ਨਾ ਜੁਰਾਬ ਤੇ ਨਾ ਨਕਾਬ ਪਾਉਣ ਵਾਲਾ ਔਲਖ

ਨਾ ਜੁਰਾਬ ਤੇ ਨਾ ਨਕਾਬ ਪਾਉਣ ਵਾਲਾ ਔਲਖ

ਅੌਲਖ ਦੇ ਇਕ ਨਾਟਕ ਦਾ ਦਿ੍ਰਸ਼ ਅੌਲਖ ਦੇ ਇਕ ਨਾਟਕ ਦਾ ਦਿ੍ਸ਼

ਲਵੇ ਦਾ ‘ਬਾਈ’ ਦੁਆਬੇ ਪਹੁੰਚ ਕੇ ‘ਵੀਰ’ ਬਣ ਜਾਂਦੈ। ਮਾਲਵੇ ’ਚ ਉਠ ਤੇ ਦੁਆਬੇ ’ਚ ਊਠ ਬਣ ਜਾਂਦੈ। ਦੁਆਬੇ ’ਚ ਚਰਖਾ ਘੂਕਦਾ ਹੈ ਪਰ ਮਾਲਵੇ ਵਾਲੇ ਇਸ ਨੂੰ ਘੁਕਣ ਲਾ ਦਿੰਦੇ ਨੇ। ਇਹੋ ਮੇਰੀ ਬੋਲੀ ਦੀ ਰੰਗੀਨੀ ਹੈ। ਇਹ ਰੰਗੀਨੀ ਚੰਗੀ ਵੀ ਲੱਗਦੀ ਐ। ਪਰ ਕੁਝ ਇਨਸਾਨ ਹੁੰਦੇ ਨੇ ਜੋ ਹੱਦਾਂ-ਸਰਹੱਦਾਂ, ਖ਼ਿੱਤਿਆਂ-ਉਪ ਖ਼ਿੱਤਿਆਂ ਅਤੇ ਉਪ-ਬੋਲੀਆਂ ਤੋਂ ਉੱਪਰ ਉੱਠ ਕੇ ‘ਸਭ ਦੇ’ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਸ਼ਖ਼ਸੀਅਤ ਦਾ ਨਾਂਅ ਸੀ – ਅਜਮੇਰ ਸਿੰਘ ਔਲਖ। ਜਾਂ ਪ੍ਰੋ. ਅਜਮੇਰ ਔਲਖ…। ਕਦੇ ਉਹ ਭੀਖੀ ਦੀ ਕਿਸੇ ਕੱਚੀ ਗਲੀ ’ਚ ਬਣਾਈ ਆਰਜ਼ੀ ਸਟੇਜ ’ਤੇ ਨਾਟਕ ਕਰ ਰਿਹਾ ਹੁੰਦਾ, ਕਦੇ ਤਰਨ ਤਾਰਨ ਦੇ ਕਿਸੇ ਮਝੈਲੀ ਸੱਦੇ ’ਤੇ ਮੰਚ ਮਘਾਈ ਬੈਠਾ ਹੁੰਦਾ, ਜਾਂ ਚਰਨ ਦਾਸ ਸਿੱਧੂ ਵਾਲੇ ਹੁਸ਼ਿਆਰਪੁਰ ਦੇ ਕਿਸੇ ਪਿੰਡ ’ਚ ਨਾਟ-ਕਲਾ ਦੀ ਅਲਖ ਜਗਾ ਰਿਹਾ ਹੁੰਦਾ। ਪਰ ਉਹਦਾ ਚਰਖਾ ਘੁਕਣੋਂ ਨਾ ਉੱਕਦਾ। ਇੱਕ ਪੂਣੀ ਛੋਂਹਦਾ, ਫਿਰ ਦੂਜੀ, ਫਿਰ ਤੀਜੀ। ਨਵੇਂ ਨਕੋਰ ਸੱਜਰੇ ਧਾਗਿਆਂ ਤੋਂ ਬਣੇ ਗਲੋਟਿਆਂ ਨਾਲ ਛਾਬਾ ਭਰ ਜਾਂਦਾ… ਤੇ ਦਰਸ਼ਕ ਦੇ ਮਨਾਂ ’ਚ ਕੁਝ ਕਰ ਗੁਜ਼ਰਨ ਦੀ ਦਰੀ ਬੁਣਨ ਦਾ ਸੁਪਨਾ ਉੱਘੜ ਪੈਂਦਾ। ਉਹ ਕਦੀ ਓਪਰਾ ਨਹੀਂ ਸੀ ਲੱਗਾ। ਕਿਸੇ ਪੇਂਡੂ ਦਰਸ਼ਕ ਨੂੰ ਇਹ ਨਹੀਂ ਸੀ ਲੱਗਾ ਕਿ ਕੋਈ ਪੜ੍ਹਿਆ-ਲਿਖਿਆ ਸਿਆਣਪ ਝਾੜਦਾ, ਦੂਰੋਂ ਆਇਆ ਮਨੁੱਖ ਕੁਝ ਸਮਝਾ ਰਿਹੈ। ਬਲਕਿ ਇਹ ਲੱਗਦਾ ਜਿਵੇਂ ਉਹਦੇ ਆਪਣੇ ਹੀ ਪਿੰਡ ਦੀ ਕਿਸੇ ਪੱਤੀ ’ਚ ਰਹਿੰਦਾ ਨੰਗੇ ਪੈਰਾਂ ਵਾਲਾ ਅੱਧਖੜ ਤੇ ਅਣਘੜ ਕਰਮਾ, ਨਿਹਾਲਾ, ਪੀਤਾ ਜਾਂ ਧਰਮਾ ਜ਼ਿੰਦਗੀ ਦੀ ਕੋਈ ਬਾਤ ਪਾ ਰਿਹਾ ਹੈ। ਉਹਦੇ ਸ਼ਬਦ ਕਿਤੋਂ ਬਾਹਰੋਂ ਨਾ ਆਉਂਦੇ। ਉਹਦੇ ਵਾਕਾਂ ਦੀ ਘਾੜਤ ਬਨਾਵਟੀ ਨਾ ਲੱਗਦੀ। ਉਹਦੇ ਰਚੇ ਸੰਵਾਦ ਇਉਂ ਲੱਗਦੇ ਜਿਵੇਂ ਤੂੜੀ ਵਾਲੇ ਕੋਠੇ ’ਚ ਛੱਤ ’ਤੇ ਲੱਗੇ ਮਖਿਆਲ ਤੋਂ ਬਚਣ ਲਈ ਝੁੰਬੜਮਾਟਾ ਕਰੀ ਬੈਠੇ ਕਿਸੇ ਕਰਮਯੋਗੀ ਦੇ ਮੂੰਹੋਂ ਫੁੱਟੇ ਆਪਮੁਹਾਰੇ ਬੋਲ ਹੋਣ। ਉਹਦਾ ਪਾਤਰ ਗਾਲ੍ਹ ਕੱਢਦਾ ਤਾਂ ਕੱਚੀ ਮਿੱਟੀ ਦੇ ਢੇਰ ’ਤੇ ਬੈਠੇ ਕਿਸੇ ਕਰੜ-ਬਰੜੀ ਦਾਹੜੀ ਵਾਲੇ ਕਿਰਤੀ ਦੇ ਮੂੰਹੋਂ ਆਪਮੁਹਾਰੇ ਨਿਕਲੇ ‘ਐਥੇ ਰੱਖ!’ ਉਹਦੇ ਅੰਦਰਲੀ ਹਿਰਖ ਤੇ ਗੁੱਸੇ ਦੀ ਅੱਗ ਦਾ ਨਿਕਾਸ ਕਰਦੇ ਜਾਪਦੇ। ਉਹ ਮੈਨੂੰ ਬਾਪੂ ਲੱਗਦਾ ਸੀ ਹਮੇਸ਼ਾਂ। ਬਿਨ ਜੁਰਾਬੋਂ ਜੁੱਤੀ ਪਾਉਣ ਵਾਲਾ ਬਾਪੂ। ਸ਼ਾਇਦ ਇਹ ਉਸ ਦਾ ਸੁਚੇਤ ਫ਼ੈਸਲਾ ਸੀ ਕਿ ਜੁਰਾਬਾਂ ਨਾਲ ਢੱਕੇ ਪੈਰ ਕਿਤੇ ਮੈਨੂੰ ਆਪਣੀ ਮਿੱਟੀ ਦੀ ਕੋਸੀ ਛੋਹ ਤੋਂ ਦੂਰ ਨਾ ਲੈ ਜਾਣ। ਉਹ ਕਦੀ ਜੁਰਾਬ ਨਹੀਂ ਸੀ ਪਾਉਂਦਾ ਤੇ ਉਹ ਕਦੀ ਨਕਾਬ ਵੀ ਨਹੀਂ ਸੀ ਪਾਉਂਦਾ।

 ਡਾ. ਸਾਹਿਬ ਸਿੰਘ
ਡਾ. ਸਾਹਿਬ ਸਿੰਘ

ਕੁਝ ਸਾਲ ਪਹਿਲਾਂ ਭਿਆਨਕ ਬਿਮਾਰੀ ਨੇ ਘੇਰਾ ਪਾ ਲਿਆ। ਮਹਿੰਗੇ ਇਲਾਜ ਦੀਆਂ ਕਣਸੋਆਂ ਗਲੀ, ਬਾਜ਼ਾਰ, ਕੰਧਾਂ ਟੱਪਦੀਆਂ ਲੋਕ ਵਿਹੜਿਆਂ ’ਚ ਫੈਲ ਗਈਆਂ। ਪੰਜਾਬ ਦਾ ਹਰ ਬਸ਼ਿੰਦਾ ਚਿੰਤਤ। ਔਲਖ ਦੇ ਨਾਟਕਾਂ ਵਿਚਲੇ ਪਾਤਰ ਸਾਕਾਰ ਹੋ ਉੱਠੇ। ਪੀਤੇ ਅਮਲੀ ਨੇ ਸੱਦ ਮਾਰੀ, ਧਰਮੇ-ਕਰਮੇ ਨੇ ਹੁੰਗਾਰਾ ਭਰਿਆ। ਲੱਛਾ ਤੇ ਰਾਮਾ ਉੱਠ ਖਲੋਤੇ। ਸੀਤੇ ਨੇ ਖੀਸੇ ’ਚ ਹੱਥ ਮਾਰਿਆ। ਕਿਤੋਂ ਦਸ, ਕਿਤੋਂ ਪੰਜਾਹ, ਕਿਤੋਂ ਸੌ ਤੇ ਹਜ਼ਾਰ। ਲੋਕ ਖ਼ਜ਼ਾਨਾ ਭਰਦਾ ਗਿਆ, ਔਲਖ ਦਾ ਦਰਦ ਚੂਸਣ ਲਈ। ਪੰਜਾਬੀਆਂ ਨੇ ਵੇਲਾ ਸੰਭਾਲਿਆ। ਔਲਖ ਨੂੰ ਬਚਾ ਲਿਆ। ਕਿਉਂ? … ਇਹ ਸਵਾਲ ਨਾ ਛੋਟਾ ਹੈ, ਨਾ ਸਿੱਧਰਾ ਹੈ ਤੇ ਨਾ ਪੱਧਰਾ ਹੈ। ਇਹੀ ਤਾਂ ਕਲਾ ਦੀ ਸਾਰਥਕ ਭੂਮਿਕਾ ਦਾ ਥੀਸਿਜ਼ ਹੈ। ਇਹੀ ਤਾਂ ਹੈ ਉਹ ਥਿਊਰੀ ਜਿਹੜੀ ਕਲਾ ਕਲਾ ਲਈ ਜਾਂ ਕਲਾ ਲੋਕਾਂ ਲਈ ਦੇ ਗੁੰਝਲਦਾਰ ਵਰਤਾਰੇ ਨੂੰ ਡੀਕੋਡ ਕਰ ਸਕਦੀ ਹੈ। ਲੋਕਾਂ ਦੇ ਪਿੜ ਅੰਦਰ ਔਲਖ ਸੂਰਮਾ ਕਲਾਕਾਰ ਬਣਕੇ ਵਿਚਰਿਆ। ਤੇ ਪੰਜਾਬੀ ਆਪਣੇ ਸੂਰਮੇ ਪੁੱਤਾਂ ਦੀ ਹਮੇਸ਼ਾ ਕਦਰ ਕਰਦੇ ਹਨ। ਇਹ ਇੱਕੋ ਵਿਕੋਲਿੱਤਰੀ ਘਟਨਾ ਜਿਸ ਦਾ ਸੂਤਰਧਾਰ ਅਜਮੇਰ ਔਲਖ ਹੈ, ਕਲਾ ਦੇ ਖੇਤਰ ਵਿੱਚ, ਖ਼ਾਸ ਕਰਕੇ ਰੰਗਮੰਚ ਕਲਾ ਦੇ ਖੇਤਰ ਅੰਦਰ ਹਮੇਸ਼ਾ ਲਈ ਇੱਕ ਸੰਪਰਕ ਸੂਤਰ ਬਣਕੇ ਜ਼ਿੰਦਾ ਰਹੇਗੀ ਤੇ ਇਸ ਦੀ ਮਿਸਾਲ ਅਨੇਕਾਂ ਪ੍ਰਤੀਬੱਧ ਤੇ ਸਮਰੱਥ ਕਲਾਕਾਰਾਂ ਨੂੰ ਹੌਸਲਾ ਦਿੰਦੀ ਰਹੇਗੀ। ਅਜਮੇਰ ਔਲਖ ਸਮਾਜ ਅੰਦਰ ਵਾਪਰ ਰਹੇ ਕਿਸੇ ਅਣਮਨੁੱਖੀ ਵਰਤਾਰੇ ਨੂੰ ਪਹਿਲਾਂ ਆਪਣੇ ਤਜਰਬੇ ’ਚੋਂ ਨਿਕਲੀ ਕਿਸੇ ਘਟਨਾ ਜਾਂ ਪਾਤਰ ਨਾਲ ਜੋੜਦਾ, ਫਿਰ ਇਸ ਨੂੰ ਨਵਿਆਉਂਦਾ ਤੇ ਫਿਰ ਸਮੇਂ ਦਾ ਹਾਣੀ ਬਣਾ ਕੇ ਪੇਸ਼ ਕਰਦਾ। ‘ਝਨਾ ਦੇ ਪਾਣੀ’, ‘ਸੱਤ ਬਗਾਨੇ’, ‘ਬਗਾਨੇ ਬੋਹੜ ਦੀ ਛਾਂ’ ਆਦਿ ਨਾਟਕ ਇਸ ਦੀ ਪ੍ਰਤੱਖ ਉਦਾਹਰਣ ਹਨ। ਸੱਤਰਵਿਆਂ ਵਿੱਚ ਲਿਖਿਆ ਉਨ੍ਹਾਂ ਦਾ ਨਾਟਕ ‘ਬਗਾਨੇ ਬੋਹੜ ਦੀ ਛਾਂ’ ਅੱਜ ਵੀ ਪੰਜਾਬ ਦੀਆਂ ਪੇਂਡੂ ਸਟੇਜਾਂ ’ਤੇ ਖੇਡਿਆ ਜਾਂਦਾ ਹੈ। ਕਾਰਨ ਇਸ ਨਾਟਕ ਦੇ ਵਿਸ਼ੇ ਦੀ ਪ੍ਰਾਸੰਗਿਕਤਾ ਵੀ ਹੈ ਅਤੇ ਇਸ ਦੀ ਬਣਤਰ ਵੀ ਹੈ। ਨਾਟਕਕਾਰ ਆਪਣੇ ਨਾਟਕ ਨੂੰ ਨਾਟਕੀ ਤਣਾਅ ਅਤੇ ਟੱਕਰ ਪ੍ਰਦਾਨ ਕਰਨ ਲਈ ਇੱਕ ਅਜਿਹੇ ਸਥਾਨ ਦੀ ਚੋਣ ਕਰਦਾ ਹੈ ਜਿੱਥੇ ਮੁੱਖ ਪਾਤਰ ਇੱਕ ਸਥਿਰ ਥਾਂ ’ਤੇ ਬੈਠਿਆਂ ਵੀ ਅਸਥਿਰ ਮਹਿਸੂਸ ਕਰ ਰਿਹਾ ਹੈ। ਉਸ ਨੂੰ ਆਪਣੀ ਛਾਂ ਨਸੀਬ ਨਹੀਂ ਪਰ ਉਹ ਜ਼ਿੰਦਗੀ ਨਾਲ ਲੜਦਾ ਭਿੜਦਾ ਪ੍ਰਤੀਤ ਹੁੰਦਾ ਹੈ। ਪਾਤਰ ਆ ਜਾ ਰਹੇ ਹਨ ਤੇ ਉਨ੍ਹਾਂ ਦੇ ਆਪਸੀ ਵਾਰਤਾਲਾਪ ਵਿੱਚੋਂ ਸਮੁੱਚੇ ਪਿੰਡ ਦੀ ਤਸਵੀਰ ਦਿਖਾਈ ਦੇ ਰਹੀ ਹੈ। ਇੱਕ ਦਿਲਚਸਪ ਨਾਟਕੀ ਘਾੜਤ ਰਾਹੀਂ ਪ੍ਰੋਫੈਸਰ ਸਾਹਿਬ ਪਿੱਠਵਰਤੀ ਆਵਾਜ਼ਾਂ ਰਾਹੀਂ ਨਾਟਕ ਨੂੰ ਦਰਸ਼ਕ ਸਾਹਮਣੇ ਇਉਂ ਰੱਖਦੇ ਹਨ ਜਿਵੇਂ ਉਸ ਨੂੰ ਪਿੰਡ ਦੀਆਂ ਗਲੀਆਂ, ਖੇਤਾਂ ਅਤੇ ਹੋਰ ਘਰਾਂ ’ਚ ਵਾਪਰ ਰਿਹੈ ਸਭ ਕੁਝ ਦਿਖਾਈ ਦੇ ਰਿਹਾ ਹੈ। ਪੇਂਡੂ ਮੁਹਾਵਰੇ ਨਾਲ ਸ਼ਿੰਗਾਰਿਆ ਇਹ ਨਾਟਕ ਜਦੋਂ ਮਲਵਈ ਅਦਾਕਾਰ ਆਪਣੇ ਪੂਰੇ ਜਲੌਅ ਨਾਲ ਮੰਚ ’ਤੇ ਪੇਸ਼ ਕਰਦੇ ਹਨ ਤਾਂ ਰੰਗ ਬੰਨ੍ਹਿਆ ਜਾਂਦਾ ਹੈ। ਇਹ ਨਾਟਕ ਜਦੋਂ ਮਾਰਚ, 1979 ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਖੇਡਿਆ ਗਿਆ ਤਾਂ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਨੂੰ ਜਿਵੇਂ ਮਲਵਈ ਨਸ਼ਾ ਚੜ੍ਹ ਗਿਆ ਹੋਵੇ। ਠੁੱਕਦਾਰ ਬੋਲੀ ਤੇ ਸੰਘਣੀ ਨਾਟ-ਘੜਤ। ਇਹੀ ਇੱਕ ਸੁੱਘੜ ਨਾਟਕਾਰ ਅਤੇ ਨਿਰਦੇਸ਼ਕ ਦੀ ਕਾਬਲੀਅਤ ਦਾ ਪ੍ਰਮਾਣ ਹੈ ਕਿ ਉਹ ਆਪਣੀ ਪੇਸ਼ਕਾਰੀ ਰਾਹੀਂ ਜਿਹੜੀ ਗੱਲ ਆਪਣੇ ਦਰਸ਼ਕ ਦੇ ਮਨ ਅੰਦਰ ਬੀਜਣੀ ਚਾਹੁੰਦਾ ਹੈ, ਉਸ ਪ੍ਰਤੀ ਸ਼ੁਰੂ ਤੋਂ ਲੈ ਕੇ ਅੰਤ ਤਕ ਧਿਆਨ ਕੇਂਦਰਿਤ ਕਰਕੇ ਰੱਖਦਾ ਹੈ ਜਾਂ ਨਹੀਂ। ਇਹ ਇਕਾਗਰਤਾ ਔਲਖ ਦੇ ਨਾਟਕਾਂ ਨੂੰ ਮਹਾਨ ਬਣਾਉਂਦੀ ਹੈ। ਇਸੇ ਤਰ੍ਹਾਂ ‘ਇੱਕ ਰਮਾਇਣ ਹੋਰ’ ਨਾਟਕ ਆਰੰਭ ਵਿੱਚ ਹੀ ਪਾਠਕ ਦਰਸ਼ਕ ਦੇ ਅੰਦਰ ਜੋ ਚੁਆਤੀ ਲਾ ਦਿੰਦਾ ਹੈ, ਨਾਟਕਕਾਰ ਅੰਤ ਤੱਕ ਉਸ ਨੂੰ ਮਘਾਈ ਰੱਖਦਾ ਹੈ ਅਤੇ ਭਾਂਬੜ ਬਣਾ ਦਿੰਦਾ ਹੈ। ਜਿਸ ਨਾਟਕ ਲਈ ਅਜਮੇਰ ਔਲਖ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਉਹ ਨਾਟਕ ਵਿਸ਼ੇਸ਼ ਜ਼ਿਕਰ ਦੀ ਮੰਗ ਕਰਦਾ ਹੈ। ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ’ ਨਾਟਕ ਧਾਰਮਿਕ ਸੰਕੀਰਣਤਾ ਅਤੇ ਕੱਟੜਪੰਥੀ ਦੇ ਪ੍ਰਭਾਵ ਅਧੀਨ ਉੱਪਰੋਂ ਦਿਸਦੇ ਅਤਿ-ਧਾਰਮਿਕ ਬੰਦਿਆਂ ਅੰਦਰਲਾ ਕੱਚ ਦਿਖਾਉਂਦਾ ਹੈ। ਅਸੀਂ ਪੰਜਾਬੀ ਸਾਹਿਤਕਾਰ ਅਤੇ ਕਲਾਕਾਰ ਆਮ ਤੌਰ ’ਤੇ ਅਤੇ ਨਾਟਕ ਖ਼ਾਸ ਤੌਰ ’ਤੇ ਜਦੋਂ ਫਿਰਕੂ ਫਾਸ਼ੀਵਾਦ ਦੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਉਦਾਹਰਣ ਹਿੰਦੂ-ਮੁਸਲਮਾਨ ਤਣਾਉ ਦੀ ਦਿੰਦੇ ਹਾਂ। ਪੰਜਾਬ ’ਚ ਰਹਿੰਦਿਆਂ ਅਸੀਂ ਸਿੱਧੇ ਤੌਰ ’ਤੇ ਸਿੱਖੀ ਭੇਸ ਅੰਦਰ ਛੁਪੇ ਫ਼ਿਰਕੂ ਜ਼ਹਿਰ ਨੂੰ ਪੇਸ਼ ਕਰਨ ਲੱਗਿਆਂ ਡਰ ਜਾਂਦੇ ਹਾਂ ਅਤੇ ਹਿੰਦੂ-ਮੁਸਲਮਾਨ ਪਾਤਰਾਂ ਰਾਹੀਂ ਸੌਖਾ ਤਰੀਕਾ ਲੱਭਦੇ ਹਾਂ। ਪਰ ਔਲਖ ਨੇ ਇਸ ਨਾਟਕ ਰਾਹੀਂ ਇਸ ਮਸਲੇ ਨੂੰ ਗਿੱਚੀਉਂ ਹੱਥ ਪਾਇਆ ਹੈ। ਔਲਖ, ਸਾਡਾ ਬਾਪੂ, ਬਹੁਤ ਸੰਘਰਸ਼ਸ਼ੀਲ ਸੀ। ਉਹ ਪਹਿਲਾਂ ਜ਼ਿੰਦਗੀ ਬਣਾਉਣ ਲਈ ਲੜਿਆ, ਫਿਰ ਇਸ ਦੇ ਪ੍ਰਤੀਬੱਧ ਰੂਪ ਨੂੰ ਉਜਾਗਰ ਕਰਨ ਲਈ ਲੜਿਆ ਅਤੇ ਫਿਰ ਨਾਮੁਰਾਦ ਬਿਮਾਰੀ ਤੇ ਇਸ ਦੇ ਦਰਦ ਨਾਲ। ਆਖ਼ਰੀ ਲੜਾਈ ਉਹਨੇ ਉਸੇ ਚੰਡੀਗੜ੍ਹ ਦੀ ਵੱਖੀ ’ਚ ਪੈਂਦੇ ਫੋਰਟਿਸ ਹਸਪਤਾਲ ਅੰਦਰ ਲੜੀ ਜਿਸ ਚੰਡੀਗੜ੍ਹ ਨੇ ਉਸ ਦੇ ਨਾਟਕਕਾਰ ਹੋਣ ’ਤੇ ਮੋਹਰ ਲਾਈ ਸੀ। ਪਰ ਆਖ਼ਰੀ ਲੜਾਈ ਵੇਲੇ ਜੋ ਬਚਿੱਤਰ ਨਾਟਕ ਰਚਿਆ ਗਿਆ, ਉਸ ਨੂੰ ਯਾਦ ਕਰਕੇ ਮਾਣ ਹੁੰਦਾ ਹੈ। ਬਾਪੂ ਦਾ ਅਪਰੇਸ਼ਨ ਹੋਣਾ ਹੈ। ਡਾਕਟਰ ਅਵਤਾਰ ਮਠਾਰੂ ਮੇਰਾ ਜਾਣਕਾਰ ਹੈ। ਸਥਿਤੀ ਪੁੱਛਦਾ ਹਾਂ, ਉਹ ਬੋਚ-ਬੋਚ ਕੇ ਸਭ ਦੱਸ ਦਿੰਦਾ ਹੈ ਪਰ ਆਸ ਦਾ ਪੱਲਾ ਨਹੀਂ ਛੱਡਦਾ। ਪੰਜਾਬ ਤੋਂ ਫੋਨ ਖੜਕ ਰਿਹਾ ਹੈ, ‘‘ਸਾਨੂੰ ਦੱਸੋ ਅਪਰੇਸ਼ਨ ਕੱਲ੍ਹ ਹੋਣਾ ਹੈ ਜਾਂ ਪਰਸੋਂ। ਅਸੀਂ ਇਲਾਜ ਲਈ ਪੰਜ ਲੱਖ ਜੇਬ੍ਹ ‘ਚ ਪਾਈ ਫਿਰਦੇ ਆਂ…।’’ ਆਪਣੀ ਕਲਮ ਰੋਕ ਕੇ ਕੁਝ ਦੇਰ ਲਈ ਅੱਖਾਂ ’ਚ ਆਏ ਹੰਝੂਆਂ ਦਾ ਨਿੱਘ ਮਾਨਣਾ ਚਾਹੁੰਦਾ ਹਾਂ… ਪਰ ਕਲਮ ਨੂੰ ਰੋਕ ਨਹੀਂ ਸਕਦਾ … ਉਹ ਪੰਜ ਲੱਖ ਵਾਲੇ ਕੋਈ ਸੂਬੇ ਦੀ ਜਾਂ ਦੇਸ਼ ਦੀ ਸਰਕਾਰ ਵਾਲੇ ਨਹੀਂ ਸਨ। ਉਹ ਔਲਖ ਦੇ ਨਾਟਕਾਂ ਦੀ ਸੁਰ ਨਾਲ ਸੁਰ ਮਿਲਾ ਕੇ ਸੰਗਰਾਮ ਦਾ ਹੋਕਾ ਦੇਣ ਵਾਲੇ ਕਿਸਾਨ ਮਜ਼ਦੂਰ ਆਗੂ ਸਨ। ਆਪਣੇ ਔਲਖ ਨੂੰ ਬਚਾਉਣ ਲਈ ਉਹ ਪੱਬਾਂ ਭਾਰ ਹੋਏ ਪਏ ਸਨ। ‘‘ਇਹ ਪਹਿਲੀ ਕਿਸ਼ਤ ਐ। ਪਾਸੇ ਹੋ ਜਾਣ ਸਭ ਸਰਕਾਰਾਂ ਸਰਕੂਰਾਂ। ਅਸੀਂ ਸਾਰਾ ਈ ਖਰਚਾ ਚੁੱਕ ਲਵਾਂਗੇ।’’… ਇਹ ਹੈ ਲੋਕ ਪੱਖੀ ਨਾਟਕ ਦੀ ਤਾਕਤ; ਤੇ ਲੋਕਾਂ ਦੇ ਸਾਹਾਂ ’ਚ ਸਾਹ ਲੈਣ ਵਾਲੇ ਕਲਾਕਾਰ ਦੀ ਸ਼ਖ਼ਸੀ ਬੁਲੰਦੀ। ਸਲਾਮ ਐ ਤੈਨੂੰ ਬਾਪੂ। ਸਲਾਮ ਐ ਤੇਰੇ ਸਿਰੜ ਨੂੰ। ਸਲਾਮ ਐ ਤੇਰੇ ਨਿੱਕੇ ਤੇ ਵੱਡੇ ਪਰਿਵਾਰ ਨੂੰ। ਤੂੰ ਕੰਮੀਆਂ ਦੇ ਵਿਹੜਿਆਂ ਵਿੱਚ ਮੱਘਦਾ ਸੂਰਜ ਐਂ। ਬਾਪੂ, ਤੇਰੀ ਚਿਖ਼ਾ ਠੰਢੀ ਹੋ ਜਾਏਗੀ – ਪਰ ਤੇਰੇ ਵਿਚਾਰਾਂ ਦਾ ਨਿੱਘ ਠੰਢਾ ਨਹੀਂ ਹੋਵੇਗਾ। ਸੰਪਰਕ : 98880-11096

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All