ਬਾਲ ਸਾਹਿਤ ਲਿਖਣ ਲਈ ਸੂਖ਼ਮ ਸੰਵੇਦਨਾ ਦੀ ਲੋੜ

ਮਨਮੋਹਨ ਸਿੰਘ ਦਾਊਂ

ਲਗਪਗ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਬਾਲ-ਸਾਹਿਤ ਦੀ ਘਾਟ ਅਤੇ ਮਹੱਤਤਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਇਹ ਵੀ ਮੰਨਿਆ ਗਿਆ ਹੈ ਕਿ ਪ੍ਰੌੜ-ਪਾਠਕਾਂ ਦੇ ਸਾਹਿਤ ਨਾਲੋਂ ਬੱਚਿਆਂ ਲਈ ਲਿਖਣਾ ਔਖਾ ਹੈ। ਸੰਸਾਰ ਪੱਧਰ 'ਤੇ ਮਨੋਵਿਗਿਆਨੀਆਂ, ਸਿੱਖਿਆ-ਸ਼ਾਸਤਰੀਆਂ ਤੇ ਵਿਦਵਾਨਾਂ ਨੇ ਇਹ ਵਿਚਾਰ ਨਿਖਾਰਿਆ ਹੈ ਕਿ ਬੱਚੇ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਉਸਾਰਨ ਵਿੱਚ ਮਾਂ-ਬੋਲੀ ਤੇ ਉਸ ਵਿੱਚ ਰਚਿਆ ਸਾਹਿਤ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਜ਼ਰੀਏ ਤੋਂ ਹਰ ਭਾਸ਼ਾ ਵਿੱਚ ਬਾਲ-ਸਾਹਿਤ ਨੂੰ ਪ੍ਰੋਤਸਾਹਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ। ਇੰਜ ਬੱਚਿਆਂ ਨੂੰ ਮੁੱਢਲੀ ਅਵਸਥਾ ਭਾਵ ਬਚਪਨ ਵਿੱਚ ਹੀ ਚੰਗੀਆਂ ਤੇ ਮਿਆਰੀ, ਉਮਰ ਅਨੁਸਾਰ ਲੋੜੀਂਦੀਆਂ ਮਨਪਸੰਦ ਬਾਲ-ਪੁਸਤਕਾਂ ਨਾਲ ਜੋੜਿਆ ਜਾਵੇ। ਬੱਚੇ ਦੀਆਂ ਸਰੀਰਕ, ਬੌਧਿਕ, ਮਾਨਸਿਕ, ਭਾਵੁਕ ਅਤੇ ਵਾਤਾਵਰਣਕ ਲੋੜਾਂ ਅਨੁਸਾਰ ਬਾਲ ਸਾਹਿਤ ਸਿਰਜਣ ਦੀ ਜ਼ਰੂਰਤ ਹੈ। ਲੇਖਕ ਨੂੰ ਬੱਚੇ ਦੀ ਅੱਖ ਨਾਲ ਵੇਖਣ ਦੀ ਲੋੜ ਹੈ। ਉਹ ਕਿਵੇਂ ਵੇਖਦਾ ਤੇ ਕਿਵੇਂ ਸੋਚਦਾ, ਇਹ ਚਿਤਵਣ ਦੀ ਲੋੜ ਹੈ। ਉਸ ਦੀ ਤੱਕਣੀ ਨੂੰ ਨਿਆਣੀ ਨਾ ਸਮਝਦੇ ਹੋਏ, ਉਸ ਦੀ ਕਦਰ ਕੀਤੀ ਜਾਵੇ। ਇੱਥੇ ਇੱਕ ਉਦਾਹਰਣ ਜ਼ਿਕਰਯੋਗ ਹੈ। ਇੱਕ ਸਾਲ ਦੀ ਬੱਚੀ ਰੋ ਰਹੀ ਸੀ। ਮਾਂ ਨੇ ਚੁੱਪ ਕਰਾਉਣ ਲਈ ਉਸ ਨੂੰ ਚਮਚੇ ਰਾਹੀਂ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬੱਚੀ ਮੂੰਹ ਨਾ ਖੋਲ੍ਹੇ। ਹਾਰ ਕੇ ਮਾਂ ਨੇ ਗਲਾਸੀ ਰਾਹੀਂ ਦੁੱਧ ਪਿਲਾਉਣਾ ਚਾਹਿਆ ਤੇ ਬੱਚੀ ਨੇ ਪ੍ਰਵਾਨ ਕਰ ਲਿਆ। ਚਮਚੇ ਰਾਹੀਂ ਦਵਾਈ ਦੇਣ ਕਾਰਨ ਬੱਚੀ ਦੁੱਧ ਨੂੰ ਦਵਾਈ ਸਮਝ ਕੇ ਪ੍ਰਵਾਨ ਨਹੀਂ ਸੀ ਕਰ ਰਹੀ। ਸੋ, ਬਾਲ-ਸਾਹਿਤ ਲਿਖਣ ਲਈ ਬਹੁਤ ਸੂਖ਼ਮ ਤੇ ਸੰਵੇਦਨ-ਦ੍ਰਿਸ਼ਟੀ ਦੀ ਲੋੜ ਹੈ। ਸਭ ਤੋਂ ਮਹੱਤਵਪੂਰਨ ਬੱਚੇ ਦੀ ਭਾਸ਼ਾ ਵਿੱਚ ਲਿਖਣਾ ਤੇ ਉਸ ਦੀ ਕਲਪਨਾ ਅਨੁਸਾਰ ਸਿਰਜਣਾ। ਲੇਖਕ ਦੇ ਦਿਲ ਵਿੱਚ ਮਾਸੂਮ-ਬੱਚੇ ਦਾ ਦਿਲ ਹੋਵੇ। ਸ਼ਬਦ-ਚੋਣ, ਵਾਕ-ਬਣਤਰ ਤੇ ਸ਼ੈਲੀ ਬੱਚੇ ਦੇ ਹਾਣ ਦੀ, ਰੌਚਿਕ ਅਤੇ ਵਿਸ਼ੇ ਅਨੁਸਾਰ ਢੁੱਕਵੀਂ ਹੋਵੇ। ਆਲੇ-ਦੁਆਲੇ ਨਾਲ ਸੰਵਾਦ ਰਚਾਉਂਦੀ। ਪ੍ਰਕਿਰਤੀ ਨਾਲ ਮੋਹ ਜਗਾਉਂਦੀ ਭਾਸ਼ਾ ਹੋਣੀ ਚਾਹੀਦੀ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਨੂੰ ਬੱਚਿਆਂ ਲਈ ਕਈ ਮੁੱਲਵਾਨ ਪ੍ਰੇਰਨਾਦਾਇਕ ਘਟਨਾਵਾਂ ਮਿਲਣਗੀਆਂ ਜਿਵੇਂ ਸੂਰਦਾਸ ਨੇ ਸ੍ਰੀਮਦ ਭਗਵਦ-ਗੀਤਾ 'ਚੋਂ ਕ੍ਰਿਸ਼ਨ-ਲੀਲਾ ਦੀਆਂ ਝਲਕੀਆਂ ਨੂੰ ਰੂਪਮਾਨ ਕੀਤਾ ਹੈ, ਜਿਨ੍ਹਾਂ 'ਚੋਂ ਬੱਚੇ ਦੀ ਦੁਨੀਆਂ ਦੇ ਦਰਸ਼ਨ ਹੁੰਦੇ ਹਨ। ਇੰਜ ਹੀ ਗੁਰੂ ਸਾਹਿਬਾਨ ਦੇ ਬਾਲ-ਜੀਵਨ ਨਾਲ ਸਬੰਧਤ ਸਾਖੀਆਂ ਤੇ ਘਟਨਾਵਾਂ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ। ਮਹਾਨ-ਸ਼ਖ਼ਸੀਅਤਾਂ, ਸ਼ਹੀਦਾਂ, ਸੂਰਬੀਰਾਂ, ਵਿਗਿਆਨੀਆਂ ਤੇ ਕਲਾਕਾਰਾਂ/ਸਾਹਿਤਕਾਰਾਂ ਦੇ ਬਚਪਨ ਦੀਆਂ ਚੰਗੀਆਂ, ਸਾਹਸ ਭਰਪੂਰ ਉਸਾਰੂ ਘਟਨਾਵਾਂ ਨੂੰ ਬਾਲ-ਸਾਹਿਤ ਦੇ ਪ੍ਰਸੰਗ ਵਿੱਚ ਲਿਆ ਜਾ ਸਕਦਾ ਹੈ। ਇਨ੍ਹਾਂ ਰਚਨਾਵਾਂ ਰਾਹੀਂ ਅਸੀਂ ਬੱਚਿਆਂ ਨੂੰ ਆਪਣੇ ਇਤਿਹਾਸ, ਵਿਰਸੇ ਤੇ ਸੱਭਿਆਚਾਰ ਨਾਲ ਜੋੜ ਸਕਦੇ ਹਾਂ। ਸਮਕਾਲ ਦੇ ਭਾਗੀ ਬਣਾਉਣ ਲਈ ਵਰਤਮਾਨ 'ਚੋਂ ਚੰਗੇਰੇ ਸਮਾਜ ਦੀ ਸਿਰਜਣਾ 'ਚੋਂ ਉਹ ਅੰਸ਼ ਲੱਭਣ ਦੀ ਲੋੜ ਹੈ ਜਿਹੜੇ ਅੱਜ ਦੇ ਬੱਚੇ ਲਈ ਰੌਚਿਕ ਤੇ ਮਨਪਸੰਦ ਹੋ ਸਕਣ। ਬਾਲ-ਸਾਹਿਤ ਲਿਖਣ ਲਈ ਬੱਚੇ ਦੇ ਬਚਪਨ 'ਚ ਉਤਰਨਾ ਪਵੇਗਾ। ਬਾਲ-ਸਾਹਿਤ ਲਿਖਣਾ ਬੱਚਿਆਂ ਦੀ ਖੇਡ ਨਹੀਂ। ਇਹ ਤਾਂ ਸਗੋਂ ਬੱਚਿਆਂ ਦੇ ਸੰਸਾਰ ਨੂੰ ਸਮਝ ਕੇ ਜ਼ਿੰਮੇਵਾਰੀ ਨਾਲ ਲਿਖਣਾ ਹੈ। ਅਸੀਂ ਆਪਣੀ ਸੋਚ ਬੱਚੇ 'ਤੇ ਥੋਪਣੀ ਚਾਹੁੰਦੇ ਹਾਂ। ਜੋ ਬੱਚਾ ਸੋਚਦਾ ਹੈ, ਉਸ ਅਨੁਸਾਰ ਨਹੀਂ। ਬੱਚੇ ਨੂੰ ਪੁੱਛਿਆ ਗਿਆ ਕਿ ਦੀਵਾ ਬਲ ਰਿਹਾ ਹੈ, ਇਸ ਦਾ ਚਾਨਣ ਕਿੱਥੋਂ ਆਉਂਦਾ ਹੈ। ਬੱਚਾ ਚੁੱਪ ਰਿਹਾ, ਕੋਈ ਉੱਤਰ ਨਾ ਦਿੱਤਾ। ਉਸ ਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ। ਕਹਿਣ ਲੱਗਾ ਚਾਨਣ ਕਿੱਥੇ ਗਿਆ? ਬੱਚੇ ਦੇ ਇਸ ਰਹੱਸ ਨੂੰ ਸਮਝਣ ਦੀ ਲੋੜ ਹੈ। ਕੀ ਅਸੀਂ ਬੱਚੇ ਦੇ ਉੱਤਰ ਨੂੰ ਉਸ ਦੀ ਦ੍ਰਿਸ਼ਟੀ ਨਾਲ ਚਿੰਤਨ ਕਰਦੇ ਹਾਂ। ਮਾਸੂਮੀਅਤ ਨਾਲ ਮੋਹ ਜਗਾਉਣਾ ਪਵੇਗਾ। ਬੱਚਾ ਉੱਡਦਾ ਪੰਛੀ ਵੇਖਦਾ ਹੈ ਤੇ ਉਸ ਵਾਂਗ ਉੱਡਣ ਦੇ ਸੁਪਨੇ ਲੈਂਦਾ ਹੈ। ਕੀ ਅਸੀਂ ਉਸ ਦੇ ਸੁਪਨੇ ਨੂੰ ਰਚਨਾ ਦਾ ਵਿਸ਼ਾ ਬਣਾ ਸਕੇ ਹਾਂ। ਇਸ ਸੋਚ ਵਿੱਚੋਂ ਹੀ ਬਾਲ-ਰਚਨਾ ਉਗਮਣ ਦਾ ਅਹਿਸਾਸ ਕਰ ਸਕੇਗੀ। ਤੁਸੀਂ ਕੋਈ ਚੀਜ਼ ਸਿਰਜ ਕੇ ਸਥਾਈ ਰੱਖਣਾ ਚਾਹੁੰਦੇ ਹੋ ਪਰੰਤੂ ਬੱਚਾ ਕੋਈ ਸਿਰਜਣਾ ਕਰ ਕੇ ਉਸ ਨੂੰ ਢਾਹੁਣਾ ਚਾਹੁੰਦਾ ਹੈ ਤਾਂ ਜੋ ਹੋਰ ਨਵਾਂ ਸਿਰਜਿਆ ਜਾਵੇ। ਅਸੀਂ ਭੈਅ 'ਚ ਹੁੰਦੇ ਹਾਂ ਪਰੰਤੂ ਬੱਚਾ ਭੈਅ-ਮੁਕਤ ਸਥਿਤੀ ਵਿੱਚ ਜਿਊਣਾ ਚਾਹੁੰਦਾ ਹੈ। ਬੱਚਾ ਪ੍ਰਸ਼ਨ ਪੁੱਛਣਾ ਚਾਹੁੰਦਾ ਹੈ ਪਰੰਤੂ ਅਸੀਂ ਬੇਗੌਰੇ ਹੋ ਜਾਂਦੇ ਹਾਂ। ਇਹ ਸਮਝ ਕੇ ਕਿ ਇਹ ਤਾਂ ਬੱਚਾ ਹੈ। ਅਸਲ ਵਿੱਚ ਬੱਚੇ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਨਾ ਹੀ ਬਾਲ-ਸਾਹਿਤ ਦਾ ਉਦੇਸ਼ ਹੈ। ਗਿਆਨ ਵਿਗਿਆਨ ਦੇ ਭੰਡਾਰ 'ਚੋਂ ਸੁਹਜਮਈ ਢੰਗ ਨਾਲ ਰਚਨਾਵਾਂ ਸਿਰਜਣੀਆਂ ਪੈਣਗੀਆਂ। ਸੂਚਨਾ ਤੇ ਸੰਚਾਰ ਉਪਕਰਣ ਭਾਵ ਟੀ.ਵੀ., ਕੰਪਿਊਟਰ, ਮੋਬਾਈਲ, ਵੱਖ-ਵੱਖ ਚੈਨਲ, ਲੈਪਟੌਪ, ਇੰਟਰਨੈੱਟ ਦੇ ਯੁੱਗ ਵਿੱਚ ਆਲਾ-ਦੁਆਲਾ ਤੇ ਜੀਵਨ-ਸ਼ੈਲੀ ਏਨੀ ਬਦਲ ਗਈ ਹੈ ਕਿ ਕਦੇ ਸੋਚਿਆ ਵੀ ਨਹੀਂ ਸੀ। ਇਸ ਯੁੱਗ ਵਿੱਚ ਵਿਚਰ ਰਹੇ ਬੱਚੇ ਬਹੁਤ ਚੇਤੰਨ ਹੋ ਗਏ ਹਨ। ਸੋ ਬਾਲ-ਸਾਹਿਤ ਲਿਖਣ ਲਈ ਸਾਨੂੰ ਇਨ੍ਹਾਂ ਵਰਤਾਰਿਆਂ ਤੇ ਚੁਣੌਤੀਆਂ ਨੂੰ ਧਿਆਨ 'ਚ ਰੱਖਦਿਆਂ ਨਵੇਂ ਦਿਸਹੱਦੇ ਸਾਕਾਰ ਕਰਨੇ ਹੋਣਗੇ। ਰਚਨਾਵਾਂ 'ਚ ਨਸੀਹਤਾਂ ਤੇ ਉਪਦੇਸ਼ ਹੁਣ ਦਾ ਬੱਚਾ ਪਸੰਦ ਨਹੀਂ ਕਰਦਾ। ਆਪਣੇ ਨਿੱਜੀ ਤਜਰਬੇ ਦੇ ਆਧਾਰ 'ਤੇ ਮੈਂ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਬੱਚੇ ਨਾਲ ਖੇਡ ਸਕਦਾ ਹੈ, ਉਸ ਲਈ ਬੱਚੇ ਲਈ ਲਿਖਣਾ ਸੌਖਾ ਅਤੇ ਆਨੰਦਦਾਇਕ ਹੈ। ਬੱਚੇ ਨੂੰ ਆਪਣੇ ਹਾਣੀ ਪਿਆਰੇ ਹੁੰਦੇ ਹਨ, ਉਨ੍ਹਾਂ ਨਾਲ ਦੋਸਤੀ ਹੁੰਦੀ ਹੈ। ਜਾਤ-ਪਾਤ, ਧਰਮ, ਭਾਸ਼ਾ, ਅਮੀਰੀ, ਗਰੀਬੀ, ਅਹੁਦੇ ਉਸ ਲਈ ਨਿਰਮੂਲ ਹੁੰਦੇ ਹਨ। ਉਨ੍ਹਾਂ 'ਚ ਸਾਂਝ ਦੀ ਭਾਵਨਾ ਹੁੰਦੀ ਹੈ। ਪਰੰਤੂ ਅਸੀਂ ਵੰਡੀਆਂ 'ਚ ਉਲਝ ਜਾਂਦੇ ਹਾਂ। ਜੋ ਬੱਚੇ ਤੋਂ ਸਿੱਖਣ ਦੀ ਇੱਛਾ ਰੱਖਦਾ ਹੈ, ਉਹ ਹੀ ਬੱਚੇ ਲਈ ਚੰਗਾ ਲਿਖ ਸਕਦਾ ਹੈ। ਕਿੱਥੇ ਗਿਆ ਉਹ ਲਾਡ, ਉਹ ਸੁਪਨੇ, ਉਹ ਮਾਸੂਮੀਅਤ, ਉਹ ਘਰ ਦੀ ਅਪਣੱਤ, ਮੋਹ ਪਿਆਰ ਦੀਆਂ ਤੰਦਾਂ, ਉਹ ਅਸੀਸਾਂ, ਲੋਰੀਆਂ, ਰਿਸ਼ਤੇ, ਨਿੱਘ ਭਰੀਆਂ, ਰਾਤਾਂ-ਬਾਤਾਂ।  ਵਿਸ਼ਵੀਕਰਨ ਦੇ ਦੌਰ 'ਚ ਰੁੜ੍ਹ ਰਹੇ, ਖੁਰ ਰਹੇ, ਗੁਆਚ ਰਹੇ ਅੱਜ ਨੂੰ ਬੱਚਿਆਂ ਲਈ ਰਾਖਵਾਂ ਕਰਕੇ ਬਚਾਈਏ। ਉਨ੍ਹਾਂ ਨੂੰ ਆਪਣੇ ਆਪ ਸੋਚਣ ਦੇ ਮੌਕੇ ਦਿਓ। ਬੋਝਾ ਨਾ ਲੱਦੋ, ਖੁੱਲ੍ਹ ਦਿਓ। ਮਿਆਰੀ ਬਾਲ-ਸਾਹਿਤ ਲਿਖਣ ਲਈ ਇੱਥੇ ਗਿਜੂ ਭਾਈ ਜਿਸ ਨੇ 1920 ਈ: ਵਿੱਚ 'ਬਾਲ-ਮੰਦਰ' ਦੀ ਸਥਾਪਨਾ ਕੀਤੀ, ਦਾ ਜ਼ਿਕਰ ਸਾਡੇ ਲਈ ਲਾਹੇਵੰਦ ਹੋ ਸਕਦਾ ਹੈ। ਉਸ ਨੇ ਵੀਹਵੀਂ ਸਦੀ ਦੇ ਦੂਜੇ ਤੇ ਤੀਜੇ ਦਹਾਕੇ ਵਿੱਚ ਮਿਸਾਲੀ ਪੁਸਤਕਾਂ ਲਿਖੀਆਂ ਜਿਨ੍ਹਾਂ 'ਚੋਂ ਪੰਜਾਬੀ ਵਿੱਚ ਉਲਥਾਈਆਂ 'ਮਾਂ ਬਾਪ ਬਣਨਾ ਔਖਾ ਹੈ', 'ਬੱਚੇ ਤੇ ਮਾਪਿਆਂ ਦੀ ਸਿਰਖਪਾਈ' ਅਨੁ: ਰਿਪੁਦਮਨ ਰਿੱਪੀ ਅਤੇ 'ਬੱਚਿਆਂ ਲਈ ਕਹਾਣੀਆਂ ਦਾ ਸੰਸਾਰ' ਅਨੁ: ਅਮਰਜੀਤ ਘੁੰਮਣ ਪੜ੍ਹਨਯੋਗ ਹਨ। ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਬੱਚੇ ਸਾਡੇ ਘਰ ਦੇ ਫੁੱਲਾਂ ਵਾਲੇ ਬੂਟੇ ਹਨ। ਜਦੋਂ ਲੇਖਕ ਅੰਦਰ ਅਜਿਹੀ ਸੂਖ਼ਮ ਤੇ ਸੁਹਜਮਈ ਭਾਵਨਾ ਹੋਵੇਗੀ ਤਾਂ ਨਿਸ਼ਚੇ ਹੀ ਉਸ ਦੀ ਰਚਨਾ ਬਾਲ ਪਾਠਕ ਪਸੰਦ ਕਰਨਗੇ। ਪੁਸਤਕ ਬੱਚੇ ਨੂੰ ਖਿਡੌਣੇ ਵਾਂਗ ਆਕਰਸ਼ਿਕ ਕਰੇ। ਬਾਲ-ਮਨੋਵਿਗਿਆਨ ਅਤੇ ਆਯੂ-ਗੁੱਟ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਵੇਂ ਬੱਚੇ ਨੂੰ ਉਸ ਦੀ ਉਮਰ ਅਨੁਸਾਰ ਖੁਰਾਕ, ਪੁਸ਼ਾਕ ਤੇ ਖਿਡੌਣੇ ਦੇਣ ਲਈ ਚੋਣ ਤੇ ਧਿਆਨ ਰੱਖਿਆ ਜਾਂਦਾ ਹੈ ਉਵੇਂ ਹੀ ਬੱਚੇ ਨੂੰ ਉਸ ਦੇ ਹਾਣ ਦੀਆਂ ਢੁੱਕਵੀਆਂ ਪੁਸਤਕਾਂ ਸਿਰਜਣ ਦੀ ਜ਼ਿੰਮੇਵਾਰੀ ਲੇਖਕ ਦੀ ਬਣਦੀ ਹੈ। ਬੱਚੇ ਦੇ ਨਿੱਕੜੇ ਤੇ ਕੋਮਲ ਪੈਰਾਂ ਵਿੱਚ ਨਾ ਤੰਗ ਬੂਟ ਪਾਏ ਜਾ ਸਕਦੇ ਹਨ ਤੇ ਨਾ ਹੀ ਖੁੱਲ੍ਹੇ ਬੂਟ ਪਾਏ ਜਾ ਸਕਦੇ ਹਨ। ਉਸ ਨੂੰ ਤੁਰਨ ਦਾ ਆਨੰਦ ਤਾਂ ਹੀ ਆ ਸਕਦਾ ਹੈ ਜੇਕਰ ਉਸ ਦੇ ਮੇਚ ਦੇ ਹੋਣ। ਇਹੋ ਗੱਲ ਬੱਚੇ ਦੀ ਮਨਪਸੰਦ ਪੁਸਤਕ ਲਈ ਢੁੱਕਦੀ ਹੈ। ਬਾਲ-ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਸਮੇਂ-ਸਮੇਂ ਵਰਕਸ਼ਾਪਾਂ, ਬਾਲ-ਪੁਸਤਕ ਮੇਲੇ, ਬਾਲ-ਲਾਇਬਰੇਰੀਆਂ, ਬਾਲ-ਸਾਹਿਤ ਸਮਾਗਮ ਕਰਵਾਏ ਜਾਣ। ਪਾਠ-ਪੁਸਤਕਾਂ ਦੇ ਨਾਲ-ਨਾਲ ਬਾਲ-ਸਾਹਿਤ ਪੁਸਤਕਾਂ, ਰਸਾਲੇ ਤੇ ਅਖ਼ਬਾਰ ਪੜ੍ਹਨ ਲਈ ਬੱਚਿਆਂ ਨੂੰ ਅਵਸਰ ਦਿੱਤੇ ਜਾਣ। ਮਿਆਰੀ ਸਾਹਿਤ ਸਿਰਜਣ ਤੋਂ ਬਾਅਦ ਉਸ ਦੀ ਪ੍ਰਕਾਸ਼ਨਾ ਇੱਕ ਵੱਡਾ ਮਸਲਾ ਹੈ। ਬਾਲ-ਸਾਹਿਤ ਪੁਸਤਕ ਉਮਰ ਵਰਗ ਅਨੁਸਾਰ ਰੰਗਦਾਰ, ਸਚਿੱਤਰ, ਸੁੰਦਰ ਛਪਾਈ, ਵਧੀਆ ਕਾਗਜ਼ ਤੇ ਚੰਗੀ ਜਿਲਦਬੰਦੀ ਵਾਲੀ ਹੋਣੀ ਜ਼ਰੂਰੀ ਹੈ। ਵਿਸ਼ੇ-ਵਸਤੂ ਅਨੁਸਾਰ ਪੁਸਤਕ ਦਾ ਆਕਾਰ, ਪੰਨੇ ਤੇ ਢੁੱਕਵੀਂ ਚਿੱਤਰਕਾਰੀ ਦੀ ਵੱਡੀ ਅਹਿਮੀਅਤ ਹੈ। ਚਿੱਤਰਕਾਰ ਨੂੰ ਵੀ ਬਾਲ-ਮਨੋਵਿਗਿਆਨ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਉਹ ਕਿਸ ਉਮਰ ਲਈ ਤੇ ਕਿਸ ਵਿਸ਼ੇ ਨੂੰ ਚਿੱਤਰ ਰਿਹਾ ਹੈ। ਅਮਰੀਕਾ 'ਚ ਕਰਵਾਏ ਇਕ ਸਰਵੇਖਣ ਨੇ ਇਹ ਸਿੱਧ ਕੀਤਾ ਹੈ ਕਿ ਆਮ ਬੱਚਾ ਸਕੂਲ ਦੀਆਂ ਪਾਠ-ਪੁਸਤਕਾਂ ਨਾਲੋਂ ਬਾਰਾਂ ਗੁਣਾ ਵੱਧ ਸਚਿੱਤਰ-ਰੰਗਦਾਰ ਬਾਲ-ਸਾਹਿਤ ਤੇ ਕੌਮਿਕ ਪੁਸਤਕਾਂ ਪੜ੍ਹਨ ਦੀ ਰੁਚੀ ਰੱਖਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਬਾਲ ਵਿਸ਼ਵਕੋਸ਼' (ਭਾਸ਼ਾ, ਸਾਹਿਤ ਅਤੇ ਸੱਭਿਆਚਾਰ) ਭਾਗ ਜਿਲਦ ਪਹਿਲੀ ਅਤੇ ਦੂਜੀ ਲੜੀ ਅਧੀਨ ਸਾਲ 2009 ਵਿੱਚ ਪ੍ਰਕਾਸ਼ਿਤ ਕਰਕੇ, ਬੱਚਿਆਂ ਬਾਰੇ ਲਿਖਣ ਵਾਲਿਆਂ ਲਈ ਮਾਰਗ ਦਰਸ਼ਨ ਸਮੱਗਰੀ ਦਿੱਤੀ ਹੈ। ਅਜਿਹੇ ਉੱਦਮ ਨਿਸ਼ਚੇ ਹੀ ਪੰਜਾਬੀ ਬਾਲ-ਸਾਹਿਤ ਦੇ ਖ਼ਜ਼ਾਨੇ ਨੂੰ ਅਮੀਰ ਬਣਾਉਣ ਵਿੱਚ ਸਹਾਈ ਹੋਣਗੇ। ਬਾਲ-ਸਾਹਿਤ ਦੇ ਰੂਪ ਲੋਰੀਆਂ, ਬੁਝਾਰਤਾਂ, ਚੁਟਕਲੇ, ਕਵਿਤਾਵਾਂ, ਗੀਤ, ਕਾਵਿ-ਕਹਾਣੀਆਂ, ਕਹਾਣੀਆਂ, ਇਕਾਂਗੀ, ਬਾਲ-ਨਾਟਕ, ਨਾਵਲ, ਸੰਸਮਰਣ, ਸਫ਼ਰਨਾਮਾ, ਜੀਵਨੀ, ਗੱਲਬਾਤ, ਗਿਆਨ ਤੇ ਵਿਗਿਆਨ ਕਿੰਨੀਆਂ ਹੀ ਵਿਧਾਵਾਂ 'ਚ ਲਿਖਿਆ ਜਾ ਸਕਦਾ ਹੈ। ਜਿੱਥੋਂ ਤੱਕ ਵਿਸ਼ਿਆਂ ਦਾ ਸਬੰਧ ਹੈ, ਉਸ ਲਈ ਵਿਸ਼ਾਲ ਖੇਤਰ ਪਿਆ ਹੈ। ਬੱਚੇ ਦੀ ਪੜ੍ਹਨ ਰੁਚੀ ਨੂੰ ਤ੍ਰਿਪਤ ਕਰਨ ਲਈ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਲਿਖਣ ਦੀ ਲੋੜ ਹੈ। ਬੱਚੇ ਨੂੰ ਤਾਂ ਵਿਕਾਸ ਦੇ ਹਰ ਪੜਾਅ ਉੱਤੇ ਸੋਝੀ ਨੂੰ ਵਿਸ਼ਾਲ ਤੇ ਸੁਹਿਰਦ ਬਣਾਉਣ ਵਾਲਾ ਤੇ ਉਸ ਦੀ ਸੂਝ ਨੂੰ ਪ੍ਰਚੰਡ ਕਰਨ ਵਾਲਾ ਸਾਹਿਤ ਚਾਹੀਦਾ ਹੈ। ਇਸ ਲਈ ਮਾਂ-ਬੋਲੀ ਤੋਂ ਵੱਧ ਹੋਰ ਕੋਈ ਸ਼ਕਤੀਸ਼ਾਲੀ ਮਾਧਿਅਮ ਨਹੀਂ। ਵਿਚਾਰਨਯੋਗ ਤੱਤ ਇਹ ਹੈ ਕਿ  ਬਾਲ-ਸਾਹਿਤ ਦੇ ਵਿਸ਼ੇ-ਵਸਤੂ ਰੁੱਖ ਦੀਆਂ ਜੜ੍ਹਾਂ ਵਾਂਗ ਵਿਰਸੇ ਨਾਲ ਜੁੜੀਆਂ ਹੋਣ, ਤਣਾ ਰੂਪੀ ਫੈਲਾਅ ਸਮਕਾਲੀ-ਜੀਵਨ ਵਿੱਚ ਹੋਵੇ ਤੇ ਉਸ ਦੇ ਫੁੱਲਾਂ ਪੱਤਿਆਂ ਵਿੱਚੋਂ ਮਹਿਕ ਭਵਿੱਖ ਦੀ ਆਵੇ।

* ਮੋਬਾਈਲ: 98151-23900

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All