ਪਾਠਕਾਂ ਦੇ ਖ਼ਤ

ਜਬਰ-ਜਨਾਹ ਦੀਆਂ ਘਟਨਾਵਾਂ

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਅੰਦਰ ਕਾਨੂੰਨ ਪ੍ਰਤੀ ਅਸਥਿਰਤਾ, ਬੇਵਿਸ਼ਵਾਸੀ ਅਤੇ ਜੰਗਲ ਰਾਜ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ। 4 ਦਸੰਬਰ ਨੂੰ ਪੰਨਾ 4 ’ਤੇ ਬਕਸਰ (ਬਿਹਾਰ) ਵਿਚ ਲੜਕੀ ਦੀ ਟੁਕੜਿਆਂ ’ਚ ਮਿਲੀ ਲਾਸ਼ ਅਤੇ ਦੇਸ਼ ਅੰਦਰ ਵਪਾਰੀਆਂ ਬਲਾਤਕਾਰ ਤੇ ਕਤਲ ਦੀਆਂ ਦਿਲ ਕੰਬਾਊ ਘਟਨਾਵਾਂ ਨੇ ਜਿੱਥੇ ਇਸਤਰੀ ਜਾਤੀ ਅਤੇ ਇਨਸਾਨੀਅਤ ਨੂੰ ਤਾਰ ਤਾਰ ਕੀਤਾ ਹੈ, ਉੱਥੇ ਸਾਡੇ ਪ੍ਰਸ਼ਾਸਨ ਅਤੇ ਕਾਨੂੰਨੀ ਵਿਵਸਥਾ ਉੱਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਹੈਦਰਾਬਾਦ, ਮੁੰਬਈ, ਮਾਧੋਪੁਰ ਸਵਾਈ, ਬਕਸਰ, ਮਹਿਲ ਕਲਾਂ, ਜੰਮੂ, ਖਨੌਰੀ ਆਦਿ ਵਰਗੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਜਾਪਦਾ ਹੈ ਜਿਵੇਂ ਸਰਕਾਰਾਂ, ਪ੍ਰਸ਼ਾਸਨ ਅਤੇ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਤੇ ਜਨਤਾ ਕਿਸੇ ਵੱਡੀ ਘਟਨਾ ਦੀ ਉਡੀਕ ਵਿਚ ਹਨ। ਸਤਨਾਮ ਸਿੰਘ ਮੱਟੂ, ਬੀਂਬੜ੍ਹ (ਸੰਗਰੂਰ)

ਲੋਕਾਂ ਦੇ ਦੁੱਖ ਅਤੇ ਸਰਕਾਰਾਂ ਦੀ ਖ਼ਾਮੋਸ਼ੀ

ਹਮੀਰ ਸਿੰਘ ਦੀ ਖ਼ਬਰ ਲੜੀ ‘ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ’ ਖ਼ੁਦਕੁਸ਼ੀਆਂ ਕਾਰਨ ਪਰਿਵਾਰਾਂ ਦੇ ਉਜਾੜੇ ਦੀ ਦੁਖਦਾਈ ਤਸਵੀਰ ਪੇਸ਼ ਕਰਦੀ ਹੈ। ਖ਼ੁਦਕਸ਼ੀ ਪਿੱਛੋਂ ਘਰ ਦਾ ਮਰਦ ਜੀਅ ਤਾਂ ਦੁਨੀਆਂ ਤੋਂ ਚਲਾ ਜਾਂਦਾ ਹੈ ਪਰ ਪਿੱਛੇ ਰਹਿੰਦਾ ਪਰਿਵਾਰ ਜ਼ਿੰਦਗੀ ਦੇ ਦੁੱਖ ਭੋਗਦਾ ਰਹਿ ਜਾਂਦਾ ਹੈ, ਖ਼ਾਸ ਕਰਕੇ ਔਰਤਾਂ ਦਾ ਜਿਊਣਾ ਔਖਾ ਹੋ ਜਾਂਦਾ ਹੈ। ਬੱਚਿਆਂ ’ਤੇ ਕਹਿਰ ਟੁੱਟਦਾ ਹੈ। ਉਨ੍ਹਾਂ ਦੀ ਪੜ੍ਹਾਈ ਖ਼ਤਮ ਹੋ ਜਾਂਦੀ ਹੈ। ਔਰਤ ਨਾ ਸਹੁਰਿਆਂ ਜੋਗੀ ਰਹਿੰਦੀ ਹੈ ਅਤੇ ਨਾ ਪੇਕਿਆਂ ਜੋਗੀ। ਇੰਨੇ ਔਖੇ ਹਾਲਾਤ ਦੇ ਬਾਵਜੂਦ ਸਰਕਾਰਾਂ ਖ਼ਾਮੋਸ਼ ਹਨ। ਗੁਰਮੀਤ ਸਿੰਘ, ਫ਼ਾਜ਼ਿਲਕਾ

(2)

‘ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ’ ਖ਼ਬਰ ਲੜੀ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਸਾਡੇ ਸਮਾਜ ਜਾਂ ਸਰਕਾਰੀ ਤੰਤਰ ਨੇ ਵਿਵਸਥਾ ਦੇ ਹਾਸ਼ੀਏ ਤੋਂ ਪਰਾਂ ਧੱਕ ਦਿੱਤਾ ਹੈ। ਪਲ ਪਲ ਮਾਨਸਿਕ, ਆਰਥਿਕ ਤੇ ਸਮਾਜਿਕ ਥੁੜ੍ਹਾਂ ਦੇ ਮਾਰੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦੀਆਂ ਹਕੀਕਤਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਤੇ ਨਾਲ ਹੀ ਇਹ ਸੋਚਣ ਲਈ ਮਜਬੂਰ ਵੀ ਕਰਦੀਆਂ ਹਨ ਕਿ ਸਰਕਾਰੀ ਤੰਤਰ ਤੋਂ ਹਟ ਕੇ ਅਸੀਂ ਇਨਸਾਨੀਅਤ ਲਈ ਕੀ ਕਰ ਰਹੇ ਹਾਂ? ਇਨ੍ਹਾਂ ਅਣਗੌਲੀਆਂ ਜ਼ਿੰਦਗੀਆਂ ਦੀ ਜ਼ਿੰਦਗੀ ਪਟੜੀ ’ਤੇ ਚਾੜ੍ਹਨ ਲਈ ਰਲ਼ ਕੇ ਹੰਭਲਾ ਮਾਰਨ ਦੀ ਲੋੜ ਹੈ। ਜਗਰੂਪ ਸਿੰਘ ਮਾਨ, ਮਾਛੀਵਾੜਾ

(3)

‘ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ’ ਪੜ੍ਹ ਕੇ ਮਨ ਬਹੁਤ ਉਚਾਟ ਅਤੇ ਉਦਾਸ ਹੋ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਵਿਚ ਰਹਿ ਰਹੇ ਹਾਂ ਜਿੱਥੇ ਸਾਡੇ ਦਿਲਾਂ ਵਿਚ ਸਾਡੇ ਆਲੇ-ਦੁਆਲੇ ਰਹਿ ਰਹੇ ਇਨਸਾਨਾਂ ਦੇ ਦੁੱਖ-ਤਕਲੀਫ਼ਾਂ ਪ੍ਰਤੀ ਸਾਨੂੰ ਕੋਈ ਸਰੋਕਾਰ ਹੀ ਨਹੀਂ। ਗੁਰੂਆਂ ਪੀਰਾਂ ਦੀਆਂ ਦੀਨ ਦੁਖੀ ਦੀ ਸੇਵਾ ਕਰਨ ਦੀਆਂ ਸਿੱਖਿਆਵਾਂ ਸਾਡੇ ’ਤੇ ਭੋਰਾ ਭਰ ਵੀ ਅਸਰ ਨਹੀਂ ਕਰ ਰਹੀਆਂ। ਪੰਚਾਇਤਾਂ, ਕਲੱਬਾਂ, ਸੰਸਥਾਵਾਂ ਅਤੇ ਸਰਕਾਰਾਂ ਨੂੰ ਅੱਗੇ ਆ ਕੇ ਇਨ੍ਹਾਂ ਲੋਕਾਂ ਦੀ ਸਾਰ ਲੈਣ ਦਾ ਬੀੜਾ ਚੁੱਕਣਾ ਚਾਹੀਦਾ ਹੈ। 4 ਦਸੰਬਰ ਦੀ ਸੰਪਾਦਕੀ ‘ਚਿੰਤਾਜਨਕ ਵਿੱਤੀ ਸਥਿਤੀ’ ਪੜ੍ਹਿਆ। ਸਰਕਾਰ ਸਦਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਦਾ ਰੋਣਾ ਰੋਂਦੀ ਰਹਿੰਦੀ ਹੈ। ਕੀ ਸਰਕਾਰ ਨੇ ਕਦੇ ਮੰਤਰੀਆਂ, ਵਿਧਾਇਕਾਂ, ਪ੍ਰਸ਼ਾਸਨਿਕ ਸੇਵਾਵਾਂ ਵਾਲਿਆਂ ਦੀਆਂ ਤਨਖ਼ਾਹਾਂ, ਭੱਤੇ ਅਤੇ ਪੈਨਸ਼ਨਾਂ ਦੇਣ ਬਾਰੇ ਕਦੇ ਕੋਈ ਜ਼ਿਕਰ ਕੀਤਾ ਹੈ? ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਖ਼ਜ਼ਾਨੇ ਦੀ ਦੁਰਦਸ਼ਾ ਦੇ ਬਹਾਨੇ ਰੋਕੇ ਹੋਏ ਹਨ ਜਦਕਿ ਕਿਸੇ ਵੀ ਮੰਤਰੀ, ਵਿਧਾਇਕ ਜਾਂ ਅਧਿਕਾਰੀ ਦਾ ਅਜਿਹਾ ਕੋਈ ਬਕਾਇਆ ਬਾਕੀ ਨਹੀਂ ਹੈ। ਕੀ ਪੰਜਾਬ ਸਰਕਾਰ ਸਿਰਫ਼ ਜੀਐੱਸਟੀ ਦੇ ਪੈਸਿਆਂ ਨਾਲ ਹੀ ਚੱਲ ਰਹੀ ਹੈ? ਵੱਖ ਵੱਖ ਮਾਫ਼ੀਏ ਸੂਬੇ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਸਰਕਾਰ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ ਜਾਂ ਕਰਨਾ ਨਹੀਂ ਚਾਹੁੰਦੀ। ਹਰਭਜਨ ਸਿੰਘ ਸਿੱਧੂ, ਬਠਿੰਡਾ

(4)

ਲੜੀ ਤਹਿਤ ਰੋਜ਼ ਦਿਲ ਦਹਿਲਾ ਦੇਣ ਵਾਲੀ ਕਹਾਣੀ ਪੜ੍ਹ ਕੇ ਸਰਕਾਰੀ ਅਤੇ ਧਾਰਮਿਕ ਸਮਾਗਮਾਂ ’ਤੇ ਕੀਤੇ ਜਾ ਰਹੇ ਖ਼ਰਚੇ ਫਜ਼ੂਲ ਜਾਪਦੇ ਹਨ। ਕਿਸੇ ਵਿਧਾਇਕ, ਅਧਿਕਾਰੀ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਸਰਬਜੀਤ ਕੌਰ ਵਾਲੀ ਖ਼ਬਰ ਵਿਚ ਦੱਸਿਆ ਗਿਆ ਕਿ ਉਹ ਆਪਣੀ ਟੁੱਟੀ ਹੱਡੀ ਦੇ ਦਰਦ ਤੋਂ ਅੱਕ ਕੇ ਖ਼ੁਦਕਸ਼ੀ ਕਰਨ ਲੱਗੀ ਸੀ, ਫਿਰ ਬੱਚਿਆਂ ਦਾ ਕੀ ਬਣੇਗਾ, ਬਾਰੇ ਸੋਚ ਕੇ ਦਰਦ ਝੱਲਣ ਲਈ ਮਜਬੂਰ ਹੈ। ਰਾਜਸੀ ਅਤੇ ਧਾਰਮਿਕ ਸਮਾਗਮਾਂ ’ਤੇ ਕੀਤੇ ਜਾ ਰਹੇ ਖ਼ਰਚੇ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵਰਤਿਆ ਜਾਵੇ ਤਾਂ ਹੀ ਬਾਬੇ ਨਾਨਕ ਦੇ ਦੱਸੇ ਰਾਹ ’ਤੇ ਚੱਲਣ ਲਈ ਪ੍ਰੇਰਨਾ ਮਿਲੇਗੀ। ਰਤਨ ਭੰਡਾਰੀ, ਧੂਰੀ

ਪੰਜਾਬ ਸਰਕਾਰ ਦੀਆਂ ਤਰਜੀਹਾਂ

ਇਕ ਪਾਸੇ ਪੰਜਾਬ ਦਾ ਖ਼ਜ਼ਾਨਾ ਮੰਤਰੀ ਕੇਂਦਰ ਸਰਕਾਰ ਵੱਲੋਂ ਜੀਐੱਸਟੀ ਵਾਲੀ ਬਕਾਇਆ ਰਾਸ਼ੀ ਨਾ ਆਉਣ ਦੀ ਦੁਹਾਈ ਪਾ ਰਿਹਾ ਹੈ ਜਿਸ ਨਾਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਮਿਲਣ ਦਾ ਸੰਕਟ ਖੜ੍ਹਾ ਹੋ ਸਕਦਾ ਹੈ; ਉੱਧਰ ਅਖ਼ਬਾਰ ਦੇ 4 ਦਸੰਬਰ ਦੇ ਅੰਕ ਵਿਚ ਸਫ਼ਾ 2 ਤੇ ਇਕ ਪਾਸੇ ਤਾਂ ਤੰਗੀਆਂ-ਤੁਰਸ਼ੀਆਂ ਨਾਲ ਹੰਭ ਗਏ ਮਰਦਾਂ ਦੀਆਂ ਖ਼ੁਦਕਸ਼ੀਆਂ ਅਤੇ ਉਨ੍ਹਾਂ ਦੇ ਟੱਬਰਾਂ ਦੀਆਂ ਬੱਚਿਆਂ ਨੂੰ ਪਾਲਣ ਖਾਤਰ ਕੀਤੀਆਂ ਜਾ ਰਹੀਆਂ ਮਿਹਨਤਾਂ ਤੇ ਸਰਕਾਰ ਅੱਗੇ ਤਰਲਿਆਂ ਦੀਆਂ ਰਿਪੋਰਟਾਂ ਹਨ, ਨਾਲ ਹੀ ਪਸਰਕਾਰ ਵੱਲੋਂ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਵਿਚਕਾਰ ਹਾਈਪਰਲੂਪ ਰਾਹੀਂ ਤੀਹ ਮਿੰਟ ਦੇ ਸਫ਼ਰ ਦੇ ਪ੍ਰਾਜੈਕਟ ਨਾਲ ਵਿਦੇਸ਼ੀ ਕੰਪਨੀ ਦੇ ਸਮਝੌਤੇ ਦੀ ਖ਼ਬਰ ਲੱਗੀ ਹੈ। ਇਹ ਹਾਈਪਰਲੂਪ ਅਜੇ ਕਿਤੇ ਵੀ ਚੱਲ ਨਹੀਂ ਰਿਹਾ ਅਤੇ ਨਾ ਹੀ ਕਿਸੇ ਵਿਕਸਤ ਦੇਸ਼ ਵਿਚ ਅਗਲੇ ਪੰਜਾਹ ਸਾਲਾਂ ਵਿਚ ਚੱਲਣ ਦੀ ਸੰਭਾਵਨਾ ਹੈ। ਫਿਰ ਇਹੋ ਜਿਹੇ ਸਮਝੌਤੇ ਕਰਨ ਦਾ ਕੀ ਮਤਲਬ ਹੈ, ਉਹ ਵੀ ਉਦੋਂ ਜਦੋਂ ਸਰਕਾਰ ਰੋਜ਼ ਦੀਆਂ ਬੁੱਤੀਆਂ ਸਾਰਨ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੋਵੇ। ਸਰਕਾਰ ਇਹ ਕਹਿ ਸਕਦੀ ਹੈ ਕਿ ਇਸ ਅਧਿਐਨ ’ਤੇ ਅਜੇ ਕੋਈ ਪੈਸਾ ਨਹੀਂ ਲਾਇਆ ਜਾ ਰਿਹਾ ਪਰ ਜਿਹੜੇ ਸਲਾਹਕਾਰਾਂ ਦੇ ਨਾਂ ਦਿੱਤੇ ਗਏ ਹਨ, ਇਨ੍ਹਾਂ ਦਾ ਖ਼ਰਚਾ ਕਿਹਦੇ ਸਿਰ ਪਵੇਗਾ? ਸਰਕਾਰ ਨੂੰ ਲੋਕਾਂ ਦੀਆਂ ਫੌਰੀ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਗੁਰਮੇਲ ਰਾਏ, ਸਰੀ (ਕੈਨੇਡਾ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All