ਨਵਾਂ ਮੰਤਰੀ ਮੰਡਲ

ਨਵਾਂ ਮੰਤਰੀ ਮੰਡਲ

ਨਰਿੰਦਰ ਮੋਦੀ ਦੀ ਅਗਵਾਈ ਵਿਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੂਜੀ ਵਾਰ ਸਰਕਾਰ ਬਣਾਈ ਹੈ। 2014 ਵਾਂਗ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਪ੍ਰਾਪਤ ਹੈ। 2014 ਵਿਚ ਭਾਰਤੀ ਜਨਤਾ ਪਾਰਟੀ ਕੋਲ ਇਕੱਲਿਆਂ 282 ਸੀਟਾਂ ਸਨ ਤੇ ਇਸ ਵਾਰ 303। ਭਾਜਪਾ ਨੂੰ ਕਿਸੇ ਪਾਰਟੀ ਦੇ ਸਹਿਯੋਗ ਦੀ ਜ਼ਰੂਰਤ ਨਹੀਂ ਪਰ ਉਸਨੇ ਸਹਿਯੋਗੀ ਪਾਰਟੀਆਂ ਨੂੰ ਮੰਤਰੀ ਮੰਡਲ ਵਿਚ ਸਥਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਜਨਤਾ ਦਲ (ਯੂਨਾਈਟਿਡ) ਇਸ ਮੰਤਰੀ ਮੰਡਲ ਵਿਚ ਸ਼ਾਮਿਲ ਨਹੀਂ ਹੋਇਆ। ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਪਣੀ ਸਹਿਯੋਗੀ ਪਾਰਟੀਆਂ ਕੋਲ ਕਾਂਗਰਸ ਨਾਲੋਂ ਕਿਤੇ ਜ਼ਿਆਦਾ ਸੁਚੱਜੇ ਢੰਗ ਨਾਲ ਪਹੁੰਚ ਕੀਤੀ ਅਤੇ ਗੱਠਜੋੜ ਬਣਾਇਆ। ਇਹ ਮੰਤਰੀ ਮੰਡਲ ਹਿੰਦੋਸਤਾਨ ਦੇ 130 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਏਸੇ ਨੇ ਤੈਅ ਕਰਨਾ ਹੈ ਕਿ ਆਉਣ ਵਾਲੇ ਵਰ੍ਹਿਆਂ ਵਿਚ ਦੇਸ਼ ਦੀਆਂ ਆਰਥਿਕ, ਸਫ਼ਾਰਤੀ ਅਤੇ ਕੌਮੀ ਤੇ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਨੀਤੀਆਂ ਕਿਹੜੇ ਪਾਸੇ ਵੱਲ ਮੋੜਾ ਕੱਟਣਗੀਆਂ। ਐੱਨਡੀਏ ਦੇ ਪਿਛਲੇ ਪੰਜ ਸਾਲਾਂ ਵਿਚ ਘੱਟਗਿਣਤੀ ਫ਼ਿਰਕਿਆਂ ਵਿਚ ਅਸੁਰੱਖਿਆ ਦੀ ਭਾਵਨਾ ਵਧੀ। ਇਸ ਲਈ ਸਭ ਤੋਂ ਵੱਡਾ ਪ੍ਰਸ਼ਨ ਇਹੀ ਹੈ ਕਿ ਕੀ ਨਵੀਂ ਸਰਕਾਰ ਉਸ ਰੁਝਾਨ ’ਤੇ ਕਾਬੂ ਪਾ ਸਕੇਗੀ ਜਾਂ ਨਹੀਂ। ਏਸੇ ਤਰ੍ਹਾਂ ਬੇਰੁਜ਼ਗਾਰੀ ਇਕ ਵੱਡਾ ਮੁੱਦਾ ਹੈ ਅਤੇ 2017-18 ਦੌਰਾਨ ਬੇਰੁਜ਼ਗਾਰੀ ਦਰ 6.1 ਫ਼ੀਸਦ ਹੋ ਗਈ ਜੋ ਪਿਛਲੇ 45 ਸਾਲਾਂ ਦੌਰਾਨ ਸਭ ਤੋਂ ਵੱਧ ਸੀ; ਇਨ੍ਹਾਂ ਅੰਕੜਿਆਂ ਨੂੰ ਲੁਕਾ ਛਿਪਾ ਕੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਗਈ। ਏਸੇ ਤਰ੍ਹਾਂ ਲੋਕ ਇਹ ਜਾਨਣਾ ਚਾਹੁਣਗੇ ਕਿ ਪਿਛਲੀ ਸਰਕਾਰ ਦੌਰਾਨ ‘ਭਾਰਤ ਵਿਚ ਬਣਾਓ (ਮੇਕ ਇਨ ਇੰਡੀਆ)’ ਮੁਹਿੰਮ ਦੇ ਕੀ ਸਿੱਟੇ ਨਿਕਲੇ। ਦੇਸ਼ ਦੇ ਕਿਸਾਨ ਲਗਾਤਾਰ ਘਟਦੀ ਆਮਦਨ ਤੇ ਕਰਜ਼ਿਆਂ ਨਾਲ ਜੂਝ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਖ਼ਾਸ ਧਿਆਨ ਦਿੱਤਾ ਜਾਏ। ਇਸ ਵਾਰ ਵਜ਼ਾਰਤ ਨੂੰ ਸਹੁੰ ਚੁਕਾਏ ਜਾਣ ਵਾਲਾ ਸਮਾਗਮ ਪਿਛਲੇ ਸਾਰੇ ਸਮਾਗਮਾਂ ਤੋਂ ਵੱਡਾ ਸੀ ਅਤੇ ਇਸ ਦੇ ਕਈ ਨਵੇਂ ਪਹਿਲੂ ਸਨ: ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐੱਫ਼. ਜਵਾਨਾਂ ਤੇ ਪੱਛਮੀ ਬੰਗਾਲ ਵਿਚ ਚੋਣਾਂ ਦੌਰਾਨ ਤੇ ਚੋਣਾਂ ਤੋਂ ਬਾਅਦ ਹਿੰਸਾ ਦੇ ਸ਼ਿਕਾਰ ਹੋਏ ਭਾਜਪਾ ਦੇ ਕਾਰਕੁਨਾਂ ਦੇ ਪਰਿਵਾਰਾਂ ਨੂੰ ਸੱਦੇ ਜਾਣਾ; ਦੂਸਰੇ ਦੇਸ਼ਾਂ ਦੇ ਕਈ ਮੁਖੀਆਂ ਦੀ ਸ਼ਮੂਲੀਅਤ ਜਿਨ੍ਹਾਂ ਵਿਚ ਪਾਕਿਸਤਾਨ ਸ਼ਾਮਿਲ ਨਹੀਂ। ਇਨ੍ਹਾਂ ਪਹਿਲੂਆਂ ਦੇ ਸਿਆਸੀ ਸੰਕੇਤ ਸਭ ਲਈ ਪ੍ਰਤੱਖ ਹਨ ਤੇ ਇਹ ਇਕ ਨਵੀਂ ਤਰ੍ਹਾਂ ਦੀ ਸਿਆਸਤ ਦਾ ਆਰੰਭ ਹੈ। ਪੁਰਾਣੇ ਮੰਤਰੀਆਂ ਦੇ ਨਾਲ ਨਾਲ ਇਸ ਵਾਰ ਮੰਤਰੀ ਮੰਡਲ ਵਿਚ ਬਹੁਤ ਸਾਰੇ ਨਵੇਂ ਮੰਤਰੀ ਵੀ ਲਏ ਗਏ ਹਨ, ਜਿਨ੍ਹਾਂ ਵਿਚੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਪ੍ਰਮੁੱਖ ਹਨ। ਵੱਖ ਵੱਖ ਸ਼ੋਹਬਿਆਂ ਦੇ ਮਾਹਿਰਾਂ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਗਿਆ ਹੈ ਤੇ ਉਨ੍ਹਾਂ ਵਿਚ ਸਾਬਕਾ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਦਾ ਨਾਂ ਬਹੁਤ ਮਹੱਤਵਪੂਰਨ ਹੈ। ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਤੇ ਹਰਦੀਪ ਪੁਰੀ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਬਹੁਤ ਸਾਰੇ ਮੰਤਰੀ ਇਸ ਮੰਤਰੀ ਮੰਡਲ ਵਿਚ ਪਹਿਲੀ ਵਾਰ ਆਏ ਹਨ ਜਿਨ੍ਹਾਂ ਵਿਚ ਅਮਿਤ ਸ਼ਾਹ ਤੋਂ ਇਲਾਵਾ ਕੈਲਾਸ਼ ਚੌਧਰੀ, ਰੀਤਾ ਬਹੁਗੁਣਾ ਜੋਸ਼ੀ, ਜੀ ਕ੍ਰਿਸ਼ਨ ਰੈਡੀ ਅਤੇ ਦੇਬੋਸ੍ਰੀ ਚੌਧਰੀ ਆਦਿ ਸ਼ਾਮਿਲ ਹਨ। ਪਿਛਲੀ ਸਰਕਾਰ ਵਿਚ ਵੱਡੇ ਮਹਿਕਮੇ ਸੰਭਾਲਦੇ ਰਹੇ ਅਰੁਨ ਜੇਤਲੀ ਤੇ ਸੁਸ਼ਮਾ ਸਵਰਾਜ ਖ਼ਰਾਬ ਸਿਹਤ ਕਾਰਨ ਇਸ ਵਾਰ ਮੰਤਰੀ ਮੰਡਲ ਵਿਚ ਨਹੀਂ ਹੋਣਗੇ। ਕੁਝ ਹੋਰ ਤਜਰਬੇਕਾਰ ਮੰਤਰੀਆਂ ਨੂੰ ਵੀ ਨਵੀਂ ਸਿਆਸੀ ਬਣਤਰ ਵਿਚ ਥਾਂ ਨਹੀਂ ਮਿਲੀ। ਜਮਹੂਰੀਅਤ ਸਰਕਾਰਾਂ ਲੋਕਾਂ ਦੀਆਂ ਵੋਟਾਂ ਦੀ ਬਹੁਗਿਣਤੀ ਮਿਲਣ ਨਾਲ ਬਣਦੀਆਂ ਹਨ ਤੇ ਲੋਕ ਆਸ ਕਰਦੇ ਹਨ ਕਿ ਉਨ੍ਹਾਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਜਾਣ। ਰਾਸ਼ਟਰਵਾਦ, ਪਾਕਿਸਤਾਨ-ਵਿਰੋਧ ਤੇ ਘੱਟਗਿਣਤੀਆਂ ਪ੍ਰਤੀ ਅਵਿਸ਼ਵਾਸ ਦੀ ਭਾਵਨਾਵਾਂ ਵੋਟਾਂ ਤਾਂ ਦਿਵਾ ਸਕਦੀਆਂ ਹਨ ਪਰ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ। ਇਹ ਸਮਾਂ ਹੀ ਦੱਸੇਗਾ ਕਿ ਭਾਜਪਾ ਇਸ ਸਰਕਾਰ ਨੂੰ ਪਿਛਲੇ ਪੰਜ ਸਾਲਾਂ ਵਾਲੇ ਢੱਰੇ ’ਤੇ ਚਲਾਉਂਦੀ ਹੈ ਜਾਂ ਕਿਸੇ ਨਵੇਂ ਤਰੀਕੇ ਨਾਲ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All