ਪਾਠਕਾਂ ਦੇ ਖ਼ਤ

ਲੋਕਾਂ ਦੇ ਹੱਥ ਖੜ੍ਹੇ ਕਰਾਏਗੀ ਸਰਕਾਰ

5 ਦਸੰਬਰ ਦਾ ਸੰਪਾਦਕੀ ‘ਜੇਐਸਟੀ ਕੇਂਦਰ ਦੇ ਹੱਥ ਖੜ੍ਹੇ’ ਪੜ੍ਹ ਕੇ ਲੱਗਿਆ ਕਿ ਹੁਣ ਤਾਂ ਪੱਕਾ ਹੈ ਕਿ ਮੌਜੂਦਾ ਸਰਕਾਰ ਲੋਕਾਂ ਦੇ ਹੱਥ ਖੜ੍ਹੇ ਕਰਾਏਗੀ। ਨੋਟਬੰਦੀ ਦੇ ‘ਜੁਝਾਰੂ’ ਕਦਮ ਤੋਂ ਲੈ ਕੇ ਜੇਐਸਟੀ, ਸਵੱਛ ਭਾਰਤ... ਕਿੰਨੇ ਕਦਮ ਠਾਹ ਠਾਹ ਸਰਕਾਰ ਚੁੱਕ ਰਹੀ ਹੈ ਪਰ ਪੱਕਾ ਕੋਈ ਵੀ ਨਹੀਂ। ਸਿਆਣਪ ਇਹ ਹੁੰਦੀ ਹੈ ਕਿ ਦੂਜਾ ਕਦਮ ਤਾਂ ਪੁੱਟੋ ਜਦੋਂ ਪਹਿਲਾ ਕਦਮ ਜਮ ਗਿਆ ਹੋਵੇ ਪਰ ਸਰਕਾਰ ਨੂੰ ਤਾਂ ਛੜੱਪੇ ਮਾਰਨ ਵਿਚ ਹੀ ਲੁਤਫ਼ ਆਉਂਦਾ ਹੈ। ਅਜੇ ਤਾਂ ਛੜੱਪਿਆਂ ਦੇ ਸਾਢੇ ਚਾਰ ਸਾਲ ਹੋਰ ਬਚਦੇ ਹਨ!

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਸ਼ੱਕ ਹਮੇਸ਼ਾ ਸਹੀ ਨਹੀਂ ਹੁੰਦਾ...

5 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸੁਖਮਿੰਦਰ ਸਿੰਘ ਸੇਖੋਂ ਦਾ ਲਿਖਿਆ ਮਿਡਲ ‘ਸੋਧ ਦਿਆਂਗੇ’ ਉਸ ਕਾਲੇ ਦੌਰ ਦੀ ਯਾਦ ਦਿਵਾ ਗਿਆ ਜਦੋਂ ਦਾੜ੍ਹੀ-ਕੇਸ ਰੱਖਣ ਵਾਲੇ ਪਗੜੀਧਾਰੀ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਹੀ ਫੜ ਕੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਸਨ, ਤਸੀਹੇ ਦਿੱਤੇ ਜਾਂਦੇ ਸਨ। ਕਈ ਭੋਲੇ-ਭਾਲੇ ਨੌਜਵਾਨ ਇਸੇ ਸ਼ੱਕ ਦੀ ਭੇਟ ਚੜ੍ਹ ਗਏ। ਪਤਾ ਨਹੀਂ ਕਿੰਨੇ ਬੇਕਸੂਰ ਨੌਜਵਾਨ ਸਿਰਫ਼ ਪਹਿਰਾਵੇ ਕਰਕੇ ਹੀ ਪੁਲੀਸ ਵੱਲੋਂ ਚੁੱਕੇ ਗਏ ਅਤੇ ਮੁੜ ਉਨ੍ਹਾਂ ਦਾ ਥਹੁ-ਪਤਾ ਨਹੀਂ ਲੱਗਿਆ। ਮੋਢਿਆਂ ’ਤੇ ਸਟਾਰ ਵਧਾਉਣ ਲਈ ਪਤਾ ਨਹੀਂ ਇਹ ਨੌਜਵਾਨ ਕਿੱਧਰ ਖਪਾ ਦਿੱਤੇ। ਬਜ਼ੁਰਗ ਮਾਪੇ ਉਡੀਕ ਵਿਚ ਅੱਖਾਂ ਗੁਆ ਬੈਠੇ ਤੇ ਉਡੀਕਦੇ ਹੀ ਇਸ ਜਹਾਨੋਂ ਤੁਰ ਗਏ।

ਅੰਮ੍ਰਿਤ ਕੌਰ, ਬਡਰੁੱਖਾਂ (ਸੰਗਰੂਰ)

(2)

ਮਿਡਲ ‘ਸੋਧ ਦਿਆਂਗੇ’ ਦੇ ਕਾਲੇ ਦੌਰ ਦਾ ਜ਼ਮਾਨਾ ਯਾਦ ਕਰਵਾ ਦਿੱਤਾ। ਉਸ ਦੌਰ ਬਾਰੇ ਜਦੋਂ ਵੀ ਚੇਤਾ ਆਉਂਦਾ ਹੈ, ਦਿਲ ਵਿਚੋਂ ਚੀਸ ਜਿਹੀ ਨਿਕਲ ਜਾਂਦੀ ਹੈ। ਵੰਡਪਾਊ ਸਿਆਸਤ ਨੇ ਪੰਜਾਬ ਅਤੇ ਪੰਜਾਬੀਆਂ ਦਾ ਕਿੰਨਾ ਘਾਣ ਕੀਤਾ, ਇਸ ਲਈ ਅਜੇ ਤਕ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ।

ਕਸ਼ਮੀਰ ਸਿੰਘ, ਕਪੂਰਥਲਾ

ਸ਼ਹੀਦੀ ਦਿਹਾੜਾ ਤੇ ਫੁਟਬਾਲ ਮੈਚ

5 ਦਸੰਬਰ ਦੇ ਚੰਡੀਗੜ੍ਹ ਪੁਲਆਊਟ ਦੇ ਪੰਨਾ 3 ਉਤੇ ਸੀਨੀਅਰ ਅਕਾਲੀ ਨੇਤਾ ਬੀਰਦਵਿੰਦਰ ਸਿੰਘ ਦਾ ਬਿਆਨ ‘ਸ਼ਹੀਦੀ ਦਿਹਾੜੇ ਵਾਲੇ ਦਿਨ ਫੁਟਬਾਲ ਮੈਚ ਨਹੀਂ ਹੋਣ ਦਿਆਂਗੇ’ ਬਹੁਤ ਅਰਥ-ਭਰਪੂਰ ਹੈ। ਖਾਲਸਾ ਫੁਟਬਾਲ ਕਲੱਬ ਦਾ ਸਾਬਤ ਸੂਰਤ ਬੱਿਚਆਂ ਦਾ ਫੁਟਬਾਲ ਮੈਚ ਕਰਾਉਣਾ ਸ਼ਲਾਘਾਯੋਗ ਉਦਮ ਹੈ ਪਰ ਇਸ ਦੀ ਮਿਤੀ ਸੋਚ-ਵਿਚਾਰ ਕੇ ਤੈਅ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਖਾਲਸਾ ਫੁਟਬਾਲ ਕਲੱਬ ਵਰਗੀਆਂ ਸੰਸਥਾਵਾਂ ਨੂੰ ਪੰਜਾਬਆਂ ਦੀ ਸਿਹਤ ਅਤੇ ਜੁੱਸਿਆਂ ਦਾ ਸੱਚਮੁੱਚ ਹੀ ਫ਼ਿਕਰ ਹੈ ਤਾਂ ਇਸ ਨੂੰ ਪਿੰਡਾਂ ਵਿਚ ਅਜਿਹੇ ਮੈਚਾਂ, ਕੁਸ਼ਤੀ, ਘੋਲਾਂ ਆਦਿ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਜੋ ਵਰਤਮਾਨ ਵਿਚ ਸਿਆਸੀ ਡਰਾਮਾ ਬਣੇ ਹੋਏ ਹਨ। ਇਸ ਤੋਂ ਇਲਾਵਾ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਅਜਿਹੇ ਲੋਕਾਂ ਦੇ ਬਾਈਕਟ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ ਜਿਹੜੇ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ। ਅੱਜ ਪੰਜਾਬ ਦੀ ਤ੍ਰਾਸਦੀ ਹੈ ਿਕ ਪੰਜਾਬ ਵਿਚ ਕੁਇੰਟਲ ਵਜ਼ਨ ਦੀਆਂ ਬੋਰੀਆਂ ਲੱਦਣ ਵਾਲੇ ਜਵਾਨ ਨਹੀਂ ਰਹੇ ਅਤੇ ਐਫਸੀਆਈ ਨੂੰ ਮਜਬੂਰ ਹੋ ਕੇ ਬੋਰੀਆਂ ਦੀ ਭਰਤੀ 50 ਕਿਲੋਗ੍ਰਾਮ ਦੀ ਕਰਨੀ ਪੈ ਗਈ। ਫੌਜ ਤੇ ਪੁਲੀਸ ਵਿਚ ਭਰਤੀ ਲਈ ਚੰਗੇ ਜੁੱਸੇ ਵਾਲੇ ਜਵਾਨ ਨਹੀਂ ਲੱਭਦੇ। ਇਹ ਬਹੁਤ ਸੰਜੀਦਾ ਸਵਾਲ ਹਨ, ਜਾਗਰੂਕ ਹੋਣ ਦੀ ਲੋੜ ਹੈ।

ਸੁਖਪਾਲ ਸਿੰਘ ਹੁੰਦਲ, ਮੁਹਾਲੀ

ਅਫਸਰਾਂ ਨੂੰ ਜਾਣਕਾਰੀ ਹੀ ਨਹੀਂ?

5 ਦਸੰਬਰ ਨੂੰ ਪਹਿਲੇ ਪੰਨੇ ਉਪਰ ਪ੍ਰਕਾਸ਼ਿਤ ਖਬਰ ਪੜ੍ਹੀ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਿਵਤ ਇਲਾਕਿਆਂ ਵਿਚ ਤਾਇਨਾਤ ਆਈਟੀਬੀਪੀ ਦੇ ਜਵਾਨ ਵੱਲੋਂ ਕਿਸੇ ਤਕਰਾਰ ਕਾਰਨ ਆਪਣੇ ਪੰਜ ਸਾਥੀ ਜਵਾਨਾਂ ਨੂੰ ਕਤਲ ਕਰਨ ਤੋਂ ਬਾਅਦ ਆਪਣੇ ਹਥਿਆਰ ਨਾਲ ਖੁਦਕੁਸ਼ੀ ਕਰ ਲਈ। ਸਬੰਧਤ ਅਧਿਕਾਰੀਆਂ ਨੇ ਤਕਰਾਰ ਦੇ ਕਾਰਨਾਂ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਲਗਾਤਾਰ ਮਾਨਸਿਕ ਤਣਾਅ, ਹਮੇਸ਼ਾ ਮੌਤ ਦੇ ਸਾਏ ਹੇਠ ਜ਼ਿੰਦਗੀ ਜਿਉਣਾ, ਅਫਸਰਸ਼ਾਹੀ ਦਾ ਨਾਜਾਇਜ਼ ਦਬਾਅ ਅਤੇ ਸੁਰੱਖਿਆ ਦਸਤਿਆਂ ਦੇ ਪ੍ਰਸ਼ਾਸਨਿਕ ਢਾਂਚੇ ਦਾ ਆਰਥਿਕ ਪਾੜਾ ਅਜਿਹੀਆਂ ਘਟਨਾਵਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।

ਕਮਲਜੀਤ ਸਿੰਘ ਬੁਜਰਗ, ਈ-ਮੇਲ

ਇਨਸਾਫ ਦੀ ਆਸ

3 ਦਸੰਬਰ ਨੂੰ ਲੋਕ ਸੰਵਾਦ ਪੰਨੇ ਉਤੇ ਪਾਵੇਲ ਕੁੱਸਾ ਦੀ ਰਚਨਾ ‘ਲੋਕ ਸੰਘਰਸ਼ ਦੀ ਜਿੱਤ ਦੇ ਅਰਥ’ ਦੇ ਪ੍ਰਸੰਗ ਵਿਚ ਇਕ ਗੱਲ ਤਾਂ ਸਪਸ਼ਟ ਹੈ ਕਿ ਜੇ ਭਾਰਤ ਵਿਚ ਇਨਸਾਫ਼ ਦੀ ਆਸ ਰੱਖਦੇ ਹੋ ਤਾਂ ਤੁਹਾਡੇ ਮਗਰ ਲੋਕ ਲਹਿਰ ਹੋਵੇ ਜਾਂ ਤੁਹਾਡੀ ਸਰਕਾਰੇ-ਦਰਬਾਰੇ ਤੂਤੀ ਬੋਲਦੀ ਹੋਵੇ, ਸਿਰਫ਼ ਇਨ੍ਹਾਂ ਦੋ ਤਰੀਕਿਆਂ ਨਾਲ ਹੀ ਇਨਸਾਫ਼ ਮਿਲ ਸਕਦਾ ਹੈ। ਜੇ ਮਨਜੀਤ ਧਨੇਰ ਮਗਰ ਲੋਕ ਲਹਿਰ ਨਾ ਹੁੰਦੀ ਤਾਂ ਉਸ ਨੇ ਵੀ ਜੇਲ੍ਹ ਵਿਚ ਹੀ ਸੜਨਾ ਸੀ। ਸੋਸ਼ਲ ਮੀਡੀਏ ਤੋਂ ਬਿਨਾਂ ਹੋਰ ਕੋਈ ਮੀਡੀਆ (ਪੰਜਾਬੀ ਟ੍ਰਿਬਿਊਨ ਨੂੰ ਛੱਡ ਕੇ) ਇਸ ਸੰਘਰਸ਼ ਦਾ ਹਿੱਸਾ ਨਹੀਂ ਬਣਿਆ।

ਪ੍ਰਕਾਸ਼ ਸਿੰਘ, ਜੈਤੋ

ਪੰਜਾਬੀ ਨਾਟਕ ਦਾ ਮਾਣ

30 ਨਵੰਬਰ ਨੂੰ ਡਾ. ਸਾਹਿਬ ਸਿੰਘ ਨੇ ‘ਰਾਸ ਰੰਗ’ ਰਾਹੀਂ ਬਾਬਾ ਬੰਤੂ, ਤਾਇਆ ਹਾਕਮ ਸਿੰਘ, ਨਾਸਤਕ ਸ਼ਹੀਦ, ਚੰਨੋ ਬਾਜ਼ੀਗਰਨੀ ਵਰਗੇ ਨਾਟਕਾਂ ਨੂੰ ਦਰਸ਼ਕਾਂ ਦੀ ਕਚਹਿਰੀ ਵਿਚ ਉਤਾਰਨ ਵਾਲੇ ਡਾ. ਚਰਨ ਦਾਸ ਸਿੱਧੂ ਦੀ ਰੰਗਮੰਚ ਨੂੰ ਦੇਣ ਦਾ ਜ਼ਿਕਰ ਕੀਤਾ ਹੈ। ਇਸ ਰੰਗਕਰਮੀ ਦੀ ਫ਼ਰਾਖਦਿਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਪਣੀ ਵਿਲੱਖਣ ਕਲਾ ਰਾਹੀਂ ਵੱਡੇ ਨਾਢੂਖਾਹਾਂ ਨੂੰ ਟਿੱਚਰਾਂ ਕਰਨ ਵਾਲੇ ਪੁਸ਼ਤੈਨੀ ਮਰਾਸੀ ਵੱਲੋਂ ਪੇਟ ਖਾਤਰ ਆਮ ਬੰਦੇ ਨੂੰ ਜਜ਼ਮਾਨ ਜਾਂ ‘ਤੇਰਾ ਦਿੱਤਾ ਹੀ ਖਾਨੇ ਆਂ ਸਰਦਾਰਾ’ ਵਰਗੇ ਬੋਲ ਕਹਿਣ ਸਮੇਂ ਹੁੰਦੀ ਪੀੜ ਨੂੰ ਮਹਿਸੂਸ ਕੀਤਾ ਹੈ।

ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ

ਮਨੁੱਖਤਾ ਦਾ ਘਾਣ

3 ਦਸੰਬਰ ਨੂੰ ਲੋਕ ਸੰਵਾਦ ਪੰਨੇ ਉਤੇ ਬੀਐਸ ਅਮਰ ਬੰਸ ਦਾ ਲਿਖਿਆ ਲੇਖ ‘ਭੁਪਾਲ ਗੈਸ ਲੀਕ ਦੁਖਾਂਤ ਦੇ ਜ਼ਖਮ ਅਜੇ ਵੀ ਤਾਜ਼ੇ’ ਪੜ੍ਹ ਕੇ ਦਿਲ ਦਹਿਲ ਹੀ ਗਿਆ। ਇਸ ਦੁਖਦਾਈ ਘਟਨਾ ਨੇ ਤਾਂ ਕੁਦਰਤੀ ਕਹਿਰਾਂ ਤੇ ਮਨੁੱਖਾਂ ਵੱਲੋਂ ਬੰਬਾਰੀ ਦੀਆਂ ਘਟਨਾਵਾਂ ਨੂੰ ਵੀ ਮਾਤ ਦੇ ਦਿੱਤੀ। ਯੂਨੀਅਨ ਕਾਰਬਾਈਡ ਕਾਰਖਾਨੇ ਵਿਚੋਂ ਲੀਕ ਹੋਈ ਜ਼ਹਿਰੀਲੀ ਗੈਸ ਜਿੱਧਰ ਗਈ, ਮਨੁੱਖਤਾ ਦਾ ਘਾਣ ਕਰਦੀ ਗਈ। ਜਾਗਦੇ-ਸੁੱਤੇ ਬੰਦਿਆਂ ਨੂੰ ਸਦਾ ਦੀ ਨੀਂਦ ਸੁਆਂਦੀ ਗਈ। ਅਗਲੀਆਂ ਪੀੜ੍ਹੀਆਂ ’ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਅਜੇ ਤਕ ਬੱਚੇ ਵਿਕਲਾਂਗ ਪੈਦਾ ਹੋ ਰਹੇ ਹਨ। ਇਸੇ ਪੰਨੇ ਉਤੇ ਬਲਦੇਵ ਸਿੰਘ ਦਾ ਲਿਖਿਆ ਲੇਖ ‘ਚਾਰ ਕੋਹਾਂ ਤੇ ਬਦਲੇ ਵਾਣੀ’ ਪੜ੍ਹਿਆ। ਮਜ਼ਾਕੀਆ ਲਹਿਜੇ ਵਿਚ ਲਿਖਿਆ ਇਹ ਲੇਖ ਪ੍ਰਭਾਵ ਛੱਡਦਾ ਹੈ।

ਜਸਬੀਰ ਕੌਰ, ਅੰਮਿ੍ਤਸਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All