
ਦਰਸ਼ਨ ਸਿੰਘ ਆਵਾਰਾ ਦਾ ਨਾਂ ਇਨਕਲਾਬੀ ਸਾਹਿਤਕਾਰਾਂ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਗਿਣਿਆ ਜਾਂਦਾ ਹੈ। ਉਸ ਦਾ ਜਨਮ ਪਿੰਡ ਕਾਲਾ ਗੁਜਰਾਂ, ਜ਼ਿਲ੍ਹਾ ਜਿਹਲਮ ਵਿਖੇ ਇੱਕ ਗੁਰਮੁਖ ਪਰਿਵਾਰ ਵਿੱਚ ਭਾਈ ਅਤਰ ਸਿੰਘ ਦੇ ਘਰ 30 ਦਸੰਬਰ 1906 ਨੂੰ ਹੋਇਆ ਸੀ। ਆਵਾਰਾ ਦੀ ਕਵਿਤਾ ਦਾ ਜਨਮ ਭਾਰਤ ਦੇ ਗ਼ੁਲਾਮ ਨਿਜ਼ਾਮ ਦੇ ਵਿਰੋਧ ਵਿੱਚੋਂ ਹੋਇਆ ਜਿਸ ਨੇ ਹਰ ਪ੍ਰਕਾਰ ਦੀ ਗ਼ੁਲਾਮੀ ਤੇ ਹੱਦਬੰਦੀ ਨੂੰ ਤੋੜ ਦੇਣ ਦੀ ਸੁਰ ਅਖ਼ਤਿਆਰ ਕੀਤੀ। ਉਸ ਦੀ ਕਵਿਤਾ ਇਹ ਦਰਸਾਉਂਦੀ ਹੈ ਕਿ ਉਹ ਅੰਗਰੇਜ਼ੀ ਸਰਕਾਰ ਦੇ ਉਸਾਰੇ ਗ਼ੁਲਾਮੀ ਅਤੇ ਜ਼ਿੱਲਤ ਭਰੇ ਨਿਜ਼ਾਮ ਨੂੰ ਢਹਿ-ਢੇਰੀ ਕਰਨ ਦੀ ਲੋਚਾ ਰੱਖਦਾ ਹੈ। ਉਸ ਦੀ ਕਵਿਤਾ ਦੇ ਬੋਲ ਜੋਸ਼ ਨਾਲ ਭਰੇ ਹੋਏ ਹਨ। ਉਸ ਦੀ 1924 ਵਿੱਚ ਛਪੀ ਪਹਿਲੀ ਕ੍ਰਿਤ 'ਬਿਜਲੀ ਦੀ ਕੜਕ' ਅੰਗਰੇਜ਼ੀ ਸਰਕਾਰ ਦੇ ਕਾਲੇ ਕਾਨੂੰਨਾਂ ਅਤੇ ਲੋਟੂ ਕਾਰਨਾਮਿਆਂ ਵਿਰੁੱਧ ਲੋਕ-ਆਵਾਜ਼ ਬਣੀ ਪਰ ਅੰਗਰੇਜ਼ ਸਰਕਾਰ ਨੇ ਇਸ ਨੂੰ ਜ਼ਬਤ ਕਰ ਲਿਆ। ਉਸ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਕਵਿਤਾ ਨੂੰ ਲੋਕਾਂ ਤਕ ਪਹੁੰਚਦੀ ਕਰਨ ਲਈ ਨਾਂ ਬਦਲਦਾ ਰਿਹਾ। ਪੰਜਾਬੀ ਸਾਹਿਤ ਵਿੱਚ ਆਵਾਰਾ ਦੀ ਦਸਤਕ ਕਵੀ ਦਰਬਾਰ ਰਾਹੀਂ ਹੋਈ। ਉਸ ਕਾਲ ਦੌਰਾਨ ਸਟੇਜੀ ਕਵਿਤਾ ਆਪਣੇ ਸਿਖਰ 'ਤੇ ਸੀ। ਆਪਣੀ ਵਿਚਾਰਧਾਰਕ ਸੇਧ ਅਤੇ ਗ਼ਜ਼ਲ ਲਿਖਣ ਵਿੱਚ ਨਿਪੁੰਨ ਹੋਣ ਕਰਕੇ ਉਹ ਆਪ ਵੀ ਸਟੇਜੀ ਕਵਿਤਾ ਦਾ ਉਲੇਖਯੋਗ ਹਸਤਾਖਰ ਬਣਿਆ ਰਿਹਾ ਹੈ। ਸਟੇਜੀ ਕਵਿਤਾ ਜ਼ਰੀਏ ਉਸ ਨੇ ਆਪਣੇ ਅਨੁਭਵਾਂ ਨੂੰ ਵਿਅਕਤ ਕੀਤਾ ਜਿਹੜੇ ਉਸ ਨੇ ਗ਼ੁਲਾਮ ਨਿਜ਼ਾਮ ਵਿੱਚ ਹੰਢਾਏ ਸਨ। ਉਸ ਨੇ ਲੋਕ-ਮਨ ਵਿੱਚ ਗ਼ੁਲਾਮੀ ਦੇ ਨਿਜ਼ਾਮ ਨੂੰ ਉਖਾੜ ਦੇਣ ਦੀ ਚੇਤਨਾ ਭਰੀ। ਉਸ ਦੀ ਕਵਿਤਾ ਨੇ ਭਾਰਤੀਆਂ ਨੂੰ ਨੌਕਰਸ਼ਾਹੀ ਦੇ ਜ਼ੁਲਮਾਂ ਨੂੰ ਨਸ਼ਰ ਕਰਨ, ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ, ਦੇਸ਼ ਦੀ ਆਜ਼ਾਦੀ ਲਈ ਮਰਜੀਵੜੇ ਬਣਨ ਦੀ ਪ੍ਰੇਰਨਾ ਦਿੱਤੀ। ਸੁਤੰਤਰਤਾ ਲਈ ਪੈਦਾ ਹੋਈਆਂ ਇਨਕਲਾਬੀ ਲਹਿਰਾਂ ਦੇ ਹੱਕ ਵਿੱਚ ਕਵਿਤਾ ਸਿਰਜਣੀ ਅਤੇ ਉਸ ਦੀ ਸੁਰ-ਸਾਧਨਾ ਨੂੰ ਪ੍ਰਚੰਡ ਕਰਨਾ ਉਸ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਗੁਣ ਰਿਹਾ ਹੈ। ਉਸ ਨੇ ਆਪਣੀ ਕਾਵਿ-ਪ੍ਰਤਿਭਾ ਨੂੰ ਇਨਕਲਾਬੀ ਚੇਤਨਾ ਦੇ ਲੇਖੇ ਲਾਇਆ ਅਤੇ ਇਸ ਚੇਤੰਨਤਾ ਨੂੰ ਲੋਕ-ਮੰਚ ਦੇ ਜ਼ਰੀਏ ਹਰੇਕ ਇਨਕਲਾਬੀ ਦੀ ਰੂਹ ਦਾ ਰਾਗ ਬਣਾ ਦਿੱਤਾ। ਆਵਾਰਾ ਦੀ ਕਵਿਤਾ ਤੋਂ ਧਰਮ ਦੇ ਮਖੌਟੇ ਹੇਠ ਕਾਰਜਸ਼ੀਲ ਹੈਵਾਨੀਅਤ ਵੀ ਗੁੱਝੀ ਨਾ ਰਹਿ ਸਕੀ। ਉਸ ਨੇ ਧਰਮ ਦੇ ਠੇਕੇਦਾਰਾਂ ਨੂੰ ਆਪਣੀ ਬਾਗ਼ੀਆਨਾ ਕਵਿਤਾ ਜ਼ਰੀਏ ਨਕਾਰਿਆ ਹੈ। ਆਜ਼ਾਦੀ ਪਿੱਛੋਂ ਉਸ ਦੀ ਕਵਿਤਾ ਦਾ ਰੁਖ਼ ਉਸ ਸੱਚ ਦਾ ਪਰਦਾਫ਼ਾਸ਼ ਕਰਨ ਵੱਲ ਸੇਧਿਤ ਹੋਇਆ ਜਿਸ ਨੂੰ ਉਸ ਨੇ ਆਜ਼ਾਦ ਭਾਰਤ ਵਿੱਚ ਗ਼ੁਲਾਮੀ ਹੰਢਾਉਂਦੇ ਕਿਰਤੀ-ਮਜ਼ਦੂਰਾਂ ਦੇ ਜੀਵਨ ਵਿੱਚ ਦੇਖਿਆ ਸੀ। ਗ਼ੈਰਾਂ ਅਤੇ ਆਪਣਿਆਂ ਦੀ ਪਰਿਭਾਸ਼ਾ ਨੂੰ ਸੁਲਝਾਉਂਦੀ ਉਸ ਦੀ ਕਵਿਤਾ ਸੁਤੰਤਰ ਭਾਰਤ ਦੀ ਸਰਕਾਰ ਵਿਰੁੱਧ ਰੋਸੇ ਅਤੇ ਉਲਾਂਭੇ ਦਿੰਦੀ ਹੈ। ਉਸ ਦੀ ਕਵਿਤਾ ਦੀ ਬਗ਼ਾਵਤ ਉਸ ਨਿਜ਼ਾਮ ਦੇ ਵਿਰੁੱਧ ਹੈ ਜਿਹੜਾ ਮਾਨਵ ਨੂੰ ਮਾਨਵਤਾ ਨਾਲੋਂ ਅਤੇ ਜ਼ਿੰਦਗੀ ਨੂੰ ਜੀਵਨ-ਰਸ ਨਾਲੋਂ, ਮਨੁੱਖ ਨੂੰ ਸਹਿਚਾਰ ਨਾਲੋਂ ਤੇ ਜਵਾਨੀ ਨੂੰ ਗਿਆਨ ਨਾਲੋਂ ਤੋੜ ਕੇ ਆਪਣੇ ਆਸ਼ਿਆਂ ਦੀ ਪੂਰਤੀ ਲਈ ਬੇਲਗ਼ਾਮ ਦੌੜ ਰਿਹਾ ਹੈ ਅਤੇ ਮਾਨਵਤਾ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਗ਼ੁਲਾਮ ਬਣਾ ਕੇ ਜੀਵਨ ਦੀ ਜੀਵੰਤਤਾ ਤੋਂ ਦੂਰ ਧੱਕ ਰਿਹਾ ਹੈ। ਇਹ ਇਨਕਲਾਬੀ ਕਵੀ 10 ਦਸੰਬਰ 1982 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਪੰਜਾਬੀ ਸਾਹਿਤ ਜਗਤ ਵਿੱਚ ਆਪਣੇ ਅਨਮੋਲ ਵਿਚਾਰਾਂ ਕਰਕੇ ਅੱਜ ਵੀ ਜਿਊਂਦਾ ਹੈ। -ਰਮਨਦੀਪ ਕੌਰ ਜੰਡੂ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ