ਬ੍ਰਹਮੋਸ ਦਾ ਸਫ਼ਲ ਤਜਰਬਾ

ਮਿਜ਼ਾਈਲਾਂ ਦੇ ਖੇਤਰ ’ਚ ਵੱਡਾ ਹਾਸਲ

ਭਾਰਤ ਦੀ ਸਮੁੰਦਰੀ ਸੈਨਾ ਵੱਲੋਂ ਉੜੀਸਾ ਦੇ ਤਟ ਉੱਪਰ ਬੰਗਾਲ ਦੀ ਖਾੜੀ ਵਿੱਚ ਸੁਪਰਸੌਨਿਕ ਬ੍ਰਹਮੋਸ ਕਰੂਜ਼ ਮਿਜ਼ਾਈਲ ਸਫ਼ਲਤਾ ਨਾਲ ਦਾਗ਼ਣ ਦਾ ਕੀਤਾ ਗਿਆ ਤਜਰਬਾ ਵੱਡਾ ਹਾਸਲ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਕਿਸਮ ਦੀਆਂ ਮਿਜ਼ਾਈਲਾਂ ਰੱਖਣ ਵਾਲਾ ਇਹ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਮਿਜ਼ਾਈਲ ਦੀ 290 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਹੈ। ਇਸ ਮਾਮਲੇ ਵਿੱਚ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਇਸ ਕਰਕੇ ਬਣਿਆ ਹੈ ਕਿਉਂਕਿ ਅਮਰੀਕਾ ਕੋਲ ਇਸ ਵੇਲੇ ਜਿਹੜੀ ਸਬਸੌਨਿਕ ਤੋਮਾਹਾਕ ਕਰੂਜ਼ ਮਿਜ਼ਾਈਲ ਹੈ, ਉਸ ਨਾਲੋਂ ਬ੍ਰਹਮੋਸ ਸੁਪਰਸੌਨਿਕ ਮਿਜ਼ਾਈਲ ਦੀ ਰਫ਼ਤਾਰ ਤਿੰਨ ਗੁਣਾ ਜ਼ਿਆਦਾ ਹੈ। ਜਿਵੇਂ ਕਿ ਰਿਪੋਰਟਾਂ ਆਈਆਂ ਹਨ, ਇਹ ਮਿਜ਼ਾਈਲ ਭਾਰਤੀ ਸਮੁੰਦਰੀ ਸੈਨਾ ਦੇ ਜੰਗੀ ਜਹਾਜ਼ ਆਈ.ਐਨ.ਐਸ. ਰਣਵੀਰ ਤੋਂ ਦਾਗ਼ੀ ਗਈ ਤੇ ਇਸ ਨੇ ਸਮੁੰਦਰ ਵਿੱਚ ਪਹਿਲਾਂ ਹੀ ਠਿੱਲ੍ਹੇ ਹੋਏ ਇਕ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਪੂਰੀ ਤਰ੍ਹਾਂ ਨੇਸਤੋਨਾਬੂਦ ਕਰ ਦਿੱਤਾ। ਭਾਰਤੀ ਸਮੁੰਦਰੀ ਸੈਨਾ ਦੇ ਕੋਲ 290 ਕਿਲੋਮੀਟਰ ਦੂਰੀ ਤੱਕ ਮਾਰ ਕਰਨ ਵਾਲੀਆਂ ਬ੍ਰਹਮੋਸ ਮਿਜ਼ਾਈਲਾਂ ਪਹਿਲਾਂ ਵੀ ਹਨ। ਨਵੀਂ ਮਿਜ਼ਾਈਲ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਖੜ੍ਹਵੇਂ ਲਾਂਚਰ ਵਿੱਚ ਰੱਖ ਕੇ ਦਾਗ਼ਿਆ ਗਿਆ ਹੈ। ਅਜਿਹੇ ਲਾਂਚਰਾਂ ਨਾਲ ਨਾ ਸਿਰਫ਼ ਜੰਗੀ ਜਹਾਜ਼ ਦੀ ਸੁਰੱਖਿਆ ਬਣੀ ਰਹਿੰਦੀ ਹੈ ਸਗੋਂ ਇਸ ਨੂੰ 360 ਡਿਗਰੀ ਦੀ ਪਰਿਕਰਮਾ ਵਿੱਚ ਕਿਸੇ ਵੀ ਦਿਸ਼ਾ ਵੱਲ ਦਾਗ਼ਿਆ ਜਾ ਸਕਦਾ ਹੈ। ਭਾਰਤੀ ਥਲ ਸੈਨਾ ਵੀ ਜ਼ਮੀਨੀ ਹਮਲਿਆਂ ਲਈ ਬ੍ਰਹਮੋਸ ਬਲਾਕ-99 ਕਰੂਜ਼ ਮਿਜ਼ਾਈਲਾਂ ਆਪਣੇ ਹਥਿਆਰਾਂ ਵਿੱਚ ਸ਼ਾਮਲ ਕਰਨ ਬਾਰੇ ਸੋਚ ਰਹੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਗਵਾਂਢੀ ਮੁਲਕ ਦੀ ਥਲ ਸੈਨਾ ਵਿੱਚ ਬਾਬਰ ਕਰੂਜ਼ ਮਿਜ਼ਾਈਲ ਸ਼ਾਮਲ ਕਰ ਲਏ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਸ ਉੱਪਰ ਛੇਤੀ ਅਮਲ ਕੀਤਾ ਜਾਣਾ ਜ਼ਰੂਰੀ ਹੈ। ਭਾਰਤ ਦੇ ‘ਬ੍ਰਹਮਪੁੱਤਰ’ ਅਤੇ ਰੂਸ ਦੇ ‘ਮਾਸਕੋਵਾ’ ਦਰਿਆਵਾਂ ਦੇ ਨਾਂ ’ਤੇ ਦੋਵਾਂ ਦੇਸ਼ਾਂ ਵੱਲੋਂ 1998 ਵਿੱਚ ਕਾਇਮ ਕੀਤੇ ਗਏ ਬ੍ਰਹਮੋਸ ਏਅਰੋਸਪੇਸ ਵੱਲੋਂ ਸਮੁੰਦਰ ਅਤੇ ਧਰਤੀ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਸਫ਼ਲ ਤਜਰਬਿਆਂ ਤੋਂ ਮਗਰੋਂ ਇਹ ਮਿਜ਼ਾਈਲਾਂ ਥਲ ਸੈਨਾ ਤੇ ਸਮੁੰਦਰੀ ਸੈਨਾ ਦੇ ਬੇੜਿਆਂ ਵਿੱਚ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਇਹ ਮਿਜ਼ਾਈਲਾਂ ਪਣਡੁੱਬੀਆਂ, ਸਮੁੰਦਰੀ ਜਹਾਜ਼ਾਂ, ਹਵਾਈ ਜਹਾਜ਼ਾਂ ਜਾਂ ਧਰਤੀ ਤੋਂ ਵੀ ਦਾਗ਼ੀਆਂ ਜਾ ਸਕਦੀਆਂ ਹਨ। ਹੁਣ ਵਾਲਾ ਤਜਰਬਾ ਬ੍ਰਹਮੋਸ ਵੱਲੋਂ ਕੀਤਾ ਗਿਆ 225ਵਾਂ ਤਜਰਬਾ ਹੈ। ਸੁਭਾਵਿਕ ਹੈ ਕਿ ਇਸ ਨਾਲ ਭਾਰਤੀ ਸੈਨਾਵਾਂ ਦੀ ਦੁਸ਼ਮਣ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਭਾਰਤ ਅਤੇ ਰੂਸ ਦਰਮਿਆਨ ਇਸ ਸਬੰਧ ਵਿੱਚ ਸਹਿਯੋਗ ਬਰਾਬਰ ਜਾਰੀ ਹੈ। ਦੋਵਾਂ ਮੁਲਕਾਂ ਨੇ ਹਾਈਪਰਸੌਨਿਕ ਬ੍ਰਹਮੋਸ-2 ਮਿਜ਼ਾਈਲ ਤਿਆਰ ਕਰਨ ਬਾਰੇ ਵੀ ਮੁੱਢਲੀ ਮਸ਼ਕ ਸ਼ੁਰੂ ਕਰ ਦਿੱਤੀ ਹੈ। ਭਾਰਤੀ ਸੈਨਾ ਆਪਣੇ ਬੇੜੇ ਵਿੱਚ ਅਜਿਹੀਆਂ ਮਿਜ਼ਾਈਲਾਂ ਸ਼ਾਮਲ ਕਰਨ ਦੀ ਤਾਕ ਵਿੱਚ ਹੈ ਜਿਹੜੀਆਂ ਆਪਣੇ ਬਹੁਤ ਹੀ ਤਰਜੀਹੀ ਨਿਸ਼ਾਨੇ ’ਤੇ ਸਹੀ ਮਾਰ ਕਰਨ ਤੋਂ ਪਹਿਲਾਂ ਨਿਸ਼ਾਨੇ ਦੇ ਇਰਦ-ਗਿਰਦ ਘੁੰਮਦੀਆਂ ਰਹਿਣ। ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੂਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਪਿਛਲੇ ਦਿਨੀਂ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਦੁਪਾਸੜ ਸਹਿਯੋਗ ਬਾਰੇ ਜਿਹੜੀਆਂ ਗੱਲਾਂ-ਬਾਤਾਂ ਹੋਈਆਂ ਹਨ, ਉਨ੍ਹਾਂ ਵਿੱਚ ਰੱਖਿਆ ਸਹਿਯੋਗ ਨਾਲ ਸਬੰਧਤ ਕਈ ਪ੍ਰਾਜੈਕਟਾਂ ਦਾ ਮੁੱਦਾ ਵੀ ਵਿਚਾਰਿਆ ਗਿਆ ਹੈ। ਇਸ ਸਿਲਸਿਲੇ ਵਿੱਚ ਦੋਹਾਂ ਧਿਰਾਂ ਵੱਲੋਂ ਸ਼ਾਂਤਮਈ ਮਨੋਰਥਾਂ ਲਈ ਪ੍ਰਮਾਣੂ ਊਰਜਾ ਦੀ ਵਰਤੋਂ ਅਤੇ ਰੂਸ ਵੱਲੋਂ ਡਿਜ਼ਾਈਨ ਕੀਤੇ ਪ੍ਰਮਾਣੂ ਊਰਜਾ ਪਲਾਂਟ ਲਗਾਏ ਜਾਣ ਦੇ ਅਹਿਦ ਵੀ ਹਨ। ਭਾਰਤੀ ਸੈਨਾ ਦੀ ਜੰਗੀ ਸਮਰੱਥਾ ਵਿੱਚ ਇਸ ਵਾਧੇ ਅਤੇ ਫੌਜ ਨੂੰ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦੀ ਮਹੱਤਤਾ ਇਸ ਗੱਲ ਵਿੱਚ ਵੀ ਹੈ ਕਿ ਇਸ ਨਾਲ ਦੂਜੇ ਮੁਲਕਾਂ ਨੂੰ ਇਹ ਸੰਦੇਸ਼ ਵੀ ਜਾਵੇਗਾ ਕਿ ਕੋਈ ਵੀ ਭਾਰਤ ’ਤੇ ਪ੍ਰਮਾਣੂ ਹਮਲਾ ਕਰਨ ਬਾਰੇ ਭੁੱਲ ਕੇ ਵੀ ਨਾ ਸੋਚੇ। ਰੱਖਿਆ ਖੇਤਰ ਦੀ ਸਮਰੱਥਾ ਵਿੱਚ ਇਹ ਵਾਧਾ ਫਖ਼ਰਯੋਗ ਹੈ। ਪਰ ਇਸ ਫਖ਼ਰਯੋਗ ਵਾਧੇ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਭਾਰਤ ਕਿਸੇ ਹੋਰ ਮੁਲਕ ਉੱਪਰ ਹਮਲਾ ਕਰਨ ਦਾ ਇਰਾਦਾ ਰੱਖਦਾ ਹੈ। ਇਹ ਜ਼ਰੂਰ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਦੀ ਸਥਿਤੀ ਵਿੱਚ ਭਾਰਤੀ ਸੈਨਾਵਾਂ ਕੋਲ ਦੁਸ਼ਮਣ ਦੀਆਂ ਫੌਜਾਂ ’ਤੇ ਵਾਰ ਕਰਨ ਦੀ ਪੂਰੀ-ਪੂਰੀ ਸਮਰੱਥਾ ਹੋਣੀ ਚਾਹੀਦੀ ਹੈ। ਇਸ ਲਈ ਇਸ ਦਿਸ਼ਾ ਵੱਲ ਇਹ ਸਫ਼ਰ ਨਿਰੰਤਰ ਚੱਲਦਾ ਰੱਖਣਾ ਜ਼ਰੂਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All