ਪਾਠਕਾਂ ਦੇ ਖ਼ਤ

ਸੁਚੇਤ ਹੋਣ ਦਾ ਸੁਨੇਹਾ 7 ਦਸੰਬਰ ਦੇ ਸਤਰੰਗ ਸਫ਼ੇ ’ਤੇ ਪਰਮਜੀਤ ਕੌਰ ਸਰਹਿੰਦ ਨੇ ਆਪਣੇ ਲੇਖ ‘ਕੁੜੀਆਂ-ਚਿੜੀਆਂ ਤੇ ਸੂਈ ਧਾਗਾ’ ਰਾਹੀਂ ਬੀਤੇ ਸਮੇਂ ਦੀ ਸਾਦਗੀ ’ਤੇ ਝਾਤ ਪੁਆ ਕੇ ਵਾਤਾਵਰਨ ਦੇ ਪ੍ਰਦੂਸ਼ਣ ਬਾਰੇ ਸੁਚੇਤ ਹੋਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਪਰਿਵਾਰਕ ਤੇ ਸਮਾਜਿਕ ਰਿਸ਼ਤੇ ਦੀ ਸਾਰਥਿਕਤਾ ਦੇ ਮਹੱਤਵ ਨੂੰ ਵੀ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਸੁੱਘੜ ਸੁਆਣੀਆਂ ਨਿੱਤ ਦਿਨ ਦੀਆਂ ਗੱਲਾਂ ਚਿੜੀਆਂ-ਜਨੌਰਾਂ ਦੀ ਪਰਵਾਜ਼ ਨਾਲ ਜੋੜ ਕੇ ਨਵੀਂ ਪੀੜ੍ਹੀ ਨੂੰ ਤਰਕਸੰਗਤ ਢੰਗ ਨਾਲ ਜੀਵਨ ਜਾਚ ਦੇ ਗੂੜ੍ਹ-ਗਿਆਨ ਤੋਂ ਗਿਆਤ ਕਰਵਾ ਦਿੰਦੀਆਂ ਸਨ। ਗਗਨਦੀਪ ਸਿੰਘ, ਸੰਗਰੂਰ (2) ਪਰਮਜੀਤ ਕੌਰ ਸਰਹਿੰਦ ਦੀ ਲਿਖਤ ਨੇ ਬਚਪਨ ਨੂੰ ਐਨ ਸਾਹਮਣੇ ਲਿਆ ਖੜ੍ਹਾ ਕੀਤਾ। ਦਾਦੀ ਦੇ ਬੋਲ ‘ਦੋਹਾਂ ਵੇਲਿਆਂ ਦਾ ਇਕ ਵੇਲਾ’ ਚੇਤੇ ਆ ਗਿਆ। ਖੁੱਲ੍ਹੇ ਬਰਾਂਡਿਆਂ ਵਿਚ ਸਰਕੜੇ ਦੀ ਛੱਤ ’ਚ ਚਿੜੀਆਂ ਦੇ ਆਲ੍ਹਣੇ ਅਤੇ ਡਿਗੇ ਬੋਟਾਂ ਨੂੰ ਮੁੜ ਆਲ੍ਹਣਿਆਂ ਵਿਚ ਰੱਖਣਾ ਜੋ ਖੁਸ਼ੀ ਤੇ ਸਕੂਨ ਦਿੰਦਾ ਸੀ, ਉਹ ਬੀਤੇ ਦੀ ਬਾਤ ਹੋ ਗਈ ਹੈ। ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਸਿੱਖਿਆ ਬਾਰੇ ਸਰਕਾਰ ਦੀ ਪਹੁੰਚ 6 ਦਸੰਬਰ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ‘ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ’ ਲੇਖ ਰਾਹੀਂ ਡਾ. ਕੁਲਦੀਪ ਕੌਰ ਨੇ ਸਰਕਾਰ ਵੱਲੋਂ ਜੇਐੱਨਯੂ ਵਰਗੀਆਂ ਤਾਰਕਿਕ ਅਤੇ ਵਿਗਿਆਨਕ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦੇ ਰਾਹ ਤੁਰਨ, ਹਰ ਤਰ੍ਹਾਂ ਦੇ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਪਹੁੰਚਾਉਣ ਖਾਤਰ ਪ੍ਰਮੋਟ ਕਰਨ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ ਹੈ। ਵਿਦਿਆਰਥੀਆਂ ਨੂੰ ਬੌਧਿਕ/ਤਾਰਕਿਕ ਤੌਰ ’ਤੇ ਸਿੱਖਿਅਤ ਕਰਨ ਦੀ ਬਜਾਏ, ਸਰਕਾਰ ਇਨ੍ਹਾਂ ਨੂੰ ਸਿਰ ਸੁੱਟੀ ਰੁਜ਼ਗਾਰ ਖਾਤਰ ਕੰਮ ਕਰਦੇ ਮਸ਼ੀਨੀ ਕਲਪੁਰਜ਼ੇ ਬਣੇ ਰਹਿਣਾ ਹੀ ਲੋਚਦੀ ਹੈ। ਅਮਰਜੀਤ ਵੋਹਰਾ, ਰਾਏਕੋਟ

ਸਿਆਸੀ ਲੀਡਰਾਂ ਦੇ ਦਾਅਵੇ 6 ਨਵੰਬਰ ਨੂੰ ਗੁਰਦੀਪ ਢੁੱਡੀ ਦਾ ਮਿਡਲ ‘ਧਨੁਸ਼ ਤੋੜਨ ਵਾਲਾ ਕਦੋਂ ਆਵੇਗਾ’ ਪੜ੍ਹਿਆ। ਪੜ੍ਹ ਕੇ ਇਕ ਹੀ ਵਿਚਾਰ ਦਿਮਾਗ ਵਿਚ ਆਉਂਦਾ ਹੈ ਕਿ ਕੁਝ ਵੀ ਬੋਲਣਾ ਤੇ ਲਿਖਣਾ ਤਾਂ ਸੌਖਾ ਹੈ, ਕਹੇ ਤੇ ਲਿਖੇ ਨੂੰ ਪੂਰਾ ਕਰਨਾ ਔਖਾ ਹੈ; ਭਾਵ ਸਿਆਸੀ ਲੀਡਰ ਵੋਟਾਂ ਦੌਰਾਨ ਆਪਣੇ ਭਾਸ਼ਨਾਂ ਵਿਚ ਵੱਡੇ ਵੱਡੇ ਦਾਅਵੇ ਕਰਦੇ ਹਨ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਉਂਦੇ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਭਾਸ਼ਨਾਂ ਵਿਚ ਕੀਤੇ ਗਏ ਦਾਅਵੇ ਸਿਰਫ਼ ਭਾਸ਼ਨ ਹੀ ਰਹਿ ਜਾਂਦੇ ਹਨ। ਸਰਕਾਰ ਚਲਾ ਰਹੇ ਆਗੂਆਂ ਨੂੰ ਬੇਨਤੀ ਹੈ ਕਿ ਉਹ ਦਾਅਵਿਆਂ ਤੋਂ ਬਾਹਰ ਨਿਕਲ ਕੇ ਆਮ ਜਨਤਾ ਦੀਆਂ ਸਮੱਸਿਆਵਾਂ ਤੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਵੱਲ ਗ਼ੌਰ ਕਰਨ ਤਾਂ ਜੋ ਬੱਚੇ ਆਪੋ-ਆਪਣਾ ਭਵਿੱਖ ਸੰਵਾਰਨ ਲਈ ਤਰੱਕੀ ਦੇ ਰਾਹ ’ਤੇ ਜਾ ਸਕਣ। ਖੁਸ਼ਪਰੀਤ ਕੌਰ, ਖਤਰਾਏ ਕਲਾਂ

ਵਿਦਿਆਰਥੀਆਂ ਦਾ ਸੰਤਾਪ 6 ਦਸੰਬਰ ਦੀ ਸੰਪਾਦਕੀ ‘ਕਸ਼ਮੀਰੀ ਵਿਦਿਆਰਥੀ’ ਵਿਚ ਇਨ੍ਹਾਂ ਵਿਦਿਆਰਥੀਆਂ ਦੇ ਸੰਤਾਪ ਬਾਰੇ ਪੜ੍ਹ ਕੇ ਦੁੱਖ ਹੋਇਆ। ਇਹ ਗੱਲ ਵੱਖਰੀ ਹੈ ਕਿ ਕਸ਼ਮੀਰ ਵਾਦੀ ਵਿਚ ਅਤਿਵਾਦ ਪਨਪ ਰਿਹਾ ਹੈ ਪਰ ਸਾਰੇ ਕਸ਼ਮੀਰ ਵਾਸੀ ਇਸ ਦੇ ਭਾਗੀਦਾਰ ਨਹੀਂ ਹਨ। ਪੰਜਾਬ ਵਿਚ ਪੜ੍ਹਾਈ ਕਰਨ ਆਏ ਸਾਰੇ ਕਸ਼ਮੀਰੀ ਵਿਦਿਆਰਥੀਆਂ ਦਾ ਦਹਿਸ਼ਤਗਰਦ ਜਥੇਬੰਦੀਆਂ ਨਾਲ ਸਬੰਧ ਨਹੀਂ ਹੋ ਸਕਦਾ। ਇਹ ਆਏ ਨਾਲ ਘੁਣ ਪਿਸਣ ਵਾਲੀ ਗੱਲ ਹੈ। ਕਸ਼ਮੀਰ ਵਾਸੀ ਵੀ ਜ਼ਿੰਦਗੀ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਵਚਨਬੱਧ ਹਨ। ਗਗਨਦੀਪ ਗਗਨ, ਈਮੇਲ ਜਿਊਣ ਦੀ ਤਾਂਘ 6 ਦਸੰਬਰ ਨੂੰ ‘ਡਾਕਟਰ ਅੰਬੇਡਕਰ : ਸੰਘਰਸ਼ ਤੇ ਦਰਸ਼ਨ’ ਲੇਖ ਵਿਚ ਕੁਲਵਿੰਦਰ ਸਿੰਘ ਬਿੱਟੂ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ਨੂੰ ਸੰਖੇਪ ਤੇ ਸਰਲਤਾ ਨਾਲ ਬਿਆਨ ਕੀਤਾ ਹੈ। ਅਜਿਹੀਆਂ ਲਿਖਤਾਂ ਪੜ੍ਹ ਕੇ ਪਾਠਕ ਅੰਦਰ ਆਜ਼ਾਦੀ ਦੇ ਨਾਲ ਨਾਲ ਸਵੈਮਾਣ ਨਾਲ ਜ਼ਿੰਦਗੀ ਜਿਊਣ ਦੀ ਤਾਂਘ ਪੈਦਾ ਹੁੰਦੀ ਹੈ। ਲੇਖਕ ਨੇ ਜਾਤ-ਪਾਤ ਦੇ ਕੋਹੜ ਜੋ ਸਾਡੀ ਅਜੋਕੀ ਪੀੜ੍ਹੀ ਦੀ ਆਜ਼ਾਦੀ ਲਈ ਰੁਕਾਵਟ ਬਣ ਰਿਹਾ ਹੈ, ਨੂੰ ਸਾਰਥਿਕ ਤਰੀਕੇ ਨਾਲ ਨਿਹਾਰਿਆ ਹੈ। ਸ਼ਵਿੰਦਰ ਛੀਨਾ, ਈਮੇਲ (2) ਡਾ. ਅੰਬੇਡਕਰ ਨੇ ਆਪਣੀ ਸਾਰੀ ਜ਼ਿੰਦਗੀ ਦਲਿਤ ਭਾਈਚਾਰੇ ਅਤੇ ਇਸਤਰੀਆਂ ਦੇ ਹੱਕ ਵਿਚ ਹੋਕਾ ਦੇਣ ਵਿਚ ਲਗਾ ਦਿੱਤੀ। ਅੱਜ ਦੇ ਸਮੇਂ ਵਿਚ ਲੋੜ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਨਾਲ ਜਾਤੀਵਾਦ, ਆਰਥਿਕ ਸੰਕਟ ਅਤੇ ਨਾਬਰਾਬਰੀ ਦੇ ਸਮਾਜ ਨੂੰ ਦੂਰ ਕਰੀਏ। ਮਨਦੀਪ ਸਿੰਘ, ਪਿੰਡ ਧਨੌਲਾ (ਬਰਨਾਲਾ)

ਪੰਜਾਬ ਦੇ ਵਿੱਤੀ ਹਾਲਾਤ 4 ਦਸੰਬਰ ਦਾ ਸੰਪਾਦਕੀ ‘ਚਿੰਤਾਜਨਕ ਵਿੱਤੀ ਸਥਿਤੀ’ ਪੜ੍ਹਿਆ। ਦਰਅਸਲ ਪੰਜਾਬ ਦੇ ਵਿੱਤੀ ਹਾਲਾਤ ਇਸ ਤੋਂ ਵੀ ਵੱਧ ਖ਼ਰਾਬ ਜਾਪਦੇ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਾਰ ਵਾਰ ਇਹੀ ਰੋਣਾ ਰੋ ਰਹੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ। ਪੰਜਾਬ ਵਿਚ ਕਾਂਗਰਸ ਨੂੰ ਸੱਤਾ ਸੰਭਾਲਿਆਂ ਤਿੰਨ ਸਾਲ ਦੇ ਕਰੀਬ ਹੋਣ ਵਾਲਾ ਹੈ; ਕੀ ਖ਼ਜ਼ਾਨਾ ਕਿਸੇ ਹੋਰ ਨੇ ਆ ਕੇ ਭਰਨਾ ਸੀ? ਮਨਪ੍ਰੀਤ ਸਿੰਘ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਖਜ਼ਾਨਾ ਖਾਲੀ ਕਿਉਂ ਹੈ? ਖ਼ਜ਼ਾਨਾ ਸਿਰਫ਼ ਆਮ ਆਦਮੀ ਲਈ ਹੀ ਖਾਲੀ ਹੈ, ਕੀ ਕਦੇ ਮੰਤਰੀਆਂ ਵਿਧਾਇਕਾਂ ਦੀਆਂ ਤਨਖ਼ਾਹਾਂ ਵੀ ਰੁਕੀਆਂ ਹਨ? ਜਗਰੂਪ ਸਿੰਘ ਮਾਨ, ਮਾਛੀਵਾੜਾ

ਜੋਤਸ਼ੀਆਂ ਦੇ ਇਸ਼ਿਤਹਾਰ ਨਾ ਲਾਇਆ ਕਰੋ ਪੰਜਾਬੀ ਟ੍ਰਿਬਿਊਨ ਦੇ ਆਰੰਭ (1978) ਤੋਂ ਇਸ ਨੂੰ ਪੜ੍ਹ ਰਿਹਾ ਹਾਂ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਖ਼ਬਾਰ ਵਿਚ ਜੋਤਸ਼ੀਆਂ ਦੇ ਇਸ਼ਤਿਹਾਰ ਛਪਦੇ ਹਨ। ਅਸੀਂ ਅਖ਼ਬਾਰ ਤੋਂ ਆਸ ਕਰਦੇ ਹਾਂ ਕਿ ਇਹ ਲੋਕਾਂ ਨੂੰ ਭਰਮ ਭੁਲੇਖਿਆਂ ਵਿਚੋਂ ਨਿਕਲਣ ਵਿਚ ਮਦਦ ਕਰੇਗੀ। ਮੇਰੀ ਦਿਲੀ ਖਵਾਹਿਸ਼ ਹੈ ਕਿ ਸਹੀ ਸੋਚ ਵਾਲੀ ਇਸ ਅਖ਼ਬਾਰ ਵਿਚ ਅਜਿਹੇ ਇਸ਼ਿਤਹਾਰ ਨਾ ਛਾਪੇ ਜਾਣ। ਕਰਨੈਲ ਸਿੰਘ ਭੁਚੋ ਕਾ, ਪਿੰਡ ਮੌਲਵੀਵਾਲਾ (ਪਟਿਆਲਾ)

ਫ਼ੌਜੀਆਂ ਦੀਆਂ ਮੁਸ਼ਕਿਲਾਂ 7 ਦਸੰਬਰ ਦਾ ਮਿਡਲ ‘ਫ਼ੌਜੀਆਂ ਦੀਆਂ ਕੁਰਬਾਨੀਆਂ ਵਿਸਾਰੀਆਂ ਨਾ ਜਾਣ’ (ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ) ਸਰਕਾਰ ਅਤੇ ਸਮਾਜ ਦੇ ਧਿਆਨ ਦੀ ਮੰਗ ਕਰਦਾ ਹੈ। ਫ਼ੌਜ ਦੀ ਨੌਕਰੀ ਵੀ ਭਾਵੇਂ ਬਾਕੀ ਨੌਕਰੀਆਂ ਵਾਂਗ ਹੀ ਹੈ, ਪਰ ਇਸ ਨੌਕਰੀ ਦੀਆਂ ਸੇਵਾ ਸ਼ਰਤਾਂ, ਨਿਯਮ ਅਤੇ ਹਾਲਾਤ ਬਾਕੀਆਂ ਨਾਲੋਂ ਭਿੰਨ ਹਨ। ਫ਼ੌਜੀਆਂ ਨੂੰ ਸਾਲ ਵਿਚ ਦੋ ਕੁ ਵਾਰ ਛੁੱਟੀ ਮਿਲਦੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਉਹ ਘਰੇਲੂ ਅਤੇ ਨਿੱਜੀ ਕੰਮ ਨਿਬੇੜਨੇ ਹੁੰਦੇ ਹਨ, ਜਿਨ੍ਹਾਂ ਵਿਚ ਉਸ ਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ। ਦੁੱਖ ਉਦੋਂ ਹੁੰਦਾ ਹੈ ਜਦੋਂ ਉਨ੍ਹਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਸਰਕਾਰੀ ਦਫ਼ਤਰਾਂ ਵਿਚ ਉਨ੍ਹਾਂ ਦੇ ਕੰਮ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾਂਦੀ ਸਗੋਂ ਬਹੁਤੀ ਵਾਰ ਤਾਂ ਕੰਮ ਜਾਣਬੁੱਝ ਕੇ ਲਮਕਾਇਆ ਜਾਂਦਾ ਹੈ ਤਾਂ ਕਿ ਛੁੱਟੀ ਖ਼ਤਮ ਹੋਣ ਦੇ ਦਬਾਅ ਕਾਰਨ ਉਹ ਕੁਝ ਲੈਣ-ਦੇਣ ਕਰਨ ਲਈ ਮਜਬੂਰ ਹੋਵੇ। ਸਾਬਕਾ ਫ਼ੌਜੀ ਜੋ ਫ਼ੌਜ ਵਿਚੋਂ ਸੇਵਾ-ਮੁਕਤੀ ਤੋਂ ਬਾਅਦ ਰਾਜ ਸਰਕਾਰ ਦੀਆਂ ਨੌਕਰੀਆਂ ਵਿਚ ਆਉਂਦੇ ਹਨ, ਉਨ੍ਹਾਂ ਕੋਲ ਇਹ ਨੌਕਰੀ ਕਰਨ ਦਾ ਸਮਾਂ ਉਮਰ ਅਨੁਸਾਰ ਤਕਰੀਬਨ 5 ਤੋਂ 15 ਸਾਲ ਦਾ ਹੁੰਦਾ ਹੈ। ਉਸ ਵਿਚ ਵੀ ਸਰਕਾਰ ਉਨ੍ਹਾਂ ਨੂੰ ਵੀ ਬਾਕੀਆਂ ਵਾਂਗ ਹੀ 3 ਸਾਲ ਦੇ ਪਰਖ ਕਾਲ ਵਿਚੋਂ ਲੰਘਾਉਂਦੀ ਹੈ ਅਤੇ ਇਸ ਦੌਰਾਨ ਨਿਗੂਣੀ ਤਨਖ਼ਾਹ ਦਿੰਦੀ ਹੈ। ਬਹੁਤੀ ਵਾਰ ਤਾਂ ਸਮੇਂ ਦੇ ਪਾਬੰਦ ਹੋਣ, ਇਮਾਨਦਾਰ ਅਤੇ ਮਿਹਨਤ ਕੰਮ ਦਾ ਖ਼ਮਿਆਜ਼ਾ ਵੀ ਭੁਗਤਣਾ ਪੈ ਜਾਂਦਾ ਹੈ। ਸੂਬੇਦਾਰ (ਰਿਟਾ.) ਰਣਜੀਤ ਸਿੰਘ, ਪਟਿਆਲਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All