ਧਨੁਸ਼ ਤੋੜਨ ਵਾਲਾ ਕਦੋਂ ਆਵੇਗਾ!

ਗੁਰਦੀਪ ਢੁੱਡੀ

ਇਹ ਗੱਲ 1983 ਦੀ ਹੈ। ਮੇਰੀ ਤਾਇਨਾਤੀ ਸਰਕਾਰੀ ਹਾਈ ਸਕੂਲ ਬੋਦੀਵਾਲਾ ਖੜਕ ਸਿੰਘ ਵਿਖੇ ਸੀ। ਦੋ ਅਧਿਆਪਕ ਉਸੇ ਪਿੰਡ ਦੇ ਹੀ ਸਨ। ਬਾਕੀ ਦੇ ਬਹੁਤੇ ਅਧਿਆਪਕ ਵੀ ਨੇੜੇ ਤੇੜੇ ਦੇ ਪਿੰਡਾਂ ਤੋਂ ਆਉਂਦੇ ਸਨ। ਸਕੂਲ ਬਹੁਤ ਪੁਰਾਣਾ ਸੀ ਅਤੇ ਇਸ ਦੀ ਬਹੁਤੀ ਇਮਾਰਤ ਖ਼ਸਤਾ ਹੋ ਚੁੱਕੀ ਸੀ। ਤਿੰਨ ਕਮਰੇ ਤਾਂ ਇੰਨੇ ਖ਼ਸਤਾ ਹੋ ਚੁੱਕੇ ਸਨ ਕਿ ਅਸੀਂ ਇਨ੍ਹਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਸੀ। ਸਕੂਲ ਦੀ ਇਹ ਇਮਾਰਤ ਸਰਕਾਰ ਨੇ ਬਣਾਈ ਸੀ, ਇਸ ਲਈ ਨਿਯਮਾਂ ਅਨੁਸਾਰ ਇਮਾਰਤ ਨੂੰ ਢਾਹੁਣ ਜਾਂ ਇਸ ਦੀ ਮੁਰੰਮਤ ਕਰਨ ਦਾ ਕੰਮ ਸਰਕਾਰ ਦੇ ਪੀਡਬਲਿਯੂਡੀ (ਸੜਕਾਂ ਤੇ ਇਮਾਰਤਾਂ) ਨੇ ਹੀ ਕਰਨਾ ਸੀ। ਸਕੂਲ ਵੱਲੋਂ ਇਮਾਰਤ ਬਾਰੇ ਸਬੰਧਤ ਵਿਭਾਗ ਨੂੰ ਚਿੱਠੀ ਪੱਤਰ ਕੀਤਾ ਜਾਂਦਾ ਤਾਂ ਇੰਨਾ ਕੁ ਅਸਰ ਹੁੰਦਾ ਕਿ ਵਿਭਾਗ ਦਾ ਕਰਮਚਾਰੀ/ਅਧਿਕਾਰੀ ਸਕੂਲ ਆਉਂਦਾ ਅਤੇ ਇਮਾਰਤ ਦਾ ਮੁਆਇਨਾ ਕਰਕੇ ‘ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ’ ਦਾ ਭਰੋਸਾ ਦੇ ਕੇ ਚਲਾ ਜਾਂਦਾ ਪਰ ਉਨ੍ਹਾਂ ਦੀ ‘ਇਹ ਜਲਦੀ’ ਕਦੇ ਵੀ ਨਾ ਆਉਂਦੀ ਅਤੇ ਅਸੀਂ ਸਕੂਲ ਵਾਲੇ ਊਠ ਦੇ ਬੁੱਲ੍ਹ ਦੇ ਡਿੱਗਣ ਦੀ ਉਡੀਕ ਕਰਦੇ ਰਹਿੰਦੇ ਜਿਹੜਾ ਮੇਰੇ ਉੱਥੋਂ ਬਦਲੀ ਕਰਵਾ ਕੇ ਆਉਣ ਤੱਕ ਨਹੀਂ ਡਿੱਗਿਆ ਸੀ। ਇਸੇ ਤਰ੍ਹਾਂ ਹੀ ਜਦੋਂ ਇਕ ਦਿਨ ਵਿਭਾਗ ਦਾ ਅਧਿਕਾਰੀ ਇਮਾਰਤ ਦੇਖਣ ਵਾਸਤੇ ਆਇਆ ਤਾਂ ਇਤਫ਼ਾਕਨ ਉਸ ਸਮੇਂ ਸਕੂਲ ਵਿਚ ਅੱਧੀ ਛੁੱਟੀ ਦਾ ਸਮਾਂ ਸੀ। ਸਕੂਲ ਵਿਚ ਦੋ ਇਸਤਰੀ ਅਧਿਆਪਕਾਵਾਂ ਸਨ ਅਤੇ ਬਾਕੀ ਅਸੀਂ ਮਰਦ ਅਧਿਆਪਕ ਸਾਂ। ਮਰਦ ਅਧਿਆਪਕ ਅੱਧੀ ਛੁੱਟੀ ਸਮੇਂ ਇਕੱਠੇ ਬੈਠ ਕੇ ਰੋਟੀ ਪਾਣੀ ਖਾਇਆ ਪੀਆ ਕਰਦੇ ਸਾਂ। ਇਹ ਅਧਿਕਾਰੀ ਸਾਡੇ ਕੋਲ ਹੀ ਆ ਗਿਆ। ਮੁੱਖ ਅਧਿਆਪਕ ਨੇ ਸੇਵਾਦਾਰ ਨੂੰ ਚਾਹ ਲਿਆਉਣ ਲਈ ਆਖ ਕੇ ਅਧਿਕਾਰੀ ਨੂੰ ਸਤਿਕਾਰ ਸਹਿਤ ਬਿਠਾਇਆ। ਇਮਾਰਤ ਦੇ ਖ਼ਸਤਾ ਹਾਲ ਹੋਣ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਥਾਂ ਨਾ ਹੋਣ ਦੀ ਗੱਲ ਚੱਲੀ ਤਾਂ ਅਧਿਕਾਰੀ ਨੇ ਆਖਿਆ, “ਮੈਂ ਅੱਜ ਆਇਆ ਹਾਂ, ਜਲਦੀ ਹੀ ਇਹ ਮਸਲਾ ਹੱਲ ਕਰ ਦੇਵਾਂਗੇ।” ਗੱਲ ਅਜੇ ਉਸ ਨੇ ਪੂਰੀ ਵੀ ਨਹੀਂ ਕੀਤੀ ਸੀ ਕਿ ਪਿੰਡ ਵਿਚ ਹੀ ਰਹਿੰਦਾ ਸਕੂਲ ਦਾ ਸੀਨੀਅਰ ਅਧਿਆਪਕ ਦਲੀਪ ਸਿੰਘ ਸਿੱਧੂ ਉੱਠ ਕੇ ਖੜ੍ਹਾ ਹੋ ਗਿਆ। ਉਸ ਨੇ ਆਪਣੇ ਅੰਦਾਜ਼ ਵਿਚ ਕਹਿਣਾ ਸ਼ੁਰੂ ਕੀਤਾ, “ਭਾਈ ਸਾਹਿਬ, ਛੋਟੇ ਹੁੰਦਿਆਂ ਅਸੀਂ ਰਾਮ ਲੀਲ੍ਹਾ ਦੇਖਣ ਵਾਸਤੇ ਸ਼ਹਿਰ ਜਾਂਦੇ ਹੁੰਦੇ ਸਾਂ। ਰਾਮ ਲੀਲ੍ਹਾ ਵਿਚ ਸੀਤਾ ਸਵੰਬਰ ਦਾ ਸੀਨ ਆਉਂਦਾ ਸੀ। ਸੀਤਾ ਨੂੰ ਵਿਆਹੁਣ ਵਾਸਤੇ ਬਹੁਤ ਸਾਰੇ ਰਾਜੇ ਆਏ ਹੋਏ ਸਨ। ਸੀਤਾ ਦੇ ਪਿਤਾ ਰਾਜਾ ਜਨਕ ਦੁਆਰਾ ਰੱਖੀ ਸ਼ਰਤ ਅਨੁਸਾਰ ਜਿਹੜਾ ਰਾਜਾ ਸਾਹਮਣੇ ਰੱਖੇ ਹੋਏ ਧਨੁਸ਼ ਨੂੰ ਤੋੜੇਗਾ, ਉਸੇ ਨਾਲ ਸੀਤਾ ਦਾ ਵਿਆਹ ਕੀਤਾ ਜਾਵੇਗਾ। ਸਾਰੇ ਰਾਜੇ ਆਪਣੀ ਆਪਣੀ ਵਾਰੀ ਧਨੁਸ਼ ਕੋਲ ਆਉਂਦੇ ਹਨ ਅਤੇ ਧਨੁਸ਼ ਤੋੜਨ ਲਈ ਜ਼ੋਰ ਲਾਉਣ ਦਾ ਪਾਖੰਡ ਜਿਹਾ ਕਰਦੇ ਹਨ। ਧਨੁਸ਼ ਟੁੱਟਦਾ ਨਹੀਂ ਹੈ ਅਤੇ ਤਮਾਸ਼ਬੀਨ ਹੱਸਦੇ ਹਨ। ਅਖੀਰ ਨੂੰ ਸ੍ਰੀ ਰਾਮ ਚੰਦਰ ਜੀ ਆਉਂਦੇ ਹਨ ਅਤੇ ਉਹ ਧਨੁਸ਼ ਤੋੜਦੇ ਹਨ। ਸ੍ਰੀ ਰਾਮ ਚੰਦਰ ਦੀ ਜੈ-ਜੈਕਾਰ ਹੁੰਦੀ ਹੈ। ਅਸੀਂ ਹੁਣ ਇੱਥੇ ਤਮਾਸ਼ਬੀਨ ਨਹੀਂ ਹਾਂ ਸਗੋਂ ਅਸੀਂ ਤਾਂ ਲੋੜਵੰਦ ਹਾਂ। ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀ ਇਮਾਰਤ ਵੇਖਣ ਵਾਸਤੇ ਆਏ ਹਨ ਅਤੇ ਮੁਆਇਨਾ ਕਰਕੇ ਚਲੇ ਗਏ ਹਨ। ਹਰ ਵਾਰੀ ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਲਦੀ ਹੀ ਇਮਾਰਤ ਠੀਕ ਹੋ ਜਾਵੇਗੀ ਪਰ ਇਹ ਠੀਕ ਨਹੀਂ ਹੋਈ। ਬੱਚਿਆਂ ਦੇ ਬੈਠਣ ਲਈ ਕਮਰੇ ਨਹੀਂ ਹਨ ਅਤੇ ਉਹ ਪਾਲ਼ੇ ਨਾਲ ਠੁਰ ਠੁਰ ਕਰਦੇ ਹਨ। ਕ੍ਰਿਪਾ ਕਰਕੇ ਇਹ ਦੱਸੋ ਕਿ ਸਾਡੀ ਇਮਾਰਤ ਬਣਾਉਣ ਵਾਲਾ ਰਾਮ ਚੰਦਰ ਕਦੋਂ ਆਵੇਗਾ? ਇਮਾਰਤ ਬਣਾਉਣ ਦਾ ਧਨੁਸ਼ ਉਹ ਤੋੜੇਗਾ ਅਤੇ ਅਸੀਂ ਵੀ ਉਸ ਦੀ ਜੈ-ਜੈਕਾਰ ਕਰਾਂਗੇ।” ਅਸੀਂ ਸਾਰੇ ਜਣੇ ਹੱਸ ਪੈਂਦੇ ਹਾਂ। ਦਲੀਪ ਸਿੰਘ ਸਿੱਧੂ ਦੀ ਗੱਲ ਹਾਸੇ ਵਾਲੀ ਨਹੀਂ ਸੀ। ਇਹ ਗੱਲ ਹੁਣ ਵੀ ਗੌਰ ਕਰਨ ਵਾਲੀ ਹੈ। ਹੁਣ ਦੀਆਂ ਸਰਕਾਰਾਂ ਦੁਆਰਾ ਆਮ ਜਨਤਾ ਦੀਆਂ ਜ਼ਰੂਰਤਾਂ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਪ੍ਰਤੀ ਅਪਣਾਏ ਜਾਂਦੇ ਵਤੀਰੇ ਵੇਲੇ ਸ੍ਰੀ ਸਿੱਧੂ ਦੁਆਰਾ ਕੀਤੀ ਹੋਈ ਗੱਲ ਚੇਤੇ ਆ ਜਾਂਦੀ ਹੈ। ਮਸਲਾ ਭਾਵੇਂ ਕੋਈ ਵੱਡਾ ਹੋਵੇ, ਭਾਵੇਂ ਛੋਟਾ ਹੋਵੇ; ਜੇ ਇਸ ਦਾ ਸਬੰਧ ਕੇਵਲ ਜਨਤਾ ਨਾਲ ਹੀ ਹੋਵੇ (ਮੰਤਰੀਆਂ ਜਾਂ ਸੰਤਰੀਆਂ ਨਾਲ ਨਹੀਂ) ਤਾਂ ਐੱਮਐੱਲਏ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰ ਇਕ ਵੱਲੋਂ ‘ਜਲਦੀ ਹੀ ਮਸਲਾ ਹੱਲ ਕਰ ਲਿਆ ਜਾਵੇਗਾ’ ਦਾ ਭਰੋਸਾ ਦਿਵਾਇਆ ਜਾਂਦਾ ਹੈ ਪਰ ਉਨ੍ਹਾਂ ਦੀ ਇਹ ਜਲਦੀ ਉਸ ਸਰਕਾਰ ਦੇ ਸਮੇਂ ਦੇ ਪੰਜ ਸਾਲਾਂ ਵਿਚ ਤਾਂ ਆਉਂਦੀ ਨਹੀਂ ਹੈ। ਜੇ ਵੋਟਾਂ ਵੇਲੇ ਜਨਤਾ ਉਨ੍ਹਾਂ ਨੇਤਾਵਾਂ ਦੁਆਰਾ ਦਿੱਤਾ ਹੋਇਆ ਉਹ ਭਰੋਸਾ ਯਾਦ ਕਰਵਾਉਂਦੀ ਹੈ ਤਾਂ ਅੱਗਿਓਂ ਇਹ ਆਖਿਆ ਜਾਂਦਾ ਹੈ ਕਿ ਤੁਸੀਂ ਵੋਟਾਂ ਪਾ ਕੇ ਇਸ ਵਾਰੀ ਫਿਰ ਸਾਨੂੰ ਜਿਤਾਓ, ਸਾਰੇ ਮਸਲੇ ਆਉਣ ਵਾਲੇ ਪੰਜ ਸਾਲਾਂ ਵਿਚ ਹੱਲ ਕਰ ਦੇਵਾਂਗੇ। ਇਸੇ ਕਰਕੇ ਤਾਂ ਦਲੀਪ ਸਿੰਘ ਸਿੱਧੂ ਦੁਆਰਾ ਧਨੁਸ਼ ਤੋੜਨ ਵਾਲੇ ਦੇ ਕਦੋਂ ਆਉਣ ਵਾਲੀ ਗੱਲ ਫਿਰ ਚੇਤੇ ਆ ਜਾਂਦੀ ਹੈ।

ਸੰਪਰਕ: 95010-20731

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All