ਬਾਦਲ ਵੱਲੋਂ ਸਾਖ਼ ਬਚਾਉਣ ਦਾ ਯਤਨ

ਬਾਦਲ ਵੱਲੋਂ ਸਾਖ਼ ਬਚਾਉਣ ਦਾ ਯਤਨ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਕਮੇਟੀ ਦੀ ਰਿਪੋਰਟ ਤੋਂ ਪਿੱਛੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ 93 ਸਾਲ ਦੀ ਉਮਰ ਨੂੰ ਢੁਕੇ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਆਪਣੇ ਪਰਿਵਾਰ ਅਤੇ ਅਕਾਲੀ ਦਲ ਦੀ ਪੰਥਕ ਸਾਖ਼ ਬਚਾਉਣ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਬਜ਼ੁਰਗੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਕਾਰਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਅਤੇ ਜਨਤਕ ਸਮਾਗਮਾਂ ਤੋਂ ਦੂਰੀ ਬਣਾਉਂਦੇ ਆ ਰਹੇ ਬਾਦਲ ਨੇ ਅਬੋਹਰ ਦੀ ਰੈਲੀ ਵਿਚ ਖੜ੍ਹੇ ਹੋ ਰਹੇ ਸੁਆਲਾਂ ਦਾ ਜਵਾਬ ਦੇਣ ਦੇ ਬਜਾਇ ਪੰਜਾਬ ਦੀ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਕੋਈ ਵੀ ਕੁਰਬਾਨੀ ਕਰਨ ਦਾ ਹੋਕਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਿਨਾਂ ਕਿਸੇ ਠੋਸ ਕਾਰਨ ਪੁਲੀਸ ਵੱਲੋਂ ਦੋ ਨੌਜਵਾਨਾਂ ਨੂੰ ਮਾਰ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨਾਲ ਫਿਰਕੂ ਸਦਭਾਵਨਾ ਕਿਵੇਂ ਟੁੱਟਦੀ ਹੈ, ਇਹ ਦਲੀਲ ਸਮਝੋਂ ਬਾਹਰ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਨੌਜਵਾਨਾਂ ਦਾ ਕਤਲ ਕਾਨੂੰਨ ਵਿਵਸਥਾ ਦਾ ਮਾਮਲਾ ਹੈ। ਜੇਕਰ ਬਾਦਲ ਦੀ ਗੱਲ ਮੰਨ ਲਈ ਜਾਵੇ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ ਤਾਂ ਵੀ ਅਕਾਲੀ-ਭਾਜਪਾ ਸਰਕਾਰ ਮੌਕੇ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈ ਕੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੇ ਜਾਣ ਸਬੰਧੀ ਲੋਕਾਂ ਨੂੰ ਸਮਝ ਵਿਚ ਆ ਸਕਣ ਵਾਲੇ ਸਪਸ਼ਟੀਕਰਨ ਤੋਂ ਬਿਨਾਂ ਕੋਈ ਸਹਿਮਤ ਕਿਸ ਤਰ੍ਹਾਂ ਹੋ ਸਕਦਾ ਹੈ? ਅਬੋਹਰ ਰੈਲੀ ਵਿਚ ਬਾਦਲ ਨੇ ਸਿਆਸੀ ਆਗੂਆਂ ਨੂੰ ਇੱਕ ਦੂਸਰੇ ਖਿਲਾਫ਼ ਕਾਰਵਾਈ ਨਾ ਕਰਨ ਦਾ ਵਿਧਾਨ ਸਭਾ ਵਿੱਚ ਦਿੱਤਾ ਸੁਝਾਅ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕੇਸ ਵਾਪਸ ਲੈ ਲਿਆ ਸੀ ਅਤੇ ਅੱਗੋਂ ਅਜਿਹੀ ਹੀ ਉਮੀਦ ਕੈਪਟਨ ਤੋਂ ਕੀਤੀ ਜਾਂਦੀ ਸੀ। ਪੰਜਾਬ ਦੀ ਸਿਆਸੀ ਫਿਜ਼ਾ ਅੰਦਰ ਕਾਂਗਰਸ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਅਮਰਿੰਦਰ-ਬਾਦਲ ਸਾਂਝ ਦੀ ਚਰਚਾ ਖੂਬ ਹੁੰਦੀ ਆ ਰਹੀ ਹੈ। ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਕੈਪਟਨ ਉੱਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਬਣਾਏ ਦਬਾਅ ਦਾ ਸਿੱਧਾ ਅਸਰ ਵਿਧਾਨ ਸਭਾ ਦੀ ਬਹਿਸ ਦੌਰਾਨ ਪੰਜਾਬ ਦੇ ਲੋਕ ਵੀ ਦੇਖ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਵਧੇ ਟਕਰਾਅ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੜਕਾਂ ਉੱਤੇ ਉਤਰੇ ਲੋਕਾਂ ਦੇ ਰੋਸ ਦਾ ਮਾਮਲਾ ਹੋਵੇ, ਸੁਖਬੀਰ ਲਈ ਬਾਦਲ ਸੰਕਟ ਮੋਚਨ ਵਜੋਂ ਅੱਗੇ ਆਉਂਦੇ ਰਹੇ ਹਨ। ਇਸ ਵਾਰ ਮਾਮਲਾ ਪਹਿਲਾਂ ਨਾਲੋਂ ਕਿਤੇ ਗੰਭੀਰ ਹੈ। ਇਹ ਪਹਿਲੀ ਵਾਰ ਹੈ ਕਿ ਸੀਨੀਅਰ ਅਕਾਲੀ ਆਗੂਆਂ ਵੱਲੋਂ ਅੰਦਰੂਨੀ ਵਖਰੇਵੇਂ ਸਾਹਮਣੇ ਆਉਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਵੱਲੋਂ ਵਿਧਾਨ ਸਭਾ ਤੋਂ ਬਾਹਰ ਸੈਸ਼ਨ ਲਗਾਉਣ ਦੀ ਰਣਨੀਤੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਸੰਘੋਂ ਨਹੀਂ ਉੱਤਰ ਰਹੀ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੇ ਤਾਂ ਸੁਖਬੀਰ ਬਾਦਲ ਦਾ ਅਸਤੀਫ਼ਾ ਤੱਕ ਮੰਗ ਲਿਆ ਹੈ। ਅਜਿਹੇ ਹਾਲਾਤ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸੰਕਟ ਮੋਚਨ ਬਣ ਸਕਣਗੇ ਕਿ ਨਹੀਂ, ਇਹ ਸਮਾਂ ਹੀ ਦੱਸੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All