ਝੋਨੇ ਦੀ ਪਰਾਲੀ ਦੀ ਸੰਭਾਲ : ਚੁਣੌਤੀਆਂ ਤੇ ਸੰਭਾਵਨਾਵਾਂ : The Tribune India

ਝੋਨੇ ਦੀ ਪਰਾਲੀ ਦੀ ਸੰਭਾਲ : ਚੁਣੌਤੀਆਂ ਤੇ ਸੰਭਾਵਨਾਵਾਂ

ਝੋਨੇ ਦੀ ਪਰਾਲੀ ਦੀ ਸੰਭਾਲ : ਚੁਣੌਤੀਆਂ ਤੇ ਸੰਭਾਵਨਾਵਾਂ

12909cd _mainਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ। ਕਿਸਾਨਾਂ ਨੇ ਇਸ ਤੋਂ ਬਾਅਦ ਖੇਤ ਤਿਆਰ ਕਰਕੇ ਜ਼ਿਆਦਾਤਰ ਕਣਕ ਦੀ ਬਿਜਾਈ ਕਰਨੀ ਹੈ। ਪੰਜਾਬ ਵਿੱਚ ਇਸ ਸਾਲ ਝੋਨਾ ਤਕਰੀਬਨ 29 ਲੱਖ ਹੈਕਟੇਅਰ ਰਕਬੇ ਵਿੱਚ ਬੀਜਿਆ ਗਿਆ ਹੈ ਜਿਸ ਵਿੱਚੋਂ ਤਕਰੀਬਨ ਚਾਰ ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਹੈ। ਬਾਸਮਤੀ ਨੂੰ ਛੱਡ ਕੇ ਬਾਕੀ ਝੋਨੇ ਦੀ ਕਟਾਈ ਜ਼ਿਆਦਾਤਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਵੱਡੀ ਮਿਕਦਾਰ ਵਿੱਚ ਪਰਾਲੀ (ਤਕਰੀਬਨ 200 ਲੱਖ ਮੀਟਰਿਕ ਟਨ) ਖੇਤਾਂ ਵਿੱਚ ਹੀ ਰਹਿ ਜਾਂਦੀ ਹੈ। ਰਾਜ ਵਿੱਚ ਕਣਕ ਦੀ ਬਿਜਾਈ ਲਈ ਢੁੱਕਵਾਂ ਸਮਾਂ ਤਕਰੀਬਨ ਅੱਧ ਨਵੰਬਰ ਤਕ ਹੋਣ ਕਰਕੇ, ਕਿਸਾਨਾਂ ਕੋਲ ਖੇਤ ਤਿਆਰ ਕਰਨ ਲਈ ਬਹੁਤ ਘੱਟ ਸਮਾਂ ਰਹਿ ਜਾਂਦਾ ਹੈ। ਇਸ ਲਈ ਉਨ੍ਹਾਂ ਵੱਲੋਂ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਹਵਾ ਪ੍ਰਦੂਸ਼ਿਤ ਹੁੰਦੀ ਹੈ, ਮਨੁੱਖਾਂ ਵਿੱਚ ਸਾਹ ਸਬੰਧੀ ਬਿਮਾਰੀਆਂ ਵਧਦੀਆਂ ਹਨ ਅਤੇ ਗ੍ਰੀਨਹਾਊਸ ਗੈਸਾਂ ਪੈਦਾ ਹੁੰਦੀਆਂ ਹਨ ਜੋ ਆਲਮੀ ਤਪਸ਼ ਵਿੱਚ ਭਾਰੀ ਵਾਧਾ ਕਰਦੀਆਂ ਹਨ। ਪਰਾਲੀ ਸਾੜਨ ਕਾਰਨ ਪੈਦਾ ਹੋਈ ਤਪਸ਼ ਨਾਲ ਧਰਤੀ ਦੀ ਨਮੀ, ਮਿੱਤਰ ਕੀੜਿਆਂ ਦੀ ਮੌਜੂਦਗੀ ਅਤੇ ਮਿੱਟੀ ਦੀ ਗੁਣਵੱਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ। ਅਨੁਮਾਨ ਹੈ ਕਿ ਇੱਕ ਟਨ ਪਰਾਲੀ ਦੇ ਜਲਾਉਣ ਨਾਲ ਵਾਤਾਵਰਣ ਦੇ ਪ੍ਰਦੂਸ਼ਣ ਤੋਂ ਇਲਾਵਾ ਤਕਰੀਬਨ 400 ਕਿਲੋ ਆਰਗੈਨਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਸਲਫਰ ਦਾ ਨੁਕਸਾਨ ਹੁੰਦਾ ਹੈ।

ਡਾ. ਬਲਵਿੰਦਰ ਸਿੰਘ ਸਿੱਧੂ ਡਾ. ਬਲਵਿੰਦਰ ਸਿੰਘ ਸਿੱਧੂ

ਪਰਾਲੀ ਦੀ ਸੁਚੱਜੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਤਕਨੀਕਾਂ ਨੂੰ ਪ੍ਰਚੱਲਤ ਕਰਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਰਾਲੀ ਦੀ ਸੰਭਾਲ ਲਈ ਇਸ ਨੂੰ ਰੇਕਸ ਦੀ ਵਰਤੋਂ ਕਰਕੇ ਖੇਤ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਬੇਲਰ ਦੀ ਵਰਤੋਂ ਕਰਕੇ ਗੰਢਾਂ ਬਣਾਈਆਂ ਜਾ ਸਕਦੀਆਂ ਹਨ। ਇਸ ਉਪਰੰਤ ਪਰਾਲੀ ਨੂੰ ਬਾਲਣ ਦੇ ਰੂਪ ਵਿੱਚ ਇਸਤੇਮਾਲ ਕਰਕੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਨਾਲ ਪਰਾਲੀ ਦੇ ਬਰਿੱਕਸ ਅਤੇ ਪੈਲਟਸ ਬਣਾ ਕੇ ਇਸ ਦੀ ਬਾਲਣ ਵਜੋਂ ਵਰਤੋਂ ਵੀ ਪ੍ਰਚਲਿਤ ਹੋ ਰਹੀ ਹੈ। ਪਰਾਲੀ ਨੂੰ ਬਾਲਣ ਤੋਂ ਇਲਾਵਾ ਕੁਝ ਹੋਰ ਉਤਪਾਦ ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਰਾਜ ਵਿੱਚ ਗੱਤਾ ਬਣਾਉਣ ਵਾਲੇ ਉਦਯੋਗਾਂ ਵੱਲੋਂ ਵੀ ਤਕਰੀਬਨ ਇੱਕ ਲੱਖ ਟਨ ਪਰਾਲੀ ਦਾ ਸਾਲਾਨਾ ਇਸਤੇਮਾਲ ਕੀਤਾ ਜਾਂਦਾ ਹੈ। ਥਰਮੋਕੋਲ ਅਤੇ ਪਲਾਸਟਿਕ ਦੀ ਪੈਕਿੰਗ ਸਮੱਗਰੀ ਦੀ ਜਗ੍ਹਾ ’ਤੇ ਵੀ ਪਰਾਲੀ ਤੋਂ ਬਣੀ ਸਮੱਗਰੀ ਨੂੰ ਵਰਤਿਆ ਜਾ ਸਕਦਾ ਹੈ। ਪਰਾਲੀ ਦੀ ਵਰਤੋਂ ਇਥਾਨੌਲ ਦੇ ਉਤਪਾਦਨ ਲਈ ਕੱਚੇ ਮਾਲ ਦੇ ਰੂਪ ਵਿੱਚ ਵੀ ਕੀਤੀ ਜਾ ਸਕਦੀ ਹੈ। ਪਰਾਲੀ ਤੋਂ ਬਾਇਓਗੈਸ ਬਣਾਉਣ ਲਈ ਵੀ ਤਕਨੀਕ ਵਿਕਸਿਤ ਹੋ ਚੁੱਕੀ ਹੈ ਅਤੇ ਇਸ ਗੈਸ ਨੂੰ ਰਸੋਈ ਵਿੱਚ ਘਰੇਲੂ ਕੰਮ ਲਈ ਅਤੇ ਖੇਤਾਂ ਵਿੱਚ ਲਿਸਟਰ ਇੰਜਣਾਂ ਵਿੱਚ ਡੀਜ਼ਲ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਰਾਜ ਸਰਕਾਰ ਵੱਲੋਂ ਪਰਾਲੀ ਨੂੰ ਇਕੱਠਾ ਕਰਨ ਲਈ ਰੇਕਸ ਅਤੇ ਬੇਲਰ ਦੀ ਖਰੀਦ ’ਤੇ ਕ੍ਰਮਵਾਰ 40,000 ਰੁਪਏ ਅਤੇ 4,37,500 ਰੁਪਏ ਉਪਦਾਨ ਵਜੋਂ ਦਿੱਤੇ ਜਾ ਰਹੇ ਹਨ। ਪਰਾਲੀ ਨੂੰ ਇਕੱਠਾ ਕਰਨ ਤੋਂ ਇਲਾਵਾ ਖੇਤ ਵਿੱਚ ਹੀ ਸੰਭਾਲਿਆ ਜਾ ਸਕਦਾ ਹੈ। ਇਸ ਮੰਤਵ ਲਈ ਮਲਚਰ ਜਾਂ ਸ਼ਰੈੱਡਰ ਮਸ਼ੀਨ ਦੀ ਵਰਤੋਂ ਉਤਸ਼ਾਹਿਤ ਕੀਤੀ ਜਾ ਰਹੀ ਹੈ ਜਿਸ ਨਾਲ ਪਰਾਲੀ ਦਾ ਕੁਤਰਾ ਕਰਕੇ ਇਸ ਨੂੰ ਖੇਤਾਂ ਵਿੱਚ ਖਿਲਾਰਿਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਰੋਟਾਵੇਟਰ ਜਾਂ ਉਲਟਾਵੇਂ ਹਲ਼ ਦੀ ਵਰਤੋਂ ਕਰਕੇ ਖੇਤ ਤਿਆਰ ਕੀਤਾ ਜਾ ਸਕਦਾ ਹੈ। ਇਸ ਤਰੀਕੇ ਰਾਹੀਂ ਪਰਾਲੀ ਨੂੰ ਮਿੱਟੀ ਵਿੱਚ ਮਿਲਾਇਆ/ਦੱਬਿਆ ਜਾ ਸਕਦਾ ਹੈ। ਚੌਪਰ-ਕਮ-ਸ਼ਰੈੱਡਰ ’ਤੇ ਇੱਕ ਲੱਖ ਰੁਪਏ ਅਤੇ ਰੋਟਾਵੇਟਰ ਅਤੇ ਉਲਟਾਵੇਂ ਹਲ਼ਾਂ ’ਤੇ ਮਸ਼ੀਨ ਦੇ ਸਾਈਜ਼ ਅਨੁਸਾਰ 40 ਤੋਂ 50,000 ਰੁਪਏ ਉਪਦਾਨ ਵਜੋਂ ਦਿੱਤੇ ਜਾ ਰਹੇ ਹਨ। ਕਣਕ ਦੀ ਫ਼ਸਲ ਦੀ ਬਿਜਾਈ ਝੋਨੇ ਦੇ ਵੱਢ ਵਿੱਚ ਬਿਨਾਂ ਵਹਾਈ ਤੋਂ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਜਦੋਂ ਕੰਬਾਈਨ ਦੀ ਵਰਤੋਂ ਨਾਲ ਝੋਨਾ ਵੱਢਿਆ ਜਾਂਦਾ ਹੈ ਤਾਂ ਉਸ ਸਮੇਂ ਖੇਤ ਵਿੱਚ ਕਾਫੀ ਗਿੱਲ ਹੁੰਦੀ ਹੈ। ਪੀਏਯੂ ਦੇ ਸਾਇੰਸਦਾਨਾਂ ਵੱਲੋਂ ਇੱਕ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐੱਸਐੱਮਐੱਸ) ਤਿਆਰ ਕੀਤਾ ਗਿਆ ਹੈ ਜੋ ਕੰਬਾਈਨ ਦੇ ਪਿਛਲੇ ਹਿੱਸੇ ਵਿੱਚ ਇਸ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ ਕਿ ਜਦੋਂ ਕੰਬਾਈਨ ਵਿੱਚੋਂ ਝੋਨੇ ਦੀ ਪਰਾਲੀ ਬਾਹਰ ਨਿਕਲਦੀ ਹੈ ਤਾਂ ਇਹ ਪਰਾਲੀ ਇਸ ਸਿਸਟਮ ਦੇ ਕੱਟਰ-ਕਮ-ਸਪ੍ਰੈੱਡਰ ਵਿੱਚੋਂ ਲੰਘਣ ਸਮੇਂ ਚਾਰ ਤੋਂ ਛੇ ਇੰਚ ਤਕ ਦੇ ਟੁਕੜਿਆਂ ਵਿੱਚ ਕੱਟ ਦਿੱਤੀ ਜਾਂਦੀ ਹੈ। ਇਹ ਟੁਕੜੇ ਖੇਤ ਵਿੱਚ ਇੱਕ ਚਾਦਰ ਵਾਂਗ ਵਿਛ ਜਾਂਦੇ ਹਨ ਅਤੇ ਜ਼ਮੀਨ ਉੱਪਰ ਮਲਚਿੰਗ ਦਾ ਕੰਮ ਕਰਦੇ ਹਨ। ਅਜਿਹੀ ਕੰਬਾਈਨ ਨਾਲ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸਫ਼ਲਤਾਪੂਰਬਕ ਕੀਤੀ ਜਾ ਸਕਦੀ ਹੈ। ਇਸ ਸਿਸਟਮ ਦੀ ਵਰਤੋਂ ਨਾਲ ਹੈਪੀਸੀਡਰ ਨੂੰ ਚਲਾਉਣ ਸਮੇਂ ਦਰਪੇਸ਼ ਮੁਸ਼ਕਲਾਂ ’ਤੇ ਵੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਇੱਕ ਹੈਪੀਸੀਡਰ ਨਾਲ ਸਵੇਰੇ ਜਲਦੀ ਕੰਮ ਸ਼ੁਰੂ ਕਰਕੇ ਸ਼ਾਮ ਤਕ ਤਕਰੀਬਨ ਅੱਠ ਤੋਂ ਦਸ ਏਕੜ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਰਾਜ ਸਰਕਾਰ ਵੱਲੋਂ ਸੁਪਰ ਐੱਸਐੱਮਐੱਸ ਸਿਸਟਮ ਕੰਬਾਈਨ ’ਤੇ ਫਿੱਟ ਕਰਵਾਉਣ ਲਈ 50,000 ਰੁਪਏ ਅਤੇ ਹੈਪੀਸੀਡਰ ਦੀ ਖਰੀਦ ਲਈ 40 ਤੋਂ 50,000 ਰੁਪਏ ਉਪਦਾਨ (ਸਬਸਿਡੀ) ਵਜੋਂ ਦਿੱਤੇ ਜਾ ਰਹੇ ਹਨ। ਪੰਜਾਬ ਵਿੱਚ ਤਕਰੀਬਨ 90-95% ਰਕਬੇ ਦੀ ਕਟਾਈ ਕੰਬਾਈਨ ਹਾਰਵੈਸਟਰ ਨਾਲ ਕਿਰਾਏ ’ਤੇ ਲੈ ਕੇ ਕਰਵਾਈ ਜਾਂਦੀ ਹੈ ਅਤੇ ਜੇਕਰ ਇਹ ਕੰਬਾਈਨ ਮਾਲਕ ਹੈਪੀਸੀਡਰ ਵੀ ਕਿਰਾਏ ’ਤੇ ਮੁਹੱਈਆ ਕਰਵਾਉਣ ਲੱਗ ਪੈਣ ਤਾਂ ਤਕਰੀਬਨ 2600 ਰੁਪਏ ਪ੍ਰਤੀ ਏਕੜ (1200 ਕਟਾਈ ਲਈ ਅਤੇ 1400 ਹੈਪੀਸੀਡਰ ਨਾਲ ਬਿਜਾਈ ਲਈ) ਖਰਚ ਕਰਕੇ ਕਿਸਾਨ ਇੱਕ ਦਿਨ ਵਿੱਚ ਹੀ 10 ਏਕੜ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਤਰ੍ਹਾਂ ਇਸ ਤਕਨੀਕ ਦੀ ਵਰਤੋਂ ਨਾਲ ਸਮੇਂ ਅਤੇ ਖਰਚੇ – ਦੋਵਾਂ ਦੀ ਬੱਚਤ ਹੁੰਦੀ ਹੈ। ਜੇਕਰ ਕੋਈ ਕਿਸਾਨ ਪਰਾਲੀ ਨੂੰ ਇਕੱਠੀ ਕਰਨਾ ਚਾਹੁੰਦਾ ਹੋਵੇ ਤਾਂ ਇੱਕ ਕਵਰ ਜੋ ਕਿ ਮਸ਼ੀਨ ਵਿੱਚ ਪਹਿਲਾਂ ਹੀ ਮੌਜੂਦ ਹੈ, ਦੀ ਵਰਤੋਂ ਨਾਲ ਉਹ ਬਿਨਾਂ ਕੁਤਰਾ ਕੀਤੀ ਪਰਾਲੀ ਵੀ ਪ੍ਰਾਪਤ ਕਰ ਸਕਦਾ ਹੈ। ਜੇਕਰ ਕਿਸਾਨ ਨੇ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਨਾ ਕਰਨੀ ਹੋਵੇ ਤਾਂ ਵੀ ਖੇਤ ਵਿੱਚ ਵਿਛੀ ਪਰਾਲੀ ਦੀ ਇਕਸਾਰ ਪਰਤ ਝੋਨੇ ਦੀ ਫ਼ਸਲ ਤੋਂ ਬਕਾਇਆ ਖੇਤ ਦੀ ਨਮੀ ਨੂੰ ਸੰਭਾਲਣ ਵਿੱਚ ਸਹਾਇਤਾ ਕਰਦੀ ਹੈ ਅਤੇ ਕਿਸਾਨ ਥੋੜ੍ਹੇ ਦਿਨਾਂ ਬਾਅਦ ਵੀ ਬਿਨਾਂ ਖੇਤ ਦੀ ਸਿੰਜਾਈ ਤੋਂ ਕਣਕ ਦੀ ਬਿਜਾਈ ਕਰ ਸਕਦਾ ਹੈ। ਜੇਕਰ ਕਿਸਾਨ ਨੇ ਖੇਤ ਵਿੱਚ ਵੱਟਾਂ ਵਗੈਰਾ ਬਣਾ ਕੇ ਆਲੂ ਜਾਂ ਸਬਜ਼ੀਆਂ ਦੀ ਫ਼ਸਲ ਦੀ ਕਾਸ਼ਤ ਕਰਨੀ ਹੋਵੇ ਤਾਂ ਇਸ ਪਰਾਲੀ ਦੇ ਕੁਤਰੇ ਦੀ ਤਹਿ ਨੂੰ ਉਲਟਾਵੇਂ ਹਲ਼ ਦੀ ਵਰਤੋਂ ਕਰਕੇ 10 ਤੋਂ 15 ਇੰਚ ਤਕ ਮਿੱਟੀ ਵਿੱਚ ਦੱਬਿਆ ਜਾ ਸਕਦਾ ਹੈ, ਪਰ ਉਲਟਾਵੇਂ ਹਲ਼ ਦੀ ਵਰਤੋਂ ਕਰਨ ਸਮੇਂ ਖੇਤ ਦੀ ਜਰਖੇਜ਼ ਮਿੱਟੀ ਦੀ ਪਰਤ ਦੀ ਮੋਟਾਈ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਥੱਲੇ ਤੋਂ ਮਾੜੀ ਮਿੱਟੀ ਜਾਂ ਰੇਤਾ ਉੱਪਰ ਨਾ ਆ ਜਾਵੇ। ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣਾ ਸਭ ਤੋਂ ਵਧੀਆ ਤਰੀਕਾ ਹੈ। ਇਸ ਵਾਸਤੇ ਵੀ ਸੁਪਰ ਐੱਸਐੱਮਐੱਸ ਵਾਲੀ ਕੰਬਾਈਨ ਨਾਲ ਝੋਨੇ ਦੀ ਕਟਾਈ ਉਪਰੰਤ ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਸਭ ਤੋਂ ਵਧੀਆ, ਸੌਖੀ ਅਤੇ ਸਸਤੀ ਤਕਨੀਕ ਹੈ। ਇਸ ਨਾਲ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਝਾੜ ਖੇਤ ਨੂੰ ਵਾਹ ਕੇ ਬੀਜੀ ਕਣਕ ਦੇ ਬਰਾਬਰ ਹੁੰਦਾ ਹੈ। ਇਸ ਤਰੀਕੇ ਨਾਲ ਬੀਜੀ ਗਈ ਕਣਕ ਦੇ ਝਾੜ ’ਤੇ ਪੱਕਣ ਸਮੇਂ ਵੱਧ ਗਰਮੀ ਦਾ ਅਸਰ ਘੱਟ ਹੁੰਦਾ ਹੈ ਅਤੇ ਫ਼ਸਲ ਮੀਂਹ ਪੈਣ ਅਤੇ ਹਵਾ ਚੱਲਣ ਨਾਲ ਡਿੱਗਦੀ ਵੀ ਘੱਟ ਹੈ। ਰਾਜ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਵਿੱਚ ਸਥਾਪਿਤ ਕੀਤੇ ਜਾ ਰਹੇ ਖੇਤੀ ਮਸ਼ੀਨਰੀ ਸਰਵਿਸ ਸੈਂਟਰਾਂ ਵਿੱਚ ਵੀ ਹੈਪੀਸੀਡਰ ਕਿਰਾਏ ’ਤੇ ਚਲਾਉਣ ਲਈ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਹੁਣ ਤਕ ਰਾਜ ਵਿੱਚ ਤਕਰੀਬਨ 700 ਕੰਬਾਈਨਾਂ ’ਤੇ ਸੁਪਰ ਐੱਸਐੱਮਐੱਸ ਫਿੱਟ ਕਰਵਾਏ ਜਾ ਚੁੱਕੇ ਹਨ। ਪਰਾਲੀ ਦੀ ਸੰਭਾਲ ਲਈ ਨਵੀਆਂ ਮਸ਼ੀਨਾਂ ਦੀ ਵਰਤੋਂ ਕਾਰਨ ਵਧ ਰਹੇ ਖਰਚੇ ਦੀ ਭਰਪਾਈ ਕਰਨ ਲਈ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੂਬੇ ਦੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਸੰਭਾਲ ਮੁਆਵਜੇ (ਪੈਡੀ ਸਟਰਾਅ ਮੈਨੇਜਮੈਂਟ ਕੰਪਨਸੇਸ਼ਨ) ਵਜੋਂ ਦੇਣ ਲਈ ਬੇਨਤੀ ਕੀਤੀ ਹੈ। ਪੰਜਾਬ ਸਰਕਾਰ ਨੇ ਪਰਾਲੀ ਦੀ ਸੰਭਾਲ ਦਾ ਤਰੀਕਾ ਈਜਾਦ ਕਰਨ ਵਾਲੀ ਕਿਸੇ ਵੀ ਖੋਜ ਸੰਸਥਾ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਫ਼ੈਸਲਾ ਵੀ ਕੀਤਾ ਹੈ। ਸੰਸਾਰ ਵਿੱਚ ਵਾਤਾਵਰਣ ’ਤੇ ਹੋ ਰਹੀ ਬਹਿਸ ਵਿੱਚ ਰੁੱਖਾਂ ਦੀ ਕਟਾਈ, ਵਧ ਰਹੇ ਪ੍ਰਦੂਸ਼ਣ, ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਵਿਕਸਿਤ ਦੇਸ਼ਾਂ ਦੀ ਨਾਂਹਪੱਖੀ ਭੂਮਿਕਾ ਆਦਿ ਦੀ ਗੱਲ ਤਾਂ ਚਲਦੀ ਹੈ, ਪਰ ਕੁੱਲ ਮਿਲਾ ਕੇ ਵਾਤਾਵਰਣ ਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਮੁੱਖ ਕੇਂਦਰ ਕੇਵਲ ਮਨੁੱਖ ਹੀ ਹੈ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਪਣੇ ਚੌਗਿਰਦੇ ਦੀ ਸੁੱਚਜੀ ਸਾਂਭ-ਸੰਭਾਲ, ਕੁਦਰਤੀ ਸੰਤੁਲਨ ਅਤੇ ਇਸ ਦੇ ਕੁਦਰਤੀ ਸੁਹੱਪਣ ਨੂੰ ਬਣਾਈ ਰੱਖਣ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਦ੍ਰਿੜ੍ਹਤਾ ਨਾਲ ਆਪਣਾ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਵਾਤਾਵਰਣ ਦੀ ਸੁਰੱਖਿਆ ਦੇ ਸਨਮੁੱਖ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਰਾਜ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਪਰ ਇਸ ਸਮੱਸਿਆ ਦੇ ਹੱਲ ਲਈ ਟ੍ਰਿਬਿਊਨਲ ਨੂੰ ਕੇਂਦਰ ਸਰਕਾਰ ਨੂੰ ਮੱਕੀ ਤੋਂ ਇਥਾਨੌਲ ਬਣਾਉਣ ਵਾਸਤੇ ਮਨਜ਼ੂਰੀ ਦੇਣ ਦੇ ਵੀ ਆਦੇਸ਼ ਕਰਨੇ ਚਾਹੀਦੇ ਹਨ ਤਾਂ ਜੋ ਝੋਨੇ ਹੇਠ ਰਕਬਾ ਘਟਾਇਆ ਜਾ ਸਕੇ। ਇਸ ਦੇ ਨਾਲ ਨਾਲ ਟ੍ਰਿਬਿਊਨਲ ਨੂੰ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਕੱਟਣ ਅਤੇ ਇਕੱਠਾ ਕਰਨ ਲਈ ਮਨਰੇਗਾ ਸਕੀਮ ਅਧੀਨ ਵੀ ਰੁਜ਼ਗਾਰ ਦੇਣ ਲਈ ਸ਼ਾਮਿਲ ਕਰਨ ਦੀ ਵੀ ਹਦਾਇਤ ਕਰਨੀ ਚਾਹੀਦੀ ਹੈ ਤਾਂ ਜੋ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਨ ਦੇ ਖਰਚੇ ਦੀ ਭਰਪਾਈ ਹੋ ਸਕੇ। ਕੁੱਲ ਮਿਲਾ ਕੇ ਸਾਡੇ ਗੁਰੂਆਂ ਵੱਲੋਂ ਗੁਰਬਾਣੀ ਰਾਹੀਂ ਦਿੱਤੇ ਗਏ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਉਪਦੇਸ਼ ਨੂੰ ਮੰਨਦੇ ਹੋਏ ਸਾਨੂੰ ਸਾਰਿਆਂ ਨੂੰ ਪੌਣ, ਪਾਣੀ ਅਤੇ ਧਰਤੀ ਦੇ ਅਣਮੁੱਲੇ ਸਰੋਤਾਂ ਦੀ ਦ੍ਰਿੜ੍ਹਤਾ ਨਾਲ ਸੰਭਾਲ ਕਰਨੀ ਚਾਹੀਦੀ ਹੈ। *ਕਮਿਸ਼ਨਰ ਖੇਤੀਬਾੜੀ, ਪੰਜਾਬ ਸਰਕਾਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All