ਮਨੁੱਖੀ ਹੱਕਾਂ ਦਾ ਨਾਇਕ

ਮਨੁੱਖੀ ਹੱਕਾਂ ਦਾ ਨਾਇਕ

ਜਮਹੂਰੀ ਅਧਿਕਾਰਾਂ ਅਤੇ ਪ੍ਰੈਸ ਦੀ ਆਜ਼ਾਦੀ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਕਾਰਕੁਨਾਂ ਵਾਸਤੇ ਜੂਲੀਅਨ ਅਸਾਂਜ ਦਾ ਗ੍ਰਿਫ਼ਤਾਰ ਹੋਣਾ ਇਕ ਦੁਖਦਾਈ ਘਟਨਾ ਹੈ। ਜੂਲੀਅਨ ਅਸਾਂਜ ਕੰਪਿਊਟਰ ਪ੍ਰੋਗਰਾਮਿੰਗ ਦਾ ਮਾਹਿਰ ਅਤੇ ਪੱਤਰਕਾਰ ਹੈ। ਉਸ ਨੇ 2006 ਵਿਚ ਵਿਕੀਲੀਕਸ ਨਾਂ ਦੀ ਸੰਸਥਾ ਦੀ ਨੀਂਹ ਰੱਖੀ ਅਤੇ ਵੈੱਬਸਾਈਟ ਤਿਆਰ ਕੀਤੀ ਜਿਸ ਵਿਚ ਵੱਖ ਵੱਖ ਸਰਕਾਰਾਂ ਬਾਰੇ ਭੇਦ ਜੱਗ ਜ਼ਾਹਿਰ ਕੀਤੇ ਗਏ। ਉਸ ਨੂੰ ਜ਼ਿਆਦਾ ਮਸ਼ਹੂਰੀ 2010 ਵਿਚ ਚੈਲਿਸਾ ਮੈਨਿੰਗ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਅਮਰੀਕਨ ਫ਼ੌਜ ਵੱਲੋਂ ਇਰਾਨ ਅਤੇ ਅਫ਼ਗ਼ਾਨਿਸਤਾਨ ਵਿਚ ਕੀਤੀਆਂ ਗਈਆਂ ਵਧੀਕੀਆਂ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਮਿਲੀ। ਅਮਰੀਕਾ ਨੇ ਉਸ ਦੇ ਵਿਰੁੱਧ ਫ਼ੌਜਦਾਰੀ ਮੁਕੱਦਮਾ ਦਰਜ ਕਰ ਲਿਆ ਅਤੇ ਸਾਰੇ ਦੇਸ਼ਾਂ ਨੂੰ ਉਸ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਦੇ ਹਵਾਲੇ ਕਰਨ ਲਈ ਕਿਹਾ। ਉਸ ਨੂੰ ਦਸੰਬਰ 2010 ਵਿਚ ਇੰਗਲੈਂਡ ਦੀ ਪੁਲੀਸ ਸਾਹਮਣੇ ਪੇਸ਼ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ। 2012 ਵਿਚ ਉਸ ਨੇ ਲੰਡਨ ਵਿਚ ਇਕੂਆਡੋਰ ਦੇ ਸਫ਼ਾਰਤਖ਼ਾਨੇ ਵਿਚ ਪਨਾਹ ਲੈ ਲਈ। ਉਸ ਦੇ ਵਿਰੁੱਧ ਸਵੀਡਨ ਵਿਚ ਇਕ ਔਰਤ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵੀ ਲੱਗੇ। ਅਸਾਂਜ ਦੇ ਸਬੰਧ ਵਿਚ ਸਿਆਸੀ ਆਗੂਆਂ, ਰਾਜਸੀ ਅਤੇ ਕਾਨੂੰਨੀ ਮਾਹਿਰਾਂ ਦੇ ਵੱਖ ਵੱਖ ਵਿਚਾਰ ਹਨ। ਜਿੱਥੇ ਕੁਝ ਦੇਸ਼ ਉਸ ਦੀਆਂ ਕਾਰਵਾਈਆਂ ਨੂੰ ਗ਼ੈਰ-ਕਾਨੂੰਨੀ ਸਮਝਦੇ ਹਨ, ਉੱਥੇ ਇੰਗਲੈਂਡ ਦੀ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ, ਮਸ਼ਹੂਰ ਚਿੰਤਕ ਨਿਓਮ ਚੌਮਸਕੀ, ਤਾਰਿਕ ਅਲੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਿਸਿਲਵਾ ਅਤੇ ਹੋਰਨਾਂ ਨੇ ਉਸ ਦੀ ਹਮਾਇਤ ਕੀਤੀ ਹੈ। ਉਸ ਨੂੰ ਕਈ ਇਨਾਮ ਵੀ ਮਿਲੇ ਹਨ। ਅਮਰੀਕਾ ਇਹ ਦੋਸ਼ ਲਾਉਂਦਾ ਰਿਹਾ ਹੈ ਕਿ ਉਸ ਨੇ ਰੂਸੀਆਂ ਨਾਲ ਸਾਜ਼ਬਾਜ਼ ਕਰਕੇ ਅਮਰੀਕਨ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ। ਉਸ ਨੇ ਪਿਛਲੇ ਸੱਤ ਸਾਲ ਇਕੂਆਡੋਰ ਦੇ ਸਫ਼ਾਰਤਖ਼ਾਨੇ ਵਿਚ ਗੁਜ਼ਾਰੇ ਪਰ ਕੁਝ ਦਿਨਾਂ ਤੋਂ ਇਕੂਆਡੋਰ ਦੀ ਸਰਕਾਰ ਨਾਲ ਉਸ ਦੇ ਸਬੰਧਾਂ ਵਿਚ ਕੁੜੱਤਣ ਆਈ ਹੈ। ਇਸ ਦਾ ਕਾਰਨ ਉਸ ਦੁਆਰਾ ਇਕੂਆਡੋਰ ਦੇ ਰਾਸ਼ਟਰਪਤੀ ਨਾਲ ਸਬੰਧਤ ਕੁਝ ਨਿੱਜੀ ਭੇਦਾਂ ਨਾਲ ਛੇੜਖਾਨੀ ਕਰਨਾ ਦੱਸਿਆ ਜਾ ਰਿਹਾ ਹੈ। ਇਕੂਆਡੋਰ ਦੇ ਸਫ਼ਾਰਤਖ਼ਾਨੇ ਨੇ ਉਸ ਨੂੰ ਲੰਡਨ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਉਸ ਦੀ ਵਕੀਲ ਜੈਨੀਫਰ ਰਾਬਿਨਸਨ ਨੇ ਕਿਹਾ ਕਿ ਉਹ ਅਸਾਂਜ ਦੀ ਸਵੀਡਨ ਨੂੰ ਹਵਾਲਗੀ ਵਿਰੁੱਧ ਲੜਾਈ ਜਾਰੀ ਰੱਖੇਗੀ ਕਿਉਂਕਿ ਅਸਾਂਜ ਨੂੰ ਅਮਰੀਕਾ ਬਾਰੇ ਸੱਚੀ ਜਾਣਕਾਰੀ ਪ੍ਰਕਾਸ਼ਿਤ ਕਰਨ ਕਰਕੇ ਸਜ਼ਾ ਦਿੱਤੀ ਜਾ ਸਕਦੀ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਰੂਸੀਆਂ ਦੁਆਰਾ ਅਮਰੀਕਾ ਦੀ ਪਿਛਲੀ ਰਾਸ਼ਟਰਪਤੀ ਚੋਣ ਵਿਚ ਦਿੱਤੇ ਗਏ ਦਖ਼ਲ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਮਦਦ ਮਿਲੇਗੀ। ਜੂਨ 2016 ਵਿਚ ਅਸਾਂਜ ਨੇ ਇਹ ਖ਼ੁਲਾਸਾ ਕੀਤਾ ਸੀ ਕਿ ਹਿਲੇਰੀ ਕਲਿੰਟਨ ਅਮਰੀਕਾ ਦੀ ਵੱਡੀ ਸਰਮਾਏਦਾਰੀ ਅਤੇ ਦੁਨੀਆਂ ਵਿਚ ਲਗਾਤਾਰ ਜੰਗ ਦੀ ਅੱਗ ਸੁਲਗ਼ਦੀ ਰੱਖਣ ਦੇ ਸਿਧਾਂਤ ਦੀ ਵੱਡੀ ਹਮਾਇਤੀ ਹੈ। ਕਈ ਲੋਕਾਂ ਦਾ ਖ਼ਿਆਲ ਹੈ ਕਿ ਇਸ ਕੰਮ ਵਿਚ ਵੀ ਅਸਾਂਜ ਅਤੇ ਰੂਸੀਆਂ ਵਿਚਕਾਰ ਸਾਜ਼ਬਾਜ਼ ਹੋਈ ਸੀ। ਅਸਾਂਜ ਨੂੰ ਸਭ ਤੋਂ ਵੱਡੀ ਕਾਮਯਾਬੀ ਉਦੋਂ ਮਿਲੀ ਜਦ ਚੈਲਿਸਾ ਮੈਨਿੰਗ (ਚੈਲਿਸਾ ਦਾ ਜਨਮ ਬਰੈਡਲੇ ਮੈਨਿੰਗ, ਇਕ ਲੜਕੇ ਵਜੋਂ ਹੋਇਆ; ਲਿੰਗ ਸਬੰਧੀ ਸਮੱਸਿਆ ਆਉਣ ਤੋਂ ਬਾਅਦ ਉਹ ਲਿੰਗ-ਬਦਲੀ ਕਰਕੇ ਚੈਲਿਸਾ ਬਣ ਗਈ। ਉਹ 2009 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਈ) ਨੇ 2010 ਵਿਚ ਅਮਰੀਕਨ ਫ਼ੌਜ ਬਾਰੇ ਜਾਣਕਾਰੀ ਵਿਕੀਲੀਕਸ ਨੂੰ ਦਿੱਤੀ। ਚੈਲਿਸਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੇ ਆਪਣੇ ਕਈ ‘ਗੁਨਾਹਾਂ’ ਨੂੰ ‘ਸਵੀਕਾਰ’ ਕੀਤਾ ਹੈ। ਉਹ ਇਸ ਵੇਲੇ ਜੇਲ੍ਹ ਵਿਚ ਹੈ ਪਰ ਉਸ ਨੇ ਵੀ ਅਦਭੁੱਤ ਸਾਹਸ ਵਿਖਾਉਂਦਿਆਂ ਗਰੈਂਡ ਜਿਊਰੀ ਸਾਹਮਣੇ ਅਸਾਂਜ ਵਿਰੁੱਧ ਗਵਾਹੀ ਦੇਣ ਤੋਂ ਨਾਂਹ ਕਰ ਦਿੱਤੀ। ਅਸਾਂਜ ਨੇ ਜਿਹੜੇ ਵੱਡੇ ਰਾਜ਼ਾਂ ਦਾ ਪਰਦਾਫਾਸ਼ ਕੀਤਾ, ਉਨ੍ਹਾਂ ਵਿਚੋਂ ਮੁੱਖ ਇਹ ਹਨ : ਅਮਰੀਕੀ ਫ਼ੌਜ ਵੱਲੋਂ ਗੁਆਟਾਨੈਮੋ ਖਾੜੀ ਵਿਚ ਨੇਵੀ ਦੇ ਅੱਡੇ ਵਿਚ ਕੈਦ ਕੀਤੇ ਇਰਾਕੀ ਜੰਗੀ ਕੈਦੀਆਂ ਨਾਲ ਕੀਤਾ ਗਿਆ ਅਣਮਨੁੱਖੀ ਵਿਵਹਾਰ; ਇਸੇ ਜੇਲ੍ਹ ਵਿਚ 150 ਤੋਂ ਜ਼ਿਆਦਾ ਅਫ਼ਗਾਨਾਂ ਤੇ ਪਾਕਿਸਤਾਨੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਕਈ ਵਰ੍ਹੇ ਕੈਦ ਰੱਖਣਾ; ਬਗਦਾਦ ਵਿਚ ਅਮਰੀਕਨ ਫ਼ੌਜ ਦੇ ਹੈਲੀਕਾਪਟਰ ਦੁਆਰਾ ਗੋਲੀਬਾਰੀ ਕਰਕੇ ਰਾਇਟਰ ਸਮਾਚਾਰ ਏਜੰਸੀ ਦੇ ਦੋ ਪੱਤਰਕਾਰਾਂ ਦੀ ਹੱਤਿਆ। ਉਸ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਵੇਂ ਆਪਣੇ ਆਪ ਨੂੰ ਮਨੁੱਖਤਾ ਦੇ ਹਮਦਰਦ ਅਖਵਾਉਣ ਵਾਲੇ ਵਾਤਾਵਰਨ ਵਿਗਿਆਨੀ ਜਨਤਾ ਨੂੰ ਗੁੰਮਰਾਹ ਕਰਦੇ ਹਨ ਤੇ ਕਿਵੇਂ ਅਮਰੀਕਾ ਆਪਣਾ ਵਿਰੋਧ ਕਰਨ ਵਾਲੇ ਦੇਸ਼ਾਂ ’ਤੇ ਇਨ੍ਹਾਂ ਵਿਗਿਆਨੀਆਂ ਦੀਆਂ ‘ਖੋਜਾਂ’ ਰਾਹੀਂ ਚਿੱਕੜ ਸੁਟਵਾਉਂਦਾ ਹੈ। ਉਸ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦਿਆਂ ਉੱਘੇ ਪੱਤਰਕਾਰ ਅਤੇ ਫਿਲਮਸਾਜ਼ ਜੌਹਨ ਰਿਚਰਡ ਪਿਗਲਰ ਨੇ ਲਿਖਿਆ ਹੈ: ‘‘ਇਹ ਧਿੰਗਾਜ਼ੋਰੀ ਲੰਡਨ ਦੇ ਕੇਂਦਰ (ਦਿਲ) ਵਿਚ ਹੋਈ; ਮੈਗਨਾ ਕਾਰਟਾ (ਇੰਗਲੈਂਡ ਵਿਚ ਬਾਦਸ਼ਾਹਤ ਹੁੰਦਿਆਂ ਕੁਝ ਬੁਨਿਆਦੀ ਹੱਕਾਂ ਬਾਰੇ ਹੋਇਆ ਤੇਰ੍ਹਵੀਂ ਸਦੀ ਦਾ ਇਕ ਸਮਝੌਤਾ/ਦਸਤਾਵੇਜ਼) ਦੀ ਧਰਤੀ ’ਤੇ... ਸਾਨੂੰ ਸਾਰਿਆਂ ਨੂੰ, ਜਿਨ੍ਹਾਂ ਨੂੰ ‘ਜਮਹੂਰੀ’ ਸਮਾਜਾਂ ਵਿਚ ਜਮਹੂਰੀਅਤ ਕਾਇਮ ਰਹਿਣ ਬਾਰੇ ਡਰ ਲੱਗਦਾ ਰਹਿੰਦਾ ਹੈ, ਇਸ ਉੱਤੇ ਸ਼ਰਮਸਾਰ ਤੇ ਗੁੱਸੇ ਹੋਣਾ ਚਾਹੀਦਾ ਹੈ... ਨੀਮ-ਫਾਸ਼ੀ ਟਰੰਪ ਦੇ ਇਸ਼ਾਰੇ ’ਤੇ ਬਰਤਾਨਵੀ ਕੁਲੀਨਾਂ (ਇਲੀਟ) ਨੇ ਆਪਣੇ ਬਾਰੇ ਬਣਾਈ ਹੋਈ ਨਿਰਪੱਖਤਾ ਤੇ ਨਿਆਂ ਦੀ ‘ਮਿੱਥ’ ਨੂੰ ਵੀ ਅਲਵਿਦਾ ਕਹਿ ਦਿੱਤੀ। ਇਕੂਆਡੋਰ ਦਾ ਰਾਸ਼ਟਰਪਤੀ ਲੈਨਿਨ ਮੋਰਿਨੋ, ਜਿਹੜਾ ਆਪਣੇ ਸੜ੍ਹਿਆਂਦ ਮਾਰ ਰਹੇ ਰਾਜ ਨੂੰ ਬਚਾਉਣ ਦਾ ਯਤਨ ਕਰ ਰਿਹਾ ਹੈ, ਇਸ ਵਿਚ ਭਾਗੀਦਾਰ ਹੈ।’’ ਪਿਗਲਰ ਨੇ ਅੰਗਰੇਜ਼ੀ ਅਖ਼ਬਾਰ ‘ਦਿ ਗਾਰਡੀਅਨ’ ’ਤੇ ਇਲਜ਼ਾਮ ਲਗਾਇਆ ਹੈ ਕਿ ਪਹਿਲਾਂ ਤਾਂ ਉਸ (ਅਖ਼ਬਾਰ) ਨੇ ਅਸਾਂਜ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਫ਼ਾਇਦਾ ਉਠਾਇਆ, ਖ਼ਬਰਾਂ ਦਿੱਤੀਆਂ, ਨਾਮ ਕਮਾਇਆ, ਕਿਤਾਬ ਛਾਪੀ (ਜਿਸ ਉੱਤੇ ਹਾਲੀਵੁੱਡ ’ਚ ਫਿਲਮ ਵੀ ਬਣੀ) ਤੇ ਬਾਅਦ ਵਿਚ ਉਸ (ਅਸਾਂਜ) ਨੂੰ ਧੋਖਾ ਦਿੱਤਾ। ਪਿਗਲਰ ਅਨੁਸਾਰ ਗਾਰਡੀਅਨ ਵਾਲੀ ਕਿਤਾਬ ਦੇ ਲੇਖਕਾਂ ਨੇ ਅਸਾਂਜ ਦਾ ਪਾਸਵਰਡ ਪੁਲੀਸ/ਏਜੰਸੀਆਂ ਨੂੰ ਲੀਕ ਕਰ ਦਿੱਤਾ। ਉਸ ਅਨੁਸਾਰ ਅਸਾਂਜ ਉੱਤੇ ਰੂਸੀਆਂ ਤੇ ਟਰੰਪ ਦਾ ਸਾਜ਼-ਬਾਜ਼ ਕਰਨ ਦਾ ਦੋਸ਼ ਝੂਠਾ ਹੈ। ਕਈ ਰਾਜਸੀ ਮਾਹਿਰ ਅਸਾਂਜ ਦੀ ਗ੍ਰਿਫ਼ਤਾਰੀ ਨੂੰ ਵੱਡੀ ਅਮਰੀਕੀ ਸਾਜ਼ਿਸ਼ ਕਰਾਰ ਦੇ ਰਹੇ ਹਨ। ਉਨ੍ਹਾਂ ਅਨੁਸਾਰ ਇਕੂਆਡੋਰ ਮਾਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੁਝ ਦੇਰ ਤੋਂ ਇੰਟਰਨੈਸ਼ਨਲ ਮੌਨੀਟਰਿੰਗ ਫੰਡ (ਆਈਐੱਮਐੱਫ਼), ਜਿਸ ਦਾ ਕੰਟਰੋਲ ਅਮਰੀਕਾ ਦੇ ਹੱਥ ਵਿਚ ਹੈ, ਦੇ ਦੁਆਰ ’ਤੇ ਖੜ੍ਹਾ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਫਰਵਰੀ ਵਿਚ ਆਈਐੱਮਐੱਫ਼ ਨੇ ਇਕੂਆਡੋਰ ਨੂੰ 4.5 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਅਤੇ ਉਸ ਤੋਂ 50 ਦਿਨਾਂ ਬਾਅਦ ਇਕੂਆਡੋਰ ਦੇ ਰਾਸ਼ਟਰਪਤੀ ਨੇ ਅਸਾਂਜ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਇਹ ਤਰਕ ਵੀ ਦਿੱਤਾ ਜਾ ਰਿਹਾ ਹੈ ਕਿ ਜੇ ਅਸਾਂਜ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਵਿਕੀਲੀਕਸ ਦੇ ਮੌਜੂਦਾ ਸੰਪਾਦਕ ਕਰਿਸਟਿਨ ਹਰਾਫਨਸਨ ਅਤੇ ਵੈੱਬਸਾਈਟ ਨਾਲ ਜੁੜੇ ਹੋਰ ਪੱਤਰਕਾਰਾਂ ਨੂੰ ਵੀ ਸਜ਼ਾ ਮਿਲ ਸਕਦੀ ਹੈ। ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਵਿਕੀਲੀਕਸ ਦੀਆਂ ਖ਼ਬਰਾਂ ਅਮਰੀਕਾ, ਇੰਗਲੈਂਡ, ਸਪੇਨ, ਜਰਮਨੀ, ਆਸਟਰੇਲੀਆ ਤੇ ਕਈ ਹੋਰ ਦੇਸ਼ਾਂ ਦੀਆਂ ਪ੍ਰਮੁੱਖ ਅਖ਼ਬਾਰਾਂ (ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਟੈਲੀਗਰਾਫ਼, ਗਾਰਡੀਅਨ, ਸਿਡਨੀ ਮਾਰਨਿੰਗ ਹੈਰਾਲਡ ਆਦਿ) ਨੇ ਪ੍ਰਕਾਸ਼ਿਤ ਕੀਤੀਆਂ। ਹਿਟਲਰ ਦੀ ਦੋਸਤ ਤੇ ਫਿਲਮਸਾਜ਼ ਲੇਨੀ ਰੀਫੈਨਸਟਾਲ (Leni Reifenstahl), ਜਿਸ ਨੇ ਨਾਜ਼ੀਵਾਦ ਦੇ ਹੱਕ ਵਿਚ ਫਿਲਮਾਂ ਬਣਾ ਕੇ ਜਰਮਨਾਂ ਦੇ ਸਿਰਾਂ ਵਿਚ ਨਾਜ਼ੀਵਾਦ ਦਾ ਜਾਦੂ ਧੂੜ ਦਿੱਤਾ ਸੀ, ਨੇ ਪਿਗਲਰ ਨਾਲ ਗੱਲਬਾਤ ਵਿਚ ਦੱਸਿਆ, ‘‘ਮੇਰੇ ਲਈ ਨਾਜ਼ੀ-ਪੱਖੀ ਫਿਲਮਾਂ ਦਾ ਪ੍ਰੇਰਨਾ ਸਰੋਤ ਸਿਰਫ਼ ਉੱਪਰੋਂ ਮਿਲਦੇ ਹੁਕਮ ਹੀ ਨਹੀਂ ਸਨ ਸਗੋਂ ਲੋਕਾਂ ਦੇ ਮਨ ਵਿਚਲਾ ਗੋਡੇ ਟੇਕ ਦੇਣ ਵਾਲਾ ਖਲਾਅ ਸੀ... ਇਸ ਵਿਚ ਬੁੱਧੀਜੀਵੀ ਵਰਗ ਨੇ ਵੱਡਾ ਹਿੱਸਾ ਪਾਇਆ... ਕਿਉਂਕਿ ਜਦੋਂ ਤੁਸੀਂ ਗੰਭੀਰ ਸਵਾਲ ਪੁੱਛਣੇ ਛੱਡ ਦਿੰਦੇ ਹੋ ਤਾਂ ਤੁਸੀਂ ਤਾਬਿਆਦਾਰ, ਈਨ ਮੰਨਣ ਵਾਲੇ ਤੇ ਨਰਮ-ਸੁਭਾਵੀ ਬਣ ਜਾਂਦੇ ਤੇ ਫਿਰ... ਫਿਰ ਕੁਝ ਵੀ ਹੋ ਸਕਦਾ ਹੈ।’’ ਮਨੁੱਖੀ ਆਜ਼ਾਦੀ ਦੇ ਹੱਕ ਵਿਚ ਖਲੋਣ ਵਾਲੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜਮਹੂਰੀ ਹੱਕਾਂ ਦੀ ਹਮਾਇਤ ਵਿਚ ਆਵਾਜ਼ ਉਠਾਉਣ ਵਾਲਾ ਅਸਾਂਜ ਇਕ ਸਿਆਸੀ ਪਨਾਹਗੀਰ ਹੈ ਅਤੇ ਉਸ ਨਾਲ ਉਹੋ ਜਿਹਾ ਵਰਤਾਉ ਹੀ ਹੋਣਾ ਚਾਹੀਦਾ ਹੈ ਜਿਹੋ ਜਿਹਾ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ, ਜਿਨ੍ਹਾਂ ਨੂੰ ਸਿਆਸੀ ਪਨਾਹ ਦਿੱਤੀ ਜਾਂਦੀ ਹੈ। ਹਿੰਦੋਸਤਾਨ ਦੇ ਪ੍ਰਸਿੱਧ ਵਿਦਵਾਨਾਂ/ਚਿੰਤਕਾਂ, ਜਿਨ੍ਹਾਂ ਵਿਚ ਗੋਪਾਲ ਕ੍ਰਿਸ਼ਨ ਗਾਂਧੀ, ਰੋਮਿਲਾ ਥਾਪਰ, ਐੱਨ. ਰਾਮ, ਅਰੁੰਧਤੀ ਰਾਏ ਅਤੇ ਹੋਰ ਸ਼ਾਮਲ ਹਨ, ਨੇ ਵੀ ਉਸ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਇੰਟਰਨੈੱਟ ਅਤੇ ਇਸ ਦੀ ਵਰਤੋਂ ਦਾ ਸੰਸਾਰ ਬਹੁਤ ਜਟਿਲ ਹੈ। ਜਦ ਇਸ ਵਿਚ ਵੱਡੇ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਵੀ ਹਿੱਸਾ ਲੈਂਦੀਆਂ ਹਨ ਤਾਂ ਇਸ ਦੀ ਜਟਿਲਤਾ ਇੰਨੀ ਪੇਚੀਦਗੀਆਂ ਭਰੀ ਹੋ ਜਾਂਦੀ ਹੈ ਕਿ ਇਹ ਜਾਣਨਾ ਲਗਭਗ ਅਸੰਭਵ ਪ੍ਰਤੀਤ ਹੁੰਦਾ ਹੈ ਕਿ ਕਿਹੜੀ ਜਾਣਕਾਰੀ ਸੱਚ ਹੈ ਤੇ ਕਿਹੜੀ ਝੂਠ। ਇਸ ਲਈ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਅਸਾਂਜ ਵੱਲੋਂ ਕੀਤੀਆਂ ਕਾਰਵਾਈਆਂ ਵਿਚੋਂ ਕਿਹੜੀਆਂ ਮਨੁੱਖਤਾ ਦੇ ਹਿੱਤ ਵਿਚ ਸਨ ਅਤੇ ਕਿਹੜੀਆਂ ਵਿਰੁੱਧ। ਪਰ ਜਿਸ ਤਰ੍ਹਾਂ ਨਾਲ ਉਸ ਨੇ ਇਰਾਨ ਅਤੇ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜਾਂ ਵੱਲੋਂ ਕੀਤੇ ਜਾ ਰਹੇ ਦਰਿੰਦਗੀ ਭਰੇ ਵਿਵਹਾਰ ਦਾ ਪਰਦਾਫਾਸ਼ ਕੀਤਾ, ਉਹ ਨਿਸ਼ਚੇ ਹੀ ਸਲਾਹੁਣਯੋਗ ਕਦਮ ਸੀ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਨੇ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਨਾਲ ਲੋਹਾ ਲੈਣ ਦਾ ਸਾਹਸ ਕੀਤਾ। ਵੱਖ ਵੱਖ ਦੇਸ਼ਾਂ ਦੇ ਕਾਨੂੰਨ ਉਸ ਨੂੰ ਸਜ਼ਾ ਦੇ ਸਕਦੇ ਹਨ। ਹੋ ਸਕਦਾ ਹੈ ਉਸ ਨੂੰ ਜੇਲ੍ਹ ਜਾਣਾ ਪਵੇ ਪਰ ਇਸ ਸਭ ਦੇ ਬਾਵਜੂਦ ਉਹ ਦੁਨੀਆਂ ਦੇ ਇਤਿਹਾਸ ਦਾ ਹਿੱਸਾ ਬਣ ਗਿਆ ਹੈ ਅਤੇ ਲਿਖਣ, ਪੜ੍ਹਨ ਤੇ ਬੋਲਣ ਦੀ ਆਜ਼ਾਦੀ ਦਾ ਚਿੰਨ੍ਹ। ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ। - ਸਵਰਾਜਬੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਮੁੱਖ ਖ਼ਬਰਾਂ

ਸਿੱਧੂ ਨੂੰ ਇਕ ਸਾਲ ਦੀ ਕੈਦ

ਸਿੱਧੂ ਨੂੰ ਇਕ ਸਾਲ ਦੀ ਕੈਦ

ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਦੀ ਨਜ਼ਰਸਾਨੀ ਪਟੀਸ਼ਨ ’ਤੇ ਸੁਣਾਇਆ ਫ਼ੈਸ...

ਜਾਖੜ ਭਾਜਪਾ ’ਚ ਸ਼ਾਮਲ

ਜਾਖੜ ਭਾਜਪਾ ’ਚ ਸ਼ਾਮਲ

* ‘ਕਾਂਗਰਸ ਨੇ ਪੰਜਾਬ ਨੂੰ ਜਾਤ-ਧਰਮ ਦੇ ਨਾਂ ’ਤੇ ਵੰਡਿਆ’ * ਪੰਜਾਬ ਦੀ ...

ਭਗਵੰਤ ਮਾਨ ਨੇ ਸ਼ਾਹ ਨਾਲ ਕਿਸਾਨੀ ਤੇ ਸੁਰੱਖਿਆ ਮੁੱਦੇ ਵਿਚਾਰੇ

ਭਗਵੰਤ ਮਾਨ ਨੇ ਸ਼ਾਹ ਨਾਲ ਕਿਸਾਨੀ ਤੇ ਸੁਰੱਖਿਆ ਮੁੱਦੇ ਵਿਚਾਰੇ

ਕਣਕ ਦਾ ਝਾੜ ਘਟਣ ਕਾਰਨ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਅਤੇ ਬਾਸਮਤੀ ...

ਸ਼ਹਿਰ

View All