ਜਵਾਹਰ ਲਾਲ ਨਹਿਰੂ ਅਤੇ ਪੰਜਾਬ

ਜਵਾਹਰ ਲਾਲ ਨਹਿਰੂ ਅਤੇ ਪੰਜਾਬ

ਤੇਜਵੰਤ ਸਿੰਘ ਗਿੱਲ ਆਪਣੀ ਕਿਤਾਬ ‘ਪੈਰਲਲਜ਼ ਐਂਡ ਪੈਰਾਡੌਕਸਿਜ਼’ (ਸਮਾਨਤਾਵਾਂ ਅਤੇ ਵਿਰੋਧਾਭਾਸ) ਵਿਚ ਐਡਵਰਡ ਸਈਅਦ ਨੇ ਆਪਣੇ ਦੋਸਤ ਅਤੇ ਸੰਗੀਤਕਾਰ ਡੇਨੀਅਲ ਬਰੈਨਬੌਮ (ਜੋ ਯਹੂਦੀ ਸੀ) ਨਾਲ ਸੰਗੀਤ ਅਤੇ ਸਮਾਜ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੀ ਗੱਲਬਾਤ ਸੰਗੀਤ ਦੀਆਂ ਨੀਵੀਆਂ ਤੇ ਉੱਚੀਆਂ ਸੁਰਾਂ ਉਤੇ ਕੇਂਦਰਿਤ ਹੈ। ਇਸ ਗੱਲਬਾਤ ਦੌਰਾਨ ਸੰਗੀਤ ਅਤੇ ਸਿਆਸਤ ਦਾ ਮੁੱਦਾ ਵੀ ਉੱਠਦਾ ਹੈ। ਦੋਵੇਂ ਇਸ ਗੱਲ ਉਤੇ ਸਹਿਮਤ ਹੁੰਦੇ ਹਨ ਕਿ ਸਿਆਣੇ ਸਿਆਸੀ ਆਗੂ ਦਾ ਇਹ ਬੁਨਿਆਦੀ ਗੁਣ ਹੁੰਦਾ ਹੈ ਕਿ ਉਹ ਸਿਆਸੀ ਮੁੱਦਿਆਂ ਨੂੰ ਸਜੀਵ ਢੰਗ ਨਾਲ ਹੱਲ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ 20ਵੀਂ ਸਦੀ ਦੇ ਸਿਆਸੀ ਆਗੂਆਂ ਵਿਚੋਂ ਸਿਰਫ਼ ਜਵਾਹਰ ਲਾਲ ਨਹਿਰੂ (14 ਨਵੰਬਰ 1889) ਅਤੇ ਨੈਲਸਨ ਮੰਡੇਲਾ ਹੀ ਅਜਿਹਾ ਵਧੀਆ ਢੰਗ ਨਾਲ ਕਰ ਸਕੇ ਹਨ। ਇਹ ਦੇਖਣਾ ਦਿਲਚਸਪ ਵੀ ਹੋਵੇਗਾ ਅਤੇ ਸਿੱਖਿਆਦਾਈ ਵੀ ਕਿ ਨਹਿਰੂ ਨੇ ਪੰਜਾਬ ਨਾਲ ਸਿੱਝਦਿਆਂ ਇਸ ਪੱਖ ਤੋਂ ਕਿੰਨਾ ਕੁ ਵਧੀਆ ਕੰਮ ਕੀਤਾ। ਭਾਰਤ ਦੀ ਆਜ਼ਾਦੀ ਮੌਕੇ ਪੰਜਾਬ ਨੂੰ ਵੰਡ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਸਿੱਟੇ ਵਜੋਂ ਵੱਡੇ ਪੱਧਰ ‘ਤੇ ਖ਼ੂਨ-ਖ਼ਰਾਬਾ ਹੋਇਆ। ਕੀ ਨਹਿਰੂ ਨੇ ਇਹ ਖ਼ੂਨ-ਖ਼ਰਾਬਾ ਰੋਕਣ ਲਈ ਮੌਜੂਦ ਸਾਰੇ ਵਸੀਲੇ ਅਤੇ ਸਰੋਤ ਇਸਤੇਮਾਲ ਕੀਤੇ? ਇਸ ਦਾ ਜਵਾਬ ਵਿਚ-ਵਿਚਾਲੜਾ ਹੋਵੇਗਾ। ਨਹਿਰੂ ਦੀ ਅਜਿਹਾ ਕਰਨ (ਕਤਲੇਆਮ ਰੋਕਣ) ਦੀ ਭਾਵਨਾ ਤਾਂ ਸੀ, ਪਰ ਉਹ ਇਸ ਭਾਵਨਾ ਨੂੰ ਅਜਿਹੀ ਸਿਆਣਪ ‘ਚ ਬਦਲਣ ਵਿਚ ਨਾਕਾਮ ਰਿਹਾ, ਜਿਹੜੀ ਆਮ ਸਮਝ ਜੋ ਉਸੇ ਵਕਤ ਕੱਟੜ, ਫ਼ਿਰਕੂ ਤੇ ਜਾਨਲੇਵਾ ਵੀ ਸੀ, ਨੂੰ ਸਿੱਧੇ ਰਾਹ ਪਾਉਣ ਦੇ ਸਮਰੱਥ ਹੁੰਦੀ। ਨਹਿਰੂ ਦੇ ਜ਼ਹਿਨ ਵਿਚ ਪਹਿਲੀ ਵਾਰੀ ਪੰਜਾਬ ਉਦੋਂ ਉੱਭਰਿਆ ਜਦੋਂ ਉਹ ਜੈਤੋ ਵਿਚ ਸਿੱਖ ਜੱਥਿਆਂ ਵੱਲੋਂ ਪੁਰਅਮਨ ਢੰਗ ਨਾਲ ਦਿੱਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ (ਜੈਤੋ ਮੋਰਚਾ) ਦੇ ਸਬੰਧ ਵਿਚ ਉਥੇ ਪੁੱਜਿਆ। ਗੁਰਬਾਣੀ ਦਾ ਪਾਠ ਕਰਦਿਆਂ ਗ੍ਰਿਫ਼ਤਾਰੀਆਂ ਦਿੰਦੇ ਸਿੱਖ ਜਥਿਆਂ ਨੇ ਨਹਿਰੂ ਨੂੰ ਪ੍ਰੇਰਿਆ ਕਿ ਉਹ ਸਿਆਸਤ ਨੂੰ ਆਪਣਾ ਮੁੱਢਲਾ ਕਸਬ ਬਣਾਏ। ਇਸ ਤੋਂ ਪਹਿਲਾਂ ਉਸ ਦਾ ਸਾਰਾ ਧਿਆਨ ਨਾਗਰਿਕ ਸਰਗਰਮੀਆਂ ਵੱਲ ਹੀ ਸੀ। ਉਦੋਂ ਤੋਂ ਪੰਜਾਬ ਵਿਚ ਉਸ ਦੀ ਦਿਲਚਸਪੀ ਵਧੀ, ਖ਼ਾਸਕਰ ਇਹ ਅੰਦਾਜ਼ਾ ਲਾਉਣ ਲਈ ਕਿ ਪੰਜਾਬ ਦੇ ਲੋਕ ਭਾਰਤ ਨੂੰ ਵਿਦੇਸ਼ੀ ਗ਼ੁਲਾਮੀ ਦੇ ਜੂਲ਼ੇ ਤੋਂ ਆਜ਼ਾਦ ਕਰਾਉਣ ਲਈ ਕਿੰਨੀ ਕੁ ਭੂਮਿਕਾ ਨਿਭਾ ਸਕਦੇ ਹਨ। ਉਸ ਨੇ ਆਪਣੀ ਰੁਚੀ ਇਹ ਪਤਾ ਲਾਉਣ ਤੱਕ ਹੀ ਸੀਮਤ ਰੱਖੀ ਕਿ ਕਿਹੜਾ ਭਾਈਚਾਰਾ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਯੋਗਦਾਨ ਪਾ ਸਕਦਾ ਹੈ। ਉਹ ਇਹ ਭਰੋਸਾ ਕਰਨ ਲੱਗਾ ਕਿ ਸਿੱਖ ਬਹੁਤ ਲਾਹੇਵੰਦ ਸਨ ਅਤੇ ਉਸ ਨੂੰ ਬਹੁਤ ਦਿਲਚਸਪੀ ਨਾਲ ਸੁਣਦੇ ਸਨ। ਉਹ ਹਿੰਦੂਆਂ ਨੂੰ ਵੀ ਇਸੇ ਤਰ੍ਹਾਂ ਸੰਬੋਧਨ ਕਰਨਾ ਚਾਹੁੰਦਾ ਸੀ ਪਰ ਹਿੰਦੂ ਭਾਈਚਾਰੇ ਵਿਚ ਉਸ ਨੂੰ ਸੁਣਨ ਦੀ ਸੂਝਬੂਝ ਦੀ ਕਮੀ ਸੀ। ਜਿਥੋਂ ਤੱਕ ਮੁਸਲਮਾਨਾਂ ਦਾ ਸਵਾਲ ਹੈ, ਨਾ ਇਹ ਭਾਈਚਾਰਾ ਉਸ ਨੂੰ ਸੁਣਦਾ ਸੀ ਅਤੇ ਨਾ ਹੀ ਉਹ ਉਨ੍ਹਾਂ ਨੂੰ ਮੁਖ਼ਾਤਿਬ ਹੋਣ ਦਾ ਖ਼ਾਹਿਸ਼ਮੰਦ ਸੀ। ਅਜਿਹਾ ਉਸ ਦੇ ਨੋਟਾਂ, ਤਕਰੀਰਾਂ, ਸੁਨੇਹਿਆਂ ਅਤੇ ਨਾਮੀ ਇਤਿਹਾਸਕਾਰ ਐਸ਼ ਗੋਪਾਲ ਵੱਲੋਂ ਸੰਪਾਦਿਤ ਉਸ ਦੇ ‘ਦਿ ਸਿਲੈਕਟਿਡ ਵਰਕਸ’ (ਚੋਣਵੀਆਂ ਲਿਖਤਾਂ) ਵਿਚਲੇ ਪ੍ਰਗਟਾਵਿਆਂ ਤੋਂ ਜ਼ਾਹਰ ਹੋ ਜਾਂਦਾ ਹੈ। ਪੰਜਾਬੀਆਂ ਬਾਰੇ ਅਜਿਹੀ ਖਿੰਡੀ-ਪੁੰਡੀ ਰਾਇ ਕਾਰਨ ਨਹਿਰੂ ਉਸ ਵੰਡ ਦਾ ਵਿਰੋਧ ਨਹੀਂ ਕਰ ਸਕਿਆ ਜਿਹੜੀ ਸਮੁੱਚੇ ਖ਼ਿੱਤੇ ਉਤੇ ਮਾਰੂ ਅਸਰ ਪਾਉਣਾ ਸ਼ੁਰੂ ਕਰ ਚੁੱਕੀ ਸੀ। ਮਹਾਤਮਾ ਗਾਂਧੀ ਵੱਲੋਂ ਕੀਤਾ ਗਿਆ ਨੈਤਿਕ ਵਿਰੋਧ ਵੀ ਇਸ ਨੂੰ ਇੰਨੇ ਭਿਆਨਕ ਰੂਪ ਵਿਚ ਵਾਪਰਨ ਤੋਂ ਨਹੀਂ ਰੋਕ ਸਕਿਆ। ਅੰਬੇਡਕਰ ਦਾ ਸਿਆਣਪ ਭਰਿਆ ਸੁਝਾਅ ਇਸ ਸਬੰਧੀ ਗੱਲਬਾਤ ਵਿਚ ਸ਼ਾਮਲ ਕਿਸੇ ਧਿਰ ਲਈ ਨਾ ਮੰਨਣਯੋਗ ਸੀ ਤੇ ਨਾ ਹੀ ਭਰੋਸੇਯੋਗ। ਜਿਵੇਂ ਅੰਗਰੇਜ਼ੀ ਕਵੀ ਡਬਲਿਊਐੱਚ ਔਡੇਨ ਨੇ ਤਿੱਖਾ ਵਿਅੰਗ ਕੀਤਾ ਕਿ ਇਹ (ਵੰਡ) ਇਕੋ ਸਮੇਂ ਨਿਰਾਸ਼ਾਜਨਕ ਅਤੇ ਬੇਹੂਦਾ ਢੰਗ ਨਾਲ ਹੋਈ। ਸਾਰੀਆਂ ਜਾਤਾਂ, ਨਸਲਾਂ, ਅਕੀਦਿਆਂ ਤੇ ਧਰਮਾਂ ਦੇ ਲੋਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਪਰ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ ਜਿਨ੍ਹਾਂ ਨੂੰ ਨਾ ਸਿਰਫ਼ ਆਪਣੀਆਂ ਜ਼ਰਖ਼ੇਜ਼ ਜ਼ਮੀਨਾਂ ਛੱਡ ਕੇ ਆਉਣਾ ਪਿਆ ਸਗੋਂ ਆਪਣੇ ਇਤਿਹਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰਿਆਂ ਤੋਂ ਵੀ ਮਹਿਰੂਮ ਹੋਣਾ ਪਿਆ। ਇੰਜ ਜਾਪਦਾ ਸੀ ਜਿਵੇਂ ਕੁਦਰਤ ਨੇ ਹੀ ਕਿਸੇ ਬੁਰੀ ਸ਼ਕਤੀ ਨੂੰ ਇੰਨੀ ਮਜ਼ਬੂਤ ਹੋਣ ਦਿੱਤਾ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਉਸ ਜੋਸ਼ ਤੇ ਉਤਸ਼ਾਹ, ਜਿਸ ਨੇ ਨਹਿਰੂ ਨੂੰ ਸਭ ਤੋਂ ਵੱਧ ਕਾਇਲ ਕੀਤਾ, ਲਈ ਸਜ਼ਾ ਦੇਵੇ। ਉਸ ਸਮੇਂ ਨਹਿਰੂ ਸ਼ਾਇਦ ਲੋਕਾਂ ਖ਼ਾਸਕਰ ਸਿੱਖਾਂ ਦੀਆਂ ਮਿਹਰਬਾਨੀਆਂ ਦਾ ਕਰਜ਼ ਅਦਾ ਕਰਨ ਦੀ ਹੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਉਸ ਨੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਲੋਕਾਂ ਦਾ ਮੁੜ ਵਸੇਬਾ ਵਧੀਆ ਢੰਗ ਨਾਲ ਯਕੀਨੀ ਬਣਾਇਆ। ਪੰਜਾਬ ਦੇ ਕੇਂਦਰੀ ਹਿੱਸੇ, ਜਿਹੜਾ ਉਸ ਸਮੇਂ ਪੂਰਬੀ ਜਾਂ ਚੜ੍ਹਦੇ ਪੰਜਾਬ ਵਜੋਂ ਜਾਣਿਆ ਜਾਣ ਲੱਗਾ ਸੀ, ਵਿੱਚ ਚੰਡੀਗੜ੍ਹ ਨਾਮੀ ਨਵਾਂ ਸ਼ਹਿਰ ਉਸਾਰਿਆ ਗਿਆ। ਯੂਨੀਵਰਸਿਟੀਆਂ ਅਤੇ ਹਸਪਤਾਲ ਬਣਾਏ ਗਏ। ਭਾਖੜਾ ਬੰਨ੍ਹ ਮੁਕੰਮਲ ਕੀਤਾ ਗਿਆ। ਨਹਿਰੂ ਦੀ ਇਹੋ ਇੱਛਾ ਸੀ ਕਿ ਆਰਥਿਕ ਵਿਕਾਸ ਦੇ ਹੁਲਾਰੇ ਵਾਲੀਆਂ ਕੇਂਦਰਮੁਖੀ ਪ੍ਰੇਰਨਾਵਾਂ, ਸਮਾਜਿਕ ਸਦਭਾਵਨਾ ਅਤੇ ਸਿਆਸੀ ਸਹਿਹੋਂਦ ਜਾਰੀ ਰਹੇ ਤਾਂ ਕਿ ਲੋਕਾਂ ਦਾ ਵਧੀਆ ਭਵਿੱਖ ਯਕੀਨੀ ਬਣਾਇਆ ਜਾ ਸਕੇ। ਇਹ ਤਾਂ ਹੀ ਹੋ ਸਕਦਾ ਸੀ, ਜੇ ਉਨ੍ਹਾਂ ਦੇ ਹਾਵੀ ਵਿਚਾਰ ਅਚਾਨਕ ਉਭਰਦੀਆਂ ਉਮੀਦਾਂ ਨੂੰ ਉਨ੍ਹਾਂ ਦੀਆਂ ਜ਼ਿੰਦਗੀਆਂ ਉਤੇ ਪ੍ਰਭਾਵ ਪਾਉਣ ਯੋਗ ਬਣਾ ਸਕਦੇ ਅਤੇ ਪਿੱਛੇ ਬਚੀਆਂ ਪੂਰਵ ਧਾਰਨਾਵਾਂ ਦਾ ਕੋਈ ਵੀ ਡਰ ਉਨ੍ਹਾਂ ਨੂੰ ਨਾਮੁੜਨਯੋਗ ਰਾਹ ਉਤੇ ਨਾ ਪਾ ਸਕਦਾ। ਇਸ ਦੇ ਬਾਵਜੂਦ, ਸੱਤਾ ਦੇ ਕੇਂਦਰ ਵਿਚ ਆਈਆਂ ਨਵੀਆਂ ਤਾਕਤਾਂ ਨੇ ਨਵੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ, ਹਾਲਾਂਕਿ ਇਹ ਆਸਾਂ-ਉਮੀਦਾਂ ਦੀ ਉਸ ਫ਼ਸਲ ਦੇ ਖਿਲਾਫ਼ ਸਨ, ਜਿਹੜੀ ਨਹਿਰੂ ਤੋਂ ਕੀਤੀ ਗਈ ਤਵੱਕੋ ‘ਚੋਂ ਉੱਗੀ ਸੀ। ਪੇਂਡੂ ਉੱਚ ਜ਼ਿਮੀਦਾਰ ਵਰਗ ਅਤੇ ਸ਼ਹਿਰੀ ਵਪਾਰੀ ਜਮਾਤ ‘ਤੇ ਆਧਾਰਿਤ ਧੜੇ ਦੀ ਅਗਵਾਈ ਹੇਠ ਸਿੱਖਾਂ ਨੇ ਭਾਸ਼ਾ ਦੇ ਆਧਾਰ ਉਤੇ ਪੰਜਾਬ ਦੇ ਮੁੜ ਗਠਨ ਦੀ ਮੰਗ ਕੀਤੀ। ਇਹ ਮੰਗ ਅਸਪੱਸ਼ਟਤਾ ਦਾ ਸ਼ਿਕਾਰ ਸੀ। ਜੇ ਪੰਜਾਬੀ ਨੂੰ ਇਸ ਦੀਆਂ ਉਪ-ਭਾਸ਼ਾਵਾਂ ਸਣੇ ਮੁੜ ਗਠਨ ਦਾ ਆਧਾਰ ਬਣਾਇਆ ਜਾਂਦਾ, ਫਿਰ ਤਾਂ ਮਾਮੂਲੀ ਤਬਦੀਲੀਆਂ ਹੀ ਅਮਲ ਵਿਚ ਲਿਆਉਣ ਦੀ ਲੋੜ ਸੀ ਪਰ ਸੱਤਾ ਅਤੇ ਜਾਇਦਾਦਾਂ ਦੇ ਚਾਹਵਾਨ ਜਗੀਰੂ ਤੇ ਸ਼ਹਿਰੀ ਆਗੂਆਂ ਦੇ ਦਿਮਾਗ਼ ਵਿਚ ਕੁਝ ਹੋਰ ਹੀ ਸੀ। ਉਨ੍ਹਾਂ ਨੂੰ ਵੰਡ ਦੀ ਕੋਈ ਪ੍ਰਵਾਹ ਨਹੀਂ ਸੀ, ਕਿਉਂਕਿ ਵੰਡ ਨਾਲ ਹੀ ਉਨ੍ਹਾਂ ਨੂੰ ਸੱਤਾ ਮਿਲ ਸਕਦੀ ਸੀ। ਹਿੰਦੂ ਮਹਾਸਭਾ ਦੇ ਕਾਰਕੁਨਾਂ ਅਤੇ ਆਰੀਆ ਸਮਾਜ ਦੇ ਪੈਰੋਕਾਰਾਂ ਦੀ ਅਗਵਾਈ ਵਾਲਾ ਦੂਜਾ ਧੜਾ ਆਪਣੇ ਹਿੱਤਾਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ। ਉਨ੍ਹਾਂ ਮਹਾ ਪੰਜਾਬ ਲਈ ਜ਼ੋਰ ਦਿੱਤਾ ਪਰ ਸੂਬੇ ਵਿਚ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੀ ਇੱਛਾ ਪੰਜਾਬ ਨੂੰ ਉਸ ਅਖੰਡ ਭਾਰਤ ਵਿਚ ਖਿੱਚਣ ਦੀ ਸੀ, ਜਿਹੜਾ ਮਿੱਥ ਰਾਹੀਂ ਸੁਸ਼ੋਭਿਤ ਪਰ ਇਤਿਹਾਸ ਵੱਲੋਂ ਨਕਾਰਿਆ ਗਿਆ ਸੀ। ਇਨ੍ਹਾਂ ਦੋ ਵਿਰੋਧੀ ਹਾਲਾਤ ਦੌਰਾਨ, ਨਹਿਰੂ ਦੀ ਸੋਚ ਸੌੜੀਆਂ ਸੋਚਾਂ ਦੇ ਵਿਰੋਧ ਵਿਚ ਖੜ੍ਹੀ ਸੀ। ਇਸ ਦੇ ਬਾਵਜੂਦ, ਕਈ ਤਰ੍ਹਾਂ ਦੀਆਂ ਰੁਕਾਵਟਾਂ ਕਾਰਨ ਉਹ ਆਪਣੇ ਵਿਚਾਰ ਨੂੰ ਅਮਲੀ ਜਾਮਾ ਨਾ ਪਹਿਨਾ ਸਕਿਆ। ਨਹਿਰੂ ਦੀਆਂ ਸੋਚਾਂ ਦੀਆਂ ਸੁਰਾਂ ਵਧੀਆ ਹੋਣ ਦੀ ਤਾਂ ਗੱਲ ਹੀ ਕੀਤੀ ਜਾ ਸਕਦੀ ਹੈ ਪਰ ਇਹ ਰਾਗਾਂ ਮੁਤਾਬਕ ਨਿਭਣ ਵਿਚ ਨਾਕਾਮ ਰਹੀ। ਹਾਲਤ ਦਾ ਦੁਖਾਂਤ ਇਹ ਸੀ ਕਿ ਦੂਜਾ ਧੜਾ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੇ ਅੰਦਰੋਂ ਕਾਫ਼ੀ ਖ਼ਾਮੋਸ਼ ਹਮਾਇਤ ਹਾਸਲ ਕਰਨ ਵਿਚ ਕਾਮਯਾਬ ਰਿਹਾ। ਪਹਿਲੇ ਧੜੇ ਨੂੰ ਨਿੰਦਣਾ ਉਸ ਦੀ ਆਦਤ ਬਣ ਗਈ। ਇਸ ਦਬਾਅ ਹੇਠ ਆ ਕੇ, ਉਸ ਨੇ ਪੰਜਾਬੀ ਬਾਰੇ ਕਿਹਾ ਕਿ ਪੰਜਾਬੀ ਕੋਈ ਅਜਿਹੀ ਭਾਸ਼ਾ ਨਹੀਂ, ਜਿਹੜੀ ਮਹਾਨ ਸਾਹਿਤ ਦੇ ਦਾਅਵੇ ਕਰ ਸਕੇ, ਸਗੋਂ ਇਹ ਮਹਿਜ਼ ਉਪ-ਭਾਸ਼ਾ ਸੀ, ਜਿਹੜੀ ਨਿੱਤ ਦਿਨ ਦੀ ਆਮ ਗੱਲਬਾਤ ਲਈ ਹੀ ਸੀ। ਉਂਜ ਆਪਣੇ ਚਿੰਤਨਸ਼ੀਲ ਪਲਾਂ ਦੌਰਾਨ, ਉਸ ਨੇ ਮੰਨਿਆ ਕਿ ਆਖ਼ਰ ਪੰਜਾਬੀ ਭਾਸ਼ਾ ਤਾਂ ਹੈ ਪਰ ਉਹ ਇਹ ਗੱਲ ਅਰਥ ਭਰਪੂਰ ਢੰਗ ਨਾਲ ਨਹੀਂ ਕਹਿ ਸਕਿਆ। ਨਹਿਰੂ ਨੇ ਜਾਂ ਤਾਂ ਇਹ ਨਾਟਕ ਕੀਤਾ ਕਿ ਉਸ ਨੂੰ ਇਹ ਪਤਾ ਨਹੀਂ ਸੀ, ਜਾਂ ਉਹ ਪੂਰੀ ਤਰ੍ਹਾਂ ਨਹੀਂ ਸੀ ਜਾਣਦਾ ਕਿ ਅੱਠ ਸਦੀਆਂ ਪਹਿਲਾਂ ਪੰਜਾਬੀ ਸਾਹਿਤ ਦਾ ਲਿਖਤੀ ਰੂਪ ਸ਼ੇਖ਼ ਫ਼ਰੀਦ ਨਾਲ ਸ਼ੁਰੂ ਹੋ ਚੁੱਕਾ ਸੀ। ਉਨ੍ਹਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਸ਼ੈਲੀ ਬਹੁਤ ਅਮੀਰ ਅਤੇ ਵਾਕ-ਰਚਨਾ ਬਹੁ-ਭਾਸ਼ੀ ਸੀ। ਨਹਿਰੂ ਦੀ ਇਸ ਤੱਥ ਨੂੰ ਸਮਝਣ ਦੀ ਨਾਕਾਮੀ ਕਾਫ਼ੀ ਹੱਦ ਤੱਕ ਉਨ੍ਹਾਂ ਸਿਆਸੀ ਲੱਛਣਾਂ ਦੀ ਸੂਚਕ ਸੀ ਜਿਹੜੇ ਉਸ ਵੇਲੇ ਦੀ ਸਿਆਸਤ ਵਿਚ ਉਭਰ ਰਹੇ ਸਨ। ਕੌਮੀ ਪੱਧਰ ਉਤੇ ਉਸ ਦੇ ਨਵੇਂ ਕਦਮਾਂ ਨੂੰ ਚੁਣੌਤੀਆਂ ਮਿਲ ਰਹੀਆਂ ਸਨ ਅਤੇ ਕੌਮਾਂਤਰੀ ਪੱਧਰ ‘ਤੇ ਉਸ ਦੀ ਗੁੱਟ-ਨਿਰਲੇਪ ਨੀਤੀ ਦੇ ਰਾਹ ਵਿਚ ਰੁਕਾਵਟਾਂ ਆ ਰਹੀਆਂ ਸਨ। ਦਿਸਹੱਦਿਆਂ ‘ਤੇ ਲੁਕੀ ਨਾਕਾਮੀ ਨਿਰਾਸ਼ਾਜਨਕ ਸੀ। ਹੁਣ ਤਾਂ ਹਾਲਤ ਹੋਰ ਵੀ ਖ਼ਰਾਬ ਹੈ ਕਿ ਸਿਆਸਤਦਾਨਾਂ ਨੇ ਨਹਿਰੂ ਵਰਗੀ ਵਿਸ਼ਾਲ ਸਮਝ ਅਤੇ ਡੂੰਘੀ ਸੰਵੇਦਨਸ਼ੀਲਤਾ ਨੂੰ ਤਿਲਾਂਜਲੀ ਦੇ ਦਿੱਤੀ ਹੈ। ਸੰਪਰਕ: 98150-86016 *ਸਾਬਕਾ ਮੁਖੀ ਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All