ਰੰਗ-ਮੰਚ ਦੇ ਸੰਗਰਾਮੀਏ ਨੂੰ ਸਦਾ ਸਲਾਮ

ਰੰਗ-ਮੰਚ ਦੇ ਸੰਗਰਾਮੀਏ ਨੂੰ ਸਦਾ ਸਲਾਮ

ਸੰਦੀਪ ਜੋਸ਼ੀ ਸੰਦੀਪ ਜੋਸ਼ੀ

ਅਜਮੇਰ ਸਿੰਘ ਔਲਖ ਨਿਮਨ ਕਿਸਾਨੀ ਦਾ ਜੁਝਾਰੂ ਨਾਟਕਕਾਰ ਸੀ। ਉਸ ਦੇ ਤਿੰਨ ਦਰਜਨ ਤੋਂ ਵੱਧ ਨਾਟਕਾਂ ਦੀਆਂ ਸੈਂਕੜੇ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਨ੍ਹਿਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ। ਅਜੇ ਪਿਛਲੇ ਸਾਲ ਹੀ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਉਹਦਾ ਲੋਕ ਸਨਮਾਨ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਐਵਾਰਡ, ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਐਵਾਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਐਵਾਰਡ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਐਵਾਰਡ, ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਐਵਾਰਡ ਅਤੇ ਹੋਰ ਕਈ ਮਾਣ- ਸਨਮਾਨ ਮਿਲੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ  ਸਨਮਾਨਿਆ। ਪਰ ਉਹ ਸਨਮਾਨਾਂ ਤੋਂ ਉਤੇ ਸੀ। ਅਸਹਿਣਸ਼ੀਲਤਾ ਦੇ ਮੁੱਦੇ ਉਤੇ ਉਸ ਨੇ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਮੋੜ ਵੀ ਦਿੱਤਾ ਸੀ। ਉਸ ਦੇ ਨਾਟਕ ਪੰਜਾਬ ਤੇ ਹਰਿਆਣੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਤੋਂ ਲੈ ਕੇ, ਚੰਡੀਗੜ੍ਹ, ਦਿੱਲੀ, ਕੋਲਕਾਤਾ, ਮੁੰਬਈ ਅਤੇ ਅਮਰੀਕਾ /ਕੈਨੇਡਾ ਤਕ ਖੇਡੇ ਗਏ ਅਤੇ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਏ ਗਏ। ਉਨ੍ਹਾਂ ਬਾਰੇ ਅਨੇਕਾਂ ਖੋਜ ਲੇਖ ਤੇ ਖੋਜ ਪ੍ਰਬੰਧ ਲਿਖੇ ਗਏ। ਉਹ ਨਾਟਕ ਤੇ ਰੰਗ-ਮੰਚ ਦਾ ਤੁਰਿਆ ਫਿਰਦਾ ਐਨਸਾਈਕਲੋਪੀਡੀਆ ਸੀ। ਉਸ ਦੇ ਪੂਰੇ ਨਾਟਕਾਂ ਦੇ ਨਾਂ ਹਨ: ‘ਸੱਤ ਬਗਾਨੇ’, ‘ਕਿਹਰ ਸਿੰਘ ਦੀ ਮੌਤ’, ‘ਇੱਕ ਸੀ ਦਰਿਆ’, ‘ਸਲਵਾਨ’, ‘ਝਨਾਂ ਦੇ ਪਾਣੀ’, ‘ਨਿੱਕੇ ਸੂਰਜਾਂ ਦੀ ਲੜਾਈ’, ‘ਭੱਜੀਆਂ ਬਾਹਾਂ’ ਤੇ ‘ਨਿਉਂ ਜੜ੍ਹ’। ਇਕਾਂਗੀ ਨਾਟਕ ਹਨ: ‘ਬਾਲ ਨਾਥ ਦੇ ਟਿੱਲੇ ’ਤੇ’, ‘ਮਿਰਜ਼ੇ ਦੀ ਮੌਤ‘, ‘ਤੂੜੀ ਵਾਲਾ ਕੋਠਾ’, ‘ਜਦੋਂ ਬੋਹਲ ਰੋਂਦੇ ਹਨ’, ‘ਅੰਨ੍ਹੇ ਨਿਸ਼ਾਨਚੀ’, ‘ਸਿੱਧਾ ਰਾਹ ਵਿੰਗਾ ਰਾਹ’, ‘ਢਾਂਡਾ’, ‘ਐਸੇ ਰਚਿਉ ਖਾਲਸਾ’, ‘ਆਪਣਾ-ਆਪਣਾ ਹਿੱਸਾ’, ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ’, ‘ਹਰਿਉ ਬੂਟ‘, ‘ਅੰਨ੍ਹੇਰ-ਕੋਠੜੀ’ ਤੇ ‘ਹਾਏ ਨੀ ਮਨਮੀਤ ਕੁਰੇ’। ਲਘੂ ਨਾਟਕ ਹਨ: ‘ਅਰਬਦ ਨਰਬਦ ਧੁੰਦੂਕਾਰਾ’, ‘ਬਗਾਨੇ ਬੋਹੜ ਦੀ ਛਾਂ’, ‘ਸੁੱਕੀ ਕੁੱਖ’, ‘ਇੱਕ ਰਮਾਇਣ ਹੋਰ’, ‘ਭੱਠ ਖੇੜਿਆਂ ਦਾ ਰਹਿਣਾ’, ‘ਗਾਨੀ’, ‘ਤੇੜਾਂ’, ‘ਲੋਹੇ ਦਾ ਪੁੱਤ’, ‘ਐਇੰ ਨੀ ਹੁਣ ਸਰਨਾ’, ‘ਉਂਈ-ਮੂੰਈਂ’ ਦਾ ਕੁਸ ਨੀ ਹੁੰਦਾ’, ‘ਕਉਲ਼ੇ ਉੱਤੇ ਰੱਖਿਆ ਕੌਲਾ’, ‘ਚੱਲ ਵੀਰਨਾ ਵੇ ਉਥੇ ਚੱਲੀਏ’, ‘ਬੰਦ ਬੂਹਿਆਂ ਵਾਲੀ ਹਵੇਲੀ’ ਤੇ ‘ਪੱਪੂ ਦੀ ਪੈਂਟ’ ਆਦਿ। ਉਸ ਨੇ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਦਿੱਤਾ। ਉਸ ਦਾ ਜਨਮ 19 ਅਗਸਤ 1942 ਨੂੰ ਜ਼ਲ੍ਹਿਾ ਸੰਗਰੂਰ ਦੇ ਪਿੰਡ ਕੁੰਭੜਵਾਲ ਵਿਚ ਪਿਤਾ ਕੌਰ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਕੁੰਭੜਵਾਲ ਉਦੋਂ ਰਿਆਸਤੀ ਪਿੰਡ ਸੀ ਤੇ ਹਿੰਦੁਸਤਾਨ, ਅੰਗਰੇਜ਼ਾਂ ਦਾ ਗ਼ੁਲਾਮ ਸੀ। ਉਤੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਕਿਸਾਨੀ ਦਾ ਬੁਰਾ ਹਾਲ ਸੀ। ਉਹਦਾ ਬਾਬਾ ਹਰਨਾਮ ਸਿੰਘ 1944-45 ਵਿਚ ਪਰਿਵਾਰ ਸਮੇਤ ਕੁੰਭੜਵਾਲ ਤੋਂ ਉੱਠ ਕੇ ਭੀਖੀ ਨੇੜੇ ਪਿੰਡ ਕਿਸ਼ਨਗੜ੍ਹ ਫਰਵਾਹੀ ਜਾ ਬੈਠਾ ਸੀ। ਅਜਮੇਰ ਸਿੰਘ ਕਿਸ਼ਨਗੜ੍ਹ ਫਰਵਾਹੀ ਤੋਂ ਚਾਰ, ਭੀਖੀ ਤੋਂ ਦਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਐਮ. ਏ. ਕਰ ਕੇ 1965 ਤੋਂ 20000 ਤਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਪੰਜਾਬੀ ਦਾ ਲੈਕਚਰਾਰ ਰਿਹਾ ਅਤੇ ਉਥੇ ਹੀ ਆਪਣਾ ਘਰ ਪਾ ਲਿਆ। ਉਥੇ ਹੀ ਉਹ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਅਦਾਕਾਰ ਬਣਾਇਆ। ਉਥੇ ਹੀ ਉਸ ਨੇ 1976 ਵਿਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ। ਘਰ ਤੋਂ ਬਿਨਾਂ ਉਹਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਨਿਮਨ ਕਿਸਾਨੀ ਦਾ ਦੁੱਖ-ਦਰਦ ਉਸ ਨੇ ਆਪਣੇ ਹੱਡੀਂ ਹੰਢਾਇਆ ਸੀ।

ਪ੍ਰਿੰ. ਸਰਵਣ ਸਿੰਘ ਪ੍ਰਿੰ. ਸਰਵਣ ਸਿੰਘ

ਉਹ 2008 ਤੋਂ ਨਾਮੁਰਾਦ ਬਿਮਾਰੀ ਕੈਂਸਰ ਵਿਰੁੱਧ ਜੂਝਦਾ ਆ ਰਿਹਾ ਸੀ। ਕਦੇ ਮਾਨਸਾ, ਕਦੇ ਦਿੱਲੀ, ਕਦੇ ਫਰੀਦਕੋਟ ਤੇ ਕਦੇ ਫੋਰਟਿਸ ਹਸਪਤਾਲ ਮੁਹਾਲੀ ਵਿਚ ਉਹਦਾ ਇਲਾਜ ਹੁੰਦਾ ਰਿਹਾ। ਮਹਿੰਗੇ ਇਲਾਜ ’ਤੇ ਲੱਖਾਂ ਰੁਪਏ ਲੱਗੇ, ਜਿਸ ਵਿਚ ਸੰਗੀਆਂ ਸਾਥੀਆਂ ਤੇ ਸਰਕਾਰ ਨੇ ਪਰਿਵਾਰ ਦੀ ਬਣਦੀ ਸਰਦੀ ਮਾਇਕ ਮਦਦ ਕੀਤੀ। ਵਿਚ ਵਿਚਾਲੇ ਉਹ ਕੁਝ ਠੀਕ ਵੀ ਹੋ ਜਾਂਦਾ ਰਿਹਾ ਪਰ ਆਖ਼ਰ 15 ਜੂਨ 2017 ਦੇ ਵੱਡੇ ਤੜਕੇ ਉਹਦਾ ਦੇਹਾਂਤ ਹੋ ਗਿਆ। ਕੈਂਸਰ ਫੇਫੜਿਆਂ ਵਿਚ ਪਹੁੰਚ ਜਾਣ ਅਤੇ ਆਸ ਮੁੱਕ ਜਾਣ ’ਤੇ 10 ਜੂਨ ਨੂੰ ਮੁਹਾਲੀ ਦੇ ਹਸਪਤਾਲ ਤੋਂ ਉਹਨੂੰ ਮਾਨਸਾ ਆਪਣੇ ਘਰ ਲਿਆਂਦਾ ਗਿਆ ਸੀ ਕਿ ਹੁਣ ਘਰ ਵਿਚ ਹੀ ਸੇਵਾ ਕਰੀਏ। ਜਿਹੜੇ ਹਾਲ-ਚਾਲ ਪੁੱਛਣ ਆਉਂਦੇ ਮੁਸਕਰਾ ਕੇ ਦੱਸਦਾ। ਜਾਂਦੀ ਵਾਰ ਦੀਆਂ ਤਿੰਨ ਇਛਾਵਾਂ ਦੱਸੀਆਂ। ਅਖੇ ਧੀਆਂ ਚਿਖਾ ਨੂੰ ਅਗਨੀ ਲਾਉਣ, ਕਿਸੇ ਧਾਰਮਿਕ ਰਸਮ ਦੀ ਲੋੜ ਨਹੀਂ, ਕੇਵਲ ਸਾਦਾ ਸ਼ਰਧਾਂਜਲੀ ਸਮਾਗਮ ਹੋਵੇ ਜਿਸ ਵਿਚ ਕੁਝ ਇਕ ਸਾਥੀ ਤੇ ਲੇਖਕ ਹੀ ਬੋਲਣ ਅਤੇ ਸਮਾਗਮ ਬੇਲੋੜਾ ਲੰਮਾ ਨਾ ਕੀਤਾ ਜਾਵੇ। ਜੀਵਨ ਸਾਥਣ ਮਨਜੀਤ ਕੌਰ ਦੇ ਵਾਰੇ ਜਾਈਏ ਜਿਹੜੀ ਆਪਣੇ ਜੀਵਨ ਸਾਥੀ ਦਾ ਇਲਾਜ ਕਰਾਉਣ ਲਈ ਉਸ ਨੂੰ ਥਾਂ ਥਾਂ ਲਈ ਫਿਰੀ। ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ, ਉਸ ਨੂੰ ਤਾਂ ਹਰ ਵੇਲੇ ਦੱਬੇ-ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ। ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ। ਉਹ ਅਕਸਰ ਕਹਿੰਦਾ ਸੀ, ਬਿਮਾਰੀ-ਬਮੂਰੀ ਦਾ ਮੈਨੂੰ ਆਪ ਨੀ ਪਤਾ, ਮਨਜੀਤ ਨੂੰ ਪੁੱਛ ਲਓ। ਕੈਂਸਰ ਦਾ ਪਤਾ 2008 ਵਿਚ ਲੱਗਾ ਸੀ, ਕੀ ਪਤਾ ਜੜ੍ਹ ਕਦੋਂ ਦੀ ਲੱਗੀ ਹੋਵੇ? ਉਹ ਤਾਂ ਨਿਉਂ-ਜੜ੍ਹ ਵਰਗੇ ਨਾਟਕ ਖੇਡਣ ਵਿਚ ਹੀ ਮਗਨ ਸੀ। ਉਹ ਆਪਣੇ ਪਿਛੇ ਪਤਨੀ, ਧੀਆਂ, ਜੁਆਈਆਂ ਤੇ ਦੋਹਤੇ ਦੋਹਤੀਆਂ ਦਾ ਭਰਿਆ ਪਰਿਵਾਰ ਛੱਡ ਗਿਆ ਹੈ। ਆਪਣੀ ਸਵੈਜੀਵਨੀ ਦਾ ਨਾਂ ਉਸ ਨੇ ‘ਨੰਗਾ ਢਿੱਡ’ ਚਿਤਵਿਆ ਸੀ ਜਿਸ ਦੇ ਕੁਝ ਕੁ ਕਾਂਡ ਲਿਖੇ ਗਏ ਜੋ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਵਿਚ ਛਪੇ ਹਨ। ਜਦੋਂ ਉਹਦਾ ਬਾਬਾ ਕਿਸ਼ਨਗੜ੍ਹ ਫਰਵਾਹੀ ਆਇਆ ਸੀ ਉਦੋਂ ਉਹ ਜਗੀਰਦਾਰਾਂ ਦਾ ਮੁਜ਼ਾਰਾ ਪਿੰਡ ਸੀ। ਪਿੰਡ ਦੀ ਸਾਰੀ ਜ਼ਮੀਨ ਦੇ ਮਾਲਕ ਦੋ ਜਗੀਰਦਾਰ ਸਨ। ਮਾਰੂਸੀ ਤੇ ਗ਼ੈਰ-ਮਾਰੂਸੀ ਕਿਸਾਨ ਉਨ੍ਹਾਂ ਦੇ ਮੁਜਾਰੇ ਬਣ ਕੇ ਖੇਤੀ ਕਰਦੇ ਸਨ। ਹਰਨਾਮ ਸਿੰਘ ਦਾ ਪਰਿਵਾਰ ਇਕ ਜਗੀਰਦਾਰ ਦੀ ਅੱਠ ਕਿੱਲੇ ਜ਼ਮੀਨ ਵਾਹੁਣ ਲੱਗਾ ਸੀ, ਜਿਸ ’ਚੋਂ ਜਗੀਰਦਾਰ ਦੀ ਵਟਾਈ ਦੇ ਕੇ ਪਰਿਵਾਰ ਦਾ ਗੁਜ਼ਾਰਾ ਮਸਾਂ ਚਲਦਾ। ਉਨ੍ਹਾਂ ਦਿਨਾਂ ਵਿਚ ਖੇਤਾਂ ਦੀ ਉਪਜ ਵੀ ਘੱਟ ਹੀ ਹੁੰਦੀ ਸੀ। ਕਿਸੇ ਖੇਤ ਨੂੰ ਪਾਣੀ ਲੱਗਦਾ ਕਿਸੇ ਨੂੰ ਨਹੀਂ ਸੀ ਲਗਦਾ। ਹਰਨਾਮ ਸਿੰਘ ਦੇ ਪਰਿਵਾਰ ਵਿਚ ਦੋ ਪੁੱਤਰ ਤੇ ਅੱਗੋਂ ਉਨ੍ਹਾਂ ਦੀ ਔਲਾਦ ਸੀ। ਅੱਠ ਕਿੱਲਿਆਂ ਵਾਲਾ ਮੁ੍ਜ਼ਾਰਾ ਥੁੜ੍ਹਿਆ-ਟੁੱਟਿਆ ਕਿਸਾਨ ਹੀ ਵੱਜਦਾ ਸੀ। ਕਿਸੇ ਵੀ ਲੇਖਕ ਨੂੰ ਸਮਝਣ ਲਈ ਉਹਦਾ ਪਰਿਵਾਰਕ ਪਿਛੋਕੜ ਜਾਣਨਾ ਜ਼ਰੂਰੀ ਹੁੰਦਾ ਹੈ। ਲੇਖਕ ਦਾ ਬਚਪਨ ਜਨ੍ਹਿਾਂ ਹਾਲਤਾਂ ਵਿਚ ਦੀ ਗੁਜ਼ਰਿਆ ਹੋਵੇ ਉਨ੍ਹਾਂ ਦਾ ਅਸਰ ਉਹਦੀ ਸ਼ਖ਼ਸੀਅਤ ਅਤੇ ਉਹਦੀ ਸਾਹਿਤਕਾਰੀ ’ਤੇ ਵੀ ਪੈਂਦਾ ਹੈ। ਅਜਮੇਰ ਔਲਖ ਦਾ ਪਛੜੇ ਇਲਾਕੇ ਦੇ ਇਕ ਮੁਜ਼ਾਰਾ ਪਰਿਵਾਰ ਵਿਚ ਜੰਮ ਕੇ ਐਮ.ਏ. ਤਕ ਪੜ੍ਹ ਸਕਣਾ, ਲੈਕਚਰਾਰ ਲੱਗ ਸਕਣਾ ਅਤੇ ਸਫ਼ਲ ਨਾਟਕਕਾਰ ਬਣ ਸਕਣਾ, ਔਲਖ ਦੇ ਕਹਿਣ ਵਾਂਗ ‘ਮਹਿਜ਼ ਇਤਫ਼ਾਕ’ ਦੀ ਗੱਲ ਹੈ। ਆਪਣੀ 75 ਸਾਲ ਦੀ ਉਮਰ ਵਿਚੋਂ ਉਸ ਨੇ 50 ਸਾਲ ਪੰਜਾਬੀ ਨਾਟਕ ਤੇ ਰੰਗ ਮੰਚ ਦੇ ਲੇਖੇ ਲਾਏ। ਨਾ ਦਿਨ ਦੇਖਿਆ ਨਾ ਰਾਤ, ਨਾ ਮੀਂਹ ਨਾ ਨ੍ਹੇਰੀ। ਸਦਾ ਚੱਲ ਸੋ ਚੱਲ ਰਹੀ। ਮੈਂ ਉਸ ਨੂੰ ਅਨੇਕੀਂ ਥਾਈਂ ਮਿਲਿਆ, ਕਦੇ ਮਾਨਸਾ, ਕਦੇ ਪਟਿਆਲੇ, ਕਦੇ ਲੁਧਿਆਣੇ, ਕਦੇ ਅੰਮ੍ਰਿਤਸਰ, ਕਦੇ ਲਾਹੌਰ ਜਿਥੇ ਅਸੀਂ ਕਈ ਦਿਨ ’ਕੱਠੇ ਰਹੇ ਤੇ ਕਦੇ ਟਰਾਂਟੋ ਜਿਥੇ ਮੈਂ ਅੱਜ-ਕੱਲ੍ਹ ਰਹਿ ਰਿਹਾਂ। ਜਦ ਉਹਦੇ ਚਲਾਣੇ ਦੀ ਖ਼ਬਰ ਸੁਣੀ ਤਾਂ ਕੁਝ ਪਲ ਮੇਰੇ ਆਉਸਾਨ ਮਾਰੇ ਗਏ ਤੇ ਮੈਂ ਸੁੰਨ ਹੋ ਗਿਆ। ਫਿਰ ਉਸ ਸੋਫੇ ’ਤੇ ਜਾ ਬੈਠਾ ਜਿਥੇ ਔਲਖ ਤੇ ਮਨਜੀਤ ਕੌਰ ਬਹਿ ਕੇ ਗਏ ਸਨ, ਡਾਈਨਿੰਗ ਟੇਬਲ ਦੀ ਉਸ ਕੁਰਸੀ 0ਤੇ ਬੈਠਾ ਜਿਥੇ ਉਹ ਖਾਣਾ ਖਾਂਦੇ ਰਹੇ ਤੇ ਉਸ ਬੈੱਡ ’ਤੇ ਪਿਆ ਸੋਚਦਾ ਰਿਹਾ ਜਿਥੇ ਉਨ੍ਹਾਂ ਵਿਸਰਾਮ ਕੀਤਾ ਸੀ। ਮੈਨੂੰ ਲਾਹੌਰ ਦੀਆਂ ਗੱਲਾਂ ਯਾਦ ਆਈਆਂ, ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ ਯਾਦ ਆਏ, ਜੰਡਿਆਲੇ ਸ਼ੇਰ ਖਾਂ ਵਾਰਸ ਸ਼ਾਹ ਦੀ ਮਜਾਰ ’ਤੇ ਸਾਡਾ ਸਿਜਦਾ ਕਰਨਾ ਯਾਦ ਆਇਆ ਅਤੇ ਨੂਰ ਜਹਾਂ ਦਾ ਸਟੂਡੀਊ ਵੇਖਣਾ ਵੀ। ਬੜੀਆਂ ਯਾਦਾਂ ਹਨ ਅਜਮੇਰ ਔਲਖ ਦੀਆਂ। ਉਹ ਗੱਲਾਂ ਕਦੇ ਫੇਰ ਕਰਾਂਗੇ।ਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All