ਨਿਕਲਣ ਕਿੱਸਿਆਂ ’ਚੋਂ ਬਾਹਰ ਹੀਰਾਂ

ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਵਿਰੁੱਧ ਲੜਨ ਦੀ ਰਾਹ ਹਜ਼ੂਮੀ ਹਿੰਸਾ, ਹਜ਼ੂਮੀ ਇਨਸਾਫ਼ ਜਾਂ ਪੁਲੀਸ ਮੁਕਾਬਲਿਆਂ ਥਾਣੀਂ ਨਹੀਂ ਗੁਜ਼ਰਦੀ। ਅਪਰਾਧੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਸਭ ਤੋਂ ਵੱਡਾ ਮੁੱਦਾ ਸਮਾਜ ਵਿਚ ਪਸਰੀ ਹੋਈ ਮਰਦ ਪ੍ਰਧਾਨ ਸੋਚ ਵਿਰੁੱਧ ਲੜਨ ਦਾ ਹੈ।

ਸਵਰਾਜਬੀਰ

ਚਿੱਲੀ ਦਾ ਨਾਰੀਵਾਦੀ ਤਰਾਨਾ ਗਾਉਂਦੀਆਂ ਹੋਈਆਂ ਔਰਤਾਂ।

ਉਹ ਹੈਦਰਾਬਾਦ ਤੋਂ ਬਾਹਰ ਰੰਗਾਰੈਡੀ ਜ਼ਿਲ੍ਹੇ ਦੇ ਪਿੰਡ ਕਲੂਰ ਵਿਚ ਪਸ਼ੂਆਂ ਦੀ ਸਿਹਤ ਸੰਭਾਲ ਕਰਨ ਵਾਲੀ ਡਾਕਟਰ ਸੀ। ਉਹ ਜਵਾਨ ਸੀ। ਉਸ ਕੋਲ ਸੁਪਨੇ ਸਨ। ਆਪਣਾ ਸੰਸਾਰ ਸੀ। ਉਹਦੇ ਕੋਲ ਗੀਤ ਸਨ। ਉਹ ਰੋਜ਼ ਕਲੂਰ ਤੋਂ ਬਸ ਫੜਦੀ ਤੇ ਟੋਂਡੂਪਲੀ ਨਾਂ ਦੀ ਜਗ੍ਹਾ ਟੋਲ ਪਲਾਜ਼ਾ ਪਹੁੰਚਦੀ, ਜਿੱਥੇ ਉਹਨੇ ਆਪਣਾ ਸਕੂਟਰ ਰੱਖਿਆ ਹੁੰਦਾ ਸੀ। ਸਕੂਟਰ ’ਤੇ ਘਰ ਜਾਂਦੀ। ਹੁਣ ਉਹ ਕਦੇ ਘਰ ਨਹੀਂ ਆਏਗੀ। ਉਹ ਸੀ। ਉਹ ਹੁਣ ਨਹੀਂ ਹੈ। ਡੇਢ ਹਫ਼ਤਾ ਪਹਿਲਾਂ ਚਾਰ ਜਰਵਾਣਿਆਂ ਨੇ ਉਹਦੇ ਨਾਲ ਜਬਰ ਜਨਾਹ ਕਰਕੇ ਉਹਨੂੰ ਕਤਲ ਕਰ ਦਿੱਤਾ। ਉਹਦਾ ਸਰੀਰ ਸਾੜ ਦਿੱਤਾ ਗਿਆ। ਉਹਨੂੰ ਕਤਲ ਕਰਨਾ ਤੇ ਸਾੜਨਾ ਕਿਉਂ ਜ਼ਰੂਰੀ ਸੀ? ਜ਼ਰੂਰੀ ਸੀ ਮਰਦਾਵੀਂ ਧੌਂਸ ਤੇ ਹਉਮੈ ਨੂੰ ਜਿਉਂਦੇ ਰੱਖਣ ਲਈ; ਮਰਦਾਨਗੀ ਦਾ ਝੰਡਾ ਬੁਲੰਦ ਕਰਨ ਲਈ; ਮਰਦ-ਪ੍ਰਧਾਨ ਸੋਚ ਦੀ ਜੈ ਜੈ ਕਾਰ ਲਈ। ਉਹਦੇ ਨਾਲ ਜਬਰ ਜਨਾਹ ਕਰਨ ਵਾਲੇ ਕਾਤਲ ਕੌਣ ਸਨ? ਉਹ ਸਕੂਲਾਂ ਤੋਂ ਹਟੇ ਮੁੰਡੇ ਸਨ, ਆਪਣੀ ਮਰਦਾਨਗੀ ’ਤੇ ਮਾਣ ਕਰਨ ਵਾਲੇ, ਉਸ ਮਰਦਾਨਗੀ ਦਾ ਸਬੂਤ ਲੱਭਣਾ ਤੇ ਪੇਸ਼ ਕਰਨਾ ਉਨ੍ਹਾਂ ਲਈ ਬਹੁਤ ਜ਼ਰੂਰੀ ਸੀ। ਪਰ ਇਸ ਫਰੇਬ ਵਿਚ ਨਾ ਆ ਜਾਣਾ ਕਿ ਇਹੋ ਜਿਹੇ ਜ਼ੁਲਮ ਸਕੂਲਾਂ ਤੋਂ ਭੱਜੇ ਹੋਏ ਮੁੰਡੇ ਹੀ ਕਰਦੇ ਹਨ। ਪੜ੍ਹੇ ਲਿਖੇ, ਆਪਣੇ ਆਪ ਨੂੰ ਬੁੱਧੀਜੀਵੀ ਤੇ ਮਾਣ-ਸਨਮਾਨ ਵਾਲੇ ਕਹਾਉਣ ਵਾਲੇ ਮਰਦ ਵੀ ਇਸ ਕੰਮ ਵਿਚ ਪਿੱਛੇ ਨਹੀਂ ਰਹਿੰਦੇ; ਮਰਦ ਪਿੱਛੇ ਰਹਿਣਾ ਜਾਣਦੇ ਹੀ ਨਹੀਂ; ਆਖ਼ਰ ਉਹ ਮਰਦ ਹਨ; ਉਨ੍ਹਾਂ ਨੂੰ ਹੱਕ ਹੈ ਕਿ ਔਰਤਾਂ ਨਾਲ ਜਿਵੇਂ ਚਾਹੇ ਸਲੂਕ ਕਰਨ; ਔਰਤਾਂ ਉਨ੍ਹਾਂ ਦੀ ਜਾਇਦਾਦ ਹਨ, ਹੇਠਲੀ ਸ਼੍ਰੇਣੀ ਦੇ ਜੀਵ।

ਹੈਦਰਾਬਾਦ ਕਾਂਡ ਦੀ ਪੀੜਤ ਲਈ ਮੋਮਬੱਤੀਆਂ ਬਾਲ ਕੇ ਪ੍ਰਦਰਸ਼ਨ ਕਰਦੇ ਹੋਏ ਲੋਕ।

ਕੋਈ ਦੋ ਮਹੀਨੇ ਪੰਜਾਬ ਦੇ ਇਕ ਸ਼ਹਿਰ ਵਿਚ ਇਕ ਵਿਅਕਤੀ ਨੇ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤਾ ਤੇ ਮਈ ਮਹੀਨੇ ਵਿਚ ਇਕ ਬਾਪ ਨੇ ਆਪਣੀ ਦਸ ਸਾਲਾ ਧੀ ਨਾਲ। ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚ 65 ਸਾਲਾ ਔਰਤ ਨਾਲ ਜਬਰ ਜਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਹੈਦਰਾਬਾਦ ਵਾਲੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਜਬਰ ਜਨਾਹ ਕਰਨ ਤੋਂ ਬਾਅਦ ਪੀੜਤ ਕੁੜੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਉਹ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਧੂਰੀ, ਲੁਧਿਆਣਾ, ਸੰਗਰੂਰ... ਪੰਜਾਬ। ਦੁਨੀਆਂ ਵਿਚ ਕਿਹੜੀ ਥਾਂ ਹੈ ਜਿੱਥੇ ਇਹ ਭਿਅੰਕਰ ਅਪਰਾਧ ਤੇ ਜ਼ੁਲਮ ਨਹੀਂ ਹੋ ਰਹੇ? ਢਾਈ ਹਫ਼ਤਿਆਂ ਤੋਂ ਲਾਤੀਨੀ (ਦੱਖਣੀ) ਅਮਰੀਕਾ ਦੇ ਦੇਸ਼ਾਂ ਵਿਚ ਚਿੱਲੀ ਦੀਆਂ ਔਰਤਾਂ ਦਾ ਗਾਇਆ ਹੋਇਆ ਇਹ ਗੀਤ ‘ਬਲਾਤਕਾਰੀ ਰਸਤੇ ਵਿਚ ਹੈ/ਬਲਾਤਕਾਰੀ ਆ ਰਿਹਾ ਹੈ’ ਗੂੰਜ ਰਿਹਾ ਹੈ। ਗੀਤ ਦੇ ਬੋਲ ਹਨ: ਜਬਰ ਜਨਾਹ ਕਰਨ ਵਾਲਾ ਤੂੰ ਏਂ। ਕਾਤਲ ਤੂੰ ਏਂ! ਤੂੰ ਏਂ!... ਤੂੰ ਏਂ !... ਤੂੰ ਏਂ !... ਜਬਰ ਜਨਾਹ ਕਰਨ ਵਾਲਾ ਤੂੰ ਏਂ ਹਾਂ ਤੂੰ... ਤੂੰ ਏਂ ਜਬਰ ਜਨਾਹ ਕਰਨ ਵਾਲਾ ਹਾਂ, ਹਾਂ, ਜਬਰ ਜਨਾਹ ਕਰਨ ਵਾਲਾ ਏ ਤੂੰ... ਜਬਰ ਜਨਾਹ ਕਰਨ ਵਾਲਾ ਕੌਣ ਏ? ਇਹ ਪੁਲੀਸ ਏ ਇਹ ਜੱਜ ਨੇ ਇਹ ਦੇਸ਼ ਦਾ ਸਦਰ ਏ ਪਿਤਰੀ ਸੱਤਾ (ਮਰਦ ਪ੍ਰਧਾਨ) ਵਾਲੀ ਸੋਚ ਜੱਜ ਬਣੀ ਬੈਠੀ ਏ ਤੇ ਉਹ ਨਿਆਂ ਕਰਦੀ ਏ ਕਿ ਅਸੀਂ ਜੰਮੀਆਂ ਕਿਉਂ ਹਾਂ ਤੇ ਸਾਡੀ ਸਜ਼ਾ ਹੈ- ਲਗਾਤਾਰ ਜਾਰੀ ਰਹਿੰਦੀ ਹਿੰਸਾ ਜਿਹੜੀ ਤੁਹਾਨੂੰ ਦਿਸਦੀ ਨਹੀਂ ਸਾਡੀ ਸਜ਼ਾ ਏ ਔਰਤਾਂ ਦਾ ਮਰਨਾ ਕਾਤਲਾਂ ਨੂੰ ਸਜ਼ਾ ਨਾ ਹੋਣਾ ਔਰਤਾਂ ਦਾ ਗਾਇਬ ਹੋ ਜਾਣਾ ਹਾਂ ਇਹ ਸਭ ਸਾਡੀ ਸਜ਼ਾ ਹੈ ਸਾਡੀ ਸਜ਼ਾ ਹੈ- ਜਬਰ ਜਨਾਹ ਤੇ ਉੱਤੋਂ ਮਰਦ ਕਹਿੰਦਾ ਏ ਮੇਰਾ ਕੋਈ ਕਸੂਰ ਨਹੀਂ ਕਸੂਰ ਇਸ ਔਰਤ ਦਾ ਇਸ ਨੂੰ ਪੁੱਛੋ ਇਹ ਉਸ ਵੇਲੇ ਓਥੇ ਕਿਉਂ ਸੀ ਇਸ ਨੇ ਕਿੱਦਾਂ ਦੇ ਕੱਪੜੇ ਪਾਏ ਹੋਏ ਸਨ ਮੇਰਾ ਕੋਈ ਦੋਸ਼ ਨਹੀਂ ਤੇ ਨਾ ਹੀ ਮੇਰੇ ਕੱਪੜਿਆਂ ਦਾ ਤੇ ਨਾ ਹੀ ਮੇਰੇ ਉਸ ਥਾਂ ’ਤੇ ਮੌਜੂਦ ਹੋਣ ਦਾ ਕਸੂਰ ਹੈ ਦਮਨਕਾਰੀ ਮਰਦਾਨਗੀ ਵਿਚ ਗੜੁੱਚੀ ਸਰਕਾਰ/ ਰਿਆਸਤ/ ਸਟੇਟ ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ... ਤੂੰ ਏਂ ਹਮਲਾ ਕਰਨ ਵਾਲਾ... ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ... ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ... ਹਾਂ... ਚਿੱਲੀ ਦੀਆਂ ਔਰਤਾਂ ਕਹਿ ਰਹੀਆਂ ਹਨ ‘‘ਇਸ ਵਾਰ ਇਨਕਲਾਬ ਤਾਂ ਹੀ ਹੋਵੇਗਾ ਜੇ ਇਹ ਔਰਤਾਂ ਦਾ (ਨਾਰੀਵਾਦੀ) ਇਨਕਲਾਬ ਹੈ। ਜੇ ਇਹ (ਔਰਤਾਂ ਦਾ ਇਨਕਲਾਬ) ਨਹੀਂ ਹੁੰਦਾ ਤਾਂ ਇਨਕਲਾਬ ਨਹੀਂ ਹੋਵੇਗਾ।’’ ਇਹ ਗੀਤ ਪਹਿਲੀ ਵਾਰ 20 ਨਵੰਬਰ ਨੂੰ ਨਾਰੀਵਾਦੀ ਜਥੇਬੰਦੀ ਲਾਸਟੈਸਿਸ (Lastesis) ਦੀਆਂ ਔਰਤਾਂ ਨੇ ਵਾਲਪਰੈਜ਼ੋ (Valparaiso) ਸ਼ਹਿਰ ਵਿਚ ਗਾਇਆ। ਔਰਤਾਂ ਇਕੱਠੀਆਂ ਹੋ ਗਈਆਂ ਤੇ ਉਨ੍ਹਾਂ ਦਾ ਦੁੱਖ ਤੇ ਰੋਹ ਗੂੰਜਦਾ ਹੋਇਆ ਗੀਤ ਬਣ ਗਿਆ। ਇਹ ਗੀਤ ਹੈ, ਚੀਖ਼ ਤੇ ਰੋਹ ਤੇ ਦਰਦ ਦੀ ਆਵਾਜ਼ ਹੈ, ਸਿਸਕਦੀ, ਕਰਲਾਉਂਦੀ ਤੇ ਨਾਲ ਹੀ ਲਲਕਾਰਦੀ ਹੋਈ; ਮਰਦ-ਪ੍ਰਧਾਨ ਸੋਚ ਦੀਆਂ ਜੜ੍ਹਾਂ ਨੂੰ ਪੁੱਟਦੀ ਹੋਈ। 26 ਨਵੰਬਰ, ਜਿਹੜਾ ਔਰਤਾਂ ਵਿਰੁੱਧ ਹਿੰਸਾ ਬੰਦ ਕਰਵਾਉਣ ਦੇ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ, ਨੂੰ ਲਾਸਟੈਸਿਸ ਦੀ ਅਗਵਾਈ ਵਿਚ ਸੈਂਕੜੇ ਔਰਤਾਂ ਨੇ ਇਹ ਗੀਤ ਚਿੱਲੀ ਦੀ ਰਾਜਧਾਨੀ ਸਾਨਤਿਆਗੋ ਵਿਚ ਕੇਂਦਰ ਸਰਕਾਰ ਦੇ ਔਰਤਾਂ ਦੇ ਅਧਿਕਾਰਾਂ ਤੇ ਔਰਤਾਂ ਦੀ ਬਰਾਬਰੀ ਵਾਲੇ ਵਿਭਾਗ ਦੇ ਦਫ਼ਤਰ ਸਾਹਮਣੇ ਗਾਇਆ। ਚਿੱਲੀ ਦੀ ਸੁਪਰੀਮ ਕੋਰਟ ਸਾਹਮਣੇ ਗਾਇਆ ਗਿਆ। ਚਿੱਲੀ ਦੀਆਂ ਔਰਤਾਂ ਦਾ ਗੀਤ ਲਿਖਣ, ਬਣਾਉਣ ਤੇ ਗਾਉਣ ਪਿੱਛੇ ਬ੍ਰਾਜ਼ੀਲ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੀ ਰੀਤਾ ਲਾਰਾ ਸੀਗੈਤੋ ਅਤੇ ਅਜਿਹੀਆਂ ਹੋਰ ਚਿੰਤਕਾਂ ਦੀ ਸੋਚ ਕੰਮ ਕਰ ਰਹੀ ਹੈ। ਲਾਰਾ ਸੀਗੈਤੋ ਨੇ ਔਰਤਾਂ ’ਤੇ ਹੁੰਦੀ ਹਿੰਸਾ ਤੇ ਜ਼ੁਲਮ ਦੀ ਕਹਾਣੀ ਆਪਣੇ ਲੇਖ ‘‘ਇਲਾਕਾ, ਪ੍ਰਭੂਸੱਤਾ ਅਤੇ ਦੂਸਰੀ ਰਿਆਸਤ/ਸਟੇਟ ਦੇ ਅਪਰਾਧ: ਕਤਲ ਕੀਤੀਆਂ ਗਈਆਂ ਔਰਤਾਂ ਦੇ ਸਰੀਰਾਂ ’ਤੇ ਕੀਤੀ ਗਈ ਲਿਖਤ (Territory, Sevoreighty and Crimes of the Second State: The writing on the Body of Murdered Women)’’ ਵਿਚ ਲਿਖੀ। 29 ਨਵੰਬਰ ਨੂੰ ਇਹ ਗੀਤ ਮੈਕਸੀਕੋ ਦੇ ਚੌਕ ਵਿਚ ਔਰਤਾਂ ਦੀ ਇਕ ਟੋਲੀ ਨੇ ਗਾਇਆ ਜਿਨ੍ਹਾਂ ਨੇ ਅੱਖਾਂ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਅੱਖਾਂ ’ਤੇ ਪੱਟੀਆਂ ਬੰਨ੍ਹਣਾ ਇਹ ਦੱਸਦਾ ਹੈ ਕਿ ਔਰਤਾਂ ਨੇ ਅੱਖਾਂ ’ਤੇ ਪੱਟੀਆਂ ਨਹੀਂ ਬੰਨ੍ਹੀਆਂ, ਰਿਆਸਤ/ਸਟੇਟ/ਸਰਕਾਰ ਤੇ ਸਮਾਜ ਨੇ ਅੱਖਾਂ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ; ਇਹ ਹਾਕਮ, ਜੱਜ ਤੇ ਪੁਲੀਸ ਹਨ ਜਿਨ੍ਹਾਂ ਨੇ ਅੱਖਾਂ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਜਿਨ੍ਹਾਂ ਨੂੰ ਔਰਤਾਂ ’ਤੇ ਹੁੰਦੀ ਹਿੰਸਾ ਦਿਸਦੀ ਤੇ ਮਹਿਸੂਸ ਨਹੀਂ ਹੁੰਦੀ। ਜਿੱਥੇ ਇਸ ਸਬੰਧ ਵਿਚ ਸਖ਼ਤ ਕਾਨੂੰਨ ਬਣਾਉਣ, ਜਬਰ ਜਨਾਹ ਕਰਨ ਵਾਲਿਆਂ ਨੂੰ ਸਖ਼ਤ ਅਤੇ ਸੀਮਾਬੱਧ ਤਰੀਕੇ ਨਾਲ ਸਜ਼ਾਵਾਂ ਦੇਣ ਦੀ ਜ਼ਰੂਰਤ ਹੈ, ਉੱਥੇ ਇਸ ਜ਼ੁਲਮ ਨੂੰ ਜਨਮ ਦੇਣ ਵਾਲੀ ਸੋਚ ਵਿਰੁੱਧ ਲੜਨਾ ਵੀ ਜ਼ਰੂਰੀ ਹੈ। ਜਬਰ ਜਨਾਹ ਦਾ ਸ਼ਿਕਾਰ ਹੋਣ ਜਾ ਰਹੀਆਂ ਔਰਤਾਂ ਇਸ ਤੋਂ ਤਾਂ ਹੀ ਬਚ ਸਕਦੀਆਂ ਹਨ ਜੇ ਉਹ ਤਹੱਈਆ ਕਰ ਲੈਣ ਕਿ ਇਹ ਦੁਸ਼ਕਰਮ/ਕੁਕਰਮ ਹੋਣ ਵੇਲੇ ਉਹ ਪੀੜਤ ਅਬਲਾ ਦਾ ਕਿਰਦਾਰ ਨਹੀਂ ਨਿਭਾਉਣਗੀਆਂ; ਉਹ ਲੜਨਗੀਆਂ, ਜਬਰ ਜਨਾਹ ਹੋਣ ਵੇਲੇ ਹੀ ਨਹੀਂ ਸਗੋਂ ਉਸ ਵੇਲੇ ਤੋਂ ਹੀ ਜਦੋਂ ਉਨ੍ਹਾਂ ਨੂੰ ਸ਼ੱਕ ਪੈਂਦਾ ਹੈ ਕਿ ਕੋਈ ਉਨ੍ਹਾਂ ਨਾਲ ਅਜਿਹਾ ਕੁਕਰਮ ਕਰਨ ਜਾ ਰਿਹਾ ਹੈ ਜਾਂ ਅਜਿਹੇ ਸਥਾਨ ਵੱਲ ਲਿਜਾ ਰਿਹਾ ਹੈ ਜਿੱਥੇ ਅਜਿਹਾ ਕਰਨਾ ਸੰਭਵ ਹੈ। ਇਸ ਦੇ ਨਾਲ ਨਾਲ ਸਮਾਜ ਵਿਚ ਪਸਰੀ ਮਰਦ-ਪ੍ਰਧਾਨ ਸੋਚ ਵਿਰੁੱਧ ਵੱਡੀ ਲੜਾਈ ਲੜਨੀ ਪੈਣੀ ਹੈ; ਉਹ ਸੋਚ ਜਿਸ ਵਿਚ ਘਰਾਂ ਵਿਚ ਪੁੱਤਰ ਨੂੰ ਧੀ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ; ਧੀਆਂ ਨੂੰ ਗਰਭ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ; ਪੁੱਤਰ ਨੂੰ ਵੰਸ਼ ਚਲਾਉਣ ਵਾਲਾ ਤੇ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ; ਧੀਆਂ ਨੂੰ ਜਾਇਦਾਦ ਵਿਚ ਹਿੱਸਾ ਨਹੀਂ ਮਿਲਦਾ; ਕੁਝ ਕੰਮ (ਰਸੋਈ, ਭਾਂਡੇ ਮਾਂਜਣਾ, ਸਫ਼ਾਈ ਕਰਨਾ) ਔਰਤਾਂ ਦੇ ਕਰਨ ਵਾਲੇ ਸਮਝੇ ਜਾਂਦੇ ਹਨ; ਪੁੱਤਰਾਂ ਦੀ ਖੁਰਾਕ ਤੇ ਸਾਂਭ ਸੰਭਾਲ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਧੀਆਂ ਵੱਲ ਅਣਗਹਿਲੀ ਵਰਤੀ ਜਾਂਦੀ ਹੈ; ਕੁਝ ਪੇਸ਼ੇ (ਜਿਵੇਂ ਰਿਸੈਪਸ਼ਨਿਸਟ) ਔਰਤਾਂ ਲਈ ਇਸ ਲਈ ਰਾਖਵੇਂ ਕੀਤੇ ਜਾਂਦੇ ਹਨ ਕਿ ਉਹ ਮਰਦ-ਲੁਭਾਊ ਮੁਸਕਰਾਹਟਾਂ ਨਾਲ ਗਾਹਕਾਂ ਨੂੰ ਰਿਝਾਉਣ; ਇਸ਼ਤਿਹਾਰਾਂ ਵਿਚ ਔਰਤ ਦੇ ਅਰਧ ਨਗਨ ਸਰੀਰ ਨੂੰ ਕਾਰਾਂ ਤੇ ਵਿਕਰੀ ਦੀਆਂ ਹੋਰ ਵਸਤਾਂ ਦੇ ਨਾਲ ਜੋੜ ਕੇ ਇਸ਼ਤਿਹਾਰੀ ਵਸਤ ਬਣਾਇਆ ਜਾਂਦਾ ਹੈ। ਔਰਤਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਔਰਤਾਂ ਨੂੰ ਘਰ, ਪਰਿਵਾਰ ਤੇ ਸਮਾਜ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ। ਕਿਹੜੀ ਰਜ਼ਾ? ਜਿਹੜੀ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਹੋਵੇ। ਉਸ ਨੂੰ ਆਪਣੇ ਬਦਨ ਅਤੇ ਬੋਲੀ ਵਿਚ ਤਮੀਜ਼ ਪੈਦਾ ਕਰਨੀ ਚਾਹੀਦੀ ਹੈ। ਕਿਸ ਤਰ੍ਹਾਂ ਦੀ ਤਮੀਜ਼? ਜਿਸ ਤਰ੍ਹਾਂ ਦੀ ਮਰਦ ਚਾਹੁੰਦੇ ਹਨ। ਮਰਦ-ਪ੍ਰਧਾਨ ਸੋਚ ਦਾ ਅਸਰ ਸਾਡੇ ਸਮਾਜ ਵਿਚ ਹੀ ਨਹੀਂ ਸਗੋਂ ਸਭ ਸਮਾਜਾਂ ਵਿਚ ਹੈ, ਦੁਨੀਆਂ ਭਰ ਵਿਚ ਹੈ; ਇਸ ਲਈ ਮਸ਼ਹੂਰ ਸਮਾਜ ਸ਼ਾਸਤਰੀ ਐਰਵਿੰਗ ਹੌਫਮੈਨ ਨੇ 1970ਵਿਆਂ ਵਿਚ ਕਿਹਾ ਸੀ ‘‘ਧਰਮ ਨਹੀਂ, ਲਿੰਗ ਵਖਰੇਵੇਂ ’ਤੇ ਆਧਾਰਿਤ ਸੋਚ ਲੋਕਾਂ ਦੀ ਅਫ਼ੀਮ ਹੈ। (Gender, not religion, is the opiate of the masses.)” ਮਰਦ-ਪ੍ਰਧਾਨ ਸੋਚ ਦਾ ਵਰਤਾਰਾ ਇਹ ਧਾਰਨਾ ਕਿ ਔਰਤਾਂ ਕਮਜ਼ੋਰ ਹਨ, ਉਨ੍ਹਾਂ ਨੂੰ ਰੱਖਿਆ ਦੀ ਲੋੜ ਹੈ ਅਤੇ ਮਰਦ ਉਨ੍ਹਾਂ ਤੋਂ ਸ਼ਕਤੀਸ਼ਾਲੀ ਹਨ, ਨੂੰ ਔਰਤਾਂ ਦੇ ਮਨਾਂ ਵਿਚ ਠੋਸਦਾ ਹੈ। ਔਰਤਾਂ ਬਹੁਤ ਵਾਰ ਇਸ ਸੋਚ ਸਮਝ ਨੂੰ ਸਵੀਕਾਰ ਅਤੇ ਆਤਮਸਾਤ ਕਰ ਲੈਂਦੀਆਂ ਹਨ ਜਿਵੇਂ ਇਸ ਤਰ੍ਹਾਂ ਦੀ ਸਮਝ ਕੋਈ ਅਟੱਲ ਸਮਾਜਿਕ ਵਰਤਾਰਾ ਜਾਂ ਕੁਦਰਤੀ ਨਿਯਮ ਤੇ ਜਿਊਣ ਦਾ ਸਹੀ ਤਰੀਕਾ ਹੋਵੇ। ਮੱਧਕਾਲੀਨ ਸਮਿਆਂ ਵਿਚ ਪੰਜਾਬੀ ਸ਼ਾਇਰਾਂ ਦਮੋਦਰ, ਵਾਰਿਸ ਸ਼ਾਹ ਅਤੇ ਹੋਰਨਾਂ ਨੇ ਹੀਰ ਦੇ ਰੂਪ ਵਿਚ ਨਾਬਰੀ ਵਾਲਾ ਕਿਰਦਾਰ ਸਿਰਜਿਆ। ਵਾਰਿਸ ਸ਼ਾਹ ਦੇ ਕਿੱਸੇ ਵਿਚ ਜਦ ਹੀਰ ਨੂੰ ਇਸ਼ਕ ਕਰਨ ਤੋਂ ਹਟਕਿਆ ਜਾਂਦਾ ਹੈ ਤਾਂ ਉਸ ਦੇ ਮਨ ਵਿਚ ਭਿਣਕ ਪੈ ਜਾਂਦੀ ਹੈ ਕਿ ਉਸ ਨੂੰ ਮਾਰਿਆ ਜਾਵੇਗਾ। ਆਪਣੇ ਵੇਲੇ ਦੀ ਮਰਦ-ਔਰਤ ਸਿਆਸਤ ਨੂੰ ਪਛਾਣਦੀ ਹੋਈ ਹੀਰ ਮੂੰਹੋਂ ਵਾਰਿਸ ਸ਼ਾਹ ਇਹ ਕਹਾਉਂਦਾ ਹੈ, ‘‘ਜਿਨ੍ਹਾਂ ਬੇਟੀਆਂ ਮਾਰੀਆਂ, ਰੋਜ਼ ਕਿਆਮਤ, ਸਿਰੀਂ ਤਿਨਾਂ ਦੇ ਵੱਡਾ ਗੁਨਾਹ ਮੀਆਂ’’ ਹੀਰ ਇਸ਼ਕ ਪੁਗਾਉਣ ਲਈ ਮਾਂ, ਪਿਉ, ਭਰਾਵਾਂ, ਚਾਚਿਆਂ, ਸਮਾਜ ਤੇ ਕਾਜ਼ੀ ਨਾਲ ਮੱਥਾ ਲਾਉਂਦੀ ਹੈ। ਭਰਾਵਾਂ ਨੂੰ ਕਹਿੰਦੀ ਹੈ, ‘‘ਅੱਖੀਂ ਲੱਗੀਆਂ, ਮੁੜਨ ਨਾ ਵੀਰ ਮੇਰੇ, ਹੀਰ ਵਾਰ ਘੱਤੀ ਬਲਿਹਾਰੀਆਂ ਵੇ। ਇਹ ਨਸੀਹਤਾਂ ਤੇਰੀਆਂ ਇਉਂ ਦਿਸਣ, ਜਿਉਂ ਰੇਤ ਦੀਆਂ ਕੰਧਾਂ ਸਾਰੀਆਂ ਵੇ... ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੀ, ਵੇਖ ਇਸ਼ਕ ਬਣਾਈਆਂ ਖਵਾਰੀਆਂ ਵੇ।’’ ਤੇ ਮਾਂ ਨੂੰ ਦੱਸਦੀ ਹੈ ‘‘ਵਾਰਿਸ ਸ਼ਾਹ ਨਾ ਮੁੜਾ ਕਲੰਦੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।’’ ਸਹੇਲੀਆਂ ਨਾਲ ਮਿਲ ਕੇ ਚਾਚੇ ਕੈਦੋ ਨੂੰ ਕੁੱਟਦੀ ਹੈ: ‘‘ਝੰਜੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁਟਿਉ ਨੇ।’’ ਤੇ ਧਰਮ ਨਾਲ ਆਢਾ ਲਾਉਂਦੀ ਹੋਈ ਕਾਜ਼ੀ ਨੂੰ ਕਹਿੰਦੀ ਹੈ, ‘‘ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜਨ, ਉਹ ਚੋਰ ਉਚਕੜੇ ਰਾਹ ਦੇ ਨੀ।’’ ਵਾਰਿਸ ਸ਼ਾਹ ਹੀਰ ਦਾ ਕਿਰਦਾਰ ਸਿਰਜ ਕੇ ਉਸ ਦੀ ਜ਼ੁਬਾਨ ’ਤੇ ਤਾਂ ਇਹ ਬੋਲ ਧਰਦਾ ਹੀ ਹੈ ਪਰ ਨਾਲ ਸਮਾਜ, ਧਰਮ ਤੇ ਸਭਿਆਚਾਰ ਦੀ ਬੇਇਨਸਾਫ਼ੀ ’ਤੇ ਖ਼ੁਦ ਕਰਾਰੀ ਚੋਟ ਕਰਦਾ ਹੈ; ਕਹਿੰਦਾ ਹੈ, ‘‘ਪੈਂਚਾਂ ਪਿੰਡ ਦਿਆ ਸੱਚ ਥੀਂ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ।।’’ ਅਤੇ ‘‘ਦਾੜੀ ਸ਼ੇਖਾਂ ਦੀ, ਛੁਰਾ ਕਸਾਈਆਂ ਦਾ, ਬਹਿ ਪਰੇ ਵਿਚ ਪੈਂਚ ਸਦਾਵਦੇ ਨੇ।’’ ਪੰਜਾਬੀ ਸਮਾਜ ਦਾ ਦੁਖਾਂਤ ਇਹ ਹੈ ਕਿ ਹੀਰ ਕਿੱਸਿਆਂ ਤੇ ਲੋਕ ਗੀਤਾਂ ਵਿਚ ਤਾਂ ਬੋਲਦੀ ਹੈ ਪਰ ਪੰਜਾਬ ਦੇ ਹਕੀਕੀ ਸਮਾਜਿਕ ਜੀਵਨ ਵਿਚ ਨਹੀਂ। ਪੰਜਾਬ ਦੀ ਮਰਦ-ਪ੍ਰਧਾਨ ਸੋਚ ਕਹਿੰਦੀ ਹੈ ਕਿ ਹੀਰ ਸਾਡੇ ਘਰ ਨਹੀਂ, ਗਵਾਂਢੀ ਦੇ ਘਰ ਜੰਮੇ। ਕੁਝ ਹੋਰ ਕੌੜੀਆਂ ਸਚਿਆਈਆਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਹੈ। ਪਰਿਵਾਰ ਅਤੇ ਸਮਾਜ ਦੇ ਨਾਲ ਨਾਲ ਧਰਮ ਵੀ ਲਿੰਗ ਆਧਾਰਿਤ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਕਰਾਉਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਲਗਭਗ ਸਾਰੇ ਧਰਮਾਂ ਵਿਚ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਨਿਭਾਉਣ ਦੇ ਹੱਕ ਜ਼ਿਆਦਾਤਰ ਮਰਦਾਂ ਨੂੰ ਦਿੱਤੇ ਗਏ ਹਨ। ਧਾਰਮਿਕ ਅਸਥਾਨਾਂ ਦੀ ਨਿਗਰਾਨੀ, ਸਾਂਭ-ਸੰਭਾਲ ਤੇ ਉੱਥੋਂ ਤਕ ਔਰਤਾਂ ਦੀ ਪਹੁੰਚ ਨੂੰ ਨਿਯਮਬੱਧ ਕਰਨ ਦੇ ਅਧਿਕਾਰ ਵੀ ਮਰਦਾਂ ਕੋਲ ਹਨ। ਪੁਰਾਤਨ ਧਰਮਾਂ ਜਿਨ੍ਹਾਂ ਵਿਚ ਦੇਵੀ ਦੇਵਤੇ ਦੁਨਿਆਵੀ ਮਰਦ-ਔਰਤ ਰਿਸ਼ਤਿਆਂ ਦਾ ਜਟਿਲ ਪਰਤੌਅ ਸਨ, ਨੂੰ ਛੱਡ ਕੇ ਨਵੇਂ ਧਰਮਾਂ ਵਿਚ ਦੁਨੀਆਂ ਬਣਾਉਣ ਵਾਲੀ ਅਲੌਕਿਕ ਸ਼ਕਤੀ ਦੀ ਕਲਪਨਾ ਵੀ ਬਹੁਤੀ ਵਾਰੀ ਮਰਦ ਰੂਪ ਵਿਚ ਕੀਤੀ ਗਈ ਹੈ। ਬਹੁਤ ਸਾਰੇ ਧਰਮਾਂ ਵਿਚ ਔਰਤਾਂ ਨੇ ਧਾਰਮਿਕ ਰੀਤੀ ਰਿਵਾਜ ਤੇ ਰਸਮਾਂ ਨਿਭਾਉਣ ਦੇ ਹੱਕ ਪਾਉਣ ਲਈ ਜੱਦੋਜਹਿਦ ਕੀਤੀ ਹੈ ਪਰ ਉਨ੍ਹਾਂ ਦੀ ਸਫ਼ਲਤਾ ਬਹੁਤ ਸੀਮਤ ਰਹੀ ਹੈ (ਇੰਗਲੈਂਡ ਦੇ ਐਂਗਲੀਕਨ ਚਰਚ ਵਿਚ ਔਰਤਾਂ ਨੂੰ ਪਾਦਰੀ ਬਣਾਇਆ ਜਾ ਰਿਹਾ ਹੈ)। ਬਹੁਤੀ ਵਾਰ ਔਰਤਾਂ ਦੇ ਹੱਕਾਂ ਨੂੰ ਇਸ ਲਈ ਮਾਨਤਾ ਨਹੀਂ ਦਿੱਤੀ ਜਾਂਦੀ ਕਿ ਰਵਾਇਤਾਂ ਅਤੇ ਮਰਿਆਦਾ ਇਸ ਦੀ ਇਜਾਜ਼ਤ ਨਹੀਂ ਦਿੰਦੀਆਂ। ਮੇਰੀ ਪੰਜਾਬੀਆਂ ਅੱਗੇ ਬੇਨਤੀ ਹੈ ਕਿ ਉਹ ਯੂ ਟਿਊਬ ’ਤੇ ਪਿਆ ਚਿੱਲੀ ਦੀਆਂ ਔਰਤਾਂ ਦਾ ਗੀਤ ਜ਼ਰੂਰ ਸੁਣਨ ਤੇ ਦੇਖਣ; ਮੈਂ ਆਪਣੀਆਂ ਧੀਆਂ ਭੈਣਾਂ ਨੂੰ ਕਹਿੰਦਾ ਹਾਂ ਇਹ ਗੀਤ ਸੁਣ ਕੇ ਉਹ ਆਪਣਾ ਗੀਤ ਬਣਾਉਣ, ਗਲੀਆਂ ਬਜ਼ਾਰਾਂ ਵਿਚ ਨਿਕਲਣ, ਮਰਦ ਦੀ ਤਾਕਤ ਨੂੰ ਦੁਰਕਾਰਦੇ ਤੇ ਲਲਕਾਰਦੇ ਗੀਤ ਗਾਉਣ। ਇਹ ਗੀਤ ਚਿੱਲੀ ਦੀਆਂ ਹੀਰਾਂ ਨੇ ਗਾਇਆ ਹੈ; ਪੰਜਾਬ ਅਤੇ ਬਾਕੀ ਦੁਨੀਆਂ ਦੀਆਂ ਹੀਰਾਂ ਨੂੰ ਵੀ ਆਪੋ ਆਪਣੇ ਗੀਤ ਗਾਉਣ ਲਈ ਅੱਗੇ ਆਉਣਾ ਪੈਣਾ ਹੈ। ਮਰਦ-ਪ੍ਰਧਾਨ ਸੋਚ ਨਾਲ ਲੜਨ ਦਾ ਇਹੀ ਇਕੋ ਇਕ ਤਰੀਕਾ ਹੈ। ਦੁਨੀਆਂ ਭਰ ਦੀਆਂ ਹੀਰਾਂ ਨੂੰ ਬਰਾਬਰੀ ਲਈ ਸੰਘਰਸ਼ ਕਰਨਾ ਪੈਣਾ ਹੈ। ਅਜੇ ਤੀਕ ਉਹ ਆਪਣੇ ਆਪਣੇ ਕਿੱਸਿਆਂ ਵਿਚ ਕੈਦ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All