ਜੀਨ, ਡੀਐੱਨਏ ਅਤੇ ਸਾਡਾ ਜੀਵਨ

ਜੀਨ, ਡੀਐੱਨਏ ਅਤੇ ਸਾਡਾ ਜੀਵਨ

ਸੁਰਜੀਤ ਸਿੰਘ ਢਿੱਲੋਂ

11606646cd _dna_and_chromosomeਕੋਈ 2500 ਵਰ੍ਹੇ ਪਹਿਲਾਂ ਸੁਕਰਾਤ ਨੇ ਚਾਹਿਆ ਸੀ ਕਿ ਸਭ ਤੋਂ  ਪਹਿਲਾਂ ਸਾਨੂੰ ਆਪਣੇ-ਆਪ ਨੂੰ ਸਮਝਣ ਦੇ ਯਤਨ ਕਰਨੇ ਚਾਹੀਦੇ ਹਨ। ਉਸਦੀ ਇਸ ਕਾਮਨਾ ਦੇ ਪੂਰਾ ਹੋਣ ਦੀ ਸੰਭਾਵਨਾ ਲੰਬੇ ਸਮੇਂ ਉਪਰੰਤ ਉਨ੍ਹੀਵੀਂ ਸ਼ਤਾਬਦੀ ਦੇ ਮੱਧ ’ਚ ਤਦ ਉਪਜੀ, ਜਦੋਂ ਆਸਟ੍ਰੀਆ ਦੇ ਇੱਕ ਇਸਾਈ ਮੱਠ ’ਚ ਗਰੈਗਰ ਮੈਂਡਲ ਨੇ ਇਹ ਜਾਨਣ ਲਈ ਖੋਜ ਆਰੰਭੀ ਕਿ ਇੱਕ ਜੀਵ ਜਿਹੋ ਜਿਹਾ ਹੈ, ਅਜਿਹਾ ਉਹ ਕਿਉਂ ਹੈ? 1822 ’ਚ ਜਨਮਿਆ ਮੈਂਡਲ ਸੀ ਤਾਂ ਪਾਦਰੀ, ਪਰ ਉਹ ਵੀਏਨਾ ਯੂਨੀਵਰਸਿਟੀ ’ਚ ਵਿਗਿਆਨ ਪੜ੍ਹ ਚੁੱਕਿਆ ਸੀ। 1843 ’ਚ ਉਸ ਨੇ ਇਸਾਈ ਮੱਠ ਦਾ ਚਾਰਜ ਸੰਭਾਲਿਆ। ਇਨ੍ਹਾਂ ਸਮਿਆਂ ’ਚ ਯੂਰੋਪ ਵਿਖੇ ਧਾਰਮਿਕ ਸੰਸਥਾਨ ਵੀ ਖੋਜ ਕਾਰਜਾਂ ’ਚ ਭਾਗ ਲੈ ਰਹੇ ਸਨ। ਮੈਂਡਲ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟਵੀਂ ਵਿਹਲ ਦਾ ਖੋਜ ਦੁਆਰਾ ਉਪਯੋਗ ਕਰਨ ਦਾ ਮਨ ਬਣਾਇਆ। ਇਸ ਮੰਤਵ ਨਾਲ ਉਸ ਨੇ ਮੱਠ ਦੇ ਬਗ਼ੀਚੇ ’ਚ ਮਹਿਕਦੇ ਫੁੱਲਾਂ ਵਾਲੇ ਮਟਰ ਉਗਾਉਣੇ ਆਰੰਭ ਕਰ ਦਿੱਤੇ। ਉਹ ਮਟਰਾਂ ਦੀਆਂ ਭਿੰਨ ਭਿੰਨ ਵਿਸ਼ੇਸ਼ਤਾਵਾਂ ਦੇ ਪੁਸ਼ਤਾਂਬੱਧੀ ਹੋ ਰਹੇ ਪ੍ਰਸਾਰ ਦਾ ਹਿਸਾਬ ਅੱਠ ਵਰ੍ਹੇ ਰੱਖਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ 30,000 ਬੂਟੇ ਉਗਾਏ। ਇਨ੍ਹਾਂ ’ਚ ਵਿਸ਼ੇਸ਼ਤਾਵਾਂ ਦੇ ਹੋਏ ਪ੍ਰਸਾਰ ਨੂੰ ਆਧਾਰ ਬਣਾ ਕੇ ਉਸ ਨੇ ਵਿਰਾਸਤੀ ਨਿਯਮ ਉਲੀਕੇ। ਇਨ੍ਹਾਂ ਨਿਯਮਾਂ ਦੀ ਪਾਲਣਾ ਹਰ ਇੱਕ ਰੁੱਖ-ਬੂਟਾ ਕਰ ਰਿਹਾ ਹੈ, ਹਰ ਇੱਕ ਪ੍ਰਾਣੀ ਕਰ ਰਿਹਾ ਹੈ ਅਤੇ ਅਸੀਂ ਆਪ ਕਰ ਰਹੇ ਹਾਂ। ਨਾਲ ਹੀ ਮੈਂਡਲ ਨੇ ਬਿਨਾਂ ਜਾਣਿਆਂ ‘ਜੀਨ’ ਲੱਭ ਲਿਆ ਸੀ। ਇਸ ਠੋਸ ਵਿਰਾਸਤੀ ਇਕਾਈ ਲਈ ਉਸ ਨੇ ‘ਫੈਕਟਰ’ ਸ਼ਬਦ ਵਰਤਿਆ ਜਿਸ ਲਈ ਡੈਨਮਾਰਕ ਦੇ ਵਿਗਿਆਨੀ ਜੁਹੈਨਸਨ ਨੇ 1909 ’ਚ ‘ਜੀਨ’ ਨਾਮ ਤਜਵੀਜ਼ ਕੀਤਾ। ਅੱਜ ਇਹੋ ਨਾਮ ਪ੍ਰਚੱਲਿਤ ਹੈ। ਜੀਨ ਯੂਨਾਨੀ ਸ਼ਬਦ ਹੈ ਜਿਸਦੇ ਅਰਥ ਹਨ ‘ਉਪਜਾਉਣ ਦੇ’। ਮੈਂਡਲ ਦੀ ਖੋਜ ਨੇ ਦਰਸਾ ਦਿੱਤਾ ਕਿ ਵਿਰਸੇ ’ਚ ਮਿਲ ਰਹੇ ਜੀਨ, ਸੰਤਾਨ ਦੀਆਂ ਵਿਸ਼ੇਸ਼ਤਾਵਾਂ ਨਿਰਧਾਰਤ ਕਰਦੇ ਰਹਿੰਦੇ ਹਨ। ਮੈਂਡਲ ਨੇ ਆਪਣੀ ਖੋਜ ਦੇ ਸਿੱਟੇ 1865 ’ਚ ਪ੍ਰਕਾਸ਼ਿਤ ਕੀਤੇ, ਪਰ ਇਹ ਸਮੇਂ ਤਕ ਅਣਡਿੱਠ ਰਹੇ। ਇਨ੍ਹਾਂ ’ਚ ਦਿਲਚਸਪੀ  ਉਦੋਂ ਜਾਗੀ, ਜਦੋਂ 1900 ’ਚ ਤਿੰਨ ਵੱਖ ਵੱਖ ਵਿਗਿਆਨੀਆਂ ਨੇ ਇਨ੍ਹਾਂ ਨੂੰ ਮੁੜ ਖੋਜਿਆ। ਹੁਣ ਪ੍ਰਸ਼ਨ ਇਹ ਸੀ ਕਿ ਜੀਵਾਂ ਵਿਖੇ ਜੀਨ ਰਹਿ ਕਿੱਥੇ ਰਹੇ ਸਨ? ਇਸ ਪ੍ਰਸ਼ਨ ਦਾ ਉੱਤਰ ਅਮਰੀਕੀ ਵਿਗਿਆਨੀ ਟੌਮਸ ਹੰਟ ਮੌਰਗਨ ਨੇ ਫਲ-ਮੱਖੀ ਉਪਰ ਕੀਤੀ ਖੋਜ ਦੁਆਰਾ ਪ੍ਰਾਪਤ ਕੀਤਾ। ਪੰਦਰਾਂ ਵਰ੍ਹਿਆਂ ਦੀ ਘਾਲਣਾ ਉਪਰੰਤ ਮੌਰਗਨ ਨੇ ਪਤਾ ਲਾਇਆ ਕਿ ਜੀਵ-ਸਰੀਰ ਨੂੰ ਉਸਾਰਦੇ ਸੈੱਲਾਂ ਦੇ ਕੇਂਦਰ ’ਚ ਨਿਊਕਲੀਅਸ ਵਿੱਚ ਮੌਜੂਦ ਕ੍ਰੋਮੋਸੋਮ, ਜੀਨਾਂ ਦੇ ਗ੍ਰਹਿ-ਸਥਾਨ ਹਨ। ਇਸ ਖੋਜ ਸਦਕਾ 1933 ’ਚ ਮੌਰਗਨ ਨੂੰ ਨੋਬੇਲ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਦੇ ਦਸ ਵਰ੍ਹਿਆਂ ਉਪਰੰਤ 1944 ’ਚ ਜੀਨ ਦੀ ਸ਼ਨਾਖਤ ਵੀ ਹੋ ਗਈ। ਔਸਵਲਡ ਐਵਰੀ ਅਤੇ ਉਸ ਦੇ ਦੋ ਸਹਿਯੋਗੀਆਂ ਨੇ ਡੀਐੱਨਏ, ਭਾਵ ਡੀਆਕਸੀਰਾਇਬੋਜ਼ ਨਿਊਕਲੀਅਕ ਐਸਿਡ ਦੁਆਰਾ ਕੀਟਾਣੂ ਦੀ ਇੱਕ ਕਿਸਮ ਨੂੰ ਦੂਜੀ ’ਚ ਬਦਲ ਦਿੱਤਾ। ਇਸ ਤੋਂ ਇਹ ਸਪਸ਼ਟ ਹੋ ਗਿਆ ਕਿ ਡੀਐੱਨਏ ਹੀ ਜੀਨ ਹੈ। ਹੁਣ ਧਿਆਨ ਇਸ ਉਪਰ ਕੇਂਦਰਿਤ ਹੋ ਗਿਆ ਕਿ ਡੀਐੱਨਏ ਦੀ ਬਣਤਰ ’ਚ ਅਜਿਹਾ ਕੀ ਹੈ ਕਿ ਇਹ ਜੀਨ ਦੀ ਭੂਮਿਕਾ ਨਿਭਾਉਣ ਯੋਗ ਹੈ?

ਸੁਰਜੀਤ ਸਿੰਘ ਢਿੱਲੋਂ ਸੁਰਜੀਤ ਸਿੰਘ ਢਿੱਲੋਂ

ਇਸ ਸਮੱਸਿਆ ਨੂੰ ਹੋਰ 9 ਵਰ੍ਹਿਆਂ ਬਾਅਦ ਕੈਂਬ੍ਰਿਜ ਯੂਨੀਵਰਸਿਟੀ ਦੇ ਦੋ ਅਜਿਹੇ ਦੋ ਖੋਜਾਰਥੀਆਂ ਨੇ ਸੁਲਝਾਇਆ ਜਿਨ੍ਹਾਂ ਨੂੰ ਡੀਐੱਨਏ ਉਪਰ ਖੋਜ ਕਰਨ ਲਈ ਨਿਯੁਕਤ ਵੀ ਨਹੀਂ ਸੀ ਕੀਤਾ ਗਿਆ। ਜੇਮਜ਼ ਵਾਟਸਨ ਅਤੇ ਫ੍ਰਾਂਸਿਸ ਕ੍ਰਿੱਕ ਦਾ ਡੀਐੱਨਏ ਦੀ ਬਣਤਰ ਬਾਰੇ ਸੰਖੇਪ ਖੋਜ-ਪੱਤਰ, ‘ਨੇਚਰ’ ਰਸਾਲੇ ਦੇ 25 ਅਪਰੈਲ 1953 ਦੇ ਅੰਕ ’ਚ ਛਪਿਆ। ਇਨ੍ਹਾਂ ਨੇ ਦਰਸਾਇਆ ਕਿ ਡੀਐੱਨਏ ਦੀ ਵਲਾਂ ’ਚ ਉਲਝੀ ਗੋਲ ਪੌੜੀ ਜਿਹੀ ਨੁਹਾਰ ਹੈ ਜਿਸਦੇ ਸਮਵਿੱਥੀ ਡੰਡੇ ਸਿਰਫ਼ ਚਾਰ ਖਾਰਾਂ ਦੇ ਬਣੇ ਹਨ। ਇਹ ਚਾਰ ਖਾਰ ਹਨ: ਗੁਆਨੀਨ, ਸਾਇਟੱਸੀਨ, ਥਾਇਮੀਨ ਅਤੇ ਐਡਿਨੀਨ ਜਿਹੜੇ ਜੋੜਿਆਂ ’ਚ ਵਿਉਂਤਬੱਧ ਹਨ। ਗੁਆਨੀਨ ਅਤੇ ਸਾਇਟੱਸੀਨ ਇੱਕ ਦੂਜੇ ਨਾਲ ਜੁੜਨ ਯੋਗ ਹਨ ਜਦੋਂਕਿ ਥਾਇਮੀਨ ਅਤੇ ਐਡਿਨੀਨ ਵੱਖਰੇ, ਇੱਕ ਦੂਜੇ ਨਾਲ। ਡੀਐੱਨਏ ਨੇ ਜਦੋਂ ਦੋ ਬਣਨਾ ਹੁੰਦਾ ਹੈ, ਉਦੋਂ ਆਸੇ-ਪਾਸੇ ਦੀਆਂ ਲੜੀਆਂ ਉੱਧੜ ਕੇ ਨਾਲ ਜੜੇ ਖਾਰਾਂ ਸਹਿਤ ਵੱਖ ਹੋ ਜਾਂਦੀਆਂ ਹਨ। ਫਿਰ ਖਾਰਾਂ ਦੇ ਸੁਤੰਤਰ ਹੋਏ ਸਿਰਿਆਂ ਨਾਲ ਇਨ੍ਹਾਂ ਦੇ ਜੋੜੀਦਾਰ ਖਾਰ ਜੁੜਨੇ ਆਰੰਭ ਹੋ ਜਾਂਦੇ ਹਨ। ਜਦ ਸਾਰੇ ਖਾਰ ਟਿਕਾਣੇ ਸਿਰ ਫਿੱਟ ਹੋ ਜਾਂਦੇ ਹਨ ਤਾਂ ਇਹ ਦੋ ਥਾਵੇਂ, ਵੱਖ ਵੱਖ, ਲੜੀਵਾਰ ਪਰੋਏ ਜਾਂਦੇ ਹਨ। ਇਸ ਪ੍ਰਕਾਰ ਜਿੱਥੇ ਪਹਿਲਾਂ ਡੀਐੱਨਏ ਦਾ ਇੱਕ ਅਣੂ ਸੀ, ਉੱਥੇ ਹੁਣ ਉਸੇ ਵਿਉਂਤ ਵਾਲੇ ਦੋ ਅਣੂ ਉਪਜ ਆਉਂਦੇ ਹਨ। ਸੈੱਲ ਦੇ ਦੋ ’ਚ ਵੰਡੇ ਜਾਣ ਤੋਂ ਪਹਿਲਾਂ ਇੰਜ ਹੀ ਵਾਪਰਦਾ ਰਹਿੰਦਾ ਹੈ ਤਾਂ ਜੋ ਨਵੇਂ ਸੈੱਲਾਂ ਦੇ ਹਿੱਸੇ ਇਕਸਾਰ ਡੀਐੱਨਏ ਆਉਂਦਾ ਰਹੇ। ਵਾਟਸਨ ਅਤੇ ਕ੍ਰਿੱਕ ਨੇ ਇਸ ਖੋਜ ਲਈ 1962 ’ਚ ਨੋਬੇਲ ਪੁਰਸਕਾਰ ਪ੍ਰਾਪਤ ਕੀਤਾ। ਇਸ ਉਪਰੰਤ ਡੀਐੱਨਏ ਦੇ ਕ੍ਰਿਆਵੀ ਪੱਖ ਇੱਕ ਇੱਕ ਕਰਕੇ ਪ੍ਰਤੱਖ ਹੋਣ ਲੱਗੇ ਸਨ। ਜਾਣ ਲਿਆ ਗਿਆ ਕਿ ਡੀਐੱਨਏ ਭਾਵ ਜੀਨ ਸਿੱਧਿਆਂ ਵਿਸ਼ੇਸ਼ਤਾਵਾਂ ਨੂੰ ਜਨਮ ਨਹੀਂ ਦਿੰਦੇ। ਡੀਐੱਨਏ ਅੰਦਰਲੀ ਖਾਰੀ ਵਿਉਂਤ ਅਨੁਕੂਲ ਪਹਿਲਾਂ ਆਰਐੱਨਏ ਹੋਂਦ ’ਚ ਆਉਂਦੇ ਹਨ ਜਿਹੜੇ ਨਿਊਕਲੀਅਸ ਦੇ ਬਾਹਰ ਆ ਕੇ ਐਨਜ਼ਾਈਮ ਉਪਜਾਉਂਦੇ ਹਨ ਅਤੇ ਐਨਜ਼ਾਈਮਾਂ ਦੁਆਰਾ ਫਿਰ ਅਜਿਹੇ ਪਦਾਰਥਾਂ ਦਾ ਨਿਰਮਾਣ ਹੋਣ ਲੱਗਦਾ ਹੈ ਜਿਹੜੇ ਸਰੀਰ ਨੂੰ ਨੁਹਾਰ ਅਤੇ ਆਕ੍ਰਿਤੀ ਬਖ਼ਸ਼ਦੇ ਹਨ ਅਤੇ ਜਿਹੜੇ ਜਾਂ ਫਿਰ ਧਾਰਨ ਕੀਤੇ ਜਾ ਰਹੇ ਵਤੀਰੇ ਲਈ ਪ੍ਰੇਰਣਾ ਬਣਦੇ ਹਨ। ਸਾਡੇ ਸਰੀਰ ’ਚ ਹਜ਼ਾਰ ਖ਼ਰਬ ਦੇ ਲਗਭਗ ਸੈੱਲ ਸਮਾਏ ਹੋਏ ਹਨ। ਹਰ ਇੱਕ ਸੈੱਲ ਅੰਦਰ 46 ਕ੍ਰੋਮੋਸੋਮ ਹਨ। ਸ਼ੁਕਰਾਣੂ ਅਤੇ ਅੰਡੇ ਦੀ ਉਪਜ ਸਮੇਂ ਇਨ੍ਹਾਂ ਵਿੱਚ ਕ੍ਰੋਮੋਸੋਮਾਂ ਦੀ ਅੱਧੀ ਗਿਣਤੀ ਰਹਿ ਜਾਂਦੀ ਹੈ। ਜਦ ਇਹ, ਪ੍ਰਜਣਨ ਸਮੇਂ, ਇੱਕ ਦੂਜੇ ’ਚ ਸਮਾ ਜਾਂਦੇ ਹਨ, ਤਦ ਨਿਸ਼ੇਚੇ ਅੰਡੇ ’ਚ ਕ੍ਰੋਮੋਸੋਮਾਂ ਦੀ ਗਿਣਤੀ ਮੁੜ ਬਹਾਲ ਹੋ ਜਾਂਦੀ ਹੈ। ਨਿਸ਼ੇਚੇ ਅੰਡੇ ’ਚ ਸਮਾਏ 46 ਕ੍ਰੋਮੋਸੋਮ ਨਵੇਂ ਉਪਜ ਰਹੇ ਸੈੱਲਾਂ ਨੂੰ ਅਗਾਂਹ ਤੋਂ ਅਗਾਂਹ ਵਿਰਸੇ ’ਚ ਮਿਲਦੇ ਰਹਿੰਦੇ ਹਨ। ਕ੍ਰੋਮੋਸੋਮ, ਦਰਅਸਲ, ਗੁੱਛਾ-ਮੁੱਛਾ ਹੋਇਆ ਡੀਐੱਨਏ ਹੀ ਹੈ, ਜਿਸਦੇ ਜਿਹੜੇ ਭਾਗ ਪ੍ਰੋਟੀਨਾਂ ਜਾਂ ਐਨਜ਼ਾਈਮ ਉਪਜਾ ਰਹੇ ਹਨ, ਉਹ ਜੀਨ ਹਨ। ਡੀਐੱਨਏ ਆਪਣੇ ਆਪ ’ਚ ਨਿਰਜੀਵ ਹੈ, ਪਰ ਜੋ ਕੁਝ ਵੀ ਇਹ ਕਰ ਰਿਹਾ ਹੈ, ਉਹ ਹੀ ਜੀਵਨ ਹੈ। ਪ੍ਰਜਣਨ ਅਤੇ ਊਰਜਾ ਦੀ ਉਪਜ ਜੀਵਨ ਦੇ ਬਣੇ ਰਹਿਣ ਨੂੰ ਨਿਸ਼ਚਿਤ ਬਣਾਉਂਦੇ ਹਨ। ਪ੍ਰਜਣਨ ਦੁਆਰਾ ਜੀਵਨ ਅਗਾਂਹ ਤੋਂ ਅਗਾਂਹ ਚਲਦਾ ਰਹਿੰਦਾ ਹੈ ਅਤੇ ਊਰਜਾ ਉਨ੍ਹਾਂ ਪ੍ਰਕਿਰਿਆਵਾਂ ਨੂੰ ਸੰਭਵ ਬਣਾਉਂਦੀ ਹੈ ਜਿਨ੍ਹਾਂ ਉਪਰ ਜੀਵਨ ਨਿਰਭਰ ਹੈ। ਇਨ੍ਹਾਂ ਦੋਵਾਂ ਲਈ ਡੀਐੱਨਏ ਜ਼ਿੰਮੇਵਾਰ ਹੈ। ਡੀਐੱਨਏ ਇੱਕ ਦੇ ਦੋ ਬਣਨ ਯੋਗ ਹੈ ਅਤੇ ਖ਼ੁਰਾਕ ਤੋਂ ਊਰਜਾ ਉਪਜਾਉਣ ਲਈ ਜਿਹੜੇ ਐਨਜ਼ਾਈਮ ਜ਼ਰੂਰੀ ਹਨ, ਉਨ੍ਹਾਂ ਨੂੰ ਵੀ ਇਹ ਜੀਵਨ ਭਰ ਉਪਜਾਉਂਦਾ ਰਹਿੰਦਾ ਹੈ। ਸਾਡੇ ਕੇਵਲ ਇੱਕ ਸੈੱਲ ਅੰਦਰ ਗੁੱਛਾ-ਮੁੱਛਾ ਹੋਏ ਡੀਐੱਨਏ ਦੀ ਦੋ ਮੀਟਰ ਲੰਬਾਈ ਹੈ। ਇੱਕ ਵਿਅਕਤੀ ਦੇ ਸਾਰੇ ਸੈੱਲ ਅੰਦਰ ਸਮਾਏ ਡੀਐੱਨਏ ਦੇ ਸਿਰਿਆਂ ਨੂੰ ਜੋੜ ਕੇ ਜੇਕਰ ਸਿੱਧਾ ਕਰਨਾ ਸੰਭਵ ਹੋ ਸਕੇ ਤਾਂ ਇਸ ਦੀ ਸਮੁੱਚੀ ਲੰਬਾਈ ਦੋ ਕਰੋੜ ਕਿਲੋਮੀਟਰ ਦੇ ਲਗਪਗ ਬਣਨੀ ਚਾਹੀਦੀ ਹੈ। ਇੱਕ ਸੈੱਲ ਦੇ ਡੀਐਨਏ ਦੀ ਦੋ ਮੀਟਰ ਲੰਬਾਈ ਅੰਦਰ 3 ਅਰਬ 20 ਕਰੋੜ ਖਾਰੀ ਜੋੜੇ ਵਿਉਂਤਬੱਧ ਹਨ। ਇਨ੍ਹਾਂ ’ਚੋਂ, ਪਰ 97 ਫ਼ੀਸਦੀ ਖਾਰ ਕੁਝ ਵੀ ਨਹੀਂ ਕਰਦੇ ਜਾਪਦੇ; ਇਹ ਨਕਾਰਾ ਹਨ ਅਤੇ ਸੈੱਲਾਂ ਅੰਦਰ ਵਿਅਰਥ ਸਮਾਏ ਹੋਏ ਹਨ। ਬਾਕੀ ਦੇ ਤਿੰਨ ਫ਼ੀਸਦੀ ਖਾਰ ਤਕਰੀਬਨ 350000 ਜੀਨਾਂ ’ਚ ਵਿਉਂਤਬੱਧ ਹਨ, ਜਿਹੜੇ ਇੱਕ ਦੂਜੇ ਦੇ ਸਹਿਯੋਗ ਨਾਲ ਪ੍ਰੋਟੀਨਾਂ ਦੀਆਂ ਅਜਿਹੀਆਂ ਅਣਗਿਣਤ ਵੰਨਗੀਆਂ ਦਾ ਨਿਰਮਾਣ ਕਰਦੇ ਰਹਿੰਦੇ ਹਨ ਜਿਨ੍ਹਾਂ ਉਪਰ ਨਿਰਭਰ ਸਾਡਾ ਜੀਵਨ ਬੀਤ ਰਿਹਾ ਹੈ। ਸਾਡੀ ਆਪਸ ’ਚ ਜੀਨਾਂ ਦੀ ਸਾਂਝ ਵੀ ਹੈ। ਜੀਨਾਂ ਅੰਦਰਲੀ 99.9 ਫ਼ੀਸਦੀ ਵਿਉਂਤ ਸਾਡੇ ਸਭਨਾਂ ’ਚ ਇਕਸਾਰ ਹੈ ਅਤੇ ਇਨ੍ਹਾਂ ਦਾ ਸਿਰਫ਼ 0.1 ਪ੍ਰਤੀਸ਼ਤ ਸਾਡੇ ’ਚ ਭਿੰਨ ਹੈ। ਜੀਨਾਂ ਅੰਦਰਲੇ ਇੰਨੇ ਕੁ ਮਾਮੂਲੀ ਅੰਤਰ ਕਾਰਨ ਅਸੀਂ ਇੱਕ ਦੂਜੇ ਨਾਲੋਂ ਵੱਖਰੇ ਦਿਸਦੇ ਅਤੇ ਵੱਖਰੇ ਵੱਖਰੇ ਸੁਭਾਅ ਦੇ ਮਾਲਕ ਹਾਂ। ਹਰ ਇੱਕ ਜੀਵ ਅਤੇ ਅਸੀਂ ਆਪ ਆਪੋ-ਆਪਣੇ ਜੀਨਾਂ ਦੇ ਗੁਲਾਮ ਹਾਂ। ਸਾਡੇ ਨੈਣ-ਨਕਸ਼ ਅਤੇ ਕੱਦ-ਕਾਠ ਇਨ੍ਹਾਂ ਦੇ ਪੈਰੋਂ ਪੁੰਗਰਦੇ ਹਨ; ਸਾਡੇ ਅੰਦਰੋਂ ਉਮੜਦੀ ਅੰਤਰ-ਪ੍ਰੇਰਨਾ ਇਨ੍ਹਾਂ ਦੀ ਉਪਜ ਹੈ; ਅਸੀਂ ਕੀ ਕੀ ਲੋਚਦੇ ਹਾਂ, ਉਸ ’ਚ ਇਨ੍ਹਾਂ ਦਾ ਹੱਥ ਹੈ; ਅਸੀਂ ਕਿਸ ਹੱਦ ਤਕ ਸੂਝਵਾਨ ਹਾਂ, ਉਸ ’ਚ ਇਨ੍ਹਾਂ ਦੀ ਭੂਮਿਕਾ ਹੈ; ਜਦ ਅਸੀਂ ਸਦਾਚਾਰ ਦੀ ਉਲੰਘਣਾ ਕਰਦੇ ਹਾਂ, ਤਦ ਇਨ੍ਹਾਂ ਦੇ ਉਕਸਾਏ ਅਤੇ ਜੇਕਰ ਅਸੀਂ ਧੱਕੜ ਹਾਂ ਤੇ ਹੋਰਨਾਂ ਦੀ ਹੱਕ-ਤਲਫ਼ੀ ਕਰਨੋਂ ਨਹੀਂ ਝਿਜਕਦੇ, ਤਦ ਵੀ ਇਨ੍ਹਾਂ ਦੇ ਹੀ ਉਕਸਾਏ। ਜੇਕਰ ਸਾਡਾ ਸਰੀਰ ਬੋਝਿਲ ਹੈ, ਜੇਕਰ ਸਾਡੇ ਵਾਲ ਝੜ ਰਹੇ ਹਨ, ਜੇਕਰ ਨਸ਼ੇ ਦੀ ਲੱਤ ਸਾਨੂੰ ਲੱਗ ਰਹੀ ਹੈ, ਜੇਕਰ ਸ਼ੱਕਰ-ਰੋਗ ਜਾਂ ਹੋਰ ਰੋਗ ਸਾਨੂੰ ਪਰੇਸ਼ਾਨ ਕਰ ਰਹੇ ਹਨ: ਅਜਿਹੇ ਸਭ ਕੁਝ ਲਈ ਵੀ ਜੀਨ ਹੀ ਜ਼ਿੰਮੇਵਾਰ ਹਨ। ਉਂਜ, ਵਿਰਸੇ ’ਚ ਮਿਲੇ ਜੀਨਾਂ ਨੂੰ ਟੁੰਬ ਟੁੰਬ ਕੇ ਜਗਾਉਣਾ ਜਾਂ ਨਾ ਜਗਾਉਣਾ ਸਾਡੀਆਂ ਅਪਣਾਈਆਂ ਆਦਤਾਂ ਉਪਰ ਨਿਰਭਰ ਹੈ ਹਾਲਾਂਕਿ ਆਦਤਾਂ ਦੀ ਸਿਰੜ ਸਹਿਤ ਪਾਲਣਾ ਕਰਨ ਜਾਂ ਨਾ ਕਰਨ ਲਈ ਵੀ ਜੀਨ ਹੀ ਜ਼ਿੰਮੇਵਾਰ ਹਨ। ਸੰਸਾਰ ਵਿੱਚ ਵਿਚਰ ਰਹੇ ਸਭਨਾਂ ਜੀਵਾਂ ਦੀ ਵੀ ਆਪਸ ’ਚ ਸਾਂਝ ਹੈ। ਹਰ ਇੱਕ ਜੀਵ ਦੇ ਹਰ ਇੱਕ ਸੈੱਲ ’ਚ ਡੀਐੱਨਏ ਹੈ ਅਤੇ ਹਰ ਇੱਕ ਜੀਵ ’ਚ ਇਹ ਇੱਕ ਵਿਧੀ ਨਾਲ ਕਿਰਿਆਸ਼ੀਲ ਹੈ। ਜਿਵੇਂ ਇਹ ਕੀਟਾਣੂਆਂ ’ਚ ਕਿਰਿਆਸ਼ੀਲ ਹੈ, ਉਸੇ ਪ੍ਰਕਾਰ ਇਹ ਕਣਕ, ਕੇਲੇ ਜਾਂ ਬੋਹੜ ’ਚ ਅਤੇ ਮੱਕੜੀ, ਮੱਛਰ, ਮੱਛੀ, ਮੋਰ, ਹਾਥੀ, ਗੈਂਡੇ ਅਤੇ ਸਾਡੇ ’ਚ ਕਿਰਿਆਸ਼ੀਲ ਹੈ। ਸਭਨਾਂ ਜੀਵਾਂ ’ਚ ਜੀਵਨ ਦਾ ਇਸ ਕਾਰਨ ਇੱਕ ਸਰੂਪ ਹੈ ਕਿਉਂਕਿ ਸਭਨਾਂ ਜੀਵਾਂ ’ਚ ਇਹ ਡੀਐੱਨਏ ਤੋਂ ਪੁੰਗਰ ਰਿਹਾ ਹੈ। ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਇੱਕ ਵਾਰ ਹੋਂਦ ’ਚ ਆਇਆ ਡੀਐੱਨਏ ਅਗਾਂਹ ਤੋਂ ਅਗਾਂਹ ਪ੍ਰਜਣਨ ਦੁਆਰਾ ਜੀਵਾਂ ਨੂੰ ਵਿਰਸੇ ’ਚ ਮਿਲਦਾ ਰਿਹਾ। ਬੀਤਦੇ ਸਮੇਂ ਨਾਲ ਭਾਵੇਂ ਇਸ ਅੰਦਰਲੇ ਖਾਰੀ-ਜੋੜਿਆਂ ’ਚ ਤਬਦੀਲੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਦੇ ਫਲਸਰੂਪ ਸੰਸਾਰ ਵਿੱਚ ਜੀਵਾਂ ਦੀਆਂ ਭਿੰਨ ਭਿੰਨ ਵੰਨਗੀਆਂ ਉਪਜਦੀਆਂ ਰਹੀਆਂ ਹਨ। ਵਕਤ ਕੇ ਹਾਥੋਂ ਜੀਵਨ ਕੇ ਕੰਵਲ ਗਿਰ ਗਰ ਕਰ, ਡੂਬਤੇ, ਤੈਰਤੇ, ਮੁਰਝਾਤੇ ਰਹੇ, ਖਿਲਤੇ ਰਹੇ।

ਸੰਪਰਕ: 0175-2214547

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All