ਬਰਤਾਨਵੀ ਚੋਣਾਂ: ਬਦਲਵੀਂ ਸਿਆਸਤ ਦਾ ਮੈਨੀਫੈਸਟੋ

ਡਾ. ਕੁਲਦੀਪ ਸਿੰਘ

ਬਰਤਾਨੀਆ ਵਿਚ 12 ਦਸੰਬਰ ਨੂੰ ਹੋ ਰਹੀਆਂ ਪਾਰਲੀਮੈਂਟ ਚੋਣਾਂ ਲਈ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ 107 ਪੰਨਿਆਂ ਦੇ ਮੈਨੀਫੈਸਟੋ ‘ਇਹ ਸਮਾਂ ਅਸਲ ਤਬਦੀਲੀ ਦਾ ਹੈ’ ਜਾਰੀ ਕਰਦਿਆਂ ਇਹ ਸ਼ਬਦ ਕਹੇ: ‘ਇਹ ਕਿਰਤੀਆਂ ਦੀ ਆਸ ਦੀ ਕਿਰਨ ਦਾ ਮੈਨੀਫੈਸਟੋ ਹੈ ਜਿਸ ਰਾਹੀਂ ਬਰਤਾਨੀਆ ਦੀ ਰਾਜਨੀਤੀ ਅਤੇ ਨੀਤੀਆਂ ਵਿਚ ਤਬਦੀਲੀ ਆਏਗੀ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਅਤੇ ਦਿਸਹੱਦੇ ਤੈਅ ਹੋਣਗੇ।’ ਸਮੁੱਚੀ ਦੁਨੀਆ ਵਿਚ ਨਵਉਦਾਰਵਾਦ ਦਾ ਅਮਲ 40 ਸਾਲ ਪਹਿਲਾਂ 1979 ਵਿਚ ਤਤਕਾਲੀ ਪ੍ਰਧਾਨ ਮੰਤਰੀ ਮਾਰਗ੍ਰੈਟ ਥੈਚਰ ਨੇ ਸ਼ੁਰੂ ਕੀਤਾ ਸੀ। ਹੁਣ ਬਰਤਾਨੀਆ ਜਿਸ ਕਿਸਮ ਦੇ ਮੰਦਵਾੜੇ ਵਿਚ ਉਲਝ ਚੁੱਕਾ ਹੈ, ਉਸ ਦਾ ਜ਼ਿਕਰ ਕਰਦਿਆਂ ਪ੍ਰੋਫੈਸਰ ਕੋਲਨ ਮੇਅਰ ਦਾ ਕਹਿਣਾ ਹੈ, “ਬਰਤਾਨੀਆ ਵਿਸ਼ੇਸ਼ ਕਿਸਮ ਦੇ ਪੂੰਜੀਵਾਦ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਨੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਹੈ, ਸਿਰਫ਼ ਤੇ ਸਿਰਫ਼ ਹੁਕਮਰਾਨ ਜਮਾਤਾਂ ਵਾਸਤੇ ਹੀ ਮੌਜੂਦਾ ਨਵਉਦਾਰਵਾਦ ਦਾ ਡਿਜ਼ਾਇਨ ਚੱਲ ਰਿਹਾ ਹੈ। ਬਰਤਾਨੀਆ ਦੀਆਂ ਵੱਡੀਆਂ ਸਨਅਤਾਂ ਵਿੱਤੀ ਸਰਮਾਏਦਾਰਾਂ ਕੋਲ ਚਲੀਆਂ ਗਈਆਂ ਹਨ, ਕਨਜ਼ਰਵੇਟਿਵ ਪਾਰਟੀ ਅਮਰੀਕਾ ਦੇ ਕਦਮਾਂ ਉੱਤੇ ਹੀ ਚੱਲ ਰਹੀ ਹੈ ਜੋ ਲੋਕਾਂ ਦੀ ਥਾਂ ਵਿੱਤੀ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੀ ਹੈ।” ਅਜਿਹੇ ਹਾਲਾਤ ਦਾ ਜ਼ਿਕਰ ਕਰਦਿਆਂ ਨਿਊ ਲਿਫ਼ਟ ਰੀਵਿਊ ਦੇ ਸੰਪਾਦਕ ਅਤੇ ਪ੍ਰਸਿੱਧ ਰਾਜਨੀਤਿਕ ਵਿਸ਼ਲੇਸ਼ਕ ਤਾਰਿਕ ਅਲੀ ਦਾ ਕਹਿਣਾ ਹੈ, “ਬਰਤਾਨਵੀ ਕਨਜ਼ਰਵੇਟਿਵ ਪਾਰਟੀ ਪੂਰੀ ਤਰ੍ਹਾਂ ਪਿਛਾਖੜੀ ਰੋਲ ਅਦਾ ਕਰ ਰਹੀ ਹੈ, ਮੌਜੂਦਾ ਚੋਣਾਂ ਨੂੰ ਸਿਰਫ਼ ਯੂਰੋਪੀਅਨ ਯੂਨੀਅਨ ਦਾ ਹਿੱਸਾ ਰਹਿਣ ਜਾਂ ਨਾ ਰਹਿਣ ਤੱਕ ਸੀਮਤ ਕਰ ਰਹੀ ਹੈ ਤਾਂ ਕਿ ਲੋਕਾਂ ਦੇ ਬੁਨਿਆਦੀ ਸਵਾਲਾਂ ਤੋਂ ਲੋਕਾਂ ਦਾ ਧਿਆਨ ਪਰ੍ਹੇ ਕੀਤਾ ਜਾ ਸਕੇ ਪਰ ਜੈਰੇਮੀ ਕੋਰਬਿਨ ਤੇ ਉਸ ਦੀ ਲੇਬਰ ਪਾਰਟੀ ਇਨ੍ਹਾਂ ਚੋਣਾਂ ਨੂੰ ਦੇਸ਼ ਤੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਤੈਅ ਕਰਨ ਵਾਲੀਆਂ ਚੋਣਾਂ ਦੇ ਸਵਾਲ ਉੱਪਰ ਚੋਣ ਮੈਦਾਨ ਵਿਚ ਕੁੱਦੇ ਹਨ।” ਜੈਰੇਮੀ ਕੋਰਬਿਨ ਵੱਖ ਵੱਖ ਦੇਸ਼ਾਂ ਵਿਚ ਅਮਰੀਕਾ ਅਤੇ ਉਸ ਦੇ ਨਾਟੋ ਸਹਿਯੋਗੀਆਂ ਵੱਲੋਂ ਲੜੀਆਂ ਜਾ ਰਹੀਆਂ ਜੰਗਾਂ ਖਿਲਾਫ਼ ਬਰਤਾਨੀਆ ਵਿਚ ਚੱਲੀ ਲਹਿਰ ਦਾ ਸਿਰਕੱਢ ਆਗੂ ਵੀ ਹੈ ਅਤੇ ਸਮੇਂ ਸਮੇਂ ਲੇਬਰ ਪਾਰਟੀ ਵਿਚ ਸਮਾਜਵਾਦੀ ਵਿਚਾਰਾਂ ਨੂੰ ਦਿਸ਼ਾ ਦੇਣ ਲਈ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਉਹ ਇਨ੍ਹਾਂ ਚੋਣਾਂ ਸਬੰਧੀ ਇਹ ਕਹਿ ਰਹੇ ਹਨ ਕਿ ਨਵਉਦਾਰਵਾਦ ਦੀਆਂ ਨੀਤੀਆਂ ਨੂੰ ਉਲਟ ਗੇੜਾ ਦਿੱਤਾ ਜਾਵੇਗਾ ਅਤੇ ਵੱਖ ਵੱਖ ਖੇਤਰਾਂ ਵਿਚ ਸਰਕਾਰ ਅਤੇ ਲੋਕਾਂ ਦੀ ਭਾਗੀਦਾਰੀ ਬਣਾਈ ਜਾਵੇਗੀ, ਮੌਜੂਦਾ ਕਾਰਪੋਰੇਟ-ਕਮ-ਪੂੰਜੀਵਾਦ ਦੇ ਮਾਡਲ ਦੇ ਹਰ ਕਾਇਦੇ-ਕਾਨੂੰਨ ਨੂੰ ਪੁੱਠਾ ਗੇੜਾ ਦਿੱਤਾ ਜਾਵੇਗਾ। ਲੋਕਾਂ ਦੀਆਂ ਸਿਹਤ ਸਹੂਲਤਾਂ

ਡਾ. ਕੁਲਦੀਪ ਸਿੰਘ

ਲਈ ਨੈਸ਼ਨਲ ਹੈਲਥ ਸਰਵਿਸ ਤਹਿਤ ਵੱਖ ਵੱਖ ਹਸਪਤਾਲਾਂ ਵਿਚ ਅਸਾਮੀਆਂ ਦੀ ਪੂਰਤੀ ਕੀਤੀ ਜਾਵੇਗੀ। ਗਰੀਨ ਸਨਅਤੀ ਇਨਕਲਾਬ, ਵੱਡੇ ਘਰਾਣਿਆਂ ਤੇ ਟੈਕਸਾਂ ਦੀ ਦਰ ਵਧਾਈ ਜਾਵੇਗੀ, ਰੇਲਵੇ ਨੂੰ ਸਰਕਾਰੀ ਕੰਟਰੋਲ ਤਹਿਤ ਲਿਆਂਦਾ ਜਾਵੇਗਾ। ਹਰ ਪੱਧਰ ਤੇ ਟਰੇਡ ਯੂਨੀਅਨ ਬਣਾਉਣ ਦੀ ਖੁੱਲ੍ਹ ਦਿੱਤੀ ਜਾਵੇਗੀ ਅਤੇ ਵੱਖ ਵੱਖ ਪੱਧਰ ਤੇ ਉਨ੍ਹਾਂ ਦੀ ਭਾਗੀਦਾਰੀ ਬਣਾਈ ਜਾਵੇਗੀ। ਲੋਕਾਂ ਦੇ ਆਉਣ ਜਾਣ ਲਈ ਸਰਕਾਰੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ ਅਤੇ 3000 ਤੋਂ ਵੱਧ ਨਵੇਂ ਰੂਟ ਚਲਾਏ ਜਾਣਗੇ। ਸਕੂਲ ਪੱਧਰ ਤੋਂ ਲੈ ਕੇ ਉਚੇਰੀ ਪੱਧਰ ਦੀ ਸਿੱਖਿਆ ਮੁਫ਼ਤ ਅਤੇ ਗੁਣਵੱਤਾ ਪੱਧਰ ਦੀ ਮੁਹੱਈਆ ਕੀਤੀ ਜਾਵੇਗੀ, ਸਿਖਿਆ ਸੇਵਾਵਾਂ ਵਿਚ ਪਹਿਲਕਦਮੀ ਕੀਤੀ ਜਾਣਗੀ ਜਿਸ ਵਿਚ ਸਿਲੇਬਸਾਂ ਵਿਚੋਂ ਸੰਕੀਰਨਤਾ ਖ਼ਤਮ ਕੀਤੀ ਜਾਵੇਗੀ ਤੇ ਹਰ ਪੱਧਰ ਤੇ ਵਧੀਆ ਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਸਕੂਲਾਂ ਦਾ ਇੱਕੋ ਜਿਹਾ ਪ੍ਰਬੰਧ ਵਿਕਸਿਤ ਕੀਤਾ ਜਾਵੇਗਾ ਅਤੇ ਵੱਖ ਵੱਖ ਭਾਸ਼ਾਵਾਂ, ਕਲਾਵਾਂ ਤੇ ਸਮਾਜਿਕ ਵਿਗਿਆਨਾਂ ਦੀ ਸਿਖਿਆ ਨੂੰ ਪਹਿਲ ਦਿਤੀ ਜਾਵੇਗੀ ਤਾਂਕਿ ਪ੍ਰਾਈਵੇਟ ਅਦਾਰਿਆਂ ਦੀ ਵਿਵਸਥਾ ਖ਼ਤਮ ਹੋ ਸਕੇ। ਕਨਜ਼ਰਵੇਟਿਵ ਪਾਰਟੀ ਨੇ ਤਾਂ ਮੰਡੀ ਦੀਆਂ ਤਾਕਤਾਂ ਅੱਗੇ ਹਥਿਆਰ ਸੁੱਟਦਿਆਂ ਇਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਪ੍ਰਾਈਵੇਟ ਅਦਾਰਿਆਂ ਵਿਚ ਤਬਦੀਲ ਕਰ ਦਿੱਤਾ ਹੈ। ਦੇਸ਼ ਵਿਚ 1ਥ43 ਕਰੋੜ ਲੋਕ ਜੋ ਗਰੀਬੀ ਤੋਂ ਹੇਠਾਂ ਚਲੇ ਗਏ ਹਨ ਅਤੇ 90 ਲੱਖ ਅਜਿਹੇ ਪਰਿਵਾਰ ਹਨ ਜਿਨ੍ਹਾਂ ਵਿਚ ਇੱਕ ਹੀ ਕਮਾਉਣ ਵਾਲਾ ਹੈ। ਇਹ ਵਿਵਸਥਾ ਖ਼ਤਮ ਕੀਤੀ ਜਾਵੇਗੀ ਅਤੇ ਹਰ ਪੱਧਰ ਤੇ ਰੁਜ਼ਗਾਰ ਮੁਹੱਈਆ ਕੀਤਾ ਜਾਵੇਗਾ, ਘੱਟ ਤੋਂ ਘੱਟ ਪ੍ਰਤੀ ਘੰਟਾ 10 ਡਾਲਰ ਮਜ਼ਦੂਰੀ ਤੈਅ ਕੀਤੀ ਜਾਵੇਗੀ। ਅਮਰੀਕਾ ਵੱਲੋਂ ਵੱਖ ਵੱਖ ਦੇਸ਼ਾਂ ਵਿਚ ਕੀਤੇ ਜੰਗ ਦੇ ਉਜਾੜਿਆਂ ਕਾਰਨ ਅਰਬ ਖਾੜੀ ਅਤੇ ਅਫਗਾਨਿਸਤਾਨ ਵਿਚੋਂ ਨਵੀਂ ਤਰ੍ਹਾਂ ਦਾ ਅਤਿਵਾਦ ਪੈਦਾ ਹੋ ਚੁੱਕਾ ਹੈ ਜਿਸ ਵਿਚ ਬਰਤਾਨੀਆ ਵੀ ਭਾਗੀਦਾਰ ਹੈ। ਹੁਣ ਕਨਜ਼ਰਵੇਟਿਵ ਪਾਰਟੀ ਅਤਿਵਾਦ ਦੇ ਨਾਮ ਤੇ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ, ਉਸ ਨੂੰ ਖਤਮ ਕੀਤਾ ਜਾਵੇਗਾ, ਵੱਖ ਵੱਖ ਧਾਰਮਿਕ ਸਥਾਨਾਂ ਜਿਸ ਵਿਚ ਮੰਦਰ, ਮਸਜਿਦ, ਗਿਰਜਾਘਰ ਅਤੇ ਗੁਰਦੁਆਰੇ ਸ਼ਾਮਿਲ ਹਨ, ਨੂੰ ਸੁਰੱਖਿਅਤ ਰੱਖਣਾ ਹੋਵੇਗਾ। ਪਰਵਾਸੀਆਂ ਲਈ ਜਿਹੜਾ ਦੋਹਰੇ ਮਿਆਰ ਵਾਲਾ ਪ੍ਰਬੰਧ ਸਥਾਪਿਤ ਕੀਤਾ ਗਿਆ ਹੈ, ਉਹ ਖ਼ਤਮ ਕੀਤਾ ਜਾਵੇਗਾ। ਵੱਖ ਵੱਖ ਦੇਸ਼ਾਂ ਵਿਚ ਕੀਤੀ ਜਾ ਰਹੀ ਫੌਜ ਦੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰਤਾਨੀਆ ਨੂੰ ਜਿਵੇਂ ਆਊਟਸੋਰਸਿੰਗ ਵਜੋਂ ਲਿਆ ਹੋਇਆ ਹੈ, ਉਸ ਨੂੰ ਖ਼ਤਮ ਕੀਤਾ ਜਾਵੇਗਾ। ਦੁਨੀਆ ਭਰ ਵਿਚ ਚੱਲ ਰਹੇ ਮਾਨਵੀ ਸੰਕਟ- ਕਸ਼ਮੀਰ, ਯਮਨ, ਮਿਆਂਮਾਰ ਤੇ ਤੁਰਕੀ ਦੇ ਹੱਲ ਲਈ ਹਾਂਪੱਖੀ ਰੋਲ ਅਦਾ ਕੀਤਾ ਜਾਵੇਗਾ। ਯੂਐੱਨਓ ਦੇ ਪਲੈਟਫਾਰਮ ਨੂੰ ਜਮੂਹਰੀ ਬਣਾਉਣ ਲਈ ਕਾਰਜ ਕੀਤਾ ਜਾਵੇਗਾ ਅਤੇ ਦੁਨੀਆ ਭਰ ਦੀਆਂ ਮਨੁੱਖੀ ਹੱਕਾਂ ਦੀਆਂ ਜੱਥੇਬੰਦੀਆਂ ਨਾਲ ਖੁੱਲ੍ਹੇਆਮ ਗੱਲਬਾਤ ਕੀਤੀ ਜਾਵੇਗੀ ਤੇ ਸਮਝੌਤੇ ਕੀਤੇ ਜਾਣਗੇ। ਭਾਰਤ ਵਿਚ ਜੱਲ੍ਹਿਆਂਵਾਲਾ ਬਾਗ਼ ਵਿਚ ਬਰਤਾਨੀਆ ਵੱਲੋਂ ਕੀਤੇ ਕੁਕਰਮਾਂ ਦੀ ਮੁਆਫੀ ਮੰਗੀ ਜਾਵੇਗੀ ਅਤੇ ਬਲਿਊ ਸਟਾਰ ਅਪਰੇਸ਼ਨ ਦੌਰਾਨ ਅੰਮ੍ਰਿਤਸਰ ਵਿਚ ਹੋਏ ਕਤਲੇਆਮ ਵਿਚ ਬਰਤਾਨੀਆ ਦੇ ਰੋਲ ਦਾ ਪਬਲਿਕ ਰੀਵੀਊ ਕੀਤਾ ਜਾਵੇਗਾ। ਬਰਤਾਨੀਆ ਦੇ ਇਸ ਚੋਣ ਅਮਲ ਵਿਚ 18 ਤੋਂ 34 ਸਾਲ ਦੇ ਵੋਟਰਾਂ ਦੀ ਗਿਣਤੀ ਲੇਬਰ ਪਾਰਟੀ ਵੱਲ ਖਿੱਚੀ ਜਾ ਰਹੀ ਹੈ। ਇਹ ਵਿਸ਼ਲੇਸ਼ਣ ਉੱਭਰ ਕੇ ਸਾਹਮਣੇ ਆ ਰਹੇ ਹਨ ਕਿ ਜੇਕਰ ਜੈਰੇਮੀ ਕੋਰਬਿਨ ਦੀ ਪਾਰਟੀ ਸੱਤਾ ਵਿਚ ਨਹੀਂ ਆਉਂਦੀ ਤਾਂ ਵੀ ਪਾਰਲੀਮੈਂਟ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ। ਜੇ ਉਹ ਜਿੱਤ ਜਾਂਦਾ ਹੈ ਅਤੇ ਉਸ ਦਾ ਪ੍ਰੋਗਰਾਮ ਲਾਗੂ ਹੋ ਜਾਂਦਾ ਹੈ ਤਾਂ ਇਸ ਦਾ ਸੰਸਾਰ ਉੱਪਰ ਡੂੰਘਾ ਪ੍ਰਭਾਵ ਪਵੇਗਾ। ਫਰਾਂਸ ਦੇ ਲੋਕ ਵੀ ਸੋਚਣਗੇ ਕਿ ਅਜਿਹਾ ਅਸੀਂ ਕਿਉਂ ਨਹੀ ਕਰ ਸਕਦੇ? ਅਮਰੀਕੀ ਵੀ ਸੋਚਣਗੇ ਕਿ ਅਸੀਂ ਵੀ ਪੂੰਜੀਵਾਦ ਦੇ ਸੰਕਟਾਂ ਵਿਚੋਂ ਨਿਕਲਣ ਲਈ ਅਜਿਹਾ ਕਿਉਂ ਨਹੀਂ ਕਰ ਸਕਦੇ? ਅਮਰੀਕੀ ਚੋਣਾਂ ਦਾ ਅਖਾੜਾ ਵੀ ਭਖ ਚੁੱਕਾ ਹੈ, ਇਹ ਚਰਚਾ ਹੋਰ ਦੇਸ਼ਾਂ ਵਿਚ ਵੀ ਚੱਲ ਸਕਦੀ ਹੈ ਕਿਉਂਕਿ ਨਵਉਦਾਰਵਾਦ ਦੀਆਂ ਨੀਤੀਆਂ ਨੇ ਸਮੁੱਚੇ ਸੰਸਾਰ ਨੂੰ ਜੰਗਾਂ, ਆਰਥਿਕ ਗੈਰ-ਬਰਾਬਰੀ ਅਤੇ ਪਿਛਾਖੜੀ ਰਾਜਨੀਤੀ ਦੇ ਰਸਤੇ ਉੱਤੇ ਤੋਰ ਦਿੱਤਾ ਹੈ। ਜੈਰੇਮੀ ਕੋਰਬਿਨ ਦਾ ਕਹਿਣਾ ਹੈ, “ਮੈਂ ਘਰਾਂ ਤੋਂ ਬਿਨਾ ਰਹਿ ਰਹੇ ਲੋਕਾਂ ਅਤੇ ਬਿਨਾ ਖਾਣੇ ਤੋਂ ਸੌਂਦੇ ਲੋਕਾਂ ਨੂੰ ਨਹੀਂ ਦੇਖ ਸਕਦਾ।” ਬਰਤਾਨੀਆਂ ਵਿਚ ਜੈਰੇਮੀ ਕੋਰਬਿਨ ਅਤੇ ਉਨ੍ਹਾਂ ਦੀ ਚੋਣ ਚਲਾ ਰਹੇ ਕਾਰਕੁਨ ਜੋ ਵੱਖ ਵੱਖ ਵਰਗਾਂ ਅਤੇ ਖੇਤਰਾਂ ਵਿਚੋਂ ਆ ਰਹੇ ਹਨ, ਦਾ ਕਹਿਣਾ ਹੈ- ਅਸੀਂ ਚੰਗਾ ਕਰ ਸਕਦੇ ਹਾਂ ਕਿਉਂਕਿ ਅਸੀਂ ਦੁਨੀਆ ਦੇ ਪਹਿਲੇ ਪੰਜ ਅਮੀਰ ਮੁਲਕਾਂ ਵਿਚ ਆਉਂਦੇ ਹਾਂ ਜਿਨ੍ਹਾਂ ਦਾ ਜੀਵਨ ਪੱਧਰ ਪਿਛਲੇ ਦਹਾਕਿਆਂ ਵਿਚ ਹੇਠਾਂ ਡਿੱਗ ਗਿਆ, ਉਸ ਨੂੰ ਉੱਪਰ ਲਿਆ ਸਕਦੇ ਹਾਂ। ਅਸੀਂ ਆਰਥਿਕਤਾ ਦੇ ਨਵੇਂ ਕਾਇਦੇ-ਕਾਨੂੰਨ ਲਿਖ ਸਕਦੇ ਹਾਂ, ਹਰ ਵਰਗ ਲਈ ਕੰਮ ਕਰ ਸਕਦੇ ਹਾਂ। ਸਰਕਾਰੀ ਸੇਵਾਵਾਂ ਮੁੜ ਸਥਾਪਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਉੱਪਰ ਟੈਕਸ ਲਗਾ ਸਕਦੇ ਹਾਂ ਜਿਹੜੇ ਵੱਡੀ ਪੱਧਰ ਤੇ ਸਰਮਾਇਆ ਇਕੱਠਾ ਕਰ ਚੁੱਕੇ ਹਨ। ਵਾਤਾਵਰਨ ਦੀ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਗਰੀਨ ਸਨਅਤੀ ਇਨਕਲਾਬ ਤਹਿਤ ਸਰੋਤਾਂ ਦੀ ਸਹੀ ਵਰਤੋਂ, ਇਲੈਕਟ੍ਰਿਕ ਕਾਰਾਂ ਤੇ ਰੇਲਾਂ ਦੀ ਵਰਤੋਂ ਰਾਹੀਂ ਕਰ ਸਕਦੇ ਹਨ। ਅਸੀਂ ਰੇਲ, ਮੇਲ, ਪਾਣੀ ਅਤੇ ਊਰਜਾ ਨੂੰ ਸਰਕਾਰੀ ਖੇਤਰ ਅਧੀਨ ਲਿਆਵਾਂਗੇ ਜਿਸ ਨਾਲ ਲੋਕਾਂ ਨੂੰ ਵੱਡੇ ਕਿਰਾਇਆਂ ਅਤੇ ਬਿੱਲਾਂ ਤੋਂ ਨਿਜਾਤ ਮਿਲੇਗੀ, ਦੇਸ਼ ਦੀ ਸੁਰੱਖਿਆ ਦਾ ਆਪ ਖਿਆਲ ਰੱਖਾਂਗੇ। ਦਹਾਕਿਆਂ ਤੋਂ ਜਿਸ ਕਿਸਮ ਨਾਲ ਵਿਦੇਸ਼ ਨੀਤੀ ਅਪਣਾਈ ਜਾ ਰਹੀ ਕਿ ‘ਪਹਿਲਾਂ ਬੰਬ ਚਲਾਓ, ਫਿਰ ਗੱਲਬਾਤ ਕਰੋ’, ਇਸ ਨੂੰ ਬੰਦ ਕੀਤਾ ਜਾਵੇਗਾ। ਇਸ ਦੀ ਥਾਂ ਇਨਸਾਫ ਅਤੇ ਮਨੁੱਖੀ ਹੱਕਾਂ ਨੂੰ ਕੇਂਦਰ ਵਿਚ ਰੱਖਿਆ ਜਾਵੇਗਾ। ਜੇ ਅਸੀਂ ਜਿੱਤ ਜਾਂਦੇ ਹਾਂ ਤਾਂ ਹਕੀਕਤ ਵਿਚ ਨਵੀਂ ਪੀੜ੍ਹੀ, ਭਾਈਚਾਰੇ, ਲੇਬਰ, ਨਰਸਾਂ, ਪੈਨਸ਼ਨਰਾਂ, ਅਧਿਆਪਕਾਂ, ਵਿਦਿਆਰਥੀਆਂ, ਦਫ਼ਤਰੀ ਕਾਮਿਆਂ, ਇੰਜਨੀਅਰਾਂ ਲਈ ਇਹ ਜਿੱਤ ਹੋਵੇਗੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਸਾਡਾ ਹੈ। ਅਜਿਹੀਆਂ ਰਾਜਨੀਤਿਕ ਪਹਿਲਕਦਮੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਆਧੁਨਿਕ ਨਵਉਦਾਰਵਾਦ ਦੇ ਉਖੇੜੇ ਕਾਰਨ ਭਾਰਤ ਅਤੇ ਪੰਜਾਬ ਵਿਚ ਵਧ ਰਹੀ ਬੇ-ਵਿਸ਼ਵਾਸੀ ਤੇ ਬੇਚੈਨੀ ਨੂੰ ਦੂਰ ਕਰਨ ਲਈ ਰਾਜਨੀਤਿਕ ਤਬਦੀਲੀ ਵਾਲਾ ਮੈਨੀਫੈਸਟੋ ਤਿਆਰ ਕਰਨ ਵੱਲ ਵਧਣ ਲੋੜ ਮਹਿਸੂਸ ਹੋਵੇਗੀ। ਜਿਵੇਂ ਪ੍ਰਸਿੱਧ ਵਿਦਵਾਨ ਸਾਰਤਰ ਦਾ ਕਹਿਣਾ ਹੈ ਕਿ ਹਰ ਸੰਕਟ ਵਿਚ ਬਦਲ ਪਿਆ ਹੁੰਦਾ ਹੈ, ਸਿਰਫ ਉਸ ਨੂੰ ਦੇਖਣ ਵਾਲੀ ਅੱਖ ਚਾਹੀਦੀ ਹੈ। ਜਿਸ ਕਿਸਮ ਦੀ ਅੱਖ ਜੈਰੇਮੀ ਕੋਰਬਿਨ ਦੀ ਹੈ, ਉਸ ਕਿਸਮ ਦੀ ਅੱਖ ਪੰਜਾਬ ਅੰਦਰ ਵੀ ਵਿਕਸਿਤ ਕਰਨ ਦੀ ਲੋੜ ਹੈ। ਸੰਪਰਕ: 98151-15429

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All