ਮਹਾਨ ਗ਼ਦਰੀ ਸ਼ਹੀਦ ਕਾਂਸ਼ੀ ਰਾਮ ਮੜੌਲ

ਬਰਸੀ ’ਤੇ ਯਾਦ ਕਰਦਿਆਂ

ਗੁਰਚਰਨ ਸਿੰਘ ਬਿੰਦਰਾ

ਪੰਡਤ ਕਾਂਸ਼ੀ ਰਾਮ ਮੜੌਲੀ ਗ਼ਦਰ ਪਾਰਟੀ ਦੇ ਬਾਨੀ ਮੈਂਬਰ ਸਨ ਜਿਨ੍ਹਾਂ ਨੂੰ 32 ਸਾਲ ਦੀ ਉਮਰ ਵਿਚ 1915 ਨੂੰ ਲਾਹੌਰ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦਾ ਜਨਮ 13 ਅਕਤੂਬਰ 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ 5 ਪੁੱਤਰਾਂ ਦੇਵ ਰਾਜ, ਦੇਸ ਰਾਜ, ਕਾਂਸ਼ੀ ਰਾਮ, ਮਥਰਾ ਦਾਸ ਤੇ ਬੰਸੀ ਲਾਲ ਨੇ ਜਨਮ ਲਿਆ। ਪੰਡਤ ਗੰਗਾ ਰਾਮ ਪਿੰਡ ਵਿਚ ਦੁਕਾਨ ਕਰਦੇ ਸਨ। ਕਾਂਸ਼ੀ ਰਾਮ ਨੇ ਪ੍ਰਾਇਮਰੀ (ਚੌਥੀ) ਪਿੰਡ ਦੇ ਸਕੂਲ ਵਿਚ ਪੜ੍ਹਨ ਤੋਂ ਬਾਅਦ ਅੱਠਵੀਂ ਮੋਰਿੰਡਾ ਦੇ ਸਕੂਲ ਤੋਂ ਪਾਸ ਕੀਤੀ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸਨ। ਮਾਪਿਆਂ ਨੇ ਅੱਗੇ ਪੜ੍ਹਨ ਲਈ ਪਟਿਆਲਾ ਭੇਜ ਦਿੱਤਾ, ਜਿੱਥੇ ਉਨ੍ਹਾਂ ਦਸਵੀਂ, ਮਹਿੰਦਰਾ ਹਾਈ ਸਕੂਲ (ਹੁਣ ਮਹਿੰਦਰਾ ਕਾਲਜ) ਤੋਂ ਪਾਸ ਕੀਤੀ। ਉਹ ਤਾਰ ਬਾਬੂ ਦਾ ਕੋਰਸ ਪਾਸ ਕਰਕੇ ਅੰਬਾਲਾ ਡਾਕਖਾਨੇ ਵਿਚ ਤਾਰ ਬਾਬੂ ਲੱਗ ਗਏ। ਫਿਰ ਉਹ ਇਹ ਨੌਕਰੀ ਛੱਡ ਕੇ ਦਿੱਲੀ ਚਲੇ ਗਏ। ਦਿੱਲੀ ਵਿਚ ਉਨ੍ਹਾਂ ਨੂੰ ਕਈ ਪੰਜਾਬੀ ਨੌਜਵਾਨ ਮਿਲੇ ਜੋ ਚੰਗੀ ਕਮਾਈ ਲਈ ਅਮਰੀਕਾ ਜਾਂਦੇ ਸਨ। ਉਨ੍ਹਾਂ ਨੇ ਵੀ ਵਿਦੇਸ਼ ਜਾਣ ਦਾ ਮਨ ਬਣਾਇਆ ਪਰ ਪਿਤਾ ਜੀ ਇਸ ਦੇ ਹੱਕ ਵਿਚ ਨਹੀਂ ਸਨ। ਕਾਂਸ਼ੀ ਰਾਮ ਦੀ ਜ਼ਿੱਦ ਦੇਖਦਿਆਂ ਉਨ੍ਹਾਂ ਇਜਾਜ਼ਤ ਦੇ ਦਿੱਤੀ ਅਤੇ ਉਹ ਮਲਾਇਆ, ਚੀਨ ਹੁੰਦੇ ਹੋਏ 1903 ਵਿਚ ਅਮਰੀਕਾ (ਪੋਰਟਲੈਂਡ) ਪੁੱਜ ਗਏ। ਪੰਜਾਬ ਤੋਂ ਗਏ ਹੋਰ ਨੌਜਵਾਨਾਂ ਵਾਂਗ ਉਹ ਵੀ ਕੋਲੰਬੀਆ ਦਰਿਆ ਦੇ ਕੰਢੇ ਸੈਂਟ ਜੋਨ ਨਗਰ ਵਿਚ ਜਾ ਵਸੇ। ਉਨ੍ਹਾਂ ਨੂੰ ਬਾਰੂਦ ਬਣਾਉਣ ਵਾਲੀ ਫੈਕਟਰੀ ਵਿਚ ਨੌਕਰੀ ਮਿਲ ਗਈ ਪਰ ਛੇਤੀ ਹੀ ਉਹ ਇਕ ਆਰਾ ਮਿੱਲ ਵਿਚ ਜਾ ਲੱਗੇ। ਕਾਂਸ਼ੀ ਰਾਮ ਸਭ ਤੋਂ ਵਧੇਰੇ ਪੜ੍ਹਿਆ-ਲਿਖਿਆ ਸੀ; ਸੋ, ਮਿੱਲ ਮਾਲਕ ਨੇ ਉਸ ਨੂੰ ਮੇਟ ਬਣਾ ਦਿੱਤਾ। ਫਿਰ ਉਹ ਆਰਾ ਮਿੱਲ ਵਿਚ ਕਾਮੇ ਭਰਤੀ ਕਰਾਉਣ ਲੱਗਾ। ਕੋਲੰਬੀਆ ਦਰਿਆ ਦੇ ਕੰਢੇ ਕਈ ਆਰਾ ਮਿੱਲਾਂ ਸਨ, ਜਿੱਥੇ ਬਹੁਤੇ ਭਾਰਤੀ (ਖਾਸ ਕਰਕੇ ਪੰਜਾਬੀ) ਕਾਮੇ ਕੰਮ ਕਰਦੇ ਸਨ। ਇਥੇ ਹੀ ਉਸ ਦਾ ਮੇਲ ਸੋਹਣ ਸਿੰਘ ਭਕਨਾ, ਹਰਨਾਮ ਸਿੰਘ (ਟੁੰਡੀਲਾਟ), ਊਧਮ ਸਿੰਘ ਕਸੇਲ, ਈਸ਼ਰ ਸਿੰਘ ਮਰਹਾਣਾ ਆਦਿ ਨਾਲ ਹੋਇਆ। ਕਾਂਸ਼ੀ ਰਾਮ ਨੇ ਠੇਕੇਦਾਰ ਵਜੋਂ ਚੰਗਾ ਪੈਸਾ ਕਮਾਇਆ ਅਤੇ ਉਸ ਦਾ ਨਾਮ ਅਮੀਰ ਭਾਰਤੀਆਂ ਵਿਚ ਸ਼ੁਮਾਰ ਹੋ ਗਿਆ। ਸਾਲ 1910 ਤੱਕ ਜਿੰਨੇ ਭਾਰਤੀ ਅਮਰੀਕਾ-ਕੈਨੇਡਾ ਪੁੱਜੇ, ਉਨ੍ਹਾਂ ਵਿਚੋਂ 90 ਫੀਸਦੀ ਪੰਜਾਬੀ ਸਨ। ਇਹ ਕਾਮੇ ਰੇਲ ਦੀਆਂ ਪਟੜੀਆਂ ਵਿਛਾਉਣ ਜਾਂ ਆਰਾ ਮਿੱਲਾਂ ਵਿਚ ਕੰਮ ਕਰਦੇ ਸਨ। ਇਨ੍ਹਾਂ ਨੂੰ ਅਮਰੀਕਨ ਕਾਮਿਆਂ ਨਾਲੋਂ ਘੱਟ ਉਜਰਤ ਮਿਲਦੀ ਪਰ ਇਹ ਵੱਧ ਕੰਮ ਕਰਕੇ ਕਮਾਈ ਜ਼ਿਆਦਾ ਕਰਦੇ ਸਨ। ਇਸੇ ਲਈ ਲੋਕਲ ਕਾਮੇ ਹਿੰਦੀ ਕਾਮਿਆਂ ਨੂੰ ਪ੍ਰੇਸ਼ਾਨ ਕਰਦੇ। ਸੋਹਣ ਸਿੰਘ ਭਕਨਾ ਅਤੇ ਕਾਂਸ਼ੀ ਰਾਮ ਜਦ ਮਿਲ ਬੈਠਦੇ ਤਾਂ ਮੁਲਕ ਦੀ ਹਾਲਤ ਬਾਰੇ ਬਹਿਸ ਕਰਦੇ। ਆਰਾ ਮਿੱਲਾਂ ਦੇ ਹੋਰ ਕਾਮੇ ਵੀ ਅਕਸਰ ਕਾਂਸ਼ੀ ਰਾਮ ਪਾਸ ਆ ਜਾਂਦੇ। ਗੁਰਚਰਨ ਸਿੰਘ ਸਹਿੰਸਰਾ ਨੇ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਲਿਖਿਆ ਹੈ ਕਿ ਕਾਂਸ਼ੀ ਰਾਮ ਦਾ ਡੇਰਾ ਇਕ ਪ੍ਰਕਾਰ ਪੰਜਾਬੀਆਂ ਦਾ ਠਿਕਾਣਾ ਸੀ। ਉਨ੍ਹਾਂ ਪਾਸ ਕੈਨੇਡਾ ‘ਚ ਛਪਿਆ ਲਿਟਰੇਚਰ ਆਉਂਦਾ ਸੀ ਜਿਸ ਵਿਚ ਆਜ਼ਾਦੀ ਦੀ ਗਸ਼ਤੀ ਚਿੱਠੀ ਵੀ ਹੁੰਦੀ ਸੀ। ਇਸ ਬਾਰੇ ਚਰਚਾ ਵੀ ਹੁੰਦੀ। ਇਸ ਤਰ੍ਹਾਂ ਨੌਜਵਾਨਾਂ ਵਿਚ ਮੁਲਕ ਨੂੰ ਆਜ਼ਾਦ ਕਰਾਉਣ ਦੀ ਰੀਝ ਜਾਗ ਪਈ। 1912 ਵਿਚ ਪੋਰਟਲੈਂਡ ਵਿਚ ਇਕੱਠ ਹੋਇਆ ਜਿਸ ਵਿਚ ਸੋਹਣ ਸਿੰਘ ਭਕਨਾ, ਕਾਂਸ਼ੀ ਰਾਮ, ਹਰਨਾਮ ਸਿੰਘ (ਟੁੰਡੀਲਾਟ), ਰਾਮ ਰੱਖਾ, ਜੀਡੀ ਕੁਮਾਰ, ਊਧਮ ਸਿੰਘ ਕਸੇਲ ਸ਼ਾਮਲ ਹੋਏ ਅਤੇ ‘ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਕਾਇਮ ਕੀਤੀ ਜਿਸ ਦੇ ਪ੍ਰਧਾਨ ਸੋਹਨ ਸਿੰਘ ਭਕਨਾ ਬਣੇ। 21 ਅਪਰੈਲ 1913 ਨੂੰ ਐਸਟਰੀਆ ਵਿਚ ਭਾਈ ਕੇਸਰ ਸਿੰਘ ਠਾਠਗੜ੍ਹ ਦੇ ਡੇਰੇ ਵਿਚ ਮੀਟਿੰਗ ਕੀਤੀ ਗਈ ਜਿਸ ਵਿਚ ਕਈ ਸ਼ਹਿਰਾਂ ਤੋਂ 150 ਤੋਂ ਵੱਧ ਵਰਕਰ ਸ਼ਾਮਲ ਹੋਏ। ਮੀਟਿੰਗ ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕਾਂਸ਼ੀ ਰਾਮ, ਕਰਤਾਰ ਸਿੰਘ ਸਰਾਭਾ, ਕਰੀਮ ਬਖਸ਼ ਆਦਿ ਕਈ ਆਗੂਆਂ ਨੇ ਸੰਬੋਧਨ ਕੀਤਾ। ਇਸ ਇਕੱਠ ਵਿਚ ਜਥੇਬੰਦੀ ਦਾ ਨਾਮ ਬਦਲ ਕੇ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਰੱਖਣ, ਸਾਨ ਫਰਾਂਸਿਸਕੋ ਵਿਚ ਦਫਤਰ ਖੋਲ੍ਹਣ ਅਤੇ ਹਫਤਾਵਾਰੀ ਅਖ਼ਬਾਰ ਕੱਢਣ ਦਾ ਫੈਸਲਾ ਹੋਇਆ। ਜਥੇਬੰਦੀ ਦੀ ਮਜ਼ਬੂਤੀ ਲਈ ਤਿੰਨ ਮੈਂਬਰੀ ਖੁਫੀਆ ਕਮਿਸ਼ਨ ਬਣਾਇਆ ਗਿਆ ਜਿਸ ਦੇ ਮੈਂਬਰ ਸੋਹਣ ਸਿੰਘ ਭਕਨਾ, ਕਾਂਸ਼ੀ ਰਾਮ ਤੇ ਲਾਲਾ ਹਰਦਿਆਲ ਸਨ। ਦਫਤਰ ਦਾ ਨਾਂ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ। ਕਾਂਸ਼ੀ ਰਾਮ ਨੇ ਆਪਣੇ ਕੋਲੋਂ 8 ਹਜ਼ਾਰ ਡਾਲਰ ਖਰਚੇ ਅਤੇ ‘ਗ਼ਦਰ’ ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸੇ ਦੌਰਾਨ ਸੰਸਾਰ ਯੁੱਧ ਸ਼ੁਰੂ ਹੋ ਗਿਆ। ਗ਼ਦਰ ਪਾਰਟੀ ਨੇ ਦੇਸ਼ ਦੇ ਅੰਦਰੋਂ ਅੰਗਰੇਜ਼ਾਂ ਵਿਰੁੱਧ ਜਹਾਦ ਲਈ ਮੁਲਕ ਲਈ ਚਾਲੇ ਪਾ ਦਿੱਤੇ। ਕਾਂਸ਼ੀ ਰਾਮ ਨੇ ਦੋ ਪੇਟੀਆਂ ਹਥਿਆਰਾਂ ਦੀਆਂ ਬੁੱਕ ਕਰਵਾਈਆਂ, ਜਹਾਜ਼ ਰਾਹੀਂ ਕਲਕੱਤੇ ਪੁੱਜ ਗਏ ਤੇ ਫਿਰ ਪੰਜਾਬ ਆ ਗਏ ਅਤੇ ਕਰਤਾਰ ਸਿੰਘ ਸਰਾਭਾ ਨੂੰ ਮਿਲੇ। ਪਾਰਟੀ ਲਈ ਹਥਿਆਰ ਖਰੀਦਣ ਅਤੇ ਲਹਿਰ ਨੂੰ ਮਜ਼ਬੂਤ ਕਰਨ ਲਈ ਪੈਸੇ ਇਕੱਠੇ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। 26 ਨਵੰਬਰ 1914 ਨੂੰ ਫਿਰੋਜ਼ਪੁਰ ਵਿਚ ਗ਼ਦਰੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਬਹੁਤੇ ਗ਼ਦਰੀ ਫਿਰੋਜ਼ਪੁਰ ਤੋਂ ਲੁਧਿਆਣਾ ਰੇਲ ਗੱਡੀ ਰਾਹੀਂ ਚਲੇ ਗਏ। ਬਾਕੀ ਦੋ ਟਾਂਗਿਆਂ ਰਾਹੀਂ ਮੋਗੇ ਵੱਲ ਚੱਲ ਪਏ। ਜਦੋਂ ਇਹ ਟਾਂਗੇ ਪਿੰਡ ਮਿਸਰੀਵਾਲਾ ਪੁੱਜੇ ਤਾਂ ਨਹਿਰ ਕੰਢੇ ਪੁਲੀਸ ਪਾਰਟੀ ਖੜ੍ਹੀ ਸੀ। ਉੱਥੇ ਥਾਣੇਦਾਰ ਨੇ ਪੁੱਛ-ਪੜਤਾਲ ਕਰਦਿਆਂ ਰਹਿਮਤ ਅਲੀ ਦੇ ਥੱਪੜ ਮਾਰ ਦਿੱਤਾ ਜਿਸ ‘ਤੇ ਗੁੱਸੇ ਵਿਚ ਆਏ ਗ਼ਦਰੀਆਂ ਵਿਚੋਂ ਇਕ ਨੇ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ। ਇਸ ‘ਤੇ ਬਾਕੀ ਜਣੇ ‘ਡਾਕੂ ਆ ਗਏ... ਡਾਕੂ ਆ ਗਏ’ ਦਾ ਰੌਲਾ ਪਾਉਂਦੇ ਭੱਜ ਗਏ ਪਰ ਰੌਲਾ ਸੁਣ ਕੇ ਪੇਂਡੂ ਇਕੱਠੇ ਹੋ ਗਏ। ਘੱਲ ਖੁਰਦ ਤੋਂ ਹੋਰ ਪੁਲੀਸ ਵੀ ਪੁੱਜ ਗਈ। ਗ਼ਦਰੀ ਨਹਿਰ ਕੰਢੇ ਸਰਕੰਡੇ ਵਿਚ ਛੁਪ ਗਏ। ਪੁਲੀਸ ਨੇ ਸਰਕੰਡੇ ਨੂੰ ਅੱਗ ਲਗਾ ਦਿੱਤੀ। ਜਦੋਂ ਗ਼ਦਰੀ ਬਾਹਰ ਆਏ ਤਾਂ ਦੋ ਗ਼ਦਰੀ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਅਤੇ ਸੱਤ ਗ਼ਦਰੀ ਨੌਜਵਾਨ ਪੰਡਤ ਕਾਂਸ਼ੀ ਰਾਮ ਮੜੌਲੀ, ਧਿਆਨ ਸਿੰਘ ਉਮਰਪੁਰਾ, ਜਗਤ ਸਿੰਘ ਬਿੰਜਲ, ਲਾਲ ਸਿੰਘ ਸਾਹਿਬਆਣਾ, ਜੀਵਨ ਸਿੰਘ ਦੋਲੋਵਾਲਾ, ਰਹਿਮਤ ਅਲੀ ਵਜ਼ੀਦਕੇ ਤੇ ਬਖਸ਼ੀਸ਼ ਸਿੰਘ ਖਾਨਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਵਿਰੁੱਧ ਫਿਰੋਜ਼ਪੁਰ ਵਿਚ ਮੁਕੱਦਮਾ ਚਲਾਇਆ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ। 25 ਮਾਰਚ 1915 ਨੂੰ ਰਹਿਮਤ ਅਲੀ, ਲਾਲ ਸਿੰਘ, ਜੀਵਨ ਸਿੰਘ ਤੇ ਜਗਤ ਸਿੰਘ ਸਮੇਤ 5 ਗ਼ਦਰੀਆਂ ਨੂੰ ਮਿੰਟਗੁਮਰੀ ਜੇਲ੍ਹ ਵਿਚ ਫਾਂਸੀ ਦਿੱਤੀ ਗਈ, ਜਦਕਿ ਕਾਂਸ਼ੀ ਰਾਮ, ਬਖਸ਼ੀਸ਼ ਸਿੰਘ ਤੇ ਧਿਆਨ ਸਿੰਘ ਨੂੰ 27 ਮਾਰਚ 1915 ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦਿੱਤੀ ਗਈ। ਮਗਰੋਂ ਪਿੰਡ ਮੜੌਲੀ ਕਲਾਂ ਵਿਚ ਗੰਗਾ ਰਾਮ ਦੀ ਸਾਰੀ ਜਾਇਦਾਦ ਕੁਰਕ ਕਰ ਲਈ ਗਈ।

ਸੰਪਰਕ: 98881-95132

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All