ਜਾਰੀ ਹੈ ਇਤਿਹਾਸ ਬਦਲਣ ਦੀ ਯੋਜਨਾ

ਜਾਰੀ ਹੈ ਇਤਿਹਾਸ ਬਦਲਣ ਦੀ ਯੋਜਨਾ

ਡਾ. ਵਿਦਵਾਨ ਸਿੰਘ ਸੋਨੀ* 10206891CD _RAMAYAN_MC90_A_08_L (1)ਵੈੱਬ ਅਖ਼ਬਾਰ ‘ਦਿ ਵਾਇਰ’ ਵਿੱਚ ਇੱਕ ਰੀਵਿਊ ਵਿੱਚ ਲਿਖਿਆ ਗਿਆ ਹੈ ਕਿ ਮੋਦੀ ਸਰਕਾਰ ਨੇ ਭਾਰਤ ਦਾ ਇਤਿਹਾਸ ਮੁੜ ਲਿਖਣ ਲਈ ਕਾਹਲੀ ਵਿੱਚ ਇੱਕ ਕਮੇਟੀ ਨਿਯੁਕਤ ਕੀਤੀ ਹੈ। ਜਨਵਰੀ 2017 ਦੇ ਪਹਿਲੇ ਹਫ਼ਤੇ ਨਵੀਂ ਦਿੱਲੀ ਵਿੱਚ ਸਥਿਤ ਇੱਕ ਇਮਾਰਤ ਵਿੱਚ ਜੁੜੇ ‘ਰਾਸ਼ਟਰਵਾਦੀ’ ਵਿਚਾਰਧਾਰਾ ਦੇ 14 ਵਿਦਵਾਨਾਂ ਨਾਲ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਮਹੇਸ਼ ਸ਼ਰਮਾ ਨੇ ਹਰ ਪੁਰਾਤਨ ਮਹਾਂਕਾਵਿ ਨੂੰ ਇਤਿਹਾਸਕ ਲਿਖਤ ਦੱਸ ਕੇ ਦਾਅਵਾ ਕੀਤਾ ਕਿ ਜੋ ਲੋਕ ਇਨ੍ਹਾਂ ਨੂੰ ਕੇਵਲ ਕਥਾਵਾਂ ਸਮਝਦੇ ਹਨ, ਉਹ ਬਿਲਕੁਲ ਗ਼ਲਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਮੇਟੀ ਦਾ ਗਠਨ ਕੀਤਾ ਸੀ। ਉਸ ਕਮੇਟੀ ਦਾ ਸੰਖੇਪ ਕਾਰਜ-ਵੇਰਵਾ ਤੇ ਕੁਝ ਮੈਂਬਰਾਂ ਦੇ ਵਿਚਾਰ ਖ਼ਬਰ ਏਜੰਸੀ ਨੇ ਛਾਣ-ਬੀਣ ਕਰਕੇ ਪ੍ਰਕਾਸ਼ਿਤ ਕੀਤੇ ਹਨ। ਕਮੇਟੀ ਮੈਂਬਰਾਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਪੁਰਾਤੱਤਵੀ ਖੋਜ ’ਚੋਂ ਅਜਿਹਾ ਸੁਰਾਗ਼ ਕੱਢਣ ਜੋ ਇਹ ਸਿੱਧ ਕਰੇ ਕਿ ਹਿੰਦੂ ਇਸ ਧਰਤੀ ਦੇ ਹਜ਼ਾਰਾਂ ਸਾਲ ਪਹਿਲਾਂ ਦੇ ਬਾਸ਼ਿੰਦਿਆਂ ਦੀ ਹੀ ਸੰਤਾਨ ਹਨ। ਇਹ ਵੀ ਸਿੱਧ ਕੀਤਾ ਜਾਵੇ ਕਿ ਪੁਰਾਣੇ ਗ੍ਰੰਥ ਮਿਥਿਹਾਸ ਨਹੀਂ ਹਨ। ਇਸ ਤੱਥ ਨੂੰ ਚੁਣੌਤੀ ਦਿੱਤੀ ਜਾਵੇ ਕਿ ਭਾਰਤ ਕਈ ਸੱਭਿਅਤਾਵਾਂ ਦਾ ਸੁਮੇਲ ਹੈ। ਇਹ ਸਾਰੀ ਬਹਿਸ ਸ਼ੁਰੂ ਕਰਨ ਪਿੱਛੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦਾ ਹੱਥ ਹੈ। ਸੱਜੇ ਪੱਖੀ ਹਿੰਦੂ ਸਿਆਸਤਦਾਨ ਹਿੰਦੂਆਂ ਦੀ ਸੱਭਿਅਕ ਉੱਤਮਤਾ ਦੀ ਕਾਢ ਕੱਢਣਾ ਚਾਹੁੰਦੇ ਹਨ। ਸੱਭਿਆਚਾਰ ਬਾਰੇ ਮੰਤਰੀ 14 ਮੈਂਬਰੀ ਕਮੇਟੀ ਦੀ ਅੰਤਿਮ ਰਿਪੋਰਟ ਪਾਰਲੀਮੈਂਟ ਵਿੱਚ ਪੇਸ਼ ਕਰਕੇ ਮਾਨਵ ਸਰੋਤ ਵਿਕਾਸ ਮੰਤਰਾਲੇ ਰਾਹੀਂ ਸਕੂਲੀ ਪਾਠ ਪੁਸਤਕਾਂ ਵਿੱਚ ਸੋਧ ਕਰਵਾਏਗਾ। ਕਮੇਟੀ ਦੇ ਚੇਅਰਮੈਨ ਕੇ.ਐੱਨ. ਦੀਕਸ਼ਿਤ ਮੁਤਾਬਿਕ ਹਿੰਦੂ ਗ੍ਰੰਥਾਂ ਵਿੱਚ ਵਰਣਿਤ ਕਥਾਵਾਂ ਦੀ ਅਸਲੀਅਤ ਨੂੰ ਮੰਨ ਕੇ ਇਹ ਸਥਾਪਿਤ ਕੀਤਾ ਜਾਵੇਗਾ ਕਿ ਭਾਰਤੀ ਸੱਭਿਅਤਾ ਹਜ਼ਾਰਾਂ ਸਾਲ ਪੁਰਾਣੀ ਹੈ। ਗ੍ਰੰਥਾਂ ਵਿੱਚ ਲਿਖੀਆਂ ਘਟਨਾਵਾਂ ਵਾਸਤਵਿਕ ਹਨ ਅਤੇ ਅਸੀਂ ਸਾਰੇ ਉਨ੍ਹਾਂ ਸਮਿਆਂ ਤੋਂ ਹੀ ਸਿੱਧੇ ਉਤਰੇ ਹਾਂ। ਮਿੱਥਿਕ ਦਰਿਆ ਸਰਸਵਤੀ ਦੀ ਵਾਸਤਵਿਕਤਾ ਨੂੰ ਖੋਜਣਾ ਸਾਡੇ ਲਈ ਬੜਾ ਮਹੱਤਵਪੂਰਨ ਹੈ। ਉਹ ਉਨ੍ਹਾਂ ਥਾਵਾਂ ’ਤੇ ਖੁਦਾਈ ਕਰਕੇ ਰਾਮਾਇਣ ਤੇ ਮਹਾਂਭਾਰਤ ਦੇ ਅਵਸ਼ੇਸ਼ ਖੋਜਣਗੇ (ਜੋ ਸ਼ਾਇਦ ਘੜ ਲਏ ਜਾਣਗੇ?)। ਮੰਤਰੀ ਮਹੇਸ਼ ਸ਼ਰਮਾ ਨੇ ਹੀ ਪ੍ਰਧਾਨ ਮੰਤਰੀ ਉੱਤੇ ਇਸ ਕਮੇਟੀ ਦੇ ਗਠਨ ਵਾਸਤੇ ਦਬਾਅ ਪਾਇਆ ਸੀ, ਪਰ ਅੰਦਰਖਾਤੇ ਇਸ ਦਾ ਉਦੇਸ਼ ਮੋਦੀ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨਾ ਹੀ ਹੈ। ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਦਾ ਸਾਲਾਨਾ ਬਜਟ 2500 ਕਰੋੜ ਰੁਪਏ ਹੈ। ਪਤਾ ਨਹੀਂ ਇਸ ਅਵਿਗਿਆਨਕ ਪੈਰਵੀ ਉੱਤੇ ਮੋਦੀ ਸਰਕਾਰ ਕਿੰਨਾ ਕੁ ਪੈਸਾ ਖਰਾਬ ਕਰੇਗੀ? ਭਾਵੇਂ ਕਰੋੜਾਂ ਲੋਕਾਂ ਦੀ ਸ੍ਰੀ ਰਾਮ ਅਤੇ ਰਾਮਾਇਣ ਵਿੱਚ ਅਟੁੱਟ ਆਸਥਾ ਤੇ ਵਿਸ਼ਵਾਸ ਹੈ ਤੇ ਅਜਿਹੀ ਆਸਥਾ ਦਾ ਕੋਈ ਵਿਰੋਧ ਵੀ ਨਹੀਂ, ਫਿਰ ਵੀ ਇਤਿਹਾਸ ਤੇ ਮਿਥਿਹਾਸ ਅੱਡ ਅੱਡ ਖੇਤਰ ਹਨ। ਇਤਿਹਾਸ ਪ੍ਰਤੀ ਬਾਹਰਮੁਖੀ ਵਿਗਿਆਨਕ ਪਹੁੰਚ ਹੋਣੀ ਚਾਹੀਦੀ ਹੈ। ਭਗਵਾਨ ਰਾਮ ਦਾ ਜਨਮ ਸਾਢੇ ਸੱਤ ਹਜ਼ਾਰ ਸਾਲ ਪੂਰਵ ਕਿਹਾ ਜਾ ਰਿਹਾ ਹੈ ਤੇ ਕਈਆਂ ਵੱਲੋਂ ਸਾਢੇ ਨੌਂ ਹਜ਼ਾਰ ਸਾਲ ਪੂਰਵ ਵੀ। ਉਦੋਂ ਹੀ ਰਾਮਾਇਣ ਨਾਲ ਸਬੰਧਿਤ ਘਟਨਾਵਾਂ ਵਾਪਰੀਆਂ ਹੋਣੀਆਂ ਚਾਹੀਦੀਆਂ ਹਨ। ਰਾਮਾਇਣ ਕਾਲ ਵਿੱਚ ਲੋਹੇ ਦੇ ਹਥਿਆਰ, ਰੱਥ, ਘੋੜੇ ਵਗੈਰਾ ਦਿਖਾਏ ਜਾਂਦੇ ਹਨ। ਅਸਲੀਅਤ ਇਹ ਹੈ ਕਿ ਉਸ ਸਮੇਂ ਅਜਿਹਾ ਕੁਝ ਵੀ ਨਹੀਂ ਸੀ ਕਿਉਂਕਿ ਉਦੋਂ ਸਾਰੀ ਧਰਤੀ ’ਤੇ ਹੀ ਪੱਥਰ-ਯੁੱਗ ਸੀ। ਕਈ ਲੋਕ ਅਜਿਹੀਆਂ ਘਟਨਾਵਾਂ 500 ਸਾਲ ਤੋਂ 100 ਸਾਲ ਪੂਰਵ ਈਸਾ ਹੋਈਆਂ ਮੰਨਦੇ ਹਨ। ਭਗਵਾਨ ਬਾਲਮੀਕੀ ਨੂੰ ਭਗਵਾਨ ਰਾਮ ਦਾ ਸਮਕਾਲੀ ਮੰਨਿਆ ਜਾਂਦਾ ਹੈ। ਬਾਲਮੀਕੀ ਰਾਮਾਇਣ ਦੇ ਪਹਿਲੇ ਰੂਪ ਵਿੱਚ 10206279CD _VIDWAN_SONIਰਾਮ ਨੂੰ ਆਦਰਸ਼ ਮਹਾਨ ਵਿਅਕਤੀ ਦਰਸਾਇਆ ਗਿਆ ਸੀ, ਪਰ ਬਾਅਦ ਵਿੱਚ ਬ੍ਰਾਹਮਣਵਾਦ ਨੇ ਹੌਲੀ ਹੌਲੀ ਇਸ ਗਰੰਥ ਦਾ ਰੂਪ ਹੀ ਬਦਲ ਦਿੱਤਾ। ਰਾਮਾਇਣ ਦੇ ਕਈ ਥਾਵਾਂ ’ਤੇ ਕਈ ਰੂਪ ਬਦਲ ਕੇ ਲਿਖੇ ਗਏ। ਫਿਰ ਤੁਲਸੀਦਾਸ ਨੇ ਸੋਲ੍ਹਵੀਂ ਸਦੀ ਵਿੱਚ ਨਵੀਂ ਰਾਮਾਇਣ ਦੀ ਰਚਨਾ ਕੀਤੀ। ਸੰਸਕ੍ਰਿਤ ਵਿਦਵਾਨ ਔਰਬਿੰਦੋ ਘੋਸ਼ ਭਗਵਾਨ ਬਾਲਮੀਕੀ ਨੂੰ 100 ਕੁ ਸਾਲ ਪੂਰਵ ਈਸਾ ਹੋਇਆ ਮੰਨਦੇ ਹਨ ਅਤੇ ਉਹ ਤੁਲਸੀਦਾਸ ਨੂੰ ਭਗਵਾਨ ਬਾਲਮੀਕੀ ਤੋਂ ਵੱਡਾ ਨਹੀਂ ਸੀ ਮੰਨਦੇ। ਇਹ ਤਾਂ ਆਸਥਾ ਦੀ ਗੱਲ ਹੈ ਜੋ ਭਾਰਤੀਆਂ ਦੇ ਮਨਾਂ ’ਚ ਪੱਕੀ ਹੋ ਚੁੱਕੀ ਹੈ, ਪਰ ਪੁਰਾਤਤਵ ਵਿਗਿਆਨ ਵਿੱਚ ਕੋਈ ਸਬੂਤ ਨਾ ਮਿਲਣ ਕਰਕੇ ਵਿਗਿਆਨਕ ਸੋਚ ਵਾਲੇ ਇਤਿਹਾਸਕਾਰ ਰਾਮਾਇਣ ਦੀਆਂ ਘਟਨਾਵਾਂ ਨੂੰ ਇਤਿਹਾਸਕ ਨਹੀਂ ਮੰਨਦੇ। ਨਾਲ ਹੀ ਇਸ ਮਹਾਂਕਵਿ ਦੇ ਕਈ ਰੂਪ ਹਨ। ਸੰਭਵ ਹੈ ਕਿ ਰਾਮਾਇਣ ਦੀ ਕਥਾ ਨਾਲ ਮਿਲਦੇ ਜੁਲਦੇ ਪਾਤਰ ਹੋਏ ਹੋਣ, ਪਰ ਬਹੁਤ ਫੈਲਾ ਕੇ ਲਿਖੀਆਂ ਕਥਾਵਾਂ ਨਾਲੋਂ ਸੱਚ ਦੀ ਵਿਗਿਆਨਕ ਖੋਜ ਹੋਣੀ ਚਾਹੀਦੀ ਹੈ। ਕੁਝ ਪੁਰਾਤੱਤਵੀ ਸਬੂਤਾਂ ਕਾਰਨ ਔਰਬਿੰਦੌ ਘੋਸ਼ ਤੇ ਹੋਰ ਇਤਿਹਾਸਕਾਰਾਂ ਦਾ ਅੰਦਾਜ਼ਾ ਸਹੀ ਹੈ ਕਿ ਰਾਮਾਇਣ ਵਰਗੇ ਕਿਸੇ ਘਟਨਾਕ੍ਰਮ ਦਾ ਵਾਪਰਨਾ (ਜੇ ਕੁਝ ਅਜਿਹਾ ਹੋਇਆ ਹੈ ਤਾਂ) ਆਰੀਆਂ ਦੇ ਭਾਰਤ ਵਿੱਚ ਆਉਣ ਤੋਂ ਬਹੁਤ ਬਾਅਦ ਵਿੱਚ ਵਾਪਰਿਆ ਹੋਵੇਗਾ ਜਦੋਂ ਲੋਹੇ ਦੇ ਹਥਿਆਰ, ਰੱਥ ਘੋੜੇ ਆਦਿ ਮੌਜੂਦ ਸਨ। ਅਜਿਹੀ ਘਟਨਾ ਨੂੰ ਸਾਢੇ ਸੱਤ ਹਜ਼ਾਰ ਸਾਲ ਪੂਰਵ ਵਾਪਰੀ ਦੱਸਣਾ (ਜਦੋਂ ਪੱਥਰ-ਯੁੱਗ ਹੀ ਸੀ) ਗ਼ਲਤ ਹੈ। ਇਤਿਹਾਸ ਪੁਨਰ-ਲਿਖਣ ਕਮੇਟੀ ਵਿੱਚ ਸ਼ਾਮਲ ਮੈਂਬਰ ਇਸ ਗੱਲੋਂ ਪੱਕੇ ਹਨ ਕਿ ਆਰੀਆ ਬਾਹਰੋਂ ਨਹੀਂ ਆਏ ਸਗੋਂ ਹੜੱਪਨ ਸੱਭਿਅਤਾ ਦੇ ਹੀ ਬਾਸ਼ਿੰਦੇ ਆਰੀਆ ਬਣ ਗਏ। ਜੇ ਹੜੱਪਨ ਹੀ ਆਰੀਆ ਹੁੰਦੇ ਤਾਂ ਘੱਟੋ ਘੱਟ ਉਨ੍ਹਾਂ ਦੀ ਵਿਸ਼ੇਸ਼ ਲਿੱਪੀ ਤੇ ਮਹੱਤਵਪੂਰਨ ਥਾਵਾਂ ਦਾ ਜ਼ਿਕਰ ਕਿਸੇ ਪੁਰਾਤਨ ਹਿੰਦੂ ਗ੍ਰੰਥ ਵਿੱਚ ਜ਼ਰੂਰ ਹੁੰਦਾ, ਜੋ ਕਿਧਰੇ ਨਹੀਂ ਹੈ। ਅਸਲੀਅਤ ਇਹ ਹੈ ਕਿ ਜਦੋਂ ਹੜੱਪਨ ਉੱਨਤ ਅਵਸਥਾ ਵਿੱਚ ਪੁੱਜ ਗਏ ਸਨ, ਉਹ ਕੋਈ ਅਗਿਆਤ ਭਾਸ਼ਾ ਬੋਲਦੇ ਸਨ। ਉਨ੍ਹਾਂ ਨੇ ਵੱਲੋਂ ਬਣਾਈ ਗਈ ਆਪਣੀ ਲਿੱਪੀ ਅਜੇ ਤਕ ਪੜ੍ਹੀ ਨਹੀਂ ਜਾ ਸਕੀ। ਉਸ ਲਿੱਪੀ ਦਾ ਜ਼ਿਕਰ ਵੀ ਕਿਸੇ ਬਾਅਦ ਵਿੱਚ ਰਚੇ ਗ੍ਰੰਥ ਵਿੱਚ ਨਹੀਂ। ਹੜੱਪਨ ਸੱਭਿਅਤਾ ਦੇ ਛੇਕੜਲੇ ਪੜਾਅ ਸਮੇਂ ਲੰਬੇ ਕਾਲ ਪੈ ਗਏ ਅਤੇ ਹੜੱਪਨ ਉੱਜੜ-ਪੁੱਜੜ ਕੇ ਪਾਣੀ ਦੀ ਭਾਲ ਵਿੱਚ ਏਧਰ ਓਧਰ ਖਿੰਡ ਗਏ। ਉਨ੍ਹਾਂ ਦੇ ਬਹੁਤੇ ਕਾਫ਼ਲੇ ਉੱਤਰ ਤੇ ਉੱਤਰ-ਪੂਰਬ ਵੱਲ ਧਾ ਗਏ। ਬਹੁਤਿਆਂ ਨੇ ਸ਼ਿਵਾਲਿਕ ਪਹਾੜੀਆਂ ਵਿੱਚ ਜਾ ਸ਼ਰਨ ਲਈ। ਉਹ ਆਪਣੀ ਲਿੱਪੀ ਤਾਂ ਗੁਆ ਬੈਠੇ ਸਨ, ਪਰ ਦੂਰ ਦਰਾਡੇ ਦਾ ਵਪਾਰ ਖ਼ਤਮ ਹੋਣ ਕਰਕੇ ਉਨ੍ਹਾਂ ਦਾ ਮੈਟੀਰੀਅਲ ਕਲਚਰ ਵੀ ਨਿੱਘਰ ਗਿਆ। ਉਹ ਲੋਕ ਹਤਾਸ਼ ਹੋ ਕੇ ਪੱਥਰ ਦੇ ਸੰਦ ਵਰਤਣ ਲੱਗ ਪਏ ਸਨ ਜਿਨ੍ਹਾਂ ਦੇ ਸਬੂਤ ਸ਼ਿਵਾਲਿਕ ਪਹਾੜੀਆਂ ਵਿੱਚੋਂ ਕੋਈ ਤਿੰਨ ਦਰਜਨ ਥਾਵਾਂ (ਸਾਈਟਾਂ) ਤੋਂ ਮਿਲ ਚੁੱਕੇ ਹਨ। ਸੋਚਣਾ ਬਣਦਾ ਹੈ ਕਿ ਇੰਨੇ ਨਿੱਘਰ ਚੁੱਕੇ ਹੜੱਪਨ, ਘੋੜਿਆਂ ਰੱਥਾਂ ਵਾਲੇ ਉਹ ਲੜਾਕੂ ਕਿਵੇਂ ਬਣ ਗਏ ਜੋ ਕਥਿਤ ਰਾਸ਼ਟਰਵਾਦੀ ਉਨ੍ਹਾਂ ਨੂੰ ਸਿੱਧ ਕਰਨਾ ਚਾਹੁੰਦੇ ਹਨ? ਦਰਅਸਲ ਹੋਇਆ ਇਹ ਕਿ ਜਦੋਂ ਆਰੀਅਨ ਮੱਧ ਏਸ਼ੀਆ ’ਚੋਂ ਭਾਰਤੀ ਉਪ ਮਹਾਂਦੀਪ ਵਿੱਚ ਸ਼ਾਮਲ ਹੋਏ, ਉਨ੍ਹਾਂ ਨੇ ਨਿਘਾਰ ਅਵਸਥਾ ਵਿੱਚ ਆ ਚੁੱਕੇ ਹੜੱਪਨਾਂ ਨੂੰ ਬਿਨਾਂ ਵਿਰੋਧ ਆਪਣੇ ਅਧੀਨ ਕਰ ਲਿਆ। ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਜਾਂ ਕਹਿ ਲਉ ਕਿ ਪਛੜਿਆ ਵਰਗ ਬਣਨ ਵੱਲ ਸੇਧਿਤ ਕਰ ਦਿੱਤਾ। ਕੋਈ ਕਿਧਰੇ ਮਾੜੀਆਂ ਮੋਟੀਆਂ ਲੜਾਈਆਂ ਹੋਈਆਂ ਹੋਣਗੀਆਂ, ਪਰ ਉਨ੍ਹਾਂ ਦਾ ਕੋਈ ਪੱਕਾ ਪੁਰਾਤੱਤਵੀ ਸਬੂਤ ਨਹੀਂ ਮਿਲਦਾ। ਇੱਥੇ ਕੁਝ ਸੈਂਕੜੇ ਸਾਲ ਇਤਿਹਾਸ ਦਾ ਅਸਪਸ਼ਟ ਯੁੱਗ ਰਿਹਾ ਹੈ ਜਿਸ ਨੂੰ ਹਨੇਰਾ ਦੌਰ (ਡਾਰਕ ਪੀਰੀਅਡ) ਵੀ ਕਿਹਾ ਜਾਂਦਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਭਾਰਤ ਦੀ ਸੱਭਿਅਤਾ ਨੂੰ ਕੇਵਲ ‘ਹਿੰਦੂ ਸੱਭਿਅਤਾ’ ਕਹਿਣਾ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਹੈ। 1950 ਵਿੱਚ ਬਣੇ ਭਾਰਤ ਦੇ ਸੰਵਿਧਾਨ ਵਿੱਚ ਸਰਬ-ਧਰਮ ਏਕਤਾ ਵਾਲਾ ਸੰਕਲਪ ਸੰਮਿਲਿਤ ਹੈ, ਪਰ ਸੱਜੇ-ਪੰਥੀ ਰਾਸ਼ਟਰਵਾਦੀ ਇਸ ਨੂੰ ਕੇਵਲ ਇੱਕ ਧਰਮ ਦੀ ਉੱਚਤਾ ਵਾਲਾ ਦੇਸ਼ ਬਣਾਉਣਾ ਚਾਹੁੰਦੇ ਹਨ। ਇਸ ਦਾ ਟਾਕਰਾ ਕਰਨ ਲਈ ਵਿਗਿਆਨਕ ਸੋਚ ਵਾਲੇ ਇਤਿਹਾਸਕਾਰਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। *ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ। ਸੰਪਰਕ: 98143-48697

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All