ਪਿੰਡਾਂ ਨੂੰ ਬਚਾਉਣਾ ਕਿਉਂ ਹੈ ਜ਼ਰੂਰੀ?

ਪਿੰਡਾਂ ਨੂੰ ਬਚਾਉਣਾ ਕਿਉਂ ਹੈ ਜ਼ਰੂਰੀ?

ਡਾ. ਸ਼ਿਆਮ ਸੁੰਦਰ ਦੀਪਤੀ*

ਸਾਡੇ ਮੁਲਕ ਵਿੱਚ 39.46 ਕਰੋੜ ਹੈਕਟੇਅਰ ਜ਼ਮੀਨ ਖੇਤੀ ਯੋਗ ਹੈ ਜੋ ਖੇਤੀ ਯੋਗਤਾ ਪੱਖੋਂ ਦੁਨੀਆਂ ਵਿੱਚ ਦੂਸਰੇ ਨੰਬਰ ‘ਤੇ ਹੈ। ਇਸ ਵਿੱਚੋਂ 21.56 ਕਰੋੜ ਹੈਕਟੇਅਰ ‘ਤੇ ਖੇਤੀ ਹੋ ਰਹੀ ਹੈ। ਮੁਲਕ ਦੀ 60.4 ਫੀਸਦੀ ਜ਼ਮੀਨ ਉਤੇ ਖੇਤੀ ਹੁੰਦੀ ਹੈ। ਤਕਰੀਬਨ 70 ਫੀਸਦੀ ਘਰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਗੁਜ਼ਰ-ਬਸਰ ਲਈ ਖੇਤੀ ‘ਤੇ ਹੀ ਨਿਰਭਰ ਕਰਦੇ ਹਨ। ਅਸੀਂ ਭਾਵੇਂ ਭਾਰਤ ਦੀ ਵਿਆਖਿਆ ਵਿੱਚ ਅਕਸਰ ਇਸ ਨੂੰ ਖੇਤੀ ਪ੍ਰਧਾਨ ਮੁਲਕ ਕਹਿੰਦੇ ਹਾਂ, ਪਰ ਇਨ੍ਹਾਂ ਕੁੱਝ ਕੁ ਅੰਕੜਿਆਂ ਤੋਂ ਸਾਨੂੰ ਤੱਥਾਂ ਸਹਿਤ ਇਹ ਗਿਆਨ ਹੋ ਜਾਵੇਗਾ ਕਿ ਮੁਲਕ ਦੀ ਵੱਡੀ ਵਸੋਂ ਖੇਤੀ ‘ਤੇ ਨਿਰਭਰ ਹੈ। ਜੇ ਇਸ ਦਾ ਦੂਸਰਾ ਪਾਸਾ ਦੇਖੀਏ ਤਾਂ ਮੁਲਕ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ ਖੇਤੀ ਖੇਤਰ ਦੀ ਭਾਈਵਾਲੀ ਸਿਰਫ਼ 15 ਫੀਸਦੀ ਹੈ; ਜਦੋਂਕਿ ਅਰਥ ਸ਼ਾਸਤਰੀ ਖੇਤੀ ਅਤੇ ਇਸ ਦੇ ਸਹਿਯੋਗੀ ਧੰਦਿਆਂ ਨੂੰ ਮੁੱਢਲਾ ਅਦਾਰਾ ਕਹਿੰਦੇ ਹਨ। ਸਨਅਤ ਨੂੰ ਖੇਤੀ ਪੈਦਾਵਾਰ ‘ਤੇ ਨਿਰਭਰ ਦੂਸਰੇ ਦਰਜੇ ਦਾ ਅਦਾਰਾ ਅਤੇ ਸੇਵਾਵਾਂ ਨੂੰ ਤੀਸਰੇ ਪੱਧਰ ਦਾ ਅਦਾਰਾ ਮੰਨਦੇ ਹਨ। ਜੇ ਪੰਜਾਬ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਕੁਲ ਜ਼ਮੀਨ ਵਿੱਚੋਂ 83.4 ਫੀਸਦੀ ਜ਼ਮੀਨ ਉੱਪਰ ਖੇਤੀ ਹੁੰਦੀ ਹੈ। ਇਸ ਤਰ੍ਹਾਂ ਪੰਜਾਬ ਦੀ ਇਕ ਇੰਚ ਥਾਂ ਵੀ ਅਜਿਹੀ ਨਹੀਂ ਹੈ, ਜਿਥੇ ਖੇਤੀ ਨਾ ਹੁੰਦੀ ਹੋਵੇ ਪਰ ਇਸ ਲਿਹਾਜ਼ ਨਾਲ ਆਰਥਿਕਤਾ ਦਾ ਮੁੱਖ ਅਤੇ ਮੁੱਢਲਾ ਪੱਧਰ ਹੋਣ ਦੇ ਬਾਵਜੂਦ ਇਸ ਸੈਕਟਰ ਦੀ ਹਾਲਤ ਸਭ ਤੋਂ ਮੰਦੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਮੁਲਕ ਦੀ ਸ਼ਹਿਰੀ ਆਬਾਦੀ 31.6 ਫੀਸਦੀ ਸੀ ਅਤੇ ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਸੀ ਕਿ 2030 ਤਕ ਇਹ ਆਬਾਦੀ 50 ਫੀਸਦੀ ਹੋ ਜਾਵੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਵਿਸ਼ਵ ਬੈਂਕ ਨੂੰ ਇਸ ਦਾ ਅੰਦਾਜ਼ਾ ਕਿਵੇਂ ਲੱਗਿਆ? ਕੀ ਇਹ ਕੁਦਰਤੀ ਵਾਧਾ ਹੈ ਕਿ ਇਸ ਰਫ਼ਤਾਰ ਨਾਲ ਪਿੰਡਾਂ ਦੇ ਲੋਕ ਜਾ ਕੇ ਸ਼ਹਿਰ ਵਿੱਚ ਵੱਸਣ ਜਾਣਗੇ ਜਿਨ੍ਹਾਂ ਦਾ ਮੁੱਖ ਧੰਦਾ ਹੀ ਖੇਤੀ ਹੈ? ਜਾਂ ਇਹ ਕੋਈ ਯੋਜਨਾ ਸੀ ਕਿ ਉਨ੍ਹਾਂ ਨੂੰ ਉੱਥੋਂ ਕੱਢਿਆ ਜਾਵੇ? ਇੱਥੇ ਇਕ ਹੋਰ ਸਵਾਲ ਦੇ ਰੂ-ਬ-ਰੂ ਹੋਣ ਦੀ ਲੋੜ ਹੈ ਕਿ ਕੋਈ ਵੀ ਸ਼ਖ਼ਸ ਆਪਣੀ ਜਨਮ ਭੋਇੰ ਕਦੋਂ ਛੱਡ ਕੇ ਜਾਂਦਾ ਹੈ? ਇਸ ਦਾ ਪਹਿਲਾ ਵੱਡਾ ਕਾਰਨ ਹੈ: ਉੱਥੇ ਉਸ ਦਾ ਗੁਜ਼ਾਰਾ ਨਹੀਂ ਹੋ ਰਿਹਾ, ਉਸ ਦੀ ਆਪਣੀ ਰੋਟੀ ਦਾ ਜੁਗਾੜ ਵੀ ਨਹੀਂ ਹੋ ਰਿਹਾ। ਕਹਿਣ ਤੋਂ ਭਾਵ ਇਹ ਹੈ ਕਿ ਉਸ ਥਾਂ ਕਿਸੇ ਕਿਸਮ ਦਾ ਵੀ ਰੁਜ਼ਗਾਰ ਨਾ ਹੋਵੇ। ਇਹ ਤਾਂ ਅਸੀਂ ਦੇਖਿਆ ਹੀ ਹੈ ਕਿ ਪਿੰਡਾਂ ਵਿੱਚ ਖੇਤੀ ਦੇ ਮਸ਼ੀਨੀਕਰਨ ਅਤੇ ਘਰੇਲੂ ਉਦਯੋਗ ਨੂੰ ਨਿਰਉਤਸ਼ਾਹਿਤ ਕੀਤੇ ਜਾਣ ਕਾਰਨ ਰੁਜ਼ਗਾਰ ਘੱਟ ਹੋਇਆ ਹੈ। ਦੂਜਾ ਵੱਡਾ ਕਾਰਨ ਹੁੰਦਾ ਹੈ: ਰੋਜ਼ੀ-ਰੋਟੀ ਭਾਵੇਂ ਹੋਵੇ, ਪਰ ਰਹਿਣ ਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ; ਮਸਲਨ ਬਿਜਲੀ, ਪਾਣੀ, ਸੜਕਾਂ, ਆਵਾਜਾਈ ਦੇ ਸਾਧਨ ਤੇ ਮੁੱਖ ਤੌਰ ‘ਤੇ ਸਿੱਖਿਆ, ਸਿਹਤ ਆਦਿ। ਇਸ ਪੱਖ ਤੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਇਨ੍ਹਾਂ ਸਹੂਲਤਾਂ ਪ੍ਰਤੀ ਜਵਾਬਦੇਹ ਹੋਣਾ ਤਾਂ ਦੂਰ, ਸਗੋਂ ਜਿੱਥੇ ਕਿਤੇ ਵੀ ਕੋਸ਼ਿਸ਼ਾਂ ਹੋਈਆਂ ਸਨ, ਉਨ੍ਹਾਂ ਵਿੱਚ ਵੀ ਲਗਾਤਾਰਤਾ ਨਾ ਬਣਾ ਕੇ, ਉਨ੍ਹਾਂ ਨੂੰ ਵੀ ਲੋਕਾਂ ਤੋਂ ਖੋਹਣ ਦੀ ਕੋਸ਼ਿਸ਼ ਹੋਈ ਹੈ। ਸਕੂਲ ਬੰਦ ਹੋਏ ਹਨ, ਸਿਹਤ ਸੇਵਾਵਾਂ ਕਈ ਕਾਮੇ ਨਹੀਂ ਰੱਖੇ ਜਾ ਰਹੇ, ਬਿਜਲੀ ਦਾ ਸਮਾਂ ਵੀ ਨਾ ਦੇ ਬਰਾਬਰ ਹੈ, ਤਾਰਾਂ ਤੇ ਖੰਭੇ ਭਾਵੇਂ ਸਾਰੇ ਪਿੰਡਾਂ ਵਿੱਚ ਹਨ। ਪੰਜਾਬ ਵਿੱਚ, ਵਿਸ਼ੇਸ਼ ਕਰ, ਖੇਤੀ ਨਾਲ ਜੁੜੇ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ, ਮੱਖੀ ਤੇ ਸ਼ਹਿਦ ਦਾ ਕਾਰੋਬਾਰ ਜਾਂ ਖੇਤੀ ਆਧਾਰਿਤ ਛੋਟੇ ਵਪਾਰਾਂ ਜਿਵੇਂ ਅਚਾਰ, ਮੁਰੱਬੇ, ਚਟਣੀਆਂ, ਪਾਪੜ ਆਦਿ ਦੇ ਕਾਰੋਬਾਰ ਵੀ ਕਿਤੇ ਕੋਈ ਥਾਂ ਨਹੀਂ ਹੈ। ਸਿੱਧੀ ਜਿਹੀ ਗੱਲ ਹੈ ਕਿ ਹੌਲੀ ਹੌਲੀ ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਲੋਕ ਖ਼ੁਦ ਹੀ ਕਹਿਣ ਲੱਗ ਪੈਣ ਕਿ ਇਹ ਥਾਂ ਰਹਿਣ ਦੇ ਕਾਬਿਲ ਹੀ ਨਹੀਂ ਹੈ; ਛੱਡੋ, ਇੱਥੇ ਕੀ ਰਹਿਣਾ ਹੈ! ਦਰਅਸਲ, ਇਹ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਹੋਇਆ ਹੈ। ਦੂਜੇ ਬੰਨੇ, ਲੋਕਾਂ ਨੇ ਕਦੇ ਭਰਵੇਂ ਰੂਪ ਵਿੱਚ ਇਹ ਆਵਾਜ਼ ਵੀ ਨਹੀਂ ਚੁੱਕੀ ਕਿ ਪਿੰਡਾਂ ਦਾ ਵਿਕਾਸ ਕੀਤਾ ਜਾਵੇ। ਜ਼ਰਾ ਸੋਚੋ, ਸੱਤਰ ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਕਿਸੇ ਪਿੰਡ ਘੁੰਮ-ਫਿਰ ਕੇ ਦੇਖੋ, ਲੱਗੇਗਾ ਕਿ ਆਜ਼ਾਦੀ ਸੱਚਮੁੱਚ ਇਨ੍ਹਾਂ ਲੋਕਾਂ ਲਈ ਤਾਂ ਆਈ ਹੀ ਨਹੀਂ ਹੈ। ਅੱਜ ਵੀ ਲੋਕ ਆਪਣੀਆਂ ਮੰਗਾਂ ਵਿੱਚ ਪਿੰਡ ਦੀਆਂ ਗਲੀਆਂ ਸੜਕਾਂ ਦੀ ਹੀ ਮੰਗ ਲੈ ਕੇ ਸਿਆਸੀ ਆਗੂਆਂ ਨੂੰ ਮਿਲਦੇ ਹਨ। ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਕਿਸੇ ਪਿੰਡ ਵੱਲੋਂ ਮੰਗ ਪੱਤਰ ਰੱਖੇ ਹੀ ਨਹੀਂ ਜਾਂਦੇ। ਨਾਲੇ ਹੌਲੀ ਹੌਲੀ ਇਨ੍ਹਾਂ ਮੁੱਦਿਆਂ ਨੂੰ ਉਭਾਰ ਸਕਣ ਦੀ ਕਾਬਲੀਅਤ ਰੱਖਣ ਵਾਲੇ ਲੋਕਾਂ ਨੇ ਪਿੰਡਾਂ ਨੂੰ ਤਿਆਗ ਹੀ ਦਿੱਤਾ ਹੈ। ਵੱਡੀ ਤਰਾਸਦੀ ਇਹੀ ਹੈ। ਮੁਲਕ ਦੀ ਆਜ਼ਾਦੀ ਮਗਰੋਂ ਪਿੰਡਾਂ ਨੂੰ ਆਪਣੀਆਂ ਸਥਾਨਕ ਸਰਕਾਰਾਂ ਬਣਾ ਕੇ, ਆਪਣੇ ਅਸਲ ਮੁੱਦੇ-ਮਸਲੇ ਪਛਾਣ ਕੇ ਹੱਲ ਕਰਨ ਵਲ ਕਦਮ ਪੁੱਟੇ ਗਏ। ਜਿੱਥੇ ਕਿਤੇ ਪੰਚਾਇਤੀ ਰਾਜ ਪ੍ਰਣਾਲੀ ਤਹਿਤ ਇਹ ਕਾਰਜ ਸੁਚਾਰੂ ਢੰਗ ਨਾਲ ਚੱਲਿਆ, ਵਧੀਆ ਸਿੱਟੇ ਵੀ ਸਾਹਮਣੇ ਆਏ ਪਰ ਮੁਲਕ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਆਪਣੇ ਦਖ਼ਲ ਨਾਲ ਇਸ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਪਿੰਡਾਂ ਦੀ ਰੂਹ ਆਪਸੀ ਸਾਂਝ, ਭਾਈਚਾਰਾ, ਸਵੈ-ਨਿਰਭਰਤਾ ਅਤੇ ਕੁਦਰਤ ਦੀ ਗੋਦ, ਸਭ ਇਸੇ ਸਿਆਸੀ ਦਖ਼ਲਅੰਦਾਜ਼ੀ ਨੇ ਖ਼ਤਮ ਕੀਤੇ ਹਨ ਅਤੇ ਪਿੰਡ ਦੀ ਮੂਲ ਭਾਵਨਾ ਨੂੰ ਮਾਰ-ਮੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹੁਣ ਅਸਲ ਮੁੱਦਾ ਹੈ ਕਿ ਪਿੰਡਾਂ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ? ਪਹਿਲੀ ਤੇ ਪ੍ਰਮੁੱਖ ਗੱਲ ਇਹ ਹੈ ਕਿ ਹਰ ਮੁਲਕ ਦੇ ਆਪਣੇ ਭੂਗੋਲਿਕ ਅਤੇ ਸੱਭਿਆਚਾਰਕ ਹਾਲਾਤ ਹੁੰਦੇ ਹਨ। ਸਾਡਾ ਮੁਲਕ ਸ਼ਹਿਰੀਕਰਨ ਲਈ ਵਧੀਆ ਅਤੇ ਲਾਹੇਵੰਦ ਥਾਂ ਨਹੀਂ ਹੈ। ਖੇਤੀ ਉੱਤੇ ਨਿਰਭਰ ਮੁਲਕ ਨੂੰ ਖੇਤੀ ਵਿੱਚ ਹੀ ਵੱਸਣਾ ਚਾਹੀਦਾ ਹੈ। ਇਸ ਤਰ੍ਹਾਂ ਮੁਲਕ ਨੂੰ, ਖਾਸ ਤੌਰ ‘ਤੇ ਜਮਹੂਰੀ ਪ੍ਰਬੰਧ ਵਿੱਚ, ਸਾਰੇ ਲੋਕਾਂ ਦੀ ਜ਼ਿੰਦਗੀ ਦੇ ਮੱਦੇਨਜ਼ਰ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਦੁਨੀਆਂ ਵਿੱਚ ਕਿੰਨੇ ਕੁ ਮੁਲਕ ਹਨ ਜਿੱਥੇ ਸਾਰਾ ਸਾਲ, ਬਾਰਾਂ ਮਹੀਨੇ ਖੇਤੀ ਹੁੰਦੀ ਹੋਵੇ? ਨਿਸ਼ਚਿਤ ਹੀ ਅਸੀਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਆਪਣੇ ਮੁਲਕ ਵਿੱਚ ਲਾਗੂ ਨਹੀਂ ਕਰ ਸਕਦੇ। ਅਰਥ ਸ਼ਾਸਤਰੀਆਂ ਦੇ ਇਹ ਮਤ ਕਿ ਕਿਸੇ ਵੀ ਮੁਲਕ ਨੂੰ ਸਨਅਤ ਹੀ ਵਿਕਾਸ ਦੇ ਰਾਹ ਪਾ ਸਕਦੀ ਹੈ, ਵੀ ਸਭ ਥਾਂ ਇਕੋ ਜਿਹਾ ਲਾਗੂ ਨਹੀਂ ਹੁੰਦਾ। ਸਨਅਤ ਦੀ ਭੂਮਿਕਾ ਤੋਂ ਕਤਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਨਅਤ ਦਾ ਆਧਾਰ ਮੁਲਕ ਦਾ ਕੱਚਾ ਮਾਲ ਹੋਵੇ ਅਤੇ ਬਣਨ ਵਾਲਾ ਸਾਮਾਨ ਮੁਲਕ ਦੇ ਲੋਕਾਂ ਲਈ ਤਿਆਰ ਹੋਵੇ; ਜਦੋਂਕਿ ਕੌਮਾਂਤਰੀ ਦਬਾਅ ਹੇਠ ਬਾਹਰਲੇ ਮੁਲਕ ਦੀਆਂ ਲੋੜਾਂ ਲਈ ਸਾਮਾਨ ਪਹਿਲ ਦੇ ਆਧਾਰ ‘ਤੇ ਬਣਦਾ ਹੈ ਜਿਵੇਂ ਖੇਤੀ ਵਿੱਚ ਵੀ ਅਨਾਜ ਦੀ ਥਾਂ ਫੁੱਲਾਂ ਦੀ ਖੇਤੀ ਨੂੰ ਤਰਜੀਹ ਦੇਣੀ ਅਤੇ ਇਸ ਤਰ੍ਹਾਂ ਮੁਲਕ ਦੇ ਸਰਮਾਏ (ਕੱਚੇ ਮਾਲ) ਨੂੰ ਹੋਰ ਮੁਲਕਾਂ ਦੇ ਸਾਮਾਨ ਬਣਾਉਣ ਵਿੱਚ ਲਗਾਉਣਾ। ਇਨਾਂ ਸਨਅਤੀ ਪਹਿਲੂਆਂ ਦੇ ਮੱਦੇਨਜ਼ਰ, ਸ਼ਹਿਰਾਂ ਵੱਲ ਦੌੜ ਵਧੀ ਹੈ, ਪਰ ਸਾਡੇ ਸ਼ਹਿਰ ਵੀ ਲੋਕਾਂ ਨੂੰ ਵਸਾਉਣ ਲਈ ਤਿਆਰ ਨਹੀਂ ਹਨ। ਮੁਲਕ ਵਿੱਚ ਇਕ ਹੋਰ ਵਰਗ ਬੜੀ ਤੇਜ਼ੀ ਨਾਲ ਵਧਿਆ ਹੈ, ਉਹ ਹੈ ਝੌਂਪੜ ਪੱਟੀਆਂ (ਸਲੱਮਜ਼)। ਜੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦਾ ਗਹਿਰਾ ਅਧਿਐਨ ਕੀਤਾ ਜਾਵੇ ਤਾਂ ਜੋ ਲੋਕ ਆਪਣੀ ਮੰਦਹਾਲ ਜ਼ਿੰਦਗੀ ਤੋਂ ਤੰਗ ਆ ਕੇ ਸ਼ਹਿਰ ਵੱਲ ਕੂਚ ਕੀਤੇ ਸਨ, ਉਹ ਹੁਣ ਪਿੰਡਾਂ ਤੋਂ ਵੀ ਮਾੜੇ ਪੱਧਰ ਦੀ ਜ਼ਿੰਦਗੀ ਜੀਅ ਰਹੇ ਹਨ। ਮੁਲਕ ਵਿੱਚ ਪਿੰਡਾਂ ਨੂੰ ਲੈ ਕੇ ਤਾਂ ਯੋਜਨਾਵਾਂ ਫਿਰ ਵੀ ਬਣ ਜਾਂਦੀਆਂ ਹਨ, ਇਹ ਇਲਾਕੇ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਇਹ ਕੁਝ ਤੱਥ ਹਨ ਜੋ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਪਿੰਡਾਂ ਨੂੰ ਬਚਾਉਣ ਦੀ ਲੋੜ ਹੈ। ਵਿਗਿਆਨਕ ਖੋਜਾਂ ਰਾਹੀਂ ਤਕਨਾਲੋਜੀ ਦੀ ਵਰਤੋਂ ਨਾਲ ਪਿੰਡਾਂ ਨੂੰ ਉਹ ਸਾਰੀਆਂ ਮੁੱਖ ਲੋੜਾਂ ਪਹੁੰਚਾਉਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਦਿੱਕਤ ਹੈ ਤਾਂ ਮੁਲਕ ਦੀਆਂ ਆਪਣੀਆਂ ਨੀਤੀਆਂ ਅਤੇ ਸਿਆਸੀ ਆਗੂਆਂ ਦੀ ਆਪਣੇ ਮੁਲਕ, ਆਪਣੇ ਲੋਕਾਂ ਪ੍ਰਤੀ ਖੁੱਲ੍ਹਦਿਲੀ ਵਾਲੀ, ਬਿਨਾਂ ਕਿਸੇ ਕੌਮਾਂਤਰੀ ਦਬਾਅ ਵਾਲੀ ਸਾਫ਼ ਸਪਸ਼ਟ ਨੀਅਤ ਦੀ। ਮਹਾਤਮਾ ਗਾਂਧੀ ਅਤੇ ਮਸ਼ਹੂਰ ਸਮਾਜ ਵਿਗਿਆਨੀ ਮੈਕਸ ਵੈਬਰ ਨੇ ਕਿਹਾ ਸੀ: ਜੇ ਪਿੰਡ ਨਹੀਂ ਬਚਣਗੇ ਤਾਂ ਮੁਲਕ ਵੀ ਨਹੀਂ ਬਚੇਗਾ। ਅੱਜ ਇਸ ਭਾਵਨਾ ਨੂੰ ਪਛਾਣਨ ਅਤੇ ਇਸ ਮੁਤਾਬਿਕ ਨੀਤੀਆਂ ਬਣਾ ਕੇ ਇਨ੍ਹਾਂ ਨੂੰ ਲਾਗੂ ਕਰਨ ਦੀ ਸਖ਼ਤ ਲੋੜ ਹੈ। *ਲੇਖਕ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਪ੍ਰੋਫ਼ੈਸਰ ਹੈ। ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ

ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ

* ਐੱਨਡੀਏ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੱਤਾ * ਮਹਾਗਠਬੰਧਨ...

ਪ੍ਰਧਾਨ ਮੰਤਰੀ ਮੋਦੀ ਕੋਲ 2.23 ਕਰੋੜ ਰੁਪਏ ਦੀ ਜਾਇਦਾਦ

ਪ੍ਰਧਾਨ ਮੰਤਰੀ ਮੋਦੀ ਕੋਲ 2.23 ਕਰੋੜ ਰੁਪਏ ਦੀ ਜਾਇਦਾਦ

ਪਿਛਲੇ ਸਾਲ ਨਾਲੋਂ 26.13 ਲੱਖ ਰੁਪਏ ਵੱਧ

ਏਕਨਾਥ ਸ਼ਿੰਦੇ ਵਜ਼ਾਰਤ ’ਚ ਵਾਧਾ; 18 ਨਵੇਂ ਮੰਤਰੀ ਸ਼ਾਮਲ

ਏਕਨਾਥ ਸ਼ਿੰਦੇ ਵਜ਼ਾਰਤ ’ਚ ਵਾਧਾ; 18 ਨਵੇਂ ਮੰਤਰੀ ਸ਼ਾਮਲ

20 ਮੈਂਬਰੀ ਵਜ਼ਾਰਤ ’ਚ ਇੱਕ ਵੀ ਮਹਿਲਾ ਨਹੀਂ; ਸ਼ਿਵ ਸੈਨਾ ਦੇ ਬਾਗੀ ਧੜੇ ...

ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ

ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ

16 ਨੂੰ ਅਖੰਡ ਪਾਠ ਦੇ ਭੋਗ ਮਗਰੋਂ ਹੋਵੇਗੀ ਸਮੂਹਿਕ ਅਰਦਾਸ; ਜਥੇਦਾਰ ਵੱਲ...

ਵਿਕਟੋਰੀਆ ’ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਸਮਾਪਤ

ਵਿਕਟੋਰੀਆ ’ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਸਮਾਪਤ

ਸਮਾਪਤੀ ਸਮਾਰੋਹ ’ਚ ਗੂੰਜਿਆ ਸਿੱਧੂ ਮੂਸੇਵਾਲਾ ਦਾ ਗੀਤ

ਸ਼ਹਿਰ

View All