ਵਿਚ ਕਾਂਗਰਸ ਨੂੰ ਲੜਨ ਲਈ 10-11 ਸੀਟਾਂ ਮਿਲ ਸਕਦੀਆਂ ਹਨ। ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿਚ ਵੀ ਇਹ ਸੀਮਤ ਭੂਮਿਕਾ ਵਿਚ ਹੈ। ਤਾਮਿਲਨਾਡੂ ਵਿਚ ਵੀ ਕਾਂਗਰਸ ਡੀਐੱਮਕੇ ਸਹਾਰੇ ਚੋਣ ਲੜ ਰਹੀ ਹੈ, ਜਿਥੇ ਉਸ ਨੂੰ 39 ਵਿਚੋਂ 9 ਸੀਟਾਂ ਮਿਲੀਆਂ ਹਨ। ਇਹ ਤੈਅ ਹੈ ਕਿ ਦੇਸ਼ ਕਾਂਗਰਸ ਮੁਕਤ ਨਹੀਂ ਹੋਵੇਗਾ ਜਿਸ ਦੇ ਦਾਅਵੇ ਪਿਛਲੇ ਪੰਜ ਵਰ੍ਹਿਆਂ ਤੋਂ ਭਾਜਪਾ ਕਰਦੀ ਰਹੀ ਹੈ। ਵੱਡੇ ਸੂਬਿਆਂ ਵਿਚ ਪੈਰ ਉੱਖੜਨ ਦੇ ਬਾਵਜੂਦ ਕਾਂਗਰਸ ਹਿੰਦੀ ਖਿੱਤੇ ਦੇ ਕਈ ਰਾਜਾਂ ਅਤੇ ਤਿੰਨ ਗ਼ੈਰ ਹਿੰਦੀ ਸੂਬਿਆਂ ਵਿਚ ਕੇਂਦਰ ਦੀ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਤਕੜੀ ਚੁਣੌਤੀ ਦੇ ਰਹੀ ਹੈ। ਕਾਂਗਰਸ ਕਰੀਬ 260 ਸੀਟਾਂ ਉਤੇ ਸਿੱਧੇ ਤੌਰ ‘ਤੇ ਜਾਂ ਗੱਠਜੋੜਾਂ ਰਾਹੀਂ ਲੜਾਈ ਵਿਚ ਹੈ। ਇਨ੍ਹਾਂ 260 ਵਿਚੋਂ ਕੇਰਲ ਤੇ ਤਿਲੰਗਾਨਾ ਦੀਆਂ ਸੀਟਾਂ ਛੱਡ ਦੇਈਏ ਤਾਂ 2014 ਦੀਆਂ ਆਮ ਚੋਣਾਂ ਦੌਰਾਨ ਇਨ੍ਹਾਂ ਵਿਚੋਂ ਬਹੁਤੀਆਂ ਭਾਜਪਾ ਨੇ ਜਿੱਤੀਆਂ ਸਨ। ਕਾਂਗਰਸ ਨੂੰ ਉਮੀਦ ਹੈ ਕਿ ਉਹ ਭਾਜਪਾ ਦੀ ਕਾਮਯਾਬੀ ਦੀ ਇਸ ਦਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਲਵੇਗੀ। ਇਸ ਦੀ ਫ਼ਿਕਰ ਭਾਜਪਾ ਕੈਂਪ ਵਿਚ ਵੀ ਹੈ। ਖ਼ਾਸਕਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਹਾਲੀਆ ਵਿਧਾਨ ਸਭਾਈ ਚੋਣਾਂ ਦੌਰਾਨ ਹੋਈ ਹਾਰ ਤੋਂ ਬਾਅਦ ਭਾਜਪਾ ਦੀ ਇਹ ਘਬਰਾਹਟ ਵਧੀ ਹੈ। ਇਸੇ ਚਿੰਤਾ ਦਾ ਸਿੱਟਾ ਹੈ ਕਿ ਭਾਜਪਾ ਆਗੂਆਂ ਦੀ ਜ਼ੁਬਾਨ ਕਈ ਵਾਰ ਫਿਸਲੀ ਹੈ। ਕੁਝ ਹਿੰਦੀ ਭਾਸ਼ੀ ਸੂਬੇ ਕਾਂਗਰਸ ਲਈ ਰਾਹਤ ਦੀ ਖ਼ਬਰ ਲਿਆ ਸਕਦੇ ਹਨ। ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਅਸਾਮ ਤੇ ਛੱਤੀਸਗੜ੍ਹ ਵਰਗੇ ਸੂਬਿਆਂ ਵਿਚ ਐੱਨਡੀਏ ਨੂੰ ਕਾਂਗਰਸ ਸਿੱਧੀ ਟੱਕਰ ਦੇ ਰਹੀ ਹੈ। ਕਰਨਾਟਕ, ਮਹਾਰਾਸ਼ਟਰ ਤੇ ਝਾਰਖੰਡ ਵਿਚ ਇਹ ਗੱਠਜੋੜਾਂ ਰਾਹੀਂ ਐੱਨਡੀਏ ਦੇ ਮੁਕਾਬਲੇ ਵਿਚ ਹੈ। ਕੇਰਲ ਵਿਚ ਕਾਂਗਰਸ ਦੀ ਖੱਬੇਪੱਖੀਆਂ ਦੀ ਸਿੱਧੀ ਟੱਕਰ ਹੈ। ਝਾਰਖੰਡ ਵਿਚ ਇਸ ਦਾ ਝਾਰਖੰਡ ਮੁਕਤੀ ਮੋਰਚਾ ਨਾਲ ਗੱਠਜੋੜ ਹੈ। ਯਕੀਨਨ ਕਾਂਗਰਸ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਵਧੀਆ ਨਤੀਜਿਆਂ ਦੀ ਉਮੀਦ ਹੈ। ਇਸ ਦੇ ਵਾਜਬ ਕਾਰਨ ਵੀ ਹਨ। ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਭਾਜਪਾ ਤੋਂ ਸੱਤਾ ਖੋਹੀ ਹੈ। ਇਨ੍ਹਾਂ ਸੂਬਿਆਂ ਵਿਚ 65 ਲੋਕ ਸਭਾ ਸੀਟਾਂ ਹਨ ਜਿਨ੍ਹਾਂ ‘ਚੋਂ ਪਿਛਲੀ ਵਾਰ 62 ਭਾਜਪਾ ਨੇ ਜਿੱਤੀਆਂ ਸਨ। ਇਨ੍ਹਾਂ ਸੂਬਿਆਂ ਵਿਚ ਸੱਤਾ ਸੰਭਾਲਦਿਆਂ ਹੀ ਕਾਂਗਰਸ ਸਰਕਾਰਾਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧੀਆ ਫ਼ੈਸਲੇ ਕੀਤੇ। ਛੱਤੀਸਗੜ੍ਹ ਸਰਕਾਰ ਨੇ ਝੋਨੇ ਦੀ ਖ਼ਰੀਦ ‘ਤੇ 750 ਰੁਪਏ ਬੋਨਸ ਦੇ ਕੇ ਭਾਜਪਾ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਕਿਸਾਨਾਂ ਦੀ ਕਰਜ਼ ਮੁਆਫ਼ੀ ਲਈ ਵੀ ਕਦਮ ਪੁੱਟੇ ਜਿਸ ਤੋਂ ਭਾਜਪਾ ਦੀ ਪ੍ਰੇਸ਼ਾਨੀ ਵਧੀ ਹੈ। ਇਨ੍ਹਾਂ ਫ਼ੈਸਲਿਆਂ ਦੇ ਦਮ ‘ਤੇ ਕਾਂਗਰਸ ਨੂੰ ਇਨ੍ਹਾਂ ਸੂਬਿਆਂ ਦੀਆਂ ਅੱਧੀਆਂ ਸੀਟਾਂ ਭਾਜਪਾ ਤੋਂ ਖੋਹ ਲੈਣ ਦੀ ਉਮੀਦ ਹੈ। ਕਾਂਗਰਸ ਲਈ ਸਭ ਤੋਂ ਅਹਿਮ ਸੂਬੇ ਮਹਾਰਾਸ਼ਟਰ ਤੇ ਕਾਰਨਾਟਕ ਹਨ। ਮਹਾਰਾਸ਼ਟਰ ਵਿਚ 48 ਅਤੇ ਕਰਨਾਟਕ ਵਿਚ 28 ਸੀਟਾਂ ਹਨ। ਮਹਾਰਾਸ਼ਟਰ ਵਿਚ 2014 ’ਚ ਕਾਂਗਰਸ ਨੂੰ ਐੱਨਸੀਪੀ ਨਾਲ ਗੱਠਜੋੜ ‘ਚ ਮਹਿਜ਼ ਛੇ ਸੀਟਾਂ ਮਿਲੀਆਂ ਸਨ। ਭਾਜਪਾ-ਸ਼ਿਵ ਸੈਨਾ ਗੱਠਜੋੜ ਨੇ 41 ਸੀਟਾਂ ਜਿੱਤੀਆਂ ਸਨ। ਕਰਨਾਟਕ ਦੀਆਂ 28 ‘ਚੋਂ 17 ਸੀਟਾਂ ਭਾਜਪਾ ਨੇ ਜਿੱਤੀਆਂ ਸਨ ਤੇ 9 ਕਾਂਗਰਸ ਦੀ ਝੋਲੀ ਪਈਆਂ ਸਨ। ਇਨ੍ਹਾਂ ਦੋਹਾਂ ਸੂਬਿਆਂ ਵਿਚ ਕਾਂਗਰਸ ਨੂੰ ਐੱਨਸੀਪੀ ਤੇ ਜਨਤਾ ਦਲ (ਐੱਸ) ਦੀ ਮਦਦ ਨਾਲ ਵਧੀਆ ਕਾਰਗੁਜ਼ਾਰੀ ਦੀ ਆਸ ਹੈ। ਕਾਂਗਰਸ ਨੂੰ ਕੇਰਲ ਤੇ ਅਸਾਮ ਵਿਚ ਵੀ ਪਿਛਲੀ ਵਾਰ ਨਾਲੋਂ ਆਪਣੀ ਕਾਰਗੁਜ਼ਾਰੀ ਸੁਧਰਨ ਦੀ ਆਸ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ ‘ਤੇ ਕਈ ਜ਼ਾਤੀ ਹਮਲੇ ਕੀਤੇ ਹਨ। ਇਸ ਦੇ ਕਈ ਕਾਰਨ ਹਨ। ਕਾਂਗਰਸੀ ਰਣਨੀਤੀ ਘਾੜੇ ਮੁਤਾਬਕ ਰਾਹੁਲ ਗਾਂਧੀ ਨੂੰ ਪਤਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਐੱਨਡੀਏ ਸਰਕਾਰ ਦੇ ਕੰਮ-ਕਾਜ ਨੂੰ ਦੇਖਦਿਆਂ ਉਨ੍ਹਾਂ ਕੋਲ ਮੋਦੀ ਸਰਕਾਰ ਖ਼ਿਲਾਫ਼ ਬੋਲਣ ਲਈ ਕਾਫ਼ੀ ਕੁਝ ਹੈ। ਜਨਤਾ ਹੁਣ ਕਾਂਗਰਸ ਦੇ ਤਰਕਾਂ ਨਾਲ ਸਹਿਮਤ ਵੀ ਹੋ ਰਹੀ ਹੈ ਜਿਸ ਦਾ ਅਸਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਦੇਖਣ ਨੂੰ ਮਿਲਿਆ। ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਦੀ ਭਾਜਪਾ ਸਰਕਾਰ ਕਾਫ਼ੀ ਹਰਮਨਪਿਆਰੀ ਸੀ ਪਰ ਉਸ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਖਮਿਆਜ਼ਾ ਭੁਗਤਣਾ ਪਿਆ। ਖੇਤੀ ਖੇਤਰ ਦੇ ਮੰਦੜੇ ਹਾਲ, ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦੇ ਉਤੇ ਭਾਜਪਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਹੋ ਕਾਰਨ ਹੈ ਕਿ ਹੁਣ ਭਾਜਪਾ 2014 ‘ਚ ਕੀਤੇ ਵਾਅਦਿਆਂ ਦਾ ਨਾਂ ਵੀ ਨਹੀਂ ਲੈ ਰਹੀ। ਉਹ ਮਹਿਜ਼ ਪਾਕਿਸਤਾਨ ਖ਼ਿਲਾਫ਼ ਦੋ ਸਰਜੀਕਲ ਸਟਰਾਈਕਾਂ ਨੂੰ ਮੁੱਦਾ ਬਣਾ ਕੇ ਲਾਹਾ ਲੈਣਾ ਚਾਹੁੰਦੀ ਹੈ। ਤਿੰਨ ਰਾਜਾਂ ਦੀ ਹਾਰ ਬਾਅਦ ਭਾਜਪਾ ਨੇ ਮਹਿਸੂਸ ਕੀਤਾ ਕਿ ਕਾਂਗਰਸ ਨੇ ਕਿਸਾਨ, ਕਬਾਇਲੀ ਤੇ ਦਲਿਤ ਮੁੱਦਿਆਂ ਉਤੇ ਉਸ ਨੂੰ ਬੁਰੀ ਤਰ੍ਹਾਂ ਘੇਰਿਆ ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਭਾਜਪਾ ਦੇ ਰਣਨੀਤੀ ਘਾੜੇ ਇਹ ਵੀ ਸਮਝ ਗਏ ਕਿ ਭਾਜਪਾ ਨੂੰ ਸਰਮਾਏਦਾਰਾਂ ਪੱਖੀ ਅਤੇ ਗ਼ਰੀਬ ਤੇ ਕਿਸਾਨ ਵਿਰੋਧੀ ਪਾਰਟੀ ਸਾਬਤ ਕਰਨ ਵਿਚ ਵੀ ਕਾਂਗਰਸ ਸਫਲ ਰਹੀ। ਤਿੰਨ ਸੂਬਿਆਂ ਵਿਚਲੀ ਹਾਰ ਦਾ ਹੀ ਸਿੱਟਾ ਸੀ ਕਿ ਕੇਂਦਰੀ ਨੇ ਬਜਟ ਵਿਚ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਸਹਾਇਤਾ ਦਾ ਫ਼ੈਸਲਾ ਕੀਤਾ। ਕਈ ਸੂਬਿਆਂ ਵਿਚ ਕਾਂਗਰਸ ਤੇ ਭਾਜਪਾ ਦਰਮਿਆਨ ਕਾਫ਼ੀ ਦਿਲਚਸਪ ਮੁਕਾਬਲਿਆਂ ਦੇ ਆਸਾਰ ਹਨ। ਇਕ ਵਾਰ ਮਹਿਜ਼ ਦੋ ਰਾਜਾਂ ਤੱਕ ਸੁੰਗੜਨ ਤੋਂ ਬਾਅਦ ਹੁਣ ਛੇ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ ਜਿਨ੍ਹਾਂ ਵਿਚੋਂ ਪੰਜ ਵਿਚ ਖ਼ਾਲਸ ਕਾਂਗਰਸੀ ਤੇ ਕਰਨਾਟਕ ਵਿਚ ਜਨਤਾ ਦਲ (ਐੱਸ) ਨਾਲ ਗੱਠਜੋੜ ਸਰਕਾਰ ਹੈ। ਛੇ ਸੂਬਿਆਂ ਦੀ ਸੱਤਾ ਸਦਕਾ ਕਾਂਗਰਸ ਵਸੀਲਿਆਂ ਨਾਲ ਲੈਸ ਹੋ ਕੇ ਚੋਣ ਮੈਦਾਨ ਵਿਚ ਹੈ। ਪਾਰਟੀ ਨੂੰ ਉਮੀਦ ਹੈ ਕਿ ਇਹ ਆਪਣੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਸਦਕਾ ਘੱਟੋ-ਘੱਟ ਇਨ੍ਹਾਂ ਛੇ ਸੂਬਿਆਂ ਵਿਚ ਨਤੀਜੇ ਬਦਲਣ ਵਿਚ ਕਾਮਯਾਬ ਰਹੇਗੀ ਤੇ ਇਨ੍ਹਾਂ ਸੂਬਿਆਂ ਦੀਆਂ ਅੱਧੀਆਂ ਸੀਟਾਂ ਜਿੱਤ ਕੇ ਭਾਜਪਾ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦੀ ਹੈ। ਇਸ ਨਾਲ ਦੇਸ਼ ਲਟਕਵੀਂ ਲੋਕ ਸਭਾ ਵੱਲ ਵਧੇਗਾ, ਕਿਉਂਕਿ ਯੂਪੀ ਵਿਚ ਵੀ ਭਾਜਪਾ ਨੂੰ ਸਪਾ-ਬਸਪਾ ਤੋਂ ਕਰਾਰੀ ਟੱਕਰ ਮਿਲ ਰਹੀ ਹੈ। ਕਾਂਗਰਸੀ ਹਕੂਮਤ ਵਾਲੇ ਸੂਬਿਆਂ ਵਿਚ ਹਾਰ ਦਾ ਘਾਟਾ ਪੂਰਨਾ ਭਾਜਪਾ ਲਈ ਆਸਾਨ ਨਹੀਂ ਹੋਵੇਗਾ। ਇਸ ਲਈ ਭਾਜਪਾ ਨੂੰ ਗ਼ੈਰ ਹਿੰਦੀ ਸੂਬਿਆਂ ਵਿਚੋਂ ਵੱਧ ਸੀਟਾਂ ਜਿੱਤਣੀਆਂ ਹੋਣਗੀਆਂ। ਇਹ ਗੱਲ ਭਾਜਪਾ ਜਾਣਦੀ ਹੈ। ਇਸੇ ਕਾਰਨ ਇਸ ਨੇ ਪੱਛਮੀ ਬੰਗਾਲ ਤੇ ਉੜੀਸਾ ਵਿਚ ਕਾਫ਼ੀ ਜ਼ੋਰ ਲਾਇਆ ਹੋਇਆ ਹੈ। ਭਾਜਪਾ ਨੂੰ ਇਹ ਵੀ ਪਤਾ ਹੈ ਕਿ ਮੋਦੀ ਦੇ ਜੱਦੀ ਸੂਬੇ ਗੁਜਰਾਤ ਵਿਚ ਹਾਲਾਤ 2014 ਵਾਲੇ ਨਹੀਂ ਜਿੱਥੋਂ ਪਿਛਲੀ ਵਾਰ ਇਸ ਨੇ ਸਾਰੀਆਂ 26 ਸੀਟਾਂ ਜਿੱਤੀਆਂ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਭਾਜਪਾ ਨੂੰ ਗੁਜਰਾਤ ਦੇ ਪੇਂਡੂ ਖੇਤਰਾਂ ‘ਚ ਹਰਾ ਦਿੱਤਾ ਸੀ। ਭਾਜਪਾ ਇਸ ਸੂਬੇ ਵਿਚ ਆਪਣੀ ਸੱਤਾ ਬਚਾਉਣ ‘ਚ ਤਾਂ ਕਾਮਯਾਬ ਰਹੀ ਪਰ ਉਸ ਦੀ ਜਿੱਤ ਦਾ ਫ਼ਰਕ ਕਾਫ਼ੀ ਘਟ ਗਿਆ। ਇਸ ਕਾਰਨ ਕਾਂਗਰਸ ਨੂੰ ਗੁਜਰਾਤ ਤੇ ਮਹਾਰਾਸ਼ਟਰ ਤੋਂ ਵਧੀਆ ਨਤੀਜਿਆਂ ਦੀ ਆਸ ਹੈ। ਕੁਝ ਹਿੰਦੀ ਤੇ ਗ਼ੈਰ ਹਿੰਦੀ ਸੂਬਿਆਂ ਵਿਚ ਸਿੱਧੀ ਟੱਕਰ ‘ਚ ਹੋਣ ਦੇ ਬਾਵਜੂਦ ਕਾਂਗਰਸ ਲਈ ਚੁਣੌਤੀਆਂ ਬਹੁਤ ਹਨ। ਕਾਂਗਰਸ ਲਈ ਖੇਤਰੀ ਪਾਰਟੀਆਂ ਵੱਡੀ ਸਿਰਦਰਦੀ ਹਨ। ਉਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਨੂੰ ਕੋਈ ਭਾਅ ਨਹੀਂ ਦਿੱਤਾ ਤੇ ਗੱਠਜੋੜ ਤੋਂ ਬਾਹਰ ਹੀ ਰੱਖਿਆ ਅਤੇ 10-12 ਸੀਟਾਂ ਦੇਣ ਤੋਂ ਵੀ ਨਾਂਹ ਕਰ ਦਿੱਤੀ। ਇਸੇ ਤਰ੍ਹਾਂ ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿਚ ਵੀ ਕਾਂਗਰਸ ਵਿਚੋਂ ਹੀ ਨਿਕਲੀਆਂ ਖੇਤਰੀ ਪਾਰਟੀਆਂ ਨੇ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਹੈ। ਇਸ ਤਰ੍ਹਾਂ 2014 ਦੇ ਨਤੀਜਿਆਂ ਨੂੰ ਦੇਖਦਿਆਂ ਕਾਂਗਰਸ ਨੂੰ ਹਾਲੇ ਵੀ ਬਹੁਤ ਜ਼ੋਰ ਲਾ ਕੇ ਹੀ ਕੁਝ ਪੱਲੇ ਪੈਂਦਾ ਜਾਪਦਾ ਹੈ। ਇਸ ਕਾਰਨ ਕਾਂਗਰਸ ਸਨਮਾਨਜਨਕ ਢੰਗ ਨਾਲ 125-140 ਸੀਟਾਂ ਜਿੱਤ ਕੇ ਵਿਰੋਧੀ ਗੱਠਜੋੜ ਦੀ ਅਗਵਾਈ ਕਰ ਸਕੇਗੀ ਜਾਂ ਨਹੀਂ, ਇਸ ਲਈ ਮਈ ਤੱਕ ਦੀ ਉਡੀਕ ਕਰਨੀ ਪਵੇਗੀ। ਪਿਛਲੀਆਂ ਆਮ ਚੋਣਾਂ ਵਿਚ ਕਾਂਗਰਸ ਦੀ ਮਾੜੀ ਹਾਲਤ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਜਿਥੇ ਭਾਜਪਾ ਨੂੰ ਦੇਸ਼ ਭਰ ‘ਚੋਂ 16.95 ਕਰੋੜ ਵੋਟਾਂ ਮਿਲੀਆਂ, ਉਥੇ ਕਾਂਗਰਸ ਪੱਲੇ 10.6 ਕਰੋੜ ਵੋਟਾਂ ਹੀ ਪਈਆਂ ਸਨ। ਭਾਜਪਾ ਨੇ ਦੇਸ਼ ਦੇ 14 ਰਾਜਾਂ ਵਿਚ ਕਾਂਗਰਸ ਦੀ ਕੀਮਤ ‘ਤੇ ਹੀ ਇਹ ਵੋਟਾਂ ਹਾਸਲ ਕੀਤੀਆਂ ਸਨ। ਵੱਡੀਆਂ ਖੇਤਰੀ ਪਾਰਟੀਆਂ ‘ਚੋਂ ਭਾਜਪਾ ਨੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਹੀ ਨੁਕਸਾਨ ਕੀਤਾ ਪਰ ਇਸ ਨੇ ਹਿੰਦੀ ਖਿੱਤੇ ਵਿਚ ਕਾਂਗਰਸ ਦਾ ਕੁਝ ਨਹੀਂ ਰਹਿਣ ਦਿੱਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All