ਮੇਰਾ ਅਦੁੱਤੀ ਅਧਿਆਪਕ

ਮੇਰਾ ਅਦੁੱਤੀ ਅਧਿਆਪਕ

ਭਗਵਾਨ ਸਿੰਘ ਕਾਦੀਆਂ

ਸਾਲ 1945-46 ਵਿਚ ਜਦੋਂ ਮੈਂ ਦਸਵੀਂ ਜਮਾਤ ਵਿਚ ਪੜ੍ਹਦਾ ਸਾਂ, ਮੇਰੇ ਫ਼ਾਰਸੀ ਦੇ ਉਸਤਾਦ ਫਰਹਤ ਸਾਹਿਬ ਸਨ। ਇਹ ਉਨ੍ਹਾਂ ਦਾ ਤਖੱਲਸ ਸੀ। ਆਪਣਾ ਨਾਂ ਕਦੇ ਕਦੇ ਹੀ ਵਰਤਦੇ। ਇਸ ਕਰਕੇ ਮੈਂ ਵੀ ਉਨ੍ਹਾਂ ਦਾ ਨਾਂ ਨਹੀਂ ਲਿਖਿਆ। ਉਹ ਉਰਦੂ, ਫ਼ਾਰਸੀ ਅਤੇ ਆਰਬੀ ਭਾਸ਼ਾਵਾਂ ਦੇ ਵਿਦਵਾਨ ਸਨ। ਹਾਫਜ਼ਾ ਇੰਨਾ ਵਧੀਆ ਕਿ ਫ਼ਾਰਸੀ ਦੇ ਸਿਲੇਬਸ ਦੀਆਂ ਬਹੁਤ ਸਾਰੀਆਂ ਨਜ਼ਮਾਂ ਅਤੇ ਗ਼ਜ਼ਲਾਂ ਉਨ੍ਹਾਂ ਨੂੰ ਜ਼ੁਬਾਨੀ ਯਾਦ ਸਨ। ਇਲਾਕੇ ਦੇ ਉਰਦੂ ਦੇ ਸ਼ਾਇਰਾਂ ਵਿਚ ਮੁਮਤਾਜ਼ ਹੈਸੀਅਤ ਰੱਖਦੇ ਸਨ। ਬੜੇ ਖ਼ੁਸ਼-ਮਿਜ਼ਾਜ, ਹਾਜ਼ਰ ਜਵਾਬ ਅਤੇ ਵਧੀਆ ਵਕਤਾ ਸਨ। ਕਿਸੇ ਵਿਦਿਆਰਥੀ ਨੂੰ ਮਾਰਨਾ ਤਾਂ ਇਕ ਪਾਸੇ, ਝਿੜਕਦੇ ਤੱਕ ਨਹੀਂ ਸਨ। ਹਾਸੇ ਹਾਸੇ ਵਿਚ ਹੀ ਉਸ ਨੂੰ ਠੀਕ ਕਰ ਦਿੰਦੇ। ਸ਼ਿਅਰਾਂ ਦੇ ਅਰਥ ਇੱਦਾਂ ਕਰਦੇ ਕਿ ਪਾੜ੍ਹਿਆਂ ਦੇ ਦਿਮਾਗ਼ਾਂ ਵਿਚ ਬਹਿ ਜਾਂਦੇ। ਕੱਪੜੇ ਬੜੇ ਸੁੰਦਰ ਪਹਿਨਦੇ। ਸਫ਼ੈਦ ਮਲਮਲ ਦੀ ਤੁੱਰੇ ਵਾਲੀ ਦਸਤਾਰ, ਸਫ਼ੈਦ ਲੱਠੇ ਦੀ ਸਲਵਾਰ, ਚਿੱਟੀ ਬੋਸਕੀ ਦੀ ਕਮੀਜ਼ ਅਤੇ ਤਿੱਲੇ ਵਾਲੀ ਜੁੱਤੀ। ਦਾੜ੍ਹੀ ਹਮੇਸ਼ਾ ਖੁੱਲ੍ਹੀ ਰੱਖਦੇ। ਕਈ ਗ਼ਰੀਬ ਲੜਕਿਆਂ ਦੀ ਫੀਸ ਦਿੰਦੇ। ਕਮਰੇ ਵਿਚ ਮੁਸਕਰਾਉਂਦੇ ਹੋਏ ਵੜਦਿਆਂ ਹੀ ਕੋਈ ਸ਼ਿਅਰ ਜਾਂ ਲਤੀਫ਼ਾ ਸੁਣਾਉਂਦੇ ਤਾਂ ਕਿ ਤਾਜ਼ਗੀ ਦਾ ਮਾਹੌਲ ਪੈਦਾ ਹੋ ਜਾਏ। ਇਕ ਦਿਨ ਉਹ ਕਿਸੇ ਮੁਹਾਵਰੇ ਦੀ ਤਸ਼ਰੀਹ ਕਰ ਰਹੇ ਸਨ ਅਤੇ ਮੈਂ ਬੇਧਿਆਨ ਹੋ ਕੇ ਕਮਰੇ ਦੀ ਛੱਤ ਦੇ ਬਾਲੇ ਗਿਣ ਰਿਹਾ ਸਾਂ। ਮੈਨੂੰ ਇਸ ਹਾਲਤ ਵਿਚ ਵੇਖ ਕੇ ਬੋਲੇ: ਦੱਸ ਮੈਂ ਕੀ ਕਿਹਾ ਹੈ। ਮੈਂ ਬੌਂਦਲੇ ਹੋਏ ਕਿਹਾ: ਪੰਦਰਾਂ ਬਾਲੇ। ਉਨ੍ਹਾਂ ਸਮੇਤ ਸਾਰੇ ਲੜਕੇ ਹੱਸ ਪਏ। ਮੈਂ ਕਿਹਾ: ਮੇਰਾ ਧਿਆਨ ਛੱਤ ਦੇ ਬਾਲੇ ਗਿਣਨ ਵਿਚ ਸੀ। ਉਨ੍ਹਾਂ ਫਿਰ ਉਸ ਮੁਹਾਵਰੇ ਦੀ ਤਸ਼ਰੀਹ ਕੀਤੀ। ਜੇ ਕਿਸੇ ਸ਼ੁਕੀਨ ਲੜਕੇ ਨੂੰ ਕਿਸੇ ਸ਼ਿਅਰ ਜਾਂ ਲਫਜ਼ ਦੇ ਅਰਥ ਨਾ ਆਉਣੇ ਤਾਂ ਉਸ ਨੂੰ ਗੁੱਸੇ ਹੋਣ ਦੀ ਬਜਾਏ ਮੁਸਕਰਾਉਂਦੇ ਹੋਏ ਇਹ ਮਿਸਰਾ ਪੜ੍ਹਦੇ: ਤੇਰਾ ਦਿਲ ਤੋਂ ਹੈ ਸਨਮ-ਆਸ਼ਨਾ (ਬੁੱਤ-ਪਰਸਤ) ਤੁਝੇ ਕਿਆ ਮਿਲੇਗਾ ਨਮਾਜ਼ ਮੇਂ। ਦਸਵੀਂ ਜਮਾਤ ਪਾਸ ਕਰ ਲੈਣ ਬਾਅਦ ਸਕੂਲ ਨਾਲ ਮੇਰਾ ਸੰਪਰਕ ਖ਼ਤਮ ਹੋ ਗਿਆ। ਫਿਰ ਖ਼ਬਰ ਹੋਈ ਕਿ ਫਰਹਤ ਸਾਹਿਬ ਮਨੋਰੋਗੀ ਹੋ ਗਏ। ਅਜੇ ਇਲਾਜ ਜਾਰੀ ਹੀ ਸੀ ਕਿ ਪਾਕਿਸਤਾਨ ਬਣ ਗਿਆ। ਹਿੰਦੂ ਤੇ ਸਿੱਖ ਰਾਵੀ ਦੇ ਇਸ ਪਾਸੇ ਆ ਗਏ ਅਤੇ ਮੁਸਲਮਾਨ ਦੂਜੇ ਪਾਸੇ ਚਲੇ ਗਏ। ਫਰਹਤ ਸਾਹਿਬ ਦਾ ਕੋਈ ਪਤਾ ਨਾ ਲੱਗਿਆ ਕਿ ਉਹ ਕਿੱਥੇ ਹਨ। ਗਾਲਬਨ ਸਤੰਬਰ 1948 ਵਿਚ ਮੈਂ ਰੇਲ ਵਿਚ ਸਫ਼ਰ ਕਰ ਰਿਹਾ ਸਾਂ ਅਤੇ ਇਕ ਫਟੀ ਹੋਈ ਕਿਤਾਬ ਜੋ ਡੱਬੇ ਵਿਚੋਂ ਹੀ ਮਿਲੀ ਸੀ, ਪੜ੍ਹ ਰਿਹਾ ਸਾਂ। ਇਕ ਮੋਟੇ ਤਿਲਕਧਾਰੀ ਪੰਡਿਤ ਜੀ ਜੋ ਉਰਦੂ ਭਾਸ਼ਾ ਤੋਂ ਨਾਵਾਕਫ਼ ਸਨ, ਨੇ ਇਹ ਕਹਿ ਕੇ ਕਿ ਨਾਵਲ ਆਚਰਨ ਖ਼ਰਾਬ ਕਰਦੇ ਹਨ, ਉਹ ਕਿਤਾਬ ਮੇਰੇ ਕੋਲੋਂ ਖੋਹ ਲਈ। ਮੈਂ 16 ਸਾਲ ਦਾ ਅਲ੍ਹੱੜ ਸਾਦ-ਮੁਰਾਦਾ ਪੇਂਡੂ ਲੜਕਾ ਸਹਿਮ ਗਿਆ ਅਤੇ ਬੜੀ ਨਿਮਰਤਾ ਨਾਲ ਕਿਹਾ ਕਿ ਇਹ ਨਾਵਲ ਨਹੀਂ, ਬਲਕਿ ਅੱਲਾਮਾ ਇਕਬਾਲ ਦੀ ਕਿਤਾਬ ਬਾਂਗ-ਏ-ਦਰਾ ਹੈ। ਇਕਬਾਲ ਦਾ ਨਾਂ ਸੁਣ ਕੇ ਉਹ ਹੋਰ ਚਿੜ ਗਏ ਤੇ ਕਿਹਾ ਕਿ ਇਹ ਸ਼ਖ਼ਸ ਤਾਂ ਪਾਕਿਸਤਾਨ ਦੀ ਮੰਗ ਕਰਦਾ ਸੀ, ਇਸ ਦੀ ਕਿਤਾਬ ਨਹੀਂ ਪੜ੍ਹਨੀ। ਭੀੜ ਵਿਚੋਂ ਇਕ ਦੀਵਾਨੇ ਸ਼ਖ਼ਸ ਨੇ ਕਿਹਾ- “ਓਏ ਲੰਮੀ ਬੋਦੀਵਾਲੇ, ਇਸ ਲੜਕੇ ਦੀ ਕਿਤਾਬ ਕਿਉਂ ਨਹੀਂ ਦਿੰਦਾ।” ਪੰਡਤ ਜੀ ਨੇ ਕਿਹਾ, “ਨਹੀਂ ਦਿੰਦਾ, ਇਸ ਦੇ ਪੜ੍ਹਨ ਨਾਲ ਆਚਰਨ ਖ਼ਰਾਬ ਹੋ ਜਾਂਦਾ ਹੈ।” ਉਸ ਸ਼ਖ਼ਸ ਨੇ ਕੜਕ ਕੇ ਕਿਹਾ, “ਤੂੰ ਇਸ ਦੇ ਆਚਰਨ ਦਾ ਠੇਕੇਦਾਰ ਏਂ।” ਤਕਰਾਰ ਵਿਚ ਤਲਖ਼ੀ ਆ ਗਈ ਸੀ। ਪੰਡਿਤ ਜੀ ਨੇ ਕਿਹਾ, “ਕਈ ਲੋਕ ਫਰਜ਼ੀ ਪਾਗ਼ਲ ਬਣ ਕੇ ਮੁਫ਼ਤ ਸਫ਼ਰ ਕਰਦੇ ਹਨ।” ਉਸ ਸ਼ਖ਼ਸ ਨੇ ਜੇਬ ਵਿਚੋਂ ਟਿਕਟ ਕੱਢ ਕੇ ਦਿਖਾਈ। ਪੰਡਿਤ ਜੀ ਨੇ ਉਸ ਨੂੰ ਕੁੱਤਾ ਕਹਿ ਦਿੱਤਾ। ਉਸ ਨੇ ਕਿਹਾ, “ਹਾਂ ਮੈਂ ਕੁੱਤਾ ਹਾਂ-ਡੌਗ। ਇਸ ਦੇ ਹਿੱਜੇ ਡੀ ਓ ਜੀ ਨੂੰ ਉਲਟਾ ਕਰੋ, ਜੀ ਓ ਡੀ - ਗੌਡ, ਯਾਨੀ ਰੱਬ ਬਣ ਜਾਏਗਾ। ਤੂੰ ਖੋਤਾ ਏਂ, ਇਸ ਦਾ ਉਲਟ ਕੀ ਬਣੇਗਾ?” ਸਾਰੇ ਯਾਤਰੀ ਇਸ ਗੱਲ ‘ਤੇ ਹੈਰਾਨ ਹੋ ਗਏ। ਪੰਡਿਤ ਜੀ ਨੇ ਖ਼ਾਮੋਸ਼ੀ ਵਿਚ ਹੀ ਬਿਹਤਰੀ ਸਮਝੀ ਅਤੇ ਅਗਲੇ ਸਟੇਸ਼ਨ ‘ਤੇ ਕਿਸੇ ਹੋਰ ਜਗ੍ਹਾ ਜਾ ਬੈਠੇ। ਉਹ ਸ਼ਖ਼ਸ ਮੇਰੇ ਕੋਲ ਆ ਬੈਠਾ। ਕਿਤਾਬ ਵਿਚੋਂ ਕੁਝ ਸ਼ਿਅਰ ਇੱਦਾਂ ਪੜ੍ਹਨ ਲੱਗਾ, ਜਿੱਦਾਂ ਕੋਈ ਸ਼ਾਇਰ ਮੁਸ਼ਾਇਰੇ ਵਿਚ ਆਪਣਾ ਕਲਾਮ ਸੁਣਾਉਂਦਾ ਹੋਵੇ। ਉਸ ਦੀ ਸ਼ਕਲ ਉਹਦੇ ਖਸਤਾ ਹਾਲ ਹੋਣ ਦੇ ਬਾਵਜੂਦ ਮੇਰੇ ਉਸਤਾਦ ਫਰਹਤ ਸਾਹਿਬ ਨਾਲ ਮਿਲਦੀ ਸੀ ਜਿਨ੍ਹਾਂ ਦਾ ਕੋਈ ਪਤਾ-ਸੁਰ ਨਹੀਂ ਸੀ ਕਿ ਕਿੱਥੇ ਹਨ। ਜਲੰਧਰ ਰੇਲਵੇ ਸਟੇਸ਼ਨ ‘ਤੇ ਅਸੀਂ ਦੋਵੇਂ ਉਤਰੇ ਅਤੇ ਬੈਂਚ ‘ਤੇ ਬਹਿ ਗਏ। ਮੈਂ ਝਿਜਕਦੇ ਹੋਏ ਪੁੱਛਿਆ ਕਿ ਉਹ ਫਰਹਤ ਸਾਹਿਬ ਹਨ, ਉਹ ਖ਼ਾਮੋਸ਼ ਰਹੇ। ਉਨ੍ਹਾਂ ਦੇ ਅਸਲ ਨਾਂ ਨਾਲ ਪੁੱਛਿਆ। ਉਹ ਫਿਰ ਚੁੱਪ ਰਹੇ। ਮੈਂ ਚਾਹ ਲਈ ਕਿਹਾ। ਉਨ੍ਹਾਂ ਨਾਂਹ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਮੈਂ ਕੋਈ ਹੋਰ ਗੱਲ ਕਰਦਾ, ਉਨ੍ਹਾਂ ਕਿਹਾ: “ਮੈਂ ਚੱਲਦਾ ਹਾਂ, ਰੱਬ ਰਾਖਾ।” ਮੈਂ ਕਿਹਾ: “ਕਿੱਥੇ?” ਬੋਲੇ: “ਪਾਏ ਗਦਾ ਲੰਗ ਨੇਸਤ / ਮੁਲਕ-ਏ-ਖੁਦਾ ਤੰਗ ਨੇਸਤ (ਦਰਵੇਸ਼ ਦੇ ਪੈਰ ਲੰਗੜੇ ਨਹੀਂ, ਰੱਬ ਦੀ ਧਰਤੀ ਤੰਗ ਨਹੀਂ)। ਹੁਣ ਵੀ ਕੋਈ 70 ਸਾਲ ਬਾਅਦ ਜਦੋਂ ਇਹ ਵਾਕਿਆ ਯਾਦ ਆਉਂਦਾ ਹੈ ਤਾਂ ਮੈਂ ਸੋਚਦਾ ਹਾਂ ਕਿ ਉਹ ਸ਼ਖ਼ਸ ਮੇਰਾ ਉਸਤਾਦ ਫਰਹਤ ਸਾਹਿਬ ਹੀ ਸੀ। ਅਚਾਨਕ ਮੈਨੂੰ ਉਨ੍ਹਾਂ ਦਾ ਇਕ ਸ਼ਿਅਰ ਯਾਦ ਆ ਗਿਆ ਹੈ: ਜ਼ਹਾਨਤ ਵਕਫ਼-ਏ-ਜ਼ਿੱਲਤ ਹੈ ਤੇਰੀ ਚਾਂਦੀ ਕੀ ਦੁਨੀਆਂ ਮੇਂ / ਯਾ ਕਦਰੇ ਜ਼ਰ-ਫਸ਼ਾਨੀ ਕਰ ਯਾ ਇਲਮੀਅਤ ਕੋ ਕਮ ਕਰ ਦੇ (ਮੇਰੇ ਮੌਲਾ, ਤੇਰੀ ਦੌਲਤ-ਪ੍ਰਸਤਾਂ ਦੀ ਦੁਨੀਆ ਵਿਚ ਮੇਰੀ ਮਾਨਸਿਕ ਤੀਖਣਤਾ ਦਾ ਅਪਮਾਨ ਹੋ ਰਿਹਾ ਹੈ; ਜਾਂ ਮੈਨੂੰ ਵੀ ਥੋੜ੍ਹੀ ਜਿਹੀ ਮਾਇਆ ਦੇ, ਜਾਂ ਮੇਰੀ ਵਿਦਵਤਾ ਨੂੰ ਘੱਟ ਕਰ ਦੇ)।

ਸੰਪਰਕ: 01872-221021

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All