ਨਾਵਲਕਾਰ ਨਾਨਕ ਸਿੰਘ

ਨਾਵਲਕਾਰ ਨਾਨਕ ਸਿੰਘ

ਮੁਖ਼ਤਾਰ ਗਿੱਲ

ਨਾਨਕ ਸਿੰਘ ਦਾ ਜਨਮ ਜ਼ਿਲ੍ਹਾ ਜੇਹਲਮ (ਅੱਜ ਪਾਕਿਸਤਾਨ) ਦੇ ਪਿੰਡ ਚੱਕ ਹਮੀਦ ਵਿਖੇ 1897 ਨੂੰ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਹੰਸ ਰਾਜ ਸੀ। 12 ਸਾਲ ਦੀ ਉਮਰ ’ਚ ਬਾਲ ਕਵੀ ਨੇ ਆਪਣੀ ਪਹਿਲੀ ਕਾਵਿ ਰਚਨਾ, ‘ਸੀ ਹਰਫੀ ਨਾਨਕ ਸਿੰਘ’ ਲਿਖੀ। ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਧਾਰਮਿਕ ਗੀਤਾਂ ਦਾ ਗੁਟਕਾ ‘ਸਤਿਗੁਰ ਮਹਿਮਾ’ (1918) ਛਪਵਾਇਆ, ਜਿਹੜਾ ਹੁਣ ਤੱਕ 4 ਲੱਖ ਦੇ ਕਰੀਬ ਵਿੱਕ ਚੁੱਕਾ ਹੈ ਤੇ ਵਿੱਕ ਰਿਹਾ ਹੈ। 13 ਅਪਰੈਲ, 1919 ਦੇ ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦਾ ਅੱਖੀਂ ਵੇਖਿਆ ਹਾਲ ਉਨ੍ਹਾਂ ‘ਖੂਨੀ ਵਿਸਾਖੀ’ ਕਿੱਸੇ ਵਿੱਚ ਕਲਮਬੰਦ ਕੀਤਾ ਸੀ। 1922 ਵਿੱਚ ਅੰਗਰੇਜ਼ ਸਰਕਾਰ ਵਿਰੁੱਧ ‘ਗੁਰੂ ਕਾ ਬਾਗ ਮੋਰਚਾ’ ਅਤੇ ‘ਜ਼ਖਮੀ ਦਿਲ’ ਆਦਿ ਕਾਵਿ ਰਚਨਾਵਾਂ ਛਾਪੀਆਂ। ਇਸੇ ਸਾਲ ਨਾਨਕ ਸਿੰਘ ਗੁਰੂ ਕਾ ਬਾਗ ਪਹੁੰਚਾ ਅਤੇ ਜਥੇ ’ਚ ਸ਼ਾਮਲ ਹੋ ਲਾਹੌਰ ਦੀ ਬੋਸਟਨ ਜੇਲ੍ਹ ’ਚ ਜਾ ਬੰਦ ਹੋਇਆ। ਜੇਲ੍ਹ ਵਿੱਚ ਨਾਨਕ ਸਿੰਘ ਦੀ ਮੁਲਾਕਾਤ ਇਕ ਰਾਜਸੀ ਕੈਦੀ ਜਗਨ ਨਾਥ ਨਾਲ ਹੋਈ, ਜਿਸ ਕੋਲ ਮੁਣਸ਼ੀ ਪ੍ਰੇਮ ਚੰਦ ਦੇ ਨਾਵਲ ਸਨ। ਨਾਨਕ ਸਿੰਘ ਨੇ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਨ੍ਹਾਂ ਤੋਂ ਪ੍ਰੇਰਨਾ ਲੈ ਉਨ੍ਹਾਂ ‘ਅੱਧ ਖਿੜੀ ਕਲੀ’ ਨਾਵਲ ਲਿਖਿਆ, ਜਿਸ ਨੂੰ ਜੇਲ੍ਹ ਅਧਿਕਾਰੀਆਂ ਨੇ ਜ਼ਬਤ ਕਰ ਲਿਆ। ਜੇਲ੍ਹ ’ਚੋਂ ਰਿਹਾਅ ਹੋਣ ਉਪਰੰਤ ਗੁਆਂਢ ਰਹਿੰਦੇ ਮਾਸੂਮ ਬੱਚੇ ਦੀ ਮਤਰੇਈ ਮਾਂ ਵੱਲੋਂ ਹੁੰਦੀ ਕੁੱਟਮਾਰ ਵੇਖ ਉਨ੍ਹਾਂ 1924 ਵਿੱਚ ਆਪਣਾ ਪਹਿਲਾ ਨਾਵਲ ‘ਮਤਰੇਈ ਮਾਂ’ ਲਿਖਿਆ। ਨਾਨਕ ਸਿੰਘ ਨੂੰ 1932 ’ਚ ਲਿਖੇ ਨਾਵਲ ‘ਚਿੱਟਾ ਲਹੂ’ ਨੇ ਨਾ ਸਿਰਫ ਸਥਾਪਤ ਕਰ ਦਿੱਤਾ, ਸਗੋਂ ਉਨ੍ਹਾਂ ਦੀ ਸ਼ੋਹਰਤ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਜੀਵਨ ’ਚ ਉਨ੍ਹਾਂ ਕਈ ਉਤਰਾਅ ਚੜ੍ਹਾਅ ਵੇਖੇ। ਆਪਣੀ ਨਾ ਤਜਰਬੇਕਾਰੀ ਤੇ ਇਮਾਨਦਾਰੀ ਕਰਕੇ ਹੀ ਮਾਸਿਕ ਪਰਚਾ ਲੋਕ ਸਾਹਿਤ ਕੱਢਣ, ਪ੍ਰੈੱਸ ਲਾਉਣ, ਪੁਸਤਕ ਪ੍ਰਕਾਸ਼ਨ ਆਦਿ ਕਾਰੋਬਾਰ ’ਚ ਨਾ ਸਿਰਫ ਘਾਟੇ ਖਾਧੇ, ਸਗੋਂ ਕਰਜ਼ਾਈ ਵੀ ਹੁੰਦੇ ਰਹੇ। ਬਾਊ ਜੀ ਨੇ 38 ਨਾਵਲ ਲਿਖੇ। ਚਾਰ ਕਾਵਿ ਸੰਗ੍ਰਹਿ, ਚਾਰ ਕਹਾਣੀ ਸੰਗ੍ਰਹਿ, ਨਾਟਕ, ਲੇਖ, ਅਨੁਵਾਦ, ਸਵੈ-ਜੀਵਨੀ ਅਤੇ ਹੋਰ ਕਿੰਨਾ ਕੁਝ ਲਿਖਿਆ। ਉਹ ਪੂਰੀ ਅੱਧੀ ਸਦੀ ਤੱਕ ਪੰਜਾਬੀ ਸਾਹਿਤ ਜਗਤ ਦਾ ਇਕ ਯੁੱਗ ਬਣ ਕੇ ਛਾਏ ਰਹੇ। ਬਾਊ ਜੀ ਦਾ ਜੀਵਨ ਸਾਦਗੀ ਦੀ ਅਦੁੱਤੀ ਮਿਸਾਲ ਸੀ। ਉਹ ਬੇਮਿਸਾਲ ਸ਼ਖਸੀਅਤ ਸਨ। ਬੜੇ ਦ੍ਰਿੜ੍ਹ ਇਰਾਦੇ ਦੇ ਮਾਲਕ ਸਨ। ਉਹ ਇਕ ਪੂਰਨ ਗ੍ਰਹਿਸਥੀ ਮਨੁੱਖ ਸਨ। ਪਤਨੀ, ਪੰਜ ਪੁੱਤਰ, ਇਕ ਧੀ, ਨੂੰਹਾਂ, ਜਵਾਈ, ਪੋਤਰੇ-ਪੋਤਰੀਆਂ, ਦੋਹਤੇ-ਦੋਹਤਰੀਆਂ ਸਨ, ਪਰ ਗ੍ਰਹਿਸਥ ਜੀਵਨ ਕਦੀ ਵੀ ਉਨ੍ਹਾਂ ’ਤੇ ਹਾਵੀ ਨਹੀਂ ਹੋਇਆ। 28 ਦਸੰਬਰ, 1971 ਦੀ ਰਾਤ ਬਾਊ ਜੀ ਨਾਨਕ ਸਿੰਘ ਦਾ ਦੇਹਾਂਤ ਹੋ ਗਿਆ। ਪੁਰਾਤਨ ਤੇ ਇਤਿਹਾਸਕ ਤਲਾਬ ਦੇ ਕੰਢੇ ਦਾ ਮਾਹੌਲ ਬਹੁਤ ਹੀ ਸੋਗ ਗਵਾਰ ਸੀ। 29 ਦਸੰਬਰ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਕਰਤਾਰ ਸਿੰਘ ਸੂਰੀ ਦੀ ਉਡੀਕ ਹੋ ਰਹੀ ਸੀ, ਪਰ ਦੇਰ ਹੋ ਜਾਣ ਕਾਰਨ ਚਿਤਾ ਨੂੰ ਅਗਨੀ ਦੂਜੇ ਸਪੁੱਤਰ ਨੇ ਦਿੱਤੀ। ਅੱਜ ਪ੍ਰੀਤ ਨਗਰ ਵਿੱਚ ਉਨ੍ਹਾਂ ਦੇ ਨਾਂ ’ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਹੈ। ਉਨ੍ਹਾਂ ਦੀ ਯਾਦ ਵਿੱਚ ਪ੍ਰੀਤ ਭਵਨ ਓਪਨ ਏਅਰ ਥੀਏਟਰ ਹੈ, ਜਿੱਥੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਨੇ ਇਸ ਦੇ ਖੰਡਰਾਂ ਵਿੱਚ ਧੜਕਣ ਭਰ ਦਿੱਤੀ ਹੈ, ਮਹਿਕਾ ਦਿੱਤਾ, ਰੁਸ਼ਨਾ ਦਿੱਤਾ ਹੈ। ਉਨ੍ਹਾਂ ਦੇ ਸਮਾਧ ਵਾਲੇ  ਸਥਾਨ ’ਤੇ ਸ਼ਾਨਦਾਰ ਪਾਰਕ ਹੈ।

ਸੰਪਰਕ: 98140-82217

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All