ਤਜਰਬੇਕਾਰ ਉਮੀਦਵਾਰਾਂ ਦੀ ਘਾਟ

ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਪਰ ਉਸ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਇਹ ਸਲਾਹ ਦਿੱਤੀ ਹੈ ਕਿ ਉਹ ਇਹ ਚੋਣਾਂ ਨਾ ਲੜੇ। ਪਰਿਵਾਰਵਾਦ ਦੇ ਇਸ ਯੁੱਗ ਵਿਚ ਕੋਈ ਸਿਆਸਤਦਾਨ ਆਪਣੇ ਪੁੱਤਰ ਨੂੰ ਅਜਿਹੀ ਸਲਾਹ ਘੱਟ ਹੀ ਦਿੰਦਾ ਹੈ। ਇਸ ਸਲਾਹ ਵਿਚ ਅਕਾਲੀ ਦਲ ਵਿਚ ਚੱਲ ਰਹੇ ਅੰਤਰ-ਦਵੰਧ ਦਾ ਅਕਸ ਝਲਕਦਾ ਹੈ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਮੰਗ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਅਕਾਲੀ ਦਲ ਲਗਾਤਾਰ ਦਸ ਵਰ੍ਹੇ ਸੱਤਾ ਵਿਚ ਰਿਹਾ ਹੈ। ਲਗਾਤਾਰ ਸੱਤਾ ਵਿਚ ਰਹਿਣ ਕਰਕੇ ਅਕਾਲੀ ਆਗੂ ਲੋਕਾਂ ਤੋਂ ਦੂਰ ਹੋਏ ਅਤੇ ਅਕਾਲੀ ਦਲ ਦੇ ਪੁਰਾਣੇ ਜਥੇਦਾਰਾਂ ਵਾਲੀ ਲੋਕ-ਨੇੜਤਾ ਦੀ ਸਾਖ਼ ਨੂੰ ਖ਼ੋਰਾ ਲੱਗਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ਇੰਨੀ ਮਾੜੀ ਸੀ ਕਿ ਉਹ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ਵੀ ਨਾ ਬਣ ਸਕਿਆ। ਇਹ ਰਾਏ ਵੀ ਆਮ ਪਾਈ ਜਾਂਦੀ ਹੈ ਕਿ ਜੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਹੋਰ ਜ਼ਿੰਮੇਵਾਰੀ ਨਾਲ ਚੋਣਾਂ ਲੜਦੀ ਤਾਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਕਿਤੇ ਵਧੀਆ ਹੋ ਸਕਦੀ ਸੀ। ਪਰ ਚੋਣਾਂ ਵਿਚ ਹਾਰ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ। ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਹੋਰ ਪ੍ਰਮੁੱਖ ਆਗੂਆਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅਕਾਲੀ ਦਲ (ਟਕਸਾਲੀ) ਬਣਾਇਆ। ਅਕਾਲੀ ਦਲ ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਤੇ ਲੋਕਾਂ ਵਿਚਕਾਰ ਵਧੀ ਦੂਰੀ ਅਤੇ ਲੋਕ ਵਿਰੋਧ ਦੇ ਪਾਸਾਰ ਇੰਨੇ ਵੱਡੇ ਹਨ ਕਿ ਅਕਾਲੀ ਦਲ ਵਰਗੀ ਇਤਿਹਾਸਕ ਪਾਰਟੀ ਨੂੰ ਵੀ ਲੋਕ ਸਭਾ ਲਈ ਉਮੀਦਵਾਰ ਲੱਭਣ ਵਿਚ ਦਿੱਕਤਾਂ ਆ ਰਹੀਆਂ ਹਨ। ਕੇਂਦਰੀ ਸਰਕਾਰ ਵਿਚ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਹਲਕੇ ਬਠਿੰਡਾ ਦੀ ਜਗ੍ਹਾ ਫਿਰੋਜ਼ਪੁਰ ਤੋਂ ਚੋਣ ਲੜੇਗੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਫੁੱਟ ਦਾ ਸ਼ਿਕਾਰ ਹੋ ਕੇ ਦੋ ਧੜਿਆਂ ਵਿਚ ਵੰਡੀ ਜਾ ਚੁੱਕੀ ਹੈ। ਇਨ੍ਹਾਂ ਪਾਰਟੀਆਂ ਦੇ ਕੋਈ ਵੱਡੇ ਆਪਸੀ ਸਮਝੌਤੇ ਵੀ ਨਹੀਂ ਹੋਏ। ਇਸ ਕਾਰਨ ਸਾਰੀਆਂ ਪਾਰਟੀਆਂ ਲੋਕ ਸਭਾ ਦੀ ਚੋਣਾਂ ਲਈ ਤਜਰਬੇਕਾਰ ਤੇ ਕੱਦਾਵਰ ਸਿਆਸਤਦਾਨਾਂ ਦੀ ਘਾਟ ਮਹਿਸੂਸ ਕਰ ਰਹੀਆਂ ਹਨ। ਲੋਕ ਸਭਾ ਦੇ ਉਮੀਦਵਾਰਾਂ ਨੂੰ ਜਨਤਕ ਸਰਗਰਮੀਆਂ ਦੇ ਤਜਰਬੇ ਦੇ ਨਾਲ ਨਾਲ ਜਨਤਕ ਹਿੱਤ ਵਿਚ ਕੰਮ ਕਰਨ ਲਈ ਉਤਸ਼ਾਹ ਹੋਣਾ ਚਾਹੀਦਾ ਹੈ ਤਾਂ ਕਿ ਉਹ ਲੋਕਾਂ ਦੀ ਆਵਾਜ਼ ਲੋਕ ਸਭਾ ਵਿਚ ਉਠਾ ਸਕਣ। ਟੁਕੜੇ ਟੁਕੜੇ ਹੋਈ ਵਿਰੋਧੀ ਧਿਰ ਕਾਂਗਰਸ ਨੂੰ ਕੋਈ ਵੱਡੀ ਸਿਆਸੀ ਚੁਣੌਤੀ ਨਹੀਂ ਦੇ ਸਕੇਗੀ। ਇਹ ਵੀ ਪ੍ਰਤੀਤ ਹੁੰਦਾ ਹੈ ਕਿ ਸੀਨੀਅਰ ਸਿਆਸਤਦਾਨਾਂ ਦੇ ਚੋਣ ਨਾ ਲੜਨ ਕਰਕੇ ਕੁਝ ਨਵੇਂ ਚਿਹਰੇ ਮੈਦਾਨ ਵਿਚ ਆਉਣਗੇ ਪਰ ਚੋਣਾਂ ਇਕਪਾਸੜ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਦਾ ਕਮਜ਼ੋਰ ਤੇ ਨਿਰਬਲ ਹੋਣਾ ਪੰਜਾਬ ਦੇ ਸਿਆਸੀ ਹਾਲਾਤ ਲਈ ਲਾਹੇਵੰਦ ਨਹੀਂ ਪਰ ਹਾਲ ਦੀ ਘੜੀ ਪੰਜਾਬ ਦੀ ਸਿਆਸਤ ਅਜਿਹੇ ਮੋੜ ’ਤੇ ਹੈ ਜਿੱਥੇ ਲੋਕਾਂ ਨੂੰ ਤੀਸਰੇ ਬਦਲ ਲਈ ਲੰਮੀ ਉਡੀਕ ਕਰਨੀ ਪਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All