ਨਾਨਕ ਬਾਣੀ: ਸ਼ਬਦ, ਰਾਗ, ਰਬਾਬ

ਨਾਨਕ ਬਾਣੀ: ਸ਼ਬਦ, ਰਾਗ, ਰਬਾਬ

ਵਿਰਸਾ ਲੇਖ ਲੜੀ: 22

ਡਾ. ਵਨੀਤਾ

ਧੰਨ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ।। - ਅੰਗ 958 ਸੰਗੀਤ ਦੀ ਬੁਨਿਆਦ ਸੁਰ ਵਿਚ ਗਾਇਆ-ਅਲਾਪਿਆ ਗੀਤ ਹੈ ਅਤੇ ਗੀਤ ਵਿਚ ਭਾਵ ਛੁਪਿਆ ਹੁੰਦਾ ਹੈ। ਪੁਰਾਣੇ ਰਿਸ਼ੀ ਮੁਨੀ ‘ਅਨਹਦ ਨਾਦ’ ਦੀ ਉਪਾਸਨਾ ਕਰਦੇ ਸਨ। ਮੱਧਕਾਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ (1469) ਨੇ ‘ਪ੍ਰਭੂ ਭਗਤੀ’ ਅਤੇ ‘ਨਾਮ ਸਿਮਰਨ’ ਲਈ ਧੁਰ ਕੀ ਬਾਣੀ ਦੇ ਅਨਹਦ ਰੂਪ ਨੂੰ ਨਾਦੀ ਬਣਾਉਂਦਿਆਂ ‘ਰਾਗ ਸਹਿਤ’ ਸ਼ਬਦ ਦੀ ਮਹਿਮਾ ‘ਕੀਰਤਨ’ ਦੇ ਰੂਪ ਵਿਚ ਕੀਤੀ। ਭਾਵੇਂ ਗੁਰੂ ਸਾਹਿਬ ਨੇ ਦਾਰਸ਼ਨਿਕ ਕਾਵਿ ਜਿਵੇਂ ‘ਜਪੁ’, ਸਲੋਕ-ਸਹਸਕ੍ਰਿਤੀ ਤੇ ਸਲੋਕ ਵਾਰਾਂ ਤੋਂ ਵਧੀਕ ਰਾਗ ਰਹਿਤ ਰਚੇ, ਪਰ ਉਨ੍ਹਾਂ ਵਿਚਲਾ ਦਰਸ਼ਨ ਆਲਾਪ ਵਾਂਗ ਵਿਚਾਰਧਾਰਾ ਨੂੰ ਉਜਾਗਰ ਕਰਦਾ ਹੈ ਜਿਸ ਵਿਚ ਉਨ੍ਹਾਂ ਦੀ ਸੰਗੀਤਕਤਾ ਅਤੇ ਪ੍ਰਗੀਤਕਤਾ ਦੀ ਆਪਣੀ ਮਿਕਨਾਤੀਸੀ ਹੈ। ਰਾਗ ਰਹਿਤ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਲੋਕਯਾਨਿਕ ਪ੍ਰੰਪਰਾ ਨੂੰ ਵੀ ਆਪਣੇ ਅੰਗ-ਸੰਗ ਰੱਖਿਆ ਜਿਸ ਵਿਚ ਸਭਿਆਚਾਰਕ ਲੋਕ-ਕਾਵਿ ਵਿਧੀਆਂ ਦੇ ਰੂਪ ਨੂੰ ਧਿਆਨ ਵਿਚ ਰੱਖਦਿਆਂ ਬਾਣੀ ਸਿਰਜਣਾ ਕੀਤੀ। ਲੋਕਯਾਨਿਕ ਬਾਣੀ ਸਿਰਜਣਾ ਵਿਚ ਉਨ੍ਹਾਂ ਲੋਕਾਈ ਦੇ ਅਵਚੇਤਨ ਨੂੰ ਸਮਝਦਿਆਂ ਬੜੇ ਹੀ ਸਰਲੀਕ੍ਰਿਤ ਢੰਗ ਨਾਲ ‘ਬਾਣੀ’ ਦੀ ਵਿਚਾਰ ਨੂੰ ਲੋਕਾਂ ’ਚ ਹਰਮਨਪਿਆਰਾ ਕੀਤੀ ਜਿਵੇਂ: ਥਿਤੀ, ਪਹਰੇ, ਅਲਾਹੁਣੀਆਂ, ਵਾਰਾਂ, ਕੁਚੱਜੀ, ਸੁਚੱਜੀ ਅਤੇ ਬਾਰਹਮਾਹਾ ਆਦਿ। ਇਨ੍ਹਾਂ ਕਾਵਿ ਵਿਧੀਆਂ ਦੁਆਰਾ ਬਾਣੀ ਸਿਰਜਣ ਦਾ ਮੂਲ ਮਨੋਰਥ ਲੋਕਾਂ ਵਿਚ ਆਪਸੀ ਸਾਂਝ, ਪਿਆਰ ਅਤੇ ਕਰੁਣਾ ਪੈਦਾ ਕਰਨਾ ਸੀ। ਰਾਗ ਸਹਿਤ ਬਾਣੀ ਸਿਰਜਣ ਤੋਂ ਪਹਿਲਾਂ ਰਤਾ ਰਾਗ ਦੇ ਅਰਥ ਵੀ ਸਪਸ਼ਟ ਕਰ ਲਈਏ। ਮਨੁੱਖੀ ਦਿਲ ਉੱਤੇ ਰਾਗ ਅਤੇ ਸੰਗੀਤ ਸਿੱਧਾ ਅਸਰ ਕਰਦਾ ਹੈ। ਸੁਰਾਂ ਦੇ ਮੇਲ ਅਤੇ ਸ਼ਬਦ ਮਿਲ ਕੇ ਤਾਲਬੱਧ ਸਾਜ਼ ਦੇ ਸੰਯੋਗ ਨਾਲ ਸੰਗੀਤ ਬਣਦਾ ਹੈ। ਗੁਰੂ ਸਾਹਿਬ ਰੱਬੀ ਸਿਫ਼ਤ, ਨਾਮ ਸਿਮਰਨ ਰਾਹੀਂ ਮਨੁੱਖੀ ਮਨ ਅੰਦਰ ਕਰੁਣਾ ਪੈਦਾ ਕਰਨ ਲਈ ਵਿਭਿੰਨ ਰਾਗਾਂ ਵਿਚ ਸ਼ਬਦ ਕੀਰਤਨ ਨੂੰ ਤਰਜੀਹ ਦਿੰਦੇ ਹਨ। ਰਾਗ ਦਾ ਅਰਥ ਹੈ ਪ੍ਰੇਮ। ਪ੍ਰੇਮ ਦਾ ਅਰਥ ਹੈ ਮੈਂ + ਤੂੰ; ਜਿਸ ਨੂੰ ਮਾਰਟਿਨ ਬੂਬਰ ‘ਆਈ ਐਂਡ ਦੌਊ’ ਆਖਦਾ ਹੈ। ਇਕੱਲਾ ਸੁਰ ਯਾਨੀ ‘ਮੈਂ’ ਰਾਗ ਨਹੀਂ ਬਣਦਾ। ਉਹ ਕੇਵਲ ਮੈਂ-ਮੈਂ ਦਾ ਰਾਗ (ਹੰਕਾਰ) ਹੀ ਅਲਾਪਦਾ ਹੈ। ਪਰ ਜਦੋਂ ਮੈਂ ਯਾਨੀ ਕਿ ਇਕ ਮੈਂ ਦਾ ਸੁਰ ਦੂਜੇ ‘other’ ਭਾਵ ਕਰਤਾ ਪੁਰਖੁ ਦਾ ਮੰਗਲ ਗੀਤ ਉਚਾਰਦਾ ਹੈ ਜਾਂ ਜਦੋਂ ਸ਼ਾਸਤਰੀ ਸੰਗੀਤ ਦੀਆਂ ਸੱਤ ਸੁਰਾਂ ‘ਸਾ ਰੇ ਗਾ ਮਾ ਪਾ ਧਾ ਨੀ’ ਸੱਤ ਆਕਾਸ਼ਾਂ, ਸੱਤ ਪਤਾਲਾਂ, ਖੰਡਾਂ-ਬ੍ਰਹਿਮੰਡਾਂ ਵਿਚਲੇ ਕਰਤਾ ਪੁਰਖੁ ਦੀ ਧੁਨੀ ਬਣ ਜਾਣ ਤਾਂ ਉਹ ਸਾਰੇ ਬ੍ਰਹਿਮੰਡ ਵਿਚ ਥਿਰਕਣ ਤੇ ਪਿਆਰ ਦੀ ਕੰਬਣੀ ਪੈਦਾ ਕਰ ਦਿੰਦੀਆਂ ਹਨ। ਗੁਰੂ ਸਾਹਿਬ ਦਾ ਅਸਲੀ ਮੰਤਵ ਕੁੱਲ ਲੋਕਾਈ ਵਿਚ ਰਾਗ-ਨਾਦ, ਸ਼ਬਦ-ਸਾਜ਼ ਦੁਆਰਾ ਖੇੜਾ, ਪਿਆਰ, ਅਮਨ ਅਤੇ ਵਿਸਮਾਦ ਪੈਦਾ ਕਰਨਾ ਸੀ। ਭਾਰਤੀ ਸ਼ਾਸਤਰੀ ਸੰਗੀਤ ਵਿਚ ਸਮੇਂ-ਸਮੇਂ ਬਦਲਾਅ ਆਉਂਦੇ ਰਹੇ ਕਿਉਂਕਿ ਇਹ ਇਕ ਗਤੀਸ਼ੀਲ ਵਰਤਾਰਾ ਹੈ। ਬਾਬਾ ਨਾਨਕ ਨੇ ਰਾਗਾਂ ਵਿਚ ਬਾਣੀ ਕੀਰਤਨ ਕਿਉਂ ਕੀਤਾ? ਫਿਰ ਗੁਰਬਾਣੀ ਸੰਗੀਤ ਨੂੰ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ 31 ਸ਼ੁੱਧ ਅਤੇ 31 ਮਿਸ਼ਰਤ ਤੇ ਸੰਕੀਰਨ ਰਾਗਾਂ ਵਿਚ ਸੰਪਾਦਿਤ ਵੀ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ 62 ਰਾਗਾਂ ਵਿਚੋਂ 22 ਅਜਿਹੇ ਰਾਗ ਹਨ ਜਿਨ੍ਹਾਂ ਦਾ ਜ਼ਿਕਰ ਪੁਰਾਣੇ ਗ੍ਰੰਥਾਂ ਵਿਚ ਵੀ ਨਹੀਂ ਮਿਲਦਾ, ਪਰ ਗੁਰੂ ਜੀ ਨੇ ਨਵੇਂ ਰਾਗ ਵੀ ਭਾਰਤੀ ਸ਼ਾਸਤਰੀ ਸੰਗੀਤ ਪਰੰਪਰਾ ਤੋਂ ਇਲਾਵਾ ਈਜਾਦ ਕੀਤੇ ਜਿਨ੍ਹਾਂ ਵਿਚੋਂ ਵਡਹੰਸ, ਮਾਝ, ਆਸਾ ਜਾਂ ਪ੍ਰਭਾਤੀ ਆਦਿ ਦਾ ਨਾਂ ਲਿਆ ਜਾ ਸਕਦਾ ਹੈ। ਰਾਗ 7 ਸ਼ੁੱਧ ਅਤੇ 5 ਕੋਮਲ ਅਤੇ ਤੀਬਰ ਸੁਰਾਂ (22 ਸ਼ਰੁਤੀਆਂ) ਦੇ ਯੋਗ ਜਾਂ Combination ਹਨ ਜਿਨ੍ਹਾਂ ਤੋਂ ਸੈਂਕੜੇ ਰਾਗ ਵਿਭਿੰਨ ਰੂਪ ਧਾਰਦੇ ਹਨ, ਜਿਨ੍ਹਾਂ ਦੇ ਆਪੋ-ਆਪਣੇ ਸਰੂਪ, ਸੁਭਾਅ, ਪ੍ਰਕਿਰਤੀ, ਸਮਾਂ, ਰਸ, ਥਾਟ, ਵਾਦੀ-ਸੰਵਾਦੀ, ਵਿਵਾਦੀ, ਜਾਤੀ ਆਦਿ ਹੁੰਦੇ ਹਨ। ਗੁਰੂ ਨਾਨਕ ਇਨ੍ਹਾਂ 31 ਸ਼ਾਸਤਰੀ ਰਾਗਾਂ ਵਿਚੋਂ 19 ਰਾਗਾਂ ਵਿਚ ਕੀਰਤਨ ਕਰਦੇ ਹਨ। ਜਿਹੜੀ ਭਾਰਤੀ ਸੰਗੀਤ ਪਰੰਪਰਾ ਵੈਦਿਕ ਕਾਲ ਤੋਂ ਈਸ਼ ਸਤੁਤੀ ਦਾ ਮਰਕਜ਼ ਸੀ, ਮੁਗ਼ਲ ਕਾਲ ਤਕ ਆਉਂਦਿਆਂ ਨਾਨਕ ਕਾਲ ਵਿਚ ਹੀ ਦਰਬਾਰੀ ਸ਼ਾਨੋ-ਸ਼ੌਕਤ ਅਤੇ ਕਲਾਕਾਰੀਆਂ, ਚਮਤਕਾਰੀਆਂ ਅਤੇ ਦਰਬਾਰੀ ਮਨੋਰੰਜਨ ਦਾ ਸਾਧਨ ਬਣ ਚੁੱਕੀ ਸੀ। ਨਾਨਕ ਨੇ ਮੁੜ ਤੋਂ ਅਧਿਆਤਮਕ ਕ੍ਰਾਂਤੀ ਸ਼ਬਦ ਦੀ ਸਿਰਜਣਾ ਕਰਦਿਆਂ ਰਾਗਾਂ ਵਿਚ ਬਾਣੀ ਸਿਰਜਣਾ ਕਰਕੇ ਇਸ ਨੂੰ ਵਿਸਮਾਦੀ ਬਣਾਇਆ। ਇਸ ਬਾਣੀ ਵਿਚ ਰਾਗਾਂ ਦੇ ਆਪਣੇ ਸੁਭਾਅ, ਸਮਾਂ, ਸੁਰਾਂ ਦੇ ਮੇਲ, ਚਾਲ, ਪ੍ਰਕਿਰਤੀ ਮੁਤਾਬਿਕ ਸ਼ਬਦ ਚੋਣ ਕਰਦਿਆਂ ਲੋਕ ਭਾਵਾਂ ਤੋਂ ਪਰਲੋਕ ਤਕ ਦੇ ਵਿਸਮਾਦ ਅਤੇ ਮਹਾਆਨੰਦ ਤਕ ਇਸ ਨੂੰ ਰੂਪਾਂਤ੍ਰਿਤ ਕਰ ਦਿੱਤਾ। ਦੁਨੀਆਂ ਦਾ ਹੋਰ ਕੋਈ ਵੀ ਅਜਿਹਾ ਧਾਰਮਿਕ ਗ੍ਰੰਥ ਜਾਂ ਪ੍ਰਵਚਨ ਨਹੀਂ ਸੀ ਜੋ ਸ਼ਬਦ ਸ਼ਕਤੀ ਨੂੰ ਰਾਗ ਸੰਗੀਤ ਤੇ ਸਾਜ਼ ਨਾਲ ਜੋੜ ਕੇ ਅਜਿਹਾ ਕ੍ਰਾਂਤੀਕਾਰੀ ਰੂਪਾਂਤਰਣ ਲਿਆ ਸਕਦਾ। ਨਾਨਕ ਬਾਣੀ ਰਾਗਬੱਧ ਹੋਈ ਵੀ ਸ਼ਬਦ ਪ੍ਰਧਾਨ ਹੈ ਜਦੋਂਕਿ ਸ਼ਾਸਤਰੀ ਸੰਗੀਤ ਸੁਰ ਪ੍ਰਧਾਨ ਹੁੰਦਾ ਹੈ। ਅਸੀਂ ਸ਼ਬਦ ਅਤੇ ਰਾਗ ਦੇ ਸੁਮੇਲ ਦੀ ਗੱਲ ਅਜੇ ਤਕ ਕੀਤੀ ਹੈ, ਪਰ ਨਾਨਕ ਬਾਣੀ ਦੀ ਵਿਲੱਖਣਤਾ ਹੈ ਸ਼ਬਦ, ਰਾਗ ਅਤੇ ਰਬਾਬ। ਨਾਨਕ ਬਾਣੀ ਵਿਚ ਸ਼ਬਦ ਕੀਰਤਨ ਅਤੇ ਉਸ ਦਾ ਰਾਗ ਪ੍ਰਬੰਧ ਉਹ ਵੀ ਰਬਾਬ ਵਰਗੇ ਸਾਜ਼ ਨਾਲ ਗਾਉਣਾ ਤੇ ਵਜਾਉਣਾ ਵਿਚਾਰਧਾਰਕ ਤੌਰ ’ਤੇ ਬੜਾ ਦਿਲਚਸਪ ਹੈ। ਅਸੀਂ ਜਾਣਦੇ ਹਾਂ ਕਿ ਨਾਨਕ ਦੇ ਅੰਗ-ਸੰਗ ਬਾਲਾ ਅਤੇ ਮਰਦਾਨਾ ਰਹੇ। ਬਾਬਾ ਹਿੰਦੂ ਸੀ ਅਤੇ ਮਰਦਾਨਾ ਮੁਸਲਿਮ। ਇਸ ਤਰ੍ਹਾਂ ਗੁਰੂ ਸਾਹਿਬ ਆਪਣੀਆਂ ਚਾਰ ਉਦਾਸੀਆਂ ਅਤੇ ਉਸ ਤੋਂ ਬਾਅਦ ਵੀ ਜੋ ਸ਼ਬਦ ਕੀਰਤਨ ਕਰਦੇ ਰਹੇ, ਉਹ ਵਿਚਾਰਧਾਰਕ ਤੌਰ ’ਤੇ ਵਿਭਿੰਨ ਦੇਸ਼ਾਂ, ਕੌਮਾਂ, ਜਾਤੀਆਂ ਤੇ ਮਜ਼ਹਬਾਂ ਦੇ ਲੋਕਾਂ ਵਿਚ ਵਿਭਿੰਨ ਸੁਰਾਂ ਅਤੇ ਸਮੁੱਚੀ ਮਨੁੱਖਤਾ ਨੂੰ ਇਕੱਠਿਆਂ ਕਰਕੇ ਅਰਬੀ-ਫ਼ਾਰਸੀ ਤੋਂ ਆਈ (ਵਿਦੇਸ਼ੀ ਸਾਜ਼) ਰਬਾਬ ਨੂੰ ਸੰਗ ਰਲਾ ਕੇ ਬਹੁਵਚਨਤਾ, ਬਹੁ-ਸਭਿਆਚਾਰਕਤਾ ਤੇ ਵਿਸਮਾਦੀ ਆਨੰਦ ਦਾ ਕ੍ਰਾਂਤੀਕਾਰੀ ਸੰਦੇਸ਼ ਦੇਣਾ ਸੀ। ਕੀਰਤਨ ਵਿਚ ਜਦੋਂ ਸ਼ਬਦ ਨੂੰ ਰਾਗ ਦੇ ਨਾਲ-ਨਾਲ ਸਾਜ਼ ਉੱਤੇ ਛੇੜਿਆ ਜਾਂਦਾ ਹੈ। ਬਾਬਾ ਨਾਨਕ ਆਪਣੇ ਸਾਥੀ ਮਰਦਾਨੇ ਨੂੰ ‘ਸ਼ਬਦ ਗਾਇਨ’ ਧੁਰ ਕੀ ਬਾਣੀ ਅਲਾਪਣ ਵੇਲੇ ਇਹ ਨਹੀਂ ਕਹਿੰਦੇ ਕਿ ਮਰਦਾਨਿਆਂ ‘ਵਜਾ ਰਬਾਬ’। ਜਨਮ ਸਾਖੀਆਂ ਗਵਾਹ ਨੇ ਕਿ ਨਾਨਕ ਆਖਦੇ ਹਨ ਕਿ ‘ਮਰਦਾਨਿਆਂ! ਰਬਾਬ ਛੇੜ ਬਾਣੀ ਆਈ।’ ‘ਛੇੜ ਰਬਾਬ’ ਕਿਉਂਕਿ ਵਜਾਉਣਾ ਜਾਂ ਕਹਿਣਾ ਵਜਾ ਰਬਾਬ ਹੁਕਮ ਹੈ ਅਤੇ ‘ਛੇੜ’ ਆਸ਼ਿਕਾਂ ਦੀ, ਪਿਆਰ ਵਿਚ ਰੱਤਿਆਂ ਦੀ ਨਿਸ਼ਾਨੀ ਹੈ। ਕਿਆਸ ਕਰੋ ਨਾਨਕ ਆਖ ਰਿਹੈ, ‘ਮਰਦਾਨਿਆ! ਛੇੜ ਰਬਾਬ।’ ਤਾਂ ਰਬਾਬ ਉਸ ਵਕਤ ਕੋਈ ਸਾਜ਼ ਨਹੀਂ ਰਹਿੰਦਾ ਸਗੋਂ ਆਪਣੇ ਰੱਬ (ਇਸ਼ਕ) ਨਾਲ ਮਿਲਾਪ ਹੈ ਤੇ ਮਰਦਾਨਾ ਕੋਈ ਮੁਸਲਿਮ ਜਾਂ ਰਬਾਬੀ ਨਹੀਂ ਰਹਿ ਜਾਂਦਾ, ਉਹ ਕੇਵਲ ਇਕ ਪ੍ਰੇਮੀ ਜਿਹੜਾ ਰਬਾਬ ਉਪਰ ਰਾਗ ਯਾਨੀ ਪ੍ਰੇਮ ਦੇ ਸੁਰ ਛੇੜਦਾ ਹੈ ਤੇ ਇਲਾਹੀ ਬਾਣੀ ਜਾਂ ਧੁਰ ਕੀ ਬਾਣੀ ਸਹਿਜੇ ਹੀ ਨਾਨਕ ਦੇ ਮੁਖਾਰਬਿੰਦ ’ਚੋਂ ਉਤਰਦੀ ਹੈ ਜੋ ਸਮਾਜ-ਸਭਿਆਚਾਰ ਦੀ ਭੁੱਲੀ-ਭਟਕੀ ਲੋਕਾਈ ਨੂੰ ਮਹਾਆਨੰਦ ਅਤੇ ਵਿਸਮਾਦ ਵਿਚ ਰੂਪਾਂਤ੍ਰਿਤ ਕਰ ਦਿੰਦੀ ਹੈ। ਜਦੋਂ ਸੁਰ ਨਾਲ ਸ਼ਬਦ ਰਲਦਾ ਹੈ, ਜਦੋਂ ਸਾਜ਼ ਤੇ ਸੁਰ ਟੁਣਕਦਾ ਛਿੜੀਂਦਾ ਹੈ ਤਾਂ ਧਰਤੀ ਤਾਂ ਕੀ ਉਸ ਮਹਾਕੰਪਨ ਨਾਲ ਸਾਰਾ ਬ੍ਰਹਿਮੰਡ ਵੀ ਨੱਚ ਉੱਠਦਾ ਹੈ। ਬ੍ਰਹਿਮੰਡ ਵਿਚ ਪਿਆਰ ਦੀ ਮਹਾਂਕੰਬਣੀ ਛਿੜਦੀ ਹੈ। ਜਦੋਂ ਬ੍ਰਹਿਮੰਡ ਦੇ ਨੱਚਣ ਦੀ ਗੱਲ ਆਈ ਹੈ ਤਾਂ ਇਹ ਗੱਲ ਵੀ ਸਪਸ਼ਟ ਕਰ ਲਈਏ ਕਿ ਭਾਰਤੀ ਸ਼ਾਸਤਰੀ ਸੰਗੀਤ- ਗਾਇਨ, ਵਾਦਨ ਅਤੇ ਨ੍ਰਿਤ ਦੇ ਸੰਯੋਗ ਨੂੰ ਕਿਹਾ ਜਾਂਦਾ ਹੈ, ਪਰ ਗੁਰਬਾਣੀ ਸੰਗੀਤ ਵਿਚ ਨਾਨਕ ਸ਼ਬਦ ਗਾਇਨ ਜਾਂ ਕੀਰਤਨ ਨੂੰ ਤੰਤੀ ਸਾਜ਼ ਰਬਾਬ ਨਾਲ ਜਦੋਂ ਗਾਉਂਦੇ ਹਨ ਤਾਂ ਬ੍ਰਹਿਮੰਡੀ ਨਾਚ ਹੁੰਦਾ ਹੈ, ਨਾ ਕਿ ਪੈਰਾਂ ਵਿਚ ਘੁੰਗਰੂ ਬੰਨ੍ਹ ਕੇ ਸ਼ਾਸਤਰੀ ਨ੍ਰਿਤ। ਨਾਨਕ ਦਾ ਕੀਰਤਨ ਬ੍ਰਹਿਮੰਡੀ ਨ੍ਰਿਤ ਹੈ ਜਿਹੜਾ ਆਪਣੇ ਨਾਦ ਅਤੇ ਸ਼ਬਦ ਨਾਲ Human Biological ਅਤੇ Psychological metabolism ਬਦਲਣ ਜਾਂ ਰੂਪਾਂਤਰਣ ਦੀ ਸਮਰੱਥਾ ਰੱਖਦਾ ਹੈ। ਗੁਰੂ ਨਾਨਕ ਨੇ ਇਸ ਮਹਾਆਨੰਦ ਦੀ ਪ੍ਰਾਪਤੀ ਲਈ ਕੀਰਤਨ ਦੁਆਰਾ ਸੁਰਤਿ ਨੂੰ ਟਿਕਾਅ ਕੇ ਮਨੁੱਖ ਲਈ ਭੌਤਿਕਤਾ ਤੋਂ ਪਰਾਭੌਤਿਕਤਾ ਦੇ ਰਹੱਸੀ ਦਰਵਾਜ਼ਿਆਂ ਦਾ ਰਾਹ ਮੋਕਲਾ ਕੀਤਾ ਜਿਸ ਵਿਚ ਸ਼ਬਦ ਦੀ ਵਿਚਾਰ ਤੇ ਰਾਗ ਸੰਗ ਰਬਾਬ ਦੀ ਛੇੜ ਨਾਲ ਕੁਦਰਤ ਦੇ ਸੁਹਜਾਂ, ਰਮਜ਼ਾਂ ਤੇ ਰਹੱਸਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਦਾ ਮੰਤਵ ਬਾਣੀ ਦੁਆਰਾ ਰਾਗ-ਰਬਾਬ ਸੰਗ ਭੌਤਿਕ ਜਗਤ ਵਿਚ ਵਿਸਮਾਦੀ ਅਰਥ ਉਤਪਾਦਕਤਾ ਦਾ ਸੰਚਾਰ ਕਰਕੇ ਉਸ ਨੂੰ ਵਿਸਮਾਦੀ ਜਗਤ ਵਿਚ ਰੂਪਾਂਤਰਣ ਕਰਨਾ ਹੈ। ਇਸ ਲਈ ਉਹ ਗੁਰਬਾਣੀ ਵਿਚਲੇ 31 ਰਾਗਾਂ ਵਿਚੋਂ 19 ਰਾਗਾਂ ਦਾ ਪ੍ਰਯੋਗ ਕਰਦੇ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰਤੀਬ ਮੁਤਾਬਿਕ ਅੰਕਿਤ ਹਨ: ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਬਸੰਤ, ਸਾਰੰਗ, ਮਲ੍ਹਾਰ ਅਤੇ ਪ੍ਰਭਾਤੀ। ਅਜੋਕੇ ਹਾਲਾਤ ਨੂੰ ਮੁੱਖ ਰੱਖਦਿਆਂ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਸਰੋਤੇ ਲਈ ਬਾਣੀ ਸਰਵਣ ਕਰਨ ਲਈ ਰਾਗਾਂ ਦੀ ਸੋਝੀ ਹੋਣੀ ਜ਼ਰੂਰੀ ਹੈ? ਇਹ ਸਵਾਲ ਅੱਜਕੱਲ੍ਹ ਬਹੁਤ ਵਾਰ ਸਰੋਤਿਆਂ ਜਾਂ ਸੰਗਤ ਵੱਲੋਂ ਉਠਾਇਆ ਜਾਂਦਾ ਹੈ! ਹਾਂ! ਰਾਗਾਂ ਦੀ ਸੋਝੀ ਗੁਰਬਾਣੀ ਦੀਆਂ ਹਦਾਇਤਾਂ ਮੁਤਾਬਕ ਕੀਰਤਨੀਏ ਨੂੰ ਹੋਣੀ ਲਾਜ਼ਮੀ ਹੈ, ਪਰ ਜਿਵੇਂ ਸੱਪ ਬੀਨ ਵਜਾਉਣੀ ਨਹੀਂ ਜਾਣਦਾ, ਪਰ ਉਸ ਦੀ ਧੁਨ ’ਤੇ ਮਸਤ ਹੁੰਦਾ ਹੈ, ਉਵੇਂ ਹੀ ਰਸੀਆ ਸਰੋਤਾ ਜਾਂ ਗੁਰੂ ਦਾ ਸਿੱਖ ਜਦੋਂ ਰਾਗ ਵਿਚ ਬੱਧੀ ਹਦਾਇਤਾਂ ਵਾਲੀ ਅਲਾਪੀ ਬਾਣੀ ਦਾ ਸਰਵਣ ਕਰਦਾ ਹੈ ਤਾਂ ਉਹ ਵਿਸਮਾਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ: ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ।। ਭਾਰਤੀ ਸ਼ਾਸਤਰੀ ਸੰਗੀਤ ਵਿਚ ‘ਭੈਰਵ’ ਰਾਗ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਰਾਗ ਪ੍ਰਬੰਧ ਵਿਚ ‘ਸਿਰੀ ਰਾਗ ਨੂੰ। ਗੁਰੂ ਨਾਨਕ ‘ਸਿਰੀ ਰਾਗ’ ਤੋਂ ਬਾਣੀ ਆਰੰਭਦੇ ਹਨ ਜਦੋਂਕਿ ਇਹ ਸ਼ਾਮ ਦਾ ਰਾਗ ਹੈ ਅਤੇ ਜਿਸ ਦੇ ਸੁਰਾਂ ਦਾ ਬਿੰਬ ਗਹਿਣਿਆਂ ਨਾਲ ਲੱਦੀ, ਹਰ ਮੌਸਮ ਵਿਚ ਇਕ ਖ਼ੂਬਸੂਰਤ ਨਾਰੀ ਦਾ ਬਿੰਬ ਹੈ ਅਤੇ ਸਾਰੀ ਗੁਰਬਾਣੀ ਵਿਚ ਤਾਂ ਅੰਮ੍ਰਿਤ ਵੇਲੇ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਅੰਤਿਮ ਰਾਗ ਗੁਰੂ ਸਾਹਬ ਦੀ ਬਾਣੀ ਵਿਚ ਪ੍ਰਭਾਤੀ ਰਾਗ ਵਿਚ ਬਾਣੀ ਦਰਜ ਹੈ। ਇਸ ਸੰਪਾਦਨ ਪਿੱਛੇ ਵੀ ਇਕ ਕ੍ਰਾਂਤੀਕਾਰੀ ਡੂੰਘੀ ਰਮਜ਼ ਕਾਰਜਸ਼ੀਲ ਹੈ। ਕਿਉਂਕਿ ਵਿਚਾਰਧਾਰਕ ਤੌਰ ’ਤੇ ‘ਰਾਗ ਸਿਰੀ ਤੋਂ ਪ੍ਰਭਾਤੀ ਵਿਭਾਸ’ ਰਾਗ ਤਕ ਦਾ ਨਾਨਕ ਸੰਗੀਤ ਦਾ ਪੈਰਾਡਾਈਮ ਉਸਰਦਾ ਹੈ ਜੋ ਹਨੇਰੇ ਤੋਂ ਜਾਂ ਘੁਸਮੁਸੀ ਧੁੰਦਲੀ ਸ਼ਾਮ ਤੋਂ ਉਜਾਲੇ ਤਕ ਦਾ ਸਫ਼ਰ ਹੈ। ਯਾਨੀ ਕਿ ਗੁਰੂ ਸਾਹਿਬ ਜੀਵਨ ਦੀ ਘੁਸਮੁਸੀ ਸ਼ਾਮ, ਧੁੰਦ, ਹਨੇਰੇ ਨੂੰ ਉਜਾਲੇ ਰੂਪੀ ਪ੍ਰਭਾਤੀ ਵਿਚ ਰੂਪਾਂਤ੍ਰਿਤ ਕਰਨ ਦੇ ਚਾਹਵਾਨ ਹਨ। ਇਉਂ ਨਾਨਕ ਸ਼ਬਦ, ਰਾਗ ਅਤੇ ਰਬਾਬ ਦੇ ਸੰਯੋਗ ਨਾਲ ‘ਸਿਰੀ ਤੋਂ ਪ੍ਰਭਾਤੀ’ ਤਕ ਮੱਧਕਾਲ ਵਿਚ ਇਕ ਕ੍ਰਾਂਤੀਕਾਰੀ ਵਿਸਮਾਦੀ ਪ੍ਰਵਚਨ ਸਿਰਜਦੇ ਹਨ: ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ।

ਸੰਪਰਕ: 98113-23640 ਸੁਲੇਖ: ਹਰਦੀਪ ਸਿੰਘ, ਸੰਪਰਕ: 95011-03911

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All