ਭਾਰਤ ਵਿਚ ਸਿਆਸੀ ਉਥਲ-ਪੁਥਲ ਪ੍ਰਤੀ ਬਰਤਾਨਵੀ ਪ੍ਰਤੀਕਰਮ : The Tribune India

ਭਾਰਤ ਵਿਚ ਸਿਆਸੀ ਉਥਲ-ਪੁਥਲ ਪ੍ਰਤੀ ਬਰਤਾਨਵੀ ਪ੍ਰਤੀਕਰਮ

ਭਾਰਤ ਵਿਚ ਸਿਆਸੀ ਉਥਲ-ਪੁਥਲ ਪ੍ਰਤੀ ਬਰਤਾਨਵੀ ਪ੍ਰਤੀਕਰਮ

ਰੌਲਟ ਐਕਟ ਖਿਲਾਫ਼ ਉੱਠੀ ਬਗ਼ਾਵਤ ਤੋਂ ਅੰਗਰੇਜ਼ ਇੰਨੇ ਬੌਖਲਾ ਗਏ ਕਿ ਉਨ੍ਹਾਂ ਨੇ ਪੰਜਾਬੀਆਂ ’ਤੇ ਅਜਿਹੇ ਜ਼ੁਲਮ ਢਾਹੇ ਤੇ ਅਪਮਾਨ ਕੀਤੇ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਜਿਹਾ ਕਰਕੇ ਅੰਗਰੇਜ਼ ਇਹ ਸਾਬਤ ਕਰਨ ਲਈ ਬਜ਼ਿੱਦ ਸਨ ਕਿ ਉਹ ਭਾਰਤੀਆਂ ਦੇ ਮਾਲਕ ਹਨ, ਇਸ ਲਈ ਉਹ ਉਨ੍ਹਾਂ ਦੇ ਵਫ਼ਾਦਾਰ ਬਣ ਕੇ ਰਹਿਣ। ਵਿਦਵਾਨ ਤੇ ਚਿੰਤਕ ਹਰੀਸ਼ ਕੇ. ਪੁਰੀ ਨੇ ਗ਼ਦਰ ਲਹਿਰ ਬਾਰੇ ਯਾਦਗਾਰੀ ਖੋਜ ਕਾਰਜ ਕੀਤਾ ਹੈ। ਉਸ ਸਮੇਂ ਦੀਆਂ ਸਿਆਸੀ ਸਰਗਰਮੀਆਂ ਅਤੇ ਸਾਕਾ ਜੱਲ੍ਹਿਆਂਵਾਲਾ ਬਾਗ਼ ਬਾਰੇ ਉਨ੍ਹਾਂ ਦਾ ਲਿਖਿਆ ਖ਼ਾਸ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਅੰਮ੍ਰਿਤਸਰ ਵਿਖੇ 1919 ਵਿਚ ਇਕ ਪੰਜਾਬੀ ਨੂੰ ਮਾਰਸ਼ਲ ਲਾਅ ਤਹਿਤ ਗ੍ਰਿਫ਼ਤਾਰ ਕਰਦੇ ਹੋਏ ਬਿ੍ਰਟ੍ਰਿਸ਼ ਸੈਨਿਕ।

‘‘ਇਤਿਹਾਸ ਦਾ ਅਧਿਐਨ ਸਮਕਾਲੀ ਹਉਮੈ ਨੂੰ ਖ਼ਤਮ ਕਰਨ ਦੀ ਤਾਕਤਵਰ ਦਵਾ ਹੈ।’’ -ਪੌਲ ਜੌਹਨਸਨ ਅੰਮ੍ਰਿਤਸਰ ਵਿਚ ਐਤਵਾਰ 13 ਅਪਰੈਲ, 1919 ਨੂੰ ਹੋਏ ਜੱਲ੍ਹਿਆਂ ਵਾਲਾ ਬਾਗ਼ ਦੇ ਕਤਲੇਆਮ ਅਤੇ ਮਾਰਸ਼ਲ ਲਾਅ ਤਹਿਤ ਕੀਤੇ ਗਏ ਬਹੁਤ ਹੀ ਗ਼ੈਰ-ਇਨਸਾਨੀ ਜ਼ੁਲਮ ਬਰਤਾਨਵੀ ਹਕੂਮਤ ਦੀ ਭਾਰਤ ਵਿਚ ਕਰੂਰਤਾ ਅਤੇ ‘ਕਾਇਰਤਾ’ ਦੇ ਸਿਰਕੱਢ ਸਬੂਤ ਹਨ। ਸਾਨੂੰ ਬਹੁਤਿਆਂ ਨੂੰ ਇਨ੍ਹਾਂ ਘਟਨਾਵਾਂ ਦੇ ਆਮ ਵਰਣਨ ਦਾ ਪਤਾ ਹੀ ਹੈ, ਜੋ ਇੰਜ ਹੈ ਕਿ ਜੱਲ੍ਹਿਆਂ ਵਾਲਾ ਬਾਗ਼ ਦੇ ਖੁੱਲ੍ਹੇ ਮੈਦਾਨ ਵਿਚ ਅੰਦਾਜ਼ਨ 20 ਹਜ਼ਾਰ ਜਾਂ ਇਸ ਤੋਂ ਵੀ ਵੱਧ ਨਿਹੱਥੇ ਲੋਕਾਂ ਦੀ ਵੱਡੀ ਇਕੱਤਰਤਾ ਜਿਸ ਵਿਚ ਬੱਚੇ ਵੀ ਸ਼ਾਮਲ ਸਨ, ਉੱਤੇ ਬ੍ਰਿਗੇਡੀਅਰ-ਜਨਰਲ ਰੈਗੀਨਾਲਡ ਡਾਇਰ ਦੀ ਅਗਵਾਈ ਹੇਠ ਬੰਦੂਕਾਂ ਨਾਲ ਲੈਸ 50 ਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਫਾਇਰਿੰਗ ਉਦੋਂ ਤਕ ਜਾਰੀ ਰਹੀ ਜਦੋਂ ਤਕ ਬਾਗ਼ ਵਿਚ ਫ਼ੌਜੀਆਂ ਵੱਲੋਂ ਲਿਆਂਦਾ ਗਿਆ ਸਾਰਾ ਅਸਲਾ, ਭਾਵ 1650 ਗੋਲੀਆਂ ਖ਼ਤਮ ਨਹੀਂ ਹੋ ਗਈਆਂ। ਬਰਤਾਨਵੀ ਹਕੂਮਤ ਦੇ ਸਰਕਾਰੀ ਅੰਦਾਜ਼ੇ ਮੁਤਾਬਕ ਇਸ ਕਤਲੇਆਮ ਵਿਚ 379 ਵਿਅਕਤੀ ਮਾਰੇ ਗਏ ਅਤੇ 1000 ਤੋਂ ਵੱਧ ਜ਼ਖ਼ਮੀ ਹੋ ਗਏ। ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਕਮੇਟੀ ਵੱਲੋਂ ਕੀਤੀ ਜਾਂਚ ਮੁਤਾਬਕ 1000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਅਨੇਕਾਂ ਸ਼ਹਿਰਾਂ ਵਿਚ ਮਾਰਸ਼ਲ ਲਾਅ ਆਇਦ ਕਰ ਦਿੱਤਾ ਗਿਆ, ਜਿਸ ਦਾ ਮਕਸਦ ਸਾਫ਼ ਤੌਰ ’ਤੇ ਭਾਰਤੀਆਂ ਦੀ ਬੇਇੱਜ਼ਤੀ ਕਰਨਾ ਤੇ ਉਨ੍ਹਾਂ ਨੂੰ ਡਰਾਉਣਾ ਸੀ ਤਾਂ ਕਿ ਉਹ ਗ਼ੁਲਾਮ ਬਣੇ ਰਹਿਣ ਤੇ ਸਿਰ ਨਾ ਚੁੱਕ ਸਕਣ। ਮਾਰਸ਼ਲ ਲਾਅ ਤਹਿਤ ਚਾਰ ਜਾਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਪਾਬੰਦੀ ਤੋਂ ਇਲਾਵਾ ਭਾਰਤੀਆਂ ਲਈ ਅੰਗਰੇਜ਼ ਨੂੰ ਕਿਤੇ ਵੀ ਦਿਖਾਈ ਦੇਣ ’ਤੇ ਉਸ ਨੂੰ ਝੁਕ ਕੇ ਸਲਾਮ ਕਰਨਾ, ਸ਼ਰ੍ਹੇਆਮ ਬੈਂਤ ਮਾਰਨ ਵਰਗੀ ਸਜ਼ਾ ਦੇਣਾ ਸ਼ਾਮਲ ਸੀ। ਅਜਿਹੀ ਸਜ਼ਾ ਮਾਮੂਲੀ ਗ਼ਲਤੀ ’ਤੇ ਸਕੂਲੀ ਵਿਦਿਆਰਥੀਆਂ ਤਕ ਨੂੰ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਭਾਰਤੀਆਂ ਨੂੰ ਇਕ ਹਫ਼ਤੇ ਤਕ ਰੀਂਗ-ਰੀਂਗ ਕੇ ਚੱਲਣ ਲਈ ਮਜਬੂਰ ਕੀਤਾ ਗਿਆ ਅਤੇ ਸ਼ੱਕ ਦੇ ਆਧਾਰ ਉੱਤੇ ਵੱਡੀ ਗਿਣਤੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਤੇ ਸਜ਼ਾਵਾਂ ਦਿੱਤੀਆਂ ਗਈਆਂ। ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਨੇ ਮਹਾਤਮਾ ਗਾਂਧੀ ਵੱਲੋਂ ਰੌਲਟ ਐਕਟ ਖ਼ਿਲਾਫ਼ 6 ਅਪਰੈਲ ਨੂੰ ਦਿੱਤੇ ਦੇਸ਼ ਵਿਆਪੀ ਅਹਿੰਸਕ ‘ਸੱਤਿਆਗ੍ਰਹਿ’ ਦੇ ਸੱਦੇ ਨੂੰ ਭਾਰਤ ਵਿਚ ਅੰਗਰੇਜ਼ ਹਕੂਮਤ ਖ਼ਿਲਾਫ਼ ਰਾਜਧ੍ਰੋਹ ਕਰਾਰ ਦਿੱਤਾ। ਜਦੋਂ ਜਨਰਲ ਡਾਇਰ ਦੀ ‘ਡਿਸਆਰਡਰਜ਼ ਇਨਕੁਆਰੀ ਕਮੇਟੀ’ (ਜਿਸ ਨੂੰ ਹੰਟਰ ਕਮੇਟੀ ਵੀ ਆਖਿਆ ਜਾਂਦਾ ਹੈ) ਵਿਚ ਪੁੱਛ-ਗਿੱਛ ਹੋਈ ਤਾਂ ਉਸ ਨੇ ਆਕੜ ਨਾਲ ਆਖਿਆ ਕਿ ਉਸ ਨੇ ਲੋਕਾਂ ਨੂੰ ਉਮਰ ਭਰ ਦਾ ਸਬਕ ਸਿਖਾਉਣ ਦੀ ਠਾਣੀ ਹੋਈ ਸੀ ਤੇ ਉਸ ਨੇ ਉਹੋ ਕੁਝ ਕੀਤਾ, ਜੋ ਉਸ ਨੂੰ ਆਪਣੀ ਡਿਊਟੀ ਮੁਤਾਬਕ ਸਹੀ ਜਾਪਿਆ। ਉਸ ਲਈ ਇਹ ‘ਜੰਗ ਵਰਗੀ ਹਾਲਤ’ ਸੀ ਅਤੇ ਉਸ ਨੇ ਮੰਨਿਆ, ‘‘ਮੈਂ ਇਨ੍ਹਾਂ ਬਾਗ਼ੀ ਲੋਕਾਂ ਨੂੰ ਤਾਜ (ਬਰਤਾਨਵੀ ਹਕੂਮਤ) ਦੇ ਦੁਸ਼ਮਣ ਸਮਝਦਾ ਹਾਂ।’’ ਉਸ ਨੂੰ ਭਾਵੇਂ ਆਖ਼ਰ ਫ਼ੌਜ ਵਿਚੋਂ ਕੱਢ ਦਿੱਤਾ ਗਿਆ, ਪਰ ਬਰਤਾਨਵੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ ਲਾਰਡਜ਼’ ਅਤੇ ਬਰਤਾਨਵੀ ਮੀਡੀਆ ਨੇ ਉਸ ਦੀ ਖ਼ੂਬ ਵਾਹਵਾਹੀ ਕੀਤੀ ਸੀ। ਦੂਜੇ ਪਾਸੇ ਭਾਰਤੀਆਂ ਅਤੇ ਉਸ ਦੇ ਇਕ ਬਰਤਾਨਵੀ ਜੀਵਨੀਕਾਰ ਨਾਈਜਲ ਕੋਲੈਟ ਨੇ ਉਸ ਨੂੰ ‘ਅੰਮ੍ਰਿਤਸਰ ਦਾ ਬੁੱਚੜ’ ਕਰਾਰ ਦਿੱਤਾ। ਜੋ ਬਿਲਕੁਲ ਸਹੀ ਵੀ ਹੈ, ਪਰ ਇਹ ਵੀ ਅੱਧੀ ਹਕੀਕਤ ਹੈ। ਜੋ ਕੁਝ ਅੰਮ੍ਰਿਤਸਰ ਵਿਚ ਵਾਪਰਿਆ ਇਹ ਜਨਰਲ ਡਾਇਰ ਜਾਂ ਸਰ ਮਾਈਕਲ ਓਡਵਾਇਰ ਵਰਗੇ ਇਕ ਜਾਂ ਦੋ ਅਫ਼ਸਰਾਂ ਦੇ ਕਮਲਪੁਣੇ ਦਾ ਸਿੱਟਾ ਨਹੀਂ ਸੀ। ਦਰਅਸਲ, ਸਮੁੱਚੀ ਬਰਤਾਨਵੀ ਫ਼ੌਜ ਅਤੇ ਸਿਵਲ ਅਫ਼ਸਰਾਂ ਦਾ ਇਹ ਖ਼ਿਆਲ ਸੀ ਕਿ ਰੌਲਟ ਐਕਟ ਖ਼ਿਲਾਫ਼ ਗਾਂਧੀਵਾਦੀ ਅੰਦੋਲਨ ਇਕ ਸ਼ੁਰੂਆਤੀ ਬਗ਼ਾਵਤ ਸੀ ਅਤੇ ਇਸ ਨੂੰ ਦਰੜ ਕੇ ਠੀਕ ਕੀਤਾ ਗਿਆ। ਇਸ ਦੌਰਾਨ ਅਨੇਕਾਂ ਬਰਤਾਨਵੀ ਅਫ਼ਸਰਾਂ ਨੇ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਵਿਚ ਬੇਕਸੂਰ ਲੋਕਾਂ ’ਤੇ ਅਜਿਹੇ ਜ਼ੁਲਮ ਢਾਹੇ ਤੇ ਅਜਿਹਾ ਅਪਮਾਨ ਕੀਤਾ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਹ ਲੋਕ ਭਾਰਤੀਆਂ ਨੂੰ ਇਹ ਦਿਖਾਉਣ ਲਈ ਬਜ਼ਿੱਦ ਸਨ ਕਿ ਉਹ ਉਨ੍ਹਾਂ (ਭਾਰਤੀਆਂ) ਦੇ ਮਾਲਕ ਸਨ ਅਤੇ ਭਾਰਤੀਆਂ ਨੂੰ ਉਨ੍ਹਾਂ ਅੱਗੇ ਸਾਊ ਤੇ ਵਫ਼ਾਦਾਰ ਬਣ ਕੇ ਰਹਿਣਾ ਚਾਹੀਦਾ ਹੈ। ਇਹ ਬਰਤਾਨਵੀ ਅਫ਼ਸਰ ਭਾਰਤ ਵਿਚ ਲਾਗੂ ਕੀਤੇ ਗਏ ਬਰਤਾਨਵੀ ਸਾਮਰਾਜੀ ਤਾਣੇ-ਬਾਣੇ ਦੀ ਪੈਦਾਵਾਰ ਅਤੇ ਔਜ਼ਾਰ ਸਨ, ਇਸ ਲਈ ਉਹ ਇਸ ਢਾਂਚੇ ਦੇ ਪ੍ਰਤੀਨਿਧ ਤੇ ਇਸ ਦੇ ਰਖਵਾਲੇ ਹੋਣ ਦਾ ਦਮ ਭਰਦੇ ਸਨ। ਇਸ ਤਰ੍ਹਾਂ ਭਾਰਤ ਵਿਚਲੇ ਬਰਤਾਨਵੀਆਂ ਦੀ ਮਾਨਸਿਕ ਸੋਚ ਤੇ ਵਤੀਰੇ ਦੇ ਢਾਂਚੇ ਅਤੇ ਬਣਤਰ ਨੂੰ ਸਮਝਣਾ ਜ਼ਰੂਰੀ ਵੀ ਹੈ ਤੇ ਅਹਿਮ ਵੀ।

ਫਰਵਰੀ, 1920 ਵਿਚ ‘ਦਿ ਸਨ ਐਂਡ ਨਿਊ ਯਾਰਕ ਹੈਰਲਡ’ ਅਖ਼ਬਾਰ ਵਿਚ ਰੌਲਟ ਐਕਟ ਸਬੰਧੀ ਪ੍ਰਕਾਸ਼ਿਤ ਖ਼ਬਰ।

ਇਹ ਸਿਸਟਮ ਮਿਲ ਕੇ ਕੰਮ ਕਰਨ ਵਾਲੇ ਤਿੰਨ ਪੱਖਾਂ ’ਤੇ ਆਧਾਰਿਤ ਸੀ: ਬਰਤਾਨਵੀ ਸਾਮਰਾਜਵਾਦ, ਨਸਲਪ੍ਰਸਤੀ ਅਤੇ ਪਾਗਲਪਣ ਭਾਵ ਬਹੁਤ ਜ਼ਿਆਦਾ ਸ਼ੱਕੀ ਹੋਣਾ ਅਤੇ ਮੁੜ ਤੋਂ 1857 ਵਰਗੀ ਬਗ਼ਾਵਤ ਦਾ ਡਰ। ਇਹ ਪੱਖ ਇਕ-ਦੂਜੇ ’ਤੇ ਅਸਰ ਪਾਉਂਦੇ ਸਨ। ਅਸੀਂ ਸਮਝਦੇ ਹਾਂ ਕਿ ਸਾਮਰਾਜਵਾਦ ਅਜਿਹਾ ਸਿਸਟਮ ਹੈ ਜਿਹੜਾ ਕਿਸੇ ਵਿਅਕਤੀ ਜਾਂ ਮੁਲਕ ਦਾ ਜਿੱਤ, ਫ਼ੌਜੀ ਤਾਕਤ ਅਤੇ ਰਾਜਕੀ ਨੀਤੀ ਤਹਿਤ ਦੂਜੇ ’ਤੇ ਦਮਨ ਤੇ ਦਬਕਾ ਠੋਸਦਾ ਹੈ। ਇਸੇ ਤਰ੍ਹਾਂ ਬਰਤਾਨਵੀ ਸਾਮਰਾਜਵਾਦ ਦੀਆਂ ਜੜਾਂ ਵੀ ਵਸੀਲਿਆਂ ਦੀ ਲੁੱਟ, ਗ਼ੁਲਾਮਗਿਰੀ ਅਤੇ ਭਾਰਤੀਆਂ ਦੀ ਲੁੱਟ-ਖਸੁੱਟ ਵਿਚ ਸਨ, ਜਿਸ ਲਈ ਉਨ੍ਹਾਂ ਦੀ ਵਾਰ-ਵਾਰ ਹੇਠੀ ਕੀਤੀ ਜਾਂਦੀ। ਕੌਮੀ ਵਿਚਾਰਕ ਆਮ ਕਰ ਕੇ ਮੰਨਦੇ ਸਨ ਕਿ ਉਹ ਹਮੇਸ਼ਾਂ ਠੀਕ ਹਨ ਅਤੇ ਹੋਰ ਗ਼ਲਤ ਜਾਂ ਭੈੜੇ ਹਨ। ਭਾਰਤ ਵਿਚਲੇ ਅੰਗਰੇਜ਼ ਆਪਣੇ ਆਪ ਨੂੰ ਇਖ਼ਲਾਕਨ ਉੱਚੇ ਅਤੇ ਹਮੇਸ਼ਾਂ ਠੀਕ ਮੰਨਦੇ ਸਨ। ਭਾਰਤ ਵਿਚ ਜੋ ਵੀ ਗ਼ਲਤ ਹੁੰਦਾ, ਉਸ ਲਈ ਹਮੇਸ਼ਾਂ ਕਸੂਰ ਭਾਰਤੀਆਂ ਦਾ ਹੀ ਕੱਢਿਆ ਜਾਂਦਾ। ਨਸਲਪ੍ਰਸਤੀ, ਜਿਹੜੀ ਅਜਿਹੀ ਧਾਰਨਾ ਹੈ ਕਿ ਹਾਕਮ ਨਸਲ ਹੀ ਹਮੇਸ਼ਾਂ ਦੂਜੀ ਨਾਲੋਂ ਤਾਕਤ, ਪ੍ਰਤਿਭਾ ਤੇ ਅਕਲਮੰਦੀ ਪੱਖੋਂ ਬਿਹਤਰ ਹੁੰਦੀ ਹੈ, ਸਰਾਸਰ ਨਾਵਾਜਬ ਤੇ ਜ਼ਾਲਮਾਨਾ ਹੈ। ਪਰ ਜਦੋਂ ਸਾਮਰਾਜਵਾਦ ਦੇ ਨਾਲ ਨਸਲਪ੍ਰਸਤੀ ਵੀ ਜੁੜ ਜਾਂਦੀ ਹੈ ਤਾਂ ਨਤੀਜੇ ਭਿਆਨਕ ਹੁੰਦੇ ਹਨ। ਬਰਤਾਨਵੀ ਲੋਕਾਂ ਦਾ ਖ਼ਿਆਲ ਸੀ ਕਿ ਉਹ ਇਕ ਸਾਮਰਾਜੀ ਨਸਲ ਹਨ ਅਤੇ ਉਨ੍ਹਾਂ ਨੂੰ ਭਾਰਤੀਆਂ ਉੱਤੇ ਹਕੂਮਤ ਕਰਨ ਤੇ ਉਨ੍ਹਾਂ ਨੂੰ ਦਬਾਉਣ ਦਾ ਰੱਬੀ ਹੁਕਮ ਹਾਸਲ ਹੈ। ਇਲਬਰਟ ਬਿਲ 1883 ਬਾਰੇ ਵਿਵਾਦ ਦੌਰਾਨ, ਮਸਲਨ ਮਿਸਟਰ ਸੈਟਨ ਕਰ, ਸਾਬਕਾ ਵਿਦੇਸ਼ ਸਕੱਤਰ, ਭਾਰਤ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਸੀ, ‘‘ਭਾਰਤ ਵਿਚ ਸਿਖਰਲੇ ਤੋਂ ਲੈ ਕੇ ਹੇਠਲੇ ਪੱਧਰ ਤਕ… ਹਰੇਕ ਅੰਗਰੇਜ਼ ਦਾ ਇਹੋ ਖ਼ਿਆਲ ਸੀ ਕਿ ਉਹ ਅਜਿਹੀ ਨਸਲ ਨਾਲ ਸਬੰਧਤ ਹੈ, ਜਿਸ ਨੂੰ ਰੱਬ ਨੇ ਰਾਜ ਤੇ ਦਮਨ ਕਰਨ ਲਈ ਭੇਜਿਆ ਹੈ।’’ ਭਾਰਤੀਆਂ ਨੂੰ ‘ਗੋਰਿਆਂ ਦੇ ਦਿਮਾਗ਼ੀ ਬੋਝ’ (‘Whiteman’s burden’) ਬਾਰੇ ਚੇਤੇ ਕਰਾਇਆ ਜਾਂਦਾ ਸੀ, ਜੋ ਕਾਲੇ ਭਾਰਤੀਆਂ ਨੂੰ ਸੱਭਿਅਕ ਬਣਾਉਣ ਦੇ ਮਿਸ਼ਨ ਬਾਰੇ ਸੀ। ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ‘ਡਿਸਕਵਰੀ ਆਫ ਇੰਡੀਆ’ ਵਿਚ ਲਿਖਿਆ ਹੈ: ‘‘ਜੇ ਅਸੀਂ ਵਿਰੋਧ ਕਰਦੇ ਤਾਂ ਸਾਨੂੰ ਇਕ ਸਾਮਰਾਜੀ ਕੌਮ ਦੀਆਂ ਸ਼ੇਰ ਖ਼ੂਬੀਆਂ ਬਾਰੇ ਦੱਸਿਆ ਜਾਂਦਾ।’’ ਇੰਗਲੈਂਡ ਦੇ ਭਾਰਤ ਨਾਲ ਸਬੰਧਾਂ ਦਾ ਇਹ ਮਨੋਵਿਗਿਆਨਕ ਪਿਛੋਕੜ ਹੀ ਬਰਤਾਨਵੀ ਹਕੂਮਤ ਦੇ ਢਾਂਚੇ ਤੇ ਅੰਗਰੇਜ਼ਾਂ ਦੀ ਸੋਚ ਦਾ ਆਧਾਰ ਸੀ, ਇਥੋਂ ਤਕ ਕਿ ਉਨ੍ਹਾਂ ਦੀ ਸੋਚ ਦਾ ਵੀ ਜਿਹੜੇ ਸਰਕਾਰ ਦਾ ਹਿੱਸਾ ਨਹੀਂ ਸਨ, ਪਰ ਸੋਚ ਦੇ ਤੀਜੇ ਤੱਤ ਭਾਵ ਭਾਰਤੀ ਅਵਾਮ ਵੱਲੋਂ ਬਗ਼ਾਵਤ ਦੇ ਡਰ ਨੇ ਇਸ ਨੂੰ ਹੋਰ ਤਿੱਖਾ ਕਰ ਦਿੱਤਾ। ਸਾਲ 1857 ਦੀ ਬਗ਼ਾਵਤ ਜਿਸ ਨੂੰ ਅੰਗਰੇਜ਼ਾਂ ਨੇ ਗ਼ਦਰ ਕਰਾਰ ਦਿੱਤਾ, ਨਾ ਸਿਰਫ਼ ਬਰਤਾਨੀਆ ਵਿਚ ਅੰਗਰੇਜ਼ਾਂ ਦੀ ਹਕੂਮਤ ਨੂੰ ਇਕ ਇਤਿਹਾਸਕ ਵੰਗਾਰ ਸੀ, ਸਗੋਂ ਇਹ ਅੰਗਰੇਜ਼ਾਂ ਖ਼ਿਲਾਫ਼ ਹਜੂਮੀ ਹਿੰਸਾ ਦਾ ਇਕ ਭਿਆਨਕ ਬਿਰਤਾਂਤ ਵੀ ਸੀ। ਇਸ ਵਿਚ ਕਾਨਪੁਰ ਦੇ ਬੀਬੀਗੜ੍ਹ ਦੀ ਹੌਲਨਾਕ ਘਟਨਾ ਵੀ ਸ਼ਾਮਲ ਹੈ ਜਿੱਥੇ ਖ਼ੂਨ-ਖ਼ਰਾਬੇ ’ਤੇ ਉਤਾਰੂ ਹਿੰਸਕ ਭੀੜ ਨੇ ‘ਮਾਰੋ ਫਿਰੰਗੀ ਕੋ’ ਦੇ ਨਾਅਰੇ ਲਾਉਂਦਿਆਂ ਵੱਡੀ ਗਿਣਤੀ ਗੋਰੀਆਂ ਔਰਤਾਂ ਅਤੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਫਿਰ ਬਗ਼ਾਵਤ ਨੂੰ ਪੂਰੀ ਤਰ੍ਹਾਂ ਦਬਾਅ ਦੇਣ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਕੀਤੀ ਬਦਲਾਖ਼ੋਰੀ ਦੀ ਹਿੰਸਾ ਵੀ ਜੰਗਲੀਪੁਣੇ ਦੀ ਹੱਦ ਸੀ ਅਤੇ ਬਰਤਾਨਵੀ ਪ੍ਰੈੱਸ ਨੇ ਇਸ ਨੂੰ ਭਾਰਤ ਵਿਚ ‘ਦਾਨਵਾਂ ਦਾ ਖ਼ਾਤਮਾ’ ਕਰਾਰ ਦਿੱਤਾ ਸੀ। ਪੰਜਾਬ ਵਿਚ ਅਸੀਂ ਇਸ ਡਰ ਤੇ ਬਦਲਾਖ਼ੋਰੀ ਦੀ ਹਾਲ ਹੀ ਵਿਚ ਸਾਹਮਣੇ ਆਈ ਕਹਾਣੀ ਭਾਵ ਅਜਨਾਲਾ ਦੇ ‘ਕਾਲਿਆਂ ਵਾਲਾ ਖੂਹ’ ਬਾਰੇ ਜਾਣਦੇ ਹਾਂ। ਉੱਥੋਂ ਅਜਿਹੇ ਸੈਂਕੜੇ ਫ਼ੌਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ 1857 ਵਿਚ ਬਗ਼ਾਵਤ ਕਾਰਨ ਬੇਰਹਿਮੀ ਨਾਲ ਕਤਲ ਕਰ ਕੇ ਦਫਨ ਕਰ ਦਿੱਤਾ ਗਿਆ ਸੀ ਅਤੇ ਇਸ ਹੌਲਨਾਕ ਘਟਨਾ ਬਾਰੇ ਕਰੀਬ ਡੇਢ ਸਦੀ ਤਕ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਸੀ।

ਹਰੀਸ਼ ਕੇ. ਪੁਰੀ

ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਇਸ ਨੂੰ ਭਾਰਤ ਵਿਚ ਬਰਤਾਨਵੀ ਸਾਮਰਾਜ ਦੀ ‘ਹਿਫ਼ਾਜ਼ਤ ਕਰਨ ਵਾਲੇ ਸੂਬੇ’ ਵਜੋਂ ਵਿਕਸਿਤ ਕੀਤਾ। ਜਦੋਂ ਤਕ ਸਭ ਕੁਝ ਠੀਕ-ਠਾਕ ਚੱਲਦਾ ਰਿਹਾ, ਉਦੋਂ ਤਕ ਕੁਝ ਭਾਈਚਾਰਿਆਂ ਨੂੰ ਮਾਰਸ਼ਲ ਕੌਮਾਂ ਵਜੋਂ ਮਾਣ-ਸਨਮਾਨ ਦਿੱਤਾ ਜਾਂਦਾ ਰਿਹਾ ਅਤੇ ਉਹ ‘ਬਰਤਾਨਵੀ ਰਾਜ ਦੇ ਆਸ਼ੀਰਵਾਦ’ ਦੇ ਗੀਤ ਗਾਉਂਦੀਆਂ ਰਹੀਆਂ, ਉਦੋਂ ਤਕ ਬਰਤਾਨਵੀ ਅਫ਼ਸਰ ਪੰਜਾਬੀਆਂ ਦੀ ਵਫ਼ਾਦਾਰੀ ਵਾਲੀ ਬਹਾਦਰੀ ਦੀਆਂ ਤਾਰੀਫ਼ਾਂ ਕਰਦੇ ਨਹੀਂ ਸਨ ਥੱਕਦੇ। ਪਰ ਜਦੋਂ ਕਦੇ ਵੀ ਅੰਗਰੇਜ਼ ਵਿਰੋਧੀ ਕਿਸੇ ਅੰਦੋਲਨ ਦਾ ਸ਼ੱਕ ਵੀ ਪਿਆ ਤਾਂ ਉਸ ਨੂੰ ਬਹੁਤ ਹੀ ਲਾਮਿਸਾਲ ਬੇਕਿਰਕੀ ਨਾਲ ਦਬਾ ਦਿੱਤਾ ਗਿਆ ਤਾਂ ਕਿ ਇਸ ਦਾ ਵਿਆਪਕ ਅਸਰ ਹੋਵੇ। ਜਿਵੇਂ ਨਾਮਧਾਰੀਆਂ (ਕੂਕਿਆਂ) ਦੇ ਮਾਮਲੇ ਵਿਚ ਹੋਇਆ। ਸਾਲ 1907 ਵਿਚ ਜਦੋਂ ਪੰਜਾਬ ਦੇ ਕਿਸਾਨਾਂ ਨੇ ਸਰਦਾਰ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ) ਦੀ ਅਗਵਾਈ ਹੇਠ ਬਰਤਾਨਵੀ ਦਮਨਕਾਰੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਅੰਦੋਲਨ ਵਿਚ ਲਾਮਬੰਦ ਹੋਣਾ ਸ਼ੁਰੂ ਕੀਤਾ ਤਾਂ ਲੈਫ਼ਟੀਨੈਂਟ ਗਵਰਨਰ ਇਬੈਸਟਨ ਘਬਰਾ ਗਿਆ।

ਉਸ ਨੇ ਵਾਇਰਸਾਏ ਲਾਰਡ ਮਿੰਟੋ ਨੂੰ ਲਿਖਿਆ ਕਿ ਉਸ ਨੂੰ ਪੰਜਾਬ ਵਿਚ 1857 ਵਰਗੀ ਬਗ਼ਾਵਤ ਦਾ ਖ਼ਤਰਾ ਜਾਪਦਾ ਸੀ। ਇਸ ਤੋਂ ਬਾਅਦ ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਜਲਾਵਤਨ ਕਰ ਕੇ ਮਾਂਡਲੇ (ਬਰਮਾ) ਭੇਜ ਦਿੱਤਾ ਗਿਆ। ਇਹ ਬਿਲਕੁਲ ਉਸ ਤਰ੍ਹਾਂ ਦੀ ਮੁੱਢਲੀ ਘਟਨਾ ਸੀ, ਜਿਵੇਂ ‘ਖ਼ਿਆਲੀ ਬਗ਼ਾਵਤ’ ਨੂੰ ਰੋਕਣ ਲਈ ਡਾ. ਸੱਤ ਪਾਲ ਅਤੇ ਡਾ. ਕਿਚਲੂ ਨੂੰ 10 ਅਪਰੈਲ, 1919 ਨੂੰ ਦੂਰ ਪਹਾੜੀ ਖੇਤਰ ਵਿਚ ਭੇਜ ਦਿੱਤਾ, ਪਰ ਵਾਈਸਰਾਏ ਨੂੰ ਫ਼ੌਜ ਦੇ ਮੁਖੀ ਲਾਰਡ ਕਿਚਨਰ ਵੱਲੋਂ ਵੇਲੇ ਸਿਰ ਦਿੱਤੀ ਗਈ ਸਲਾਹ ਅਤੇ ਲਾਰਡ ਮਿੰਟੋ ਵੱਲੋਂ ਕਲੋਨਾਈਜੇਸ਼ਨ ਬਿਲ ਦੇ ਮਾਮਲੇ ਵਿਚ ਵੀਟੋ ਦੀ ਕੀਤੀ ਵਰਤੋਂ ਅਤੇ ਨਾਲ ਹੀ ਕਾਨੂੰਨ ਦੀਆਂ ਕੁਝ ਸਖ਼ਤ ਵਿਵਸਥਾਵਾਂ ਨੂੰ ਹਟਾਉਣ ਸਦਕਾ ਹਾਲਾਤ ਵਿਗੜਨ ਤੋਂ ਬਚ ਗਏ। ਡਰ ਦੇ ਇਸ ਮਾਹੌਲ ਨੂੰ 1857 ਦੇ ਗ਼ਦਰ ਦੇ ਲੰਡਨ ਵਿਚ ਮਨਾਏ ਗਏ ਗੋਲਡਨ ਜੁਬਲੀ ਜਸ਼ਨਾਂ ਨੇ ਵੀ ਵਧਾਇਆ। ਲੰਡਨ ਵਿਚ ਵੀ.ਡੀ. ਸਾਵਰਕਰ, ਲਾਲਾ ਹਰਦਿਆਲ, ਸ਼ਿਆਮਜੀ ਕਿਸ਼ਨਾਵਰਮਾ ਅਤੇ ਮਦਨ ਲਾਲ ਢੀਂਗਰਾ ਵਰਗੇ ਇਨਕਲਾਬੀਆਂ ਨੇ ਗ਼ਦਰ ਨੂੰ ਪਹਿਲੀ ਜੰਗ-ਏ-ਆਜ਼ਾਦੀ ਕਰਾਰ ਦੇ ਕੇ ਜਸ਼ਨ ਮਨਾਏ। ਉਨ੍ਹਾਂ ਇਸ ਮੌਕੇ ਦੂਜੀ ਜੰਗ-ਏ-ਆਜ਼ਾਦੀ ਲਈ ਵੀ ਸੱਦਾ ਦਿੱਤਾ। ਅਮਰੀਕਾ ਵਿਚ 1913 ਵਿਚ ਗ਼ਦਰ ਪਾਰਟੀ ਦੀ ਸਥਾਪਨਾ ਅਤੇ ਇਸ ਵੱਲੋਂ ਆਪਣਾ ਟੀਚਾ ਖੁੱਲ੍ਹੇਆਮ ਪਹਿਲੀ ਸੰਸਾਰ ਜੰਗ ਦੌਰਾਨ ਹਥਿਆਰਬੰਦ ਬਗ਼ਾਵਤ ਰਾਹੀਂ ਭਾਰਤ ਵਿਚੋਂ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾ ਦੇਣਾ ਐਲਾਨੇ ਜਾਣ ਕਾਰਨ ਵੀ ਅੰਗਰੇਜ਼ਾਂ ਦੇ ਦਿਲਾਂ ਦਾ ਤੌਖ਼ਲਾ ਵਧਿਆ। ਦਰਅਸਲ, ਸਰ ਜੇਮਜ਼ ਹਾਊਸਮਾਇਨ ਡੂਬੌਉਲੇ, ਜੋ ਭਾਰਤ ਦੇ ਵਾਈਸਰਾਏ ਤੇ ਗਵਰਨਰ ਜਨਰਲ ਲਾਰਡ ਹੇਸਟਿੰਗਜ਼ ਦਾ ਸਿਆਸੀ ਸਲਾਹਕਾਰ ਸੀ ਅਤੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੈਕਟਰੀ ਨੇ ਉਸ ਸਮੇਂ ਇਹ ਗੱਲ ਸਾਫ਼ ਤੌਰ ’ਤੇ ਆਖੀ ਸੀ। ਲਾਲਾ ਹਰਦਿਆਲ ਦੇ ਚਚੇਰੇ ਭਰਾ ਅਤੇ ਗ਼ਦਰ ਪਾਰਟੀ ਦੇ ਆਗੂ ਗੋਬਿੰਦ ਬਿਹਾਰੀ ਲਾਲ ਦਾ ਕਹਿਣਾ ਸੀ ਕਿ ਡੂਬੌਉਲੇ ਨੇ ਅਮਰੀਕਾ ਵਿਚ ਕਿਸੇ ਵੇਲੇ ਅਚਾਨਕ ਹੋਈ ਇਕ ਮੁਲਾਕਾਤ ਦੌਰਾਨ ਉਸ ਨੂੰ ‘ਆਖਿਆ ਸੀ’ ਕਿ ‘ਅੰਮ੍ਰਿਤਸਰ ਦੇ ਕਤਲੇਆਮ ਨੂੰ ਗ਼ਦਰ ਅੰਦੋਲਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।’ ਇਹ ਕਾਰਵਾਈ ਡਿਫੈਂਸ ਆਫ ਐਕਟ, 1915 ਪਾਸ ਕੀਤੇ ਜਾਣ ਖ਼ਿਲਾਫ਼ ਉੱਭਰ ਰਹੇ ਗ਼ਦਰ ਨੂੰ ਰੋਕਣ ਲਈ ਕੀਤੀ ਗਈ ਸੀ। ਇਹ ਐਕਟ ਸਰਕਾਰ ਨੂੰ ਬਿਨਾਂ ਮੁਕੱਦਮਾ ਚਲਾਏ ਕਿਸੇ ਨੂੰ ਵੀ ਬੰਦੀ ਬਣਾ ਕੇ ਰੱਖਣ ਤੇ ਗੁਪਤ ਢੰਗ ਨਾਲ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੰਦਾ ਸੀ, ਭਾਵ ਜਿਸ ਵਿਚ ਮੁਲਜ਼ਮ ਦਾ ਕੋਈ ਪੱਖ ਨਹੀਂ ਸੀ ਸੁਣਿਆ ਜਾਣਾ ਅਤੇ ਨਾ ਹੀ ਕੋਈ ਅਪੀਲ ਹੋ ਸਕਣੀ ਸੀ, ਭਾਵ ਨਾ ਵਕੀਲ, ਨਾ ਅਪੀਲ, ਨਾ ਦਲੀਲ ਦਾ ਸਿਧਾਂਤ ਲਾਗੂ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਗ਼ਦਰੀ ਇਨਕਲਾਬੀਆਂ ਨੂੰ ਫਾਂਸੀ ਦੇ ਦਿੱਤੀ ਗਈ ਜਾਂ ਉਮਰ ਕੈਦ ਦੀ ਸਜ਼ਾ ਸੁਣਾ ਕੇ ਕਾਲੇ ਪਾਣੀ ਜੇਲ੍ਹ ਭੇਜ ਦਿੱਤਾ ਗਿਆ। ਜੇਮਜ਼ ਕੈਂਪਬੈੱਲ ਕੇਰ, ਜੋ ਭਾਰਤ ਦੇ ਕ੍ਰਾਈਮ ਇੰਟੈਲੀਜੈਂਸ ਵਿਭਾਗ ਦਾ ਡਾਇਰੈਕਟਰ ਸੀ, ਵੱਲੋਂ ਲਿਖੀ ਕਿਤਾਬ ‘ਦਿ ਪੋਲਿਟਿਕਲ ਟ੍ਰਬਲ ਇਨ ਇੰਡੀਆ 1917’ (ਬ੍ਰਿਟਿਸ਼ ਭਾਰਤ ਵਿਚ ਸਿਆਸੀ ਗੜਬੜ 1917) ਬ੍ਰਿਟਿਸ਼ ਸੀਆਈਡੀ ਦੇ ਭਾਰਤ ਵਿਚ 1857 ਦੇ ਗ਼ਦਰ ਵਾਂਗ ਇਕ ਹੋਰ ਬਗ਼ਾਵਤ ਦੇ ਲੋੜੋਂ ਵੱਧ ਡਰ ਦਾ ਖ਼ੁਲਾਸਾ ਕਰਦੀ ਹੈ। ਜੰਗ ਦੇ ਅਖ਼ੀਰ ਵਿਚ ਡਿਫੈਂਸ ਆਫ ਇੰਡੀਆ ਐਕਟ ਦਾ ਖ਼ਾਤਮਾ ਹੋ ਜਾਣ ਕਾਰਨ ਬਰਤਾਨਵੀ ਅਫ਼ਸਰ ਵੱਡੇ ਪੱਧਰ ’ਤੇ ਬਗ਼ਾਵਤ ਦੇ ਖ਼ਤਰੇ ਕਾਰਨ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ। ਇਸ ਕਾਰਨ ਮਾਰਚ 1919 ਵਿਚ ‘ਅਨਾਰਕਿਕਲ ਐਂਡ ਰੈਵੋਲਿਊਸ਼ਨਰੀ ਕ੍ਰਾਈਮ ਐਕਟ’ ਜਿਸ ਨੂੰ ਆਮ ਕਰ ਕੇ ‘ਰੌਲਟ ਐਕਟ’ ਆਖਿਆ ਜਾਂਦਾ ਹੈ, ਪਾਸ ਕੀਤਾ ਗਿਆ ਤਾਂ ਕਿ ਵਿਰੋਧੀਆਂ ਜਾਂ ਜਿਵੇਂ ਅੰਗਰੇਜ਼ ਇਸ ਨੂੰ ਅਮਨ ਸਮੇਂ ਦਾ ਰਾਜਧ੍ਰੋਹ ਆਖਦੇ ਸਨ, ਨਾਲ ਸਖ਼ਤੀ ਨਾਲ ਸਿੱਝਿਆ ਜਾ ਸਕੇ। ਜੰਗ ਵਿਚ ਭਾਰਤੀਆਂ ਖ਼ਾਸਕਰ ਪੰਜਾਬੀਆਂ ਨੇ ਬਰਤਾਨੀਆ ਦੀ ਜਿੱਤ ਲਈ ਭਾਰੀ ਯੋਗਦਾਨ ਦਿੱਤਾ ਸੀ। ਇਸ ਦੇ ਬਦਲੇ ਉਹ ਅੰਗਰੇਜ਼ਾਂ ਤੋਂ ਸਿਆਸੀ ਸੁਧਾਰਾਂ ਅਤੇ ਇੱਜ਼ਤਦਾਰ ਸਲੂਕ ਦੀ ਉਮੀਦ ਕਰਦੇ ਸਨ। ਇਸ ਸਬੰਧੀ ਬਿਲਾਂ ਨੂੰ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦੇ ਸਾਰੇ ਭਾਰਤੀ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਪਾਸ ਕੀਤਾ ਗਿਆ ਸੀ। ਅਨੇਕਾਂ ਨਾਮੀ ਭਾਰਤੀਆਂ ਨੇ ਇਨ੍ਹਾਂ ਬਿਲਾਂ ਨੂੰ ‘ਕਾਲੇ ਕਾਨੂੰਨ’ ਕਰਾਰ ਦਿੰਦਿਆਂ ਉਨ੍ਹਾਂ ਦਾ ਖੁੱਲ੍ਹੇਆਮ ਵਿਰੋਧ ਕੀਤਾ। ਇਸ ਦੇ ਵਿਰੋਧ ਵਜੋਂ ਮੁਹੰਮਦ ਅਲੀ ਜਿਨਾਹ ਨੇ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ। ਮਹਾਤਮਾ ਗਾਂਧੀ ਨੇ ਵੀ ਇਕ ਖ਼ਾਸ ਮੀਟਿੰਗ ਰਾਹੀਂ ਵਾਇਸਰਾਏ ਨੂੰ ਬਿਲਾਂ ਨੂੰ ਮਨਜ਼ੂਰੀ ਨਾ ਦੇਣ ਦੀ ਅਪੀਲ ਕੀਤੀ, ਜੋ ਸੁਣੀ ਨਾ ਗਈ। ਰਾਜਮੋਹਨ ਗਾਂਧੀ ਨੇ ਲਿਖਿਆ ਹੈ ਕਿ ਮਹਾਤਮਾ ਗਾਂਧੀ ਇਸ ਕਾਰਨ ‘ਗੁੱਸੇ ਨਾਲ ਕੰਬ’ ਉਠੇ। ਇਹ ਬਿਲਕੁਲ ਧੋਖਾ ਅਤੇ ਭਾਰਤੀਆਂ ਉਤੇ ਪੂਰੀ ਤਰ੍ਹਾਂ ਬੇਭਰੋਸਗੀ ਦਾ ਐਲਾਨ ਸੀ। ਜਦੋਂ ਮਹਾਤਮਾ ਗਾਂਧੀ ਨੇ ਦੇਸ਼ ਭਰ ਵਿਚ ਹੜਤਾਲ ਰਾਹੀਂ ਅਹਿੰਸਕ ਅੰਦੋਲਨ ਦੀ ਸਹੁੰ ਨਾਲ ਸੱਤਿਆਗ੍ਰਹਿ ਦਾ ਸੱਦਾ ਦਿੱਤਾ ਤਾਂ ਸਰ ਮਾਈਕਲ ਓਡਵਾਇਰ ਨੇ ਇਸ ਨੂੰ ਅੰਗਰੇਜ਼ ਹਕੂਮਤ ਖ਼ਿਲਾਫ਼ ਰਾਜਧ੍ਰੋਹ ਵਾਂਗ ਲੈਂਦਿਆਂ ਫ਼ੌਜੀ ਤਾਕਤ ਰਾਹੀਂ ਦਰੜ ਦੇਣ ਦਾ ਫ਼ੈਸਲਾ ਕੀਤਾ। ਪਰ ਅਜਿਹੀ ਸੋਚ ਵਾਲਾ ਉਹ ਇਕੱਲਾ ਨਹੀਂ ਸੀ। ਉਪਲੱਬਧ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਵਕਤ ਬਹੁਤੇ ਅੰਗਰੇਜ਼ ਅਫ਼ਸਰ ਘੱਟ ਜਾਂ ਵੱਧ ਇੰਜ ਹੀ ਸੋਚਦੇ ਸਨ। ਇਕ ਅਜਿਹੀ ਲਾਬੀ ਵੀ ਸੀ, ਜਿਸ ਨੇ ਗਵਰਨਰ ਜਨਰਲ ਉਤੇ ਰੌਲਟ ਐਕਟ ਦੇ ਹੱਕ ਵਿਚ ਦਬਾਅ ਪਾਇਆ। ਬਰਤਾਨਵੀ ਅਫ਼ਸਰ ਆਮ ਹੀ ਇਸ ਗੱਲ ਨੂੰ ਤਸਲੀਮ ਕਰਦੇ ਸਨ ਕਿ ਉਨ੍ਹਾਂ ਭਾਰਤ ਨੂੰ ਤਲਵਾਰ ਨਾਲ ਜਿੱਤਿਆ ਸੀ ਅਤੇ ਤਲਵਾਰ ਨਾਲ ਹੀ ਕਬਜ਼ਾ ਬਰਕਰਾਰ ਰੱਖਣਗੇ। ਸਾਮਾਰਜੀ ਤਾਕਤਾਂ ਅਤੇ ਹਥਿਆਰਾਂ ਨਾਲ ਲੈਸ ਹਾਕਮਾਂ ਦੇ ਦਿਲ ਵਿਚ ਬੈਠਿਆ ਡਰ ਬਹੁਤ ਭਿਆਨਕ ਹੁੰਦਾ ਹੈ। ਇਸੇ ਦਾ ਸਿੱਟਾ 9 ਅਪਰੈਲ ਨੂੰ ਮਹਾਤਮਾ ਗਾਂਧੀ ਦੀ ਗ੍ਰਿਫ਼ਤਾਰੀ ਵਜੋਂ ਨਿਕਲਿਆ ਤੇ ਫਿਰ 10 ਅਪਰੈਲ ਨੂੰ ਡਾ. ਸੱਤ ਪਾਲ ਤੇ ਡਾ. ਕਿਚਲੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲੀਸ ਫਾਇਰਿੰਗ ਵਿਚ 20 ਜਾਂ 30 ਰੋਹ ਭਰਪੂਰ, ਪਰ ਪੁਰਅਮਨ ਮੁਜ਼ਾਹਰਾਕਾਰੀਆਂ ਦੀ ਜਾਨ ਜਾਂਦੀ ਰਹੀ ਅਤੇ ਇਸ ਤੋਂ ਬਾਅਦ ਭੀੜ ਬੇਕਾਬੂ ਹੋ ਗਈ ਅਤੇ ਉਨ੍ਹਾਂ ਯੂਰੋਪੀ ਬੈਂਕਰਾਂ ਨੂੰ ਮਾਰ ਸੁੱਟਿਆ ਅਤੇ ਅੱਗਜ਼ਨੀ ਤੇ ਹਜੂਮੀ ਕਤਲਾਂ ਜਿਹੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਇਸ ਦੌਰਾਨ 10 ਅਪਰੈਲ ਨੂੰ ਬਦਕਿਸਮਤ ਗੋਰੀ ਔਰਤ ਮਾਰਸੇਲਾ ਸ਼ੇਰਵੁੱਡ ਮਾਰ ਦਿੱਤੀ ਗਈ। ਆਪਣੇ ਹਮਵਤਨੀਆਂ ਦੇ ਮਾਰੇ ਜਾਣ ਕਾਰਨ ਭਾਰਤੀ ਵੀ ਆਪੇ ਤੋਂ ਬਾਹਰ ਹੋ ਗਏ। ਅੰਗਰੇਜ਼ ਅਫ਼ਸਰਾਂ ਨੂੰ ਇੰਜ ਜਾਪਿਆ ਜਿਵੇਂ ਅੰਮ੍ਰਿਤਸਰ ਉਨ੍ਹਾਂ ਹੱਥੋਂ ਨਿਕਲ ਗਿਆ ਹੋਵੇ। ਉਨ੍ਹਾਂ ਦੀ ਆਪਸੀ ਗੱਲਬਾਤ ਅਤੇ ਖ਼ਤੋ-ਕਿਤਾਬਤ ਦੇ ਰਿਕਾਰਡ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸੰਭਾਵਿਤ ਬਗ਼ਾਵਤ ਦਾ ਡਰ ਉਨ੍ਹਾਂ ਦੇ ਦਿਲਾਂ ਦੇ ਧੁਰ ਅੰਦਰ ਤਕ ਬੈਠਿਆ ਹੋਇਆ ਸੀ। ਉਸ ਸ਼ਾਮ ਲਗਪਗ ਚਾਰ ਹਜ਼ਾਰ ਗੋਰੀਆਂ ਔਰਤਾਂ, ਬੱਚਿਆਂ ਅਤੇ ਨੌਕਰਾਂ ਨੂੰ ਅੰਮ੍ਰਿਤਸਰ ਛਾਉਣੀ ਤੋਂ ਕੱਢ ਕੇ ਰੈਗੋ ਬ੍ਰਿਜ ਰਾਹੀਂ ਗੋਬਿੰਦਗੜ੍ਹ ਕਿਲ੍ਹੇ ਵਿਚ ਪਹੁੰਚਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਰਖਵਾਲੀ ਗੋਰਖੇ ਜਵਾਨ ਕਰ ਰਹੇ ਸਨ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਬ੍ਰਿਟਿਸ਼ ਪ੍ਰਿੰਸੀਪਲ ਗੇਰਾਰਡ ਵਾਦਨ ਨੇ ਇਨ੍ਹਾਂ ਗੋਰਿਆਂ ਨੂੰ ਦੇਖਣ ਪਿੱਛੋਂ ਆਪਣੀ ਡਾਇਰੀ ਵਿਚ ਲਿਖਿਆ: ‘‘ਉਨ੍ਹਾਂ ਦੇ ਚਿਹਰਿਆਂ ’ਤੇ ਜੋ ਦਹਿਸ਼ਤ ਬੈਠੀ ਹੋਈ ਸੀ, ਮੈਂ ਹੋਰ ਕਿਤੇ ਨਹੀਂ ਦੇਖੀ… ਉਨ੍ਹਾਂ ਵਿਚੋਂ ਬੁਹਤੇ ਰੋ ਰਹੇ ਸਨ, … ਕਿਸੇ ਨੂੰ ਨਹੀਂ ਪਤਾ ਅੱਗੋਂ ਕੀ ਹੋਵੇਗਾ।’’ ਹੋਰ ਫ਼ੌਜੀ ਕੁਮਕ, ਬਖ਼ਤਰਬੰਦ ਗੱਡੀਆਂ ਅਤੇ ਹਵਾਈ ਜਹਾਜ਼ ਭੇਜਣ ਲਈ ਟੈਲੀਗ੍ਰਾਮਾਂ ਕੀਤੀਆਂ ਗਈਆਂ। ਪ੍ਰਿੰਸੀਪਲ ਵਾਦਨ ਨੇ ਲਿਖਿਆ ਹੈ ਕਿ ਇਕ ਮੀਟਿੰਗ ਵਿਚ ਅਫ਼ਸਰਾਂ ਵੱਲੋਂ ਸਖ਼ਤ ਫ਼ੌਜੀ ਕਾਰਵਾਈ ਲਈ ਕੀਤੀ ਚਰਚਾ ਦੌਰਾਨ ਅੰਮ੍ਰਿਤਸਰ ਸ਼ਹਿਰ ਉੱਤੇ ਬੰਬਾਰੀ ਕਰਨ ਦੇ ਆਏ ਜ਼ਿਕਰ ਨੇ ਉਸ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਜਿਵੇਂ ‘ਦਿ ਨਿਊ ਸਟੇਟਸਮੈਨ’ ਨੇ ਬਾਅਦ ਵਿਚ ਲਿਖਿਆ ਸੀ: ‘‘ਇਸ ਛੋਟੀ ਜਿਹੀ ਯੂਰੋਪੀਅਨ ਕਾਲੋਨੀ ਵਿਚ ਜ਼ਿੰਦਗੀ ਜਨਰਲ ਡਾਇਰ ਦੇ ਹੱਥ ਸੀ ਅਤੇ ਜੇ ਕਾਨਪੁਰ ਅਤੇ ਕਲਕੱਤਾ ਦੇ ਬਲੈਕ ਹੋਲ ਦੇ ਦ੍ਰਿਸ਼ ਉਸ ਦੀਆਂ ਨਜ਼ਰਾਂ ਸਾਹਮਣੇ ਆ ਗਏ ਤਾਂ ਲੰਡਨ ਦੀ ਸੁਰੱਖਿਆ ਵਿਚ ਬੈਠੇ ਅਸੀਂ ਇਹ ਕਹਿਣ ਵਾਲੇ ਕੌਣ ਹੁੰਦੇ ਹਾਂ ਕਿ ਉਹ ਦ੍ਰਿਸ਼ ਮਹਿਜ਼ ਫ਼ਜ਼ੂਲ ਕਲਪਨਾਵਾਂ ਸਨ? ਜਦੋਂ ਗੋਰੇ ਆਦਮੀ ਇਹ ਭਰੋਸਾ ਕਰਦੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਤਹਿਤ ਗੋਰੀਆਂ ਔਰਤਾਂ, ਕਾਲੇ ਲੋਕਾਂ ਦਰਮਿਆਨ ਖ਼ਤਰੇ ਵਿਚ ਹਨ ਤਾਂ ਉਨ੍ਹਾਂ ਕੋਲ ਉਨ੍ਹਾਂ ਦੀ ਸੁਰੱਖਿਆ ਲਈ ਕੁਝ ਕੁ ਹੀ ਵਿਕਲਪ ਰਹਿ ਜਾਣਗੇ।’’ ਜਨਰਲ ਡਾਇਰ ਦੀ 13 ਅਪਰੈਲ ਨੂੰ ਜੱਲ੍ਹਿਆਂ ਵਾਲਾ ਬਾਗ਼ ਦੀ ਕਾਰਵਾਈ ਨੂੰ ਓਡਵਾਇਰ ਨੇ ਫ਼ੌਰੀ ਮਨਜ਼ੂਰੀ ਦੇ ਦਿੱਤੀ ਅਤੇ ਨਾਲ ਹੀ ਇਸ ਲਈ ਵਾਇਸਰਾਏ ਤੇ ਭਾਰਤ ਦੇ ਕਮਾਂਡਰ-ਇਨ-ਚੀਫ ਨੇ ਵੀ ਹਾਮੀ ਭਰ ਦਿੱਤੀ। ਕਿਸਵਾਰ ਦੇਸਾਈ ਨੇ ਇਸ ਮੁਤੱਲਕ ਲਿਖਿਆ ਹੈ, ‘‘ਅਸਲ ਵਿਚ, ਅੰਗਰੇਜ਼ਾਂ ਵਿਚ ਇਹ ਰਾਹਤ ਵਾਲੀ ਗੱਲ ਸੀ ਕਿਉਂਕਿ ਇਹ ਭਰੋਸਾ ਕੀਤਾ ਗਿਆ ਸੀ ਕਿ ਇਸ ਤੋਂ ਬਾਅਦ ਕਿਸੇ ਇਕ ਵੀ ਗੋਰੇ ਨੂੰ ਕੋਈ ਤੱਤੀ ਵਾਅ ਨਹੀਂ ਲੱਗੇਗੀ ਅਤੇ ਹਥਿਆਰਬੰਦ ਫ਼ੌਜਾਂ ਵਿਚ ਬਗ਼ਾਵਤ (ਹਾਲਾਂਕਿ ਇਸ ਦਾ ਬਹੁਤ ਨਾਂਮਾਤਰ ਕੋਈ ਸਬੂਤ ਸੀ) ਦੀ ਚਰਚਾ ਖ਼ਤਮ ਹੋ ਜਾਵੇਗੀ।’’ ਹੋਰ ਬਹੁਤ ਸਾਰੇ ਅੰਗਰੇਜ਼ਾਂ ਵਾਂਗ ਹੀ ਲਾਰਡ ਸਿਡਨਹੈਮ ਨੇ ਲੰਡਨ ਵਿਚ ਹਾਊਸ ਆਫ ਲਾਰਡਜ਼ ਨੂੰ ਦੱਸਿਆ, ‘ਜੇ ਇਹ ਕਾਰਵਾਈ ਨਾ ਕੀਤੀ ਜਾਂਦੀ ਤਾਂ ਸ਼ਾਇਦ ਪੰਜਾਬ ਵਿਚ ਇਕ ਵੀ ਯੂਰੋਪੀਅਨ ਜ਼ਿੰਦਾ ਨਾ ਬਚਦਾ।’’ ਦਰਅਸਲ ਡਾਇਰ ਦੀਆਂ ਸ਼ੁਰੂਆਤੀ ਰਿਪੋਰਟਾਂ ਉਸ ਦੇ ਇਸ ਸਬੰਧੀ ਡਰ ਤੇ ਤੌਖ਼ਲੇ ਵੱਲ ਇਸ਼ਾਰਾ ਕਰਦੀਆਂ ਹਨ ਕਿ ਉਸ ਦੀ ਇਸ ਕਾਰਵਾਈ ਪ੍ਰਤੀ ਲੰਡਨ ਵਿਚ ਸਰਕਾਰ ਕਿਵੇਂ ਪ੍ਰਤੀਕ੍ਰਮ ਕਰੇਗੀ, ਪਰ ਜਦੋਂ ਉਸ ਨੂੰ ਇਕ ਰੱਖਿਅਕ ਵਜੋਂ ਵਡਿਆਇਆ ਗਿਆ ਤਾਂ ਉਸ ਦੇ ਬਿਆਨ ਹੋਰ ਵੀ ਵੱਧ ਬੇਸ਼ਰਮੀ ਵਾਲੇ ਬਣ ਗਏ। ਇਸ ਮੌਕੇ ਸ਼ਸ਼ੀ ਥਰੂਰ ਦੀ ਕਿਤਾਬ ‘ਐਨ ਇਰਾ ਆਫ ਡਾਰਕਨੈੱਸ’ ਵਿਚੋਂ ਵਿਲੀਅਮ ਜੌਏਨਸਨ-ਹਿਕਸ, ਜੋ 1928 ਵਿਚ ਸਟੇਨਲੇ ਬਲੈਡਵਿਨ ਦੀ ਕੰਜ਼ਰਵੇਟਿਵ ਸਰਕਾਰ ਵਿਚ ਗ੍ਰਹਿ ਮੰਤਰੀ ਸੀ, ਦੇ ਬਿਆਨ ਦਾ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ। ਉਸ ਨੇ ਕਿਹਾ ਸੀ ਕਿ ‘ਅਸੀਂ ਭਾਰਤ ਨੂੰ ਤਲਵਾਰ ਰਾਹੀਂ ਜਿੱਤਿਆ ਹੈ ਤੇ ਤਲਵਾਰ ਰਾਹੀਂ ਹੀ ਇਸ ’ਤੇ ਕਬਜ਼ਾ ਬਰਕਰਾਰ ਰੱਖਾਂਗੇ। ਮੈਂ ਅਜਿਹਾ ਦੋਗਲੀਆਂ ਗੱਲਾਂ ਕਰਨ ਵਾਲਾ ਨਹੀਂ, ਜੋ ਆਖੇ ਕਿ ਅਸੀਂ ਭਾਰਤ ਉੱਤੇ ਕਬਜ਼ਾ ਭਾਰਤੀਆਂ ਲਈ ਕੀਤਾ ਹੋਇਆ ਹੈ।’’ ਅੰਮ੍ਰਿਤਸਰ ਵਿਚ ਜੋ ਵਾਪਰਿਆ ਉਸ ਨੂੰ ਸਾਮਰਾਜਵਾਦ, ਨਸਲਪ੍ਰਸਤ ਅਤੇ ਭਾਰਤ ਵਿਚ ਵਿਆਪਕ ਸਿਆਸੀ ਲਹਿਰ ਦੇ ਉਭਾਰ ਦੇ ਡਰ ਦੇ ਸਿੱਟੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All