ਨਸ਼ਿਆਂ ਦਾ ਖੂਹ, ਵਿਕਾਰਾਂ ਦਾ ਖਾਤਾ

ਨਸ਼ਿਆਂ ਦਾ ਖੂਹ, ਵਿਕਾਰਾਂ ਦਾ ਖਾਤਾ

ਤਰਲੋਚਨ ਸਿੰਘ ਦੁਪਾਲਪੁਰ 12007412CD _ANTI ALCOHOL LOGOਸੰਤ ਜੀ ਨਸ਼ਿਆਂ ਖ਼ਿਲਾਫ਼ ਪ੍ਰਵਚਨ ਕਰ ਰਹੇ ਸਨ। ਧਰਮ ਪੋਥੀਆਂ ਦੇ ਹਵਾਲੇ ਨਾਲ ਦੱਸ ਰਹੇ ਸਨ ਕਿ ਬੁਰੇ ਕੰਮਾਂ ਦਾ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੁੰਦਾ ਹੈ ਪਰ ਸ਼ਰਾਬ ਦਾ ਨਸ਼ਾ ਸਭ ਬੁਰਾਈਆਂ ਦੀ ਜੜ੍ਹ ਹੈ। ਸ਼ਰ+ਆਬ ਭਾਵ ਸ਼ਰਾਰਤ ਦਾ ਪਾਣੀ ਜਿਸ ਅੰਦਰ ਚਲੇ     ਜਾਂਦਾ ਹੈ, ਇਹ ਹੋਰ ਭੈੜੀਆਂ ਵਾਦੀਆਂ ਨੂੰ ‘ਵਾਜਾਂ ਮਾਰਨ ਲੱਗ ਪੈਂਦਾ ਹੈ। ਤਾਜ਼ੀ ਤਾਜ਼ੀ ਸ਼ਰਾਬ ਛੱਡ ਕੇ ਆਇਆ ਇੱਕ ਨਵਾਂ ਚੇਲਾ ਕਹਿਣ ਲੱਗਾ: ‘ਬਾਬਾ ਜੀ, ਕੋਈ ਦ੍ਰਿਸ਼ਟਾਂਤ ਦੇ ਕੇ ਸਮਝਾਓ, ਜ਼ਰੂਰੀ ਨਹੀਂ ਕਿ ਚੋਰੀਆਂ ਡਾਕੇ ਸ਼ਰਾਬੀ ਹੋ ਕੇ ਹੀ ਕੀਤੀਆਂ ਜਾਣ’। ਸੰਤ ਨੇ ਸਾਖੀ ਛੋਹ ਲਈ: ਭਗਤੋ, ਕੋਈ ਭਲਾ ਪੁਰਸ਼ ਕਿਸੇ ਅਜਨਬੀ ਇਲਾਕੇ ਵਿੱਚ ਚਲਾ ਗਿਆ। ਓਪਰਾ ਦੇਖ ਕੇ ਲੋਕਾਂ ਨੇ ਉਹਨੂੰ ਕਿਲ੍ਹਾਨੁਮਾ ਚਾਰਦੀਵਾਰੀ ਵਿੱਚ ਬੰਦ ਕਰ ਦਿੱਤਾ। ਆਜ਼ਾਦ ਹੋਣ ਲਈ ਉਹ ਚਾਰਦੀਵਾਰੀ ਦੇ ਨਾਲ ਨਾਲ ਤੁਰਨ ਲੱਗਾ ਅਤੇ ਇੱਕ ਦਰਵਾਜ਼ੇ ‘ਤੇ ਜਾ ਪਹੁੰਚਿਆ। ਉੱਥੇ ਸੋਨੇ ਚਾਂਦੀ ਦੀਆਂ ਮੋਹਰਾਂ ਨਾਲ ਭਰੀਆਂ ਬੋਰੀਆਂ ਪਈਆਂ ਸਨ। ਉੱਤੇ ਲਿਖਿਆ ਸੀ: ਚਾਰਦੀਵਾਰੀ ਦਾ ਕੈਦੀ ਬਾਹਰ ਜਾਣਾ ਚਾਹੇ ਤਾਂ ਮੋਹਰਾਂ ਚੋਰੀ ਕਰ ਲਵੇ। ਚੋਰੀ ਦੇ ਨਾਂ ਤੋਂ ਨੇਕ ਆਦਮੀ ਠਠੰਬਰ ਗਿਆ ਅਤੇ ਛੇਤੀ ਦੇਣੀ ਅਗਾਂਹ ਚੱਲ ਪਿਆ। ਅੱਗੇ ਇੱਕ ਦਰਵਾਜ਼ਾ ਹੋਰ ਆਇਆ। ਬੰਦ ਦਰਵਾਜ਼ੇ ਦੇ ਇੱਕ ਪਾਸੇ ਬੱਕਰਾ ਬੰਨ੍ਹਿਆ ਹੋਇਆ ਸੀ ਤੇ ਦੂਜੇ ਪਾਸੇ ਤਲਵਾਰ ਪਈ ਸੀ। ਨਾਲ ਲਿਖਿਆ ਸੀ: ਬਾਹਰ ਜਾਣ ਦਾ ਇੱਛਕ, ਬੱਕਰਾ ਝਟਕਾ ਕੇ ਜਾ ਸਕਦਾ ਹੈ। ਬੰਦੇ ਨੇ ਤਾਂ ਕਦੇ ਕੁੱਤੇ ਦੇ ਡੰਡਾ ਨਹੀਂ ਸੀ ਮਾਰਿਆ, ਫਿਰ ਬੱਕਰਾ ਕਿਹੜੇ ਜਿਗਰੇ ਨਾਲ ਵੱਢ ਦਿੰਦਾ? ਨਿਰਾਸ਼ ਜਿਹਾ ਹੋ ਕੇ ਉਹ ਹੋਰ ਦਰਵਾਜ਼ਾ ਲੱਭਣ ਲੱਗਾ। ਤੀਸਰੇ ਦਰਵਾਜ਼ੇ ਵਾਲਾ ਕੌਤਕ ਦੇਖ ਕੇ ਉਹਦੇ ਹੋਸ਼ ਉੱਡ ਗਏ!... ਸ਼ਰਤ ਲਿਖੀ ਹੋਈ ਸੀ: ਇਸ ਵੇਸਵਾ ਦੀ ਮੰਗ ਪੂਰੀ ਕਰਕੇ ਆਜ਼ਾਦ ਹੋਇਆ ਜਾ ਸਕਦਾ ਹੈ। ਤੋਬਾ ਤੋਬਾ ਕਰਦਾ ਉਹ ਉੱਥੋਂ ਖਿਸਕ ਗਿਆ। ਚੌਥੇ ਦਰਵਾਜ਼ੇ ‘ਤੇ ਪਹੁੰਚਿਆ ਤਾਂ ਵੱਡੇ ਦੇਗੇ ਵਿੱਚੋਂ ਭਾਫਾਂ ਉੱਠ ਰਹੀਆਂ ਸਨ। ਕੋਲ ਹੀ ਪਏ ਕੌਲੇ ਚਮਚੇ ਦੇਖ ਕੇ ਉਹ ਕਾਹਲਾ ਪੈਣ ਲੱਗਾ ਕਿ ਪਹਿਲਾਂ ਪੇਟ ਪੂਜਾ ਕਰ ਲਵਾਂ; ਪਰ ਉੱਥੇ ਲਿਖੀ ਹਦਾਇਤ ਪੜ੍ਹੀ ਤਾਂ ਭੁੱਖ ਉੱਡ-ਪੁੱਡ ਗਈ। ਲਿਖਿਆ ਸੀ: ਮੀਟ ਦਾ ਕੌਲਾ ਛਕੋ ਤੇ ਨਿਜਾਤ ਪਾਓ। ਲਸਣ-ਗੰਢੇ ਤੋਂ ਵੀ ਪਰਹੇਜ਼ ਕਰਨ ਵਾਲਾ ਇਹ ਸੱਜਣ ਨੱਕ ਮੂੰਹ ਵੱਟ ਕੇ ਅੱਗੇ ਤੁਰ ਪਿਆ ਪਰ ਹੁਣ ਆਖ਼ਰੀ ਦਰਵਾਜ਼ਾ ਰਹਿ ਗਿਆ ਸੀ। ਉਹਨੇ ਉਤਸੁਕਤਾ ਨਾਲ ਲਾਗੇ ਪਏ ਸਮਾਨ ਵੱਲ ਨਿਗ੍ਹਾ ਮਾਰੀ। ਕੱਚ ਦੇ         ਮਰਤਬਾਨ ਵਿੱਚ ਸੁਨਹਿਰੀ ਭਾਅ ਮਾਰਦਾ ਪਾਣੀ ਸੀ। ਇਬਾਰਤ ਲਿਖੀ ਹੋਈ ਸੀ: ਮਰਤਬਾਨ ‘ਚੋਂ ਪਿਆਲਾ ਸ਼ਰਾਬ ਦਾ ਪੀਉ ਤੇ ਛੁੱਟੀ ਪਾਉ। ਮੱਥੇ ‘ਤੇ ਹੱਥ ਮਾਰ ਕੇ ਉਹਨੇ ਆਖ਼ਰੀ ਦਰਵਾਜ਼ੇ ‘ਤੇ ਪਏ ਸਮਾਨ ਦੀ ਤੁਲਨਾ ਪਿਛਲੇ ਦਰਵਾਜ਼ਿਆਂ ਨਾਲ ਕੀਤੀ। ਪੀਣੀ ਹੈ ਤਾਂ ਮਾੜੀ ਪਰ ਪਿਛਲੇ ਗੁਨਾਹਾਂ ਨਾਲੋਂ ਇਹ ਕੋਈ ਵੱਡੀ ਨਹੀਂ... ਇੱਕ ਗਲਾਸ ਪੀ ਲੈਂਦਾ ਹਾਂ... ਇੱਥੋਂ ਤਾਂ ਛੁਟਕਾਰਾ ਹੋਊ। ਇਹ ਸੋਚਦਿਆਂ ਉਹਨੇ ਪਿਆਲਾ ਭਰ ਕੇ ਅੰਦਰ ਸੁੱਟ ਲਿਆ। ਕਦੇ ਪੀਤੀ ਨਾ ਹੋਣ ਕਰਕੇ ਪੀਂਦਿਆਂ ਸਾਰ ਨਸ਼ਾ ਚੜ੍ਹਨ ਲੱਗਾ। ਪਤਾ ਹੀ ਨਾ ਲੱਗਾ, ਕਦੋਂ ਇੱਕ ਪਿਆਲਾ ਹੋਰ ਪੀ ਲਿਆ ਹੈ। ਇਸ ਦੇ ਨਾਲ ਹੀ ਉਸ ਨੂੰ ਪਿਛਲੇ ਦਰਵਾਜ਼ੇ ਵਾਲੇ ਕਬਾਬ ਦੀਆਂ ਲਪਟਾਂ ਚੇਤੇ ਆ ਗਈਆਂ। ਲੜਖੜਾਉਂਦੇ ਜਾਂਦੇ ਨੇ ਉੱਥੇ ਜਾ ਕੇ ਮੀਟ ਦੀ ਬਾਟੀ ਛਕ ਲਈ। ਫਿਰ ਸ਼ਬਾਬ ਦਿਸ ਪਿਆ। ਮੁੱਕਦੀ ਗੱਲ਼... ਉਸ ਦੇ ਮਸਤਕ ਵਿਚ ਵਿਕਾਰ ਉਡਾਰੀਆਂ ਮਾਰਨ ਲੱਗੇ।         ਆਪਣੇ ਦੁਸ਼ਮਣ ਨੂੰ ਮਾਰ-ਮੁਕਾਉਣ ਦੀ ਸੋਚਦਿਆਂ ਉਹਨੇ ਬੱਕਰਾ ਵੱਢ ਕੇ ‘ਦਿਲ ਮਜ਼ਬੂਤ’ ਕਰ ਲਿਆ। ਮੋਹਰਾਂ ਦਾ ਲਾਲਚ ਵੀ ਜਾਗ ਪਿਆ। ਸੰਤ ਨੇ ਅਜੇ ਕਥਾ ਮੁਕਾਈ ਹੀ ਸੀ ਕਿ ਨਵਾਂ ਚੇਲਾ ਕਹਿੰਦਾ: ਬਾਬਾ ਜੀ, ਮੈਂ ਗੁੜ ਖਾ ਲਿਆ ਕਰਾਂ? ‘ਹਾਂ’ ਵਿੱਚ ਜਵਾਬ ਮਿਲਣ ‘ਤੇ ਫਿਰ ਬੋਲਿਆ: ਰੋਜ਼ ਸਵੇਰੇ ਕਿੱਕਰ ਦੀ ਦਾਤਣ ਕਰਦਾ ਹਾਂ, ਇਹ ਮਾੜੀ ਤਾਂ ਨਹੀਂ? ਜਵਾਬ ਮਿਲਿਆ: ਕਿੱਕਰ ਦੀ ਦਾਤਣ ਵਿਚ ਕੀ ਮਾੜਾ? ਚੇਲਾ ਚਹਿਕ ਕੇ ਕਹਿੰਦਾ: ਗੁੜ ਤੇ ਕਿੱਕਰ ਦੇ ਸੱਕ ਨਾਲ ਹੀ ਤਾਂ ਸ਼ਰਾਬ    ਬਣਦੀ ਐ। ਜੇ ਇਹ ਦੋਵੇਂ ਵਰਤੇ ਜਾ ਸਕਦੇ ਆ, ਤਾਂ ਸ਼ਰਾਬ ਮਾੜੀ ਕਿਵੇਂ ਹੋ ਗਈ? ਸੰਤ ਨੇ ਥੋੜ੍ਹੀ ਮਿੱਟੀ ਪੁੱਟ ਕੇ ਹੱਥ ‘ਚ ਲਈ। ਥੋੜ੍ਹੀ ਦੂਰ ਖੜ੍ਹੇ ਚੇਲੇ ਨੂੰ ਕਿਹਾ: ਜੇ ਤੇਰੇ ਮਾਰਾਂ ਤਾਂ ਸੱਟ ਲੱਗੂ? ਕਹਿੰਦਾ, ਨਹੀਂ ਜੀ। ਮਿੱਟੀ ‘ਚ ਥੋੜ੍ਹਾ ਪਾਣੀ ਪਾ ਕੇ ਪੇੜਾ ਜਿਹਾ ਬਣਾਉਂਦਿਆਂ ਸੰਤ ਕਹਿੰਦਾ: ਜੇ ਹੁਣ ਮਾਰਾਂ? ਚੇਲਾ ਕਹਿੰਦਾ, ਜੀ ਹੋਣਾ-ਹਵਾਣਾ ਤਾਂ ਕੁੱਝ ਨਹੀਂ, ਬਸ ਕੱਪੜੇ ਹੀ ਖ਼ਰਾਬ ਹੋਣਗੇ। ਸੰਤ ਬੋਲਿਆ: ਜੇ ਮਿੱਟੀ ਦਾ ਇਹੀ ਪੇੜਾ ਅੱਗ ‘ਚ ਪਕਾ ਕੇ ਤੇਰੀ ਪੁੜਪੁੜੀ ਵਿੱਚ ਮਾਰਾਂ, ਫਿਰ...? ਸੰਪਰਕ: 001-408-915-1268

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All