ਜਲ੍ਹਿਆਂਵਾਲੇ ਬਾਗ਼ ਬਾਰੇ ਅਦਬੀ ਗੱਲਾਂ : The Tribune India

ਜਲ੍ਹਿਆਂਵਾਲੇ ਬਾਗ਼ ਬਾਰੇ ਅਦਬੀ ਗੱਲਾਂ

ਜਲ੍ਹਿਆਂਵਾਲੇ ਬਾਗ਼ ਬਾਰੇ ਅਦਬੀ ਗੱਲਾਂ

ਡਾ. ਗੁਰਨਾਇਬ ਸਿੰਘ

ਲਾ ਬਖ਼ਸ਼ ਕੁਸ਼ਤਾ ਨੂੰ ਪੰਜਾਬੀ ਸਾਹਿਤ ਚਿੰਤਨ ਦੇ ਮੋਢੀਆਂ ਨਾਲ ਸਥਾਨ ਹਾਸਲ ਹੈ। ਉਸ ਦੀ ਮਸ਼ਹੂਰੀ ਸਟੇਜੀ ਸ਼ਾਇਰ ਵਜੋਂ ਹੋਈ ਸੀ। ਗ਼ਜ਼ਲਕਾਰ ਦੇ ਰੂਪ ਵਿਚ ਉਹ ਸਾਹਿਤਕਾਰ ਪ੍ਰਵਾਨਿਆ ਗਿਆ ਸੀ। ਸੰਪਾਦਕ ਅਤੇ ਸਮਾਜਕ ਸ਼ਖ਼ਸੀਅਤ ਵਜੋਂ ਪੰਜਾਬੀ ਸਮਾਜ ਅੰਦਰ ਭਾਈਚਾਰਕ ਏਕਤਾ ਦੀ ਮਜ਼ਬੂਤੀ ਉਸ ਦਾ ਪਰਮ ਉਦੇਸ਼ ਸੀ। ਪੰਜਾਬੀ ਭਾਸ਼ਾ ਉਸ ਦੀ ਪ੍ਰਤੀਬੱਧਤਾ ਸੀ ਅਤੇ ਪੰਜਾਬੀਅਤ ਉਸ ਦਾ ਇਸ਼ਕ ਸੀ। ਪਰ ਪੰਜਾਬੀ ਸਾਹਿਤ ਚਿੰਤਨ ਦੇ ਖੇਤਰ ਵਿਚ ਕੀਤੇ ਖੋਜ ਕਾਰਜ ਕਾਰਨ ਉਹ ਅਮਰ ਪਦ ਨੂੰ ਪ੍ਰਾਪਤ ਹੋਇਆ ਹੈ। ਉਸ ਦੀਆਂ ਦੋ ਪੁਸਤਕਾਂ 'ਪੰਜਾਬ ਦੇ ਹੀਰੇ' ਅਤੇ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਇਸ ਦਾ ਸਬੱਬ ਬਣੀਆਂ ਹਨ। ਪਹਿਲੀ ਪੁਸਤਕ 1932 ਵਿਚ ਪ੍ਰਕਾਸ਼ਤ ਹੋਈ ਸੀ ਪਰ ਦੂਜੀ ਪੁਸਤਕ ਨੂੰ ਮੁਕੰਮਲ ਕਰਕੇ ਇਸ ਦੀ ਭੂਮਿਕਾ ਕਬਰ ਵਿਚ ਜਾਣ ਤੋਂ ਦੋ ਕੁ ਮਹੀਨੇ ਪਹਿਲਾਂ ਹੀ ਲਿਖਵਾ ਦਿੱਤੀ ਸੀ। ਇਸ ਖੋਜ ਲਈ ਆਪਣੇ ਨੈਣਾਂ ਦੀ ਜੋਤ ਮੁਕਾ ਚੁੱਕਾ ਕੁਸ਼ਤਾ ਇਨ੍ਹਾਂ ਦੋ ਪੁਸਤਕਾਂ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਦੋ ਸਦੀਵੀ ਅੱਖਾਂ ਬਖ਼ਸ਼ ਗਿਆ ਹੈ। ਉਸ ਦੇ ਇਸ ਨੇਤਰ ਦਾਨ ਦਾ ਦੇਣਾ ਸਾਥੋਂ ਭੁਲਾਇਆਂ ਵੀ ਨਹੀਂ ਭੁੱਲਣਾ। ਉਸ ਦੀ ਧਾਰਨਾ ਸੀ ਕਿ ਪੰਜਾਬੀਅਤ ਅੰਦਰ ਧਰਮ ਨੂੰ ਆਧਾਰ ਬਣਾ ਕੇ ਪਈ ਲੀਕ ਕੱਚੀ ਹੈ ਤੇ ਮਿਟ ਜਾਣੀ ਹੈ। ਇਸ ਦੀ ਉਸ ਨੂੰ ਉਮੀਦ ਵੀ ਸੀ। ਇਸੇ ਕਰਕੇ ਹੀ ਉਸ ਨੇ 1947 ਦੀ ਦੇਸ਼ ਵੰਡ ਵੇਲੇ ਆਪਣੀ ਜੰਮਣ ਭੋਂ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਣ ਲੱਗਿਆਂ ਭਰੇ ਘਰ ਅੰਦਰੋਂ ਸਿਰਫ 'ਪੰਜਾਬ ਦੇ ਹੀਰੇ' ਪੁਸਤਕ ਦੇ ਸਬੰਧ ਵਿਚ ਜੋੜੀਆਂ ਕਿਤਾਬਾਂ ਨੂੰ ਹੀ ਚਾਰ ਬੋਰੀਆਂ ਵਿਚ ਭਰ ਕੇ ਲਾਲਾ ਧਨੀ ਰਾਮ ਚਾਤ੍ਰਿਕ ਦੀ ਕੋਠੀ ਪ੍ਰੇਮ ਨਿਵਾਸ, ਪੁਤਲੀਘਰ, ਭੇਜਿਆ ਸੀ। ਲਾਹੌਰ ਵੱਲ ਜਾਣ ਵੇਲੇ ਉਸ ਨੇ ਆਪਣਾ ਮੁਸੱਲਾ ਤੇ ਵੁਜੂ ਲੋਟਾ ਹੀ ਨਾਲ ਲਿਆ ਸੀ। ਅੰਮ੍ਰਿਤਸਰ, ਗੁਰੂ ਦੀ ਨਗਰੀ, ਛੱਡਣ ਤੋਂ ਪਹਿਲਾਂ ਉਹ ਆਪਣਾ ਭਰਿਆ ਘਰ ਅੱਲ੍ਹਾ ਦੇ ਹਵਾਲੇ ਕਰ ਗਿਆ ਸੀ। ਸੰਨ 1876 ਈਸਵੀ ਦੇ ਜੁਲਾਈ ਮਹੀਨੇ ਵਿਚ ਅੰਮ੍ਰਿਤਸਰ ਵਿਚ ਜਨਮੇ ਕੁਸ਼ਤੇ ਨੂੰ ਲਾਹੌਰ ਵਿਖੇ 19 ਜੂਨ, ਦਿਨ ਐਤਵਾਰ ਸੰਨ 1955 ਈਸਵੀ ਦੀ ਰਾਤ ਦੇ ਸਾਢੇ ਦਸ ਵਜੇ ਆਖਰੀ ਸਵਾਸ ਆਇਆ ਸੀ। ਉਸ ਦੀਆਂ ਸ਼ਖ਼ਸੀ ਖੂਬੀਆਂ ਬਾਰੇ ਉਸ ਦੇ ਬੇਟੇ ਅਫਜਲ ਖਾਂ ਸੰਪਾਦਕ 'ਪੰਜ ਦਰਿਆ' ਦੇ ਇਹ ਬੋਲ ਭਾਵਪੂਰਨ ਹਨ: ''ਖੁਦਾ ਬਖ਼ਸ਼ੇ, ਬੜੇ ਗੁਣ ਖੂਬੀਆਂ ਸਨ ਮਰਨ ਵਾਲੇ ਵਿਚ।'' ਇੱਥੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਹਵਾਲੇ ਨਾਲ ਉਸ ਅੰਦਰ ਨਿਵਾਸ ਕਰਦੀ ਇੱਕ ਖ਼ੂਬੀ ਨੂੰ ਯਾਦ ਕਰਦੇ ਹਾਂ। ਸੰਨ 1919 ਈਸਵੀ ਭਾਰਤ ਦੇ ਆਜ਼ਾਦੀ ਅੰਦੋਲਨ ਅੰਦਰ ਰਾਜਨੀਤਕ ਯੁੱਧ ਨੀਤੀ ਦੇ ਪੱਖ ਤੋਂ ਵਾਪਰੀ ਬੁਨਿਆਦੀ ਤਬਦੀਲੀ ਦਾ ਸਾਲ ਸੀ। ਇਹ ਸਾਲ ਅੰਮ੍ਰਿਤਸਰ ਰਾਹੀਂ ਸਰਬ ਭਾਰਤ ਵਾਸਤੇ ਵਿਸ਼ੇਸ਼ ਬਣਿਆ ਸੀ। ਮੌਲਾ ਬਖ਼ਸ਼ ਕੁਸ਼ਤਾ ਦਾ ਕਰਮ ਖੇਤਰ ਵੀ ਇਹੋ ਸ਼ਹਿਰ ਸੀ। ਇਸ ਵਰ੍ਹੇ ਵਾਪਰੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੇ ਅੰਮ੍ਰਿਤਸਰ ਨਗਰ ਨੂੰ ਇਸ ਦੇ ਜਨਮ ਤੋਂ ਬਾਅਦ ਦੂਜੀ ਵਾਰ ਇਸ ਪੱਧਰ ਦਾ ਰਾਜਨੀਤਕ ਤੇ ਇਤਿਹਾਸਕ ਮਹੱਤਵ ਪ੍ਰਦਾਨ ਕਰਵਾਇਆ ਸੀ। ਇਸ ਸ਼ਹਿਰ ਨੂੰ ਵਸਾਉਣ ਪਿੱਛੇ ਕਾਰਜਸ਼ੀਲ ਸੰਕਲਪ ਅਤੇ ਇਸ ਦਾ ਨਾਮ 'ਅੰਮ੍ਰਿਤਸਰ' ਸ਼ਬਦ ਉਤੇ ਰੱਖਣ ਦਾ ਮੰਤਵ ਗੁਰਮਤਿ ਦਰਸ਼ਨ ਦੇ ਮੂਲ ਮਾਨਵੀ ਆਦਰਸ਼ ਨੂੰ ਸਾਕਾਰ ਜੀਵਨ ਰੂਪ ਧਾਰਨ ਕਰਵਾਉਣਾ ਸੀ। ਇਸ ਤਰ੍ਹਾਂ ਇਹ ਨਗਰ ਆਪਣੇ ਜਨਮ ਤੋਂ ਹੀ ਸਾਧਾਰਨ ਨਗਰ ਨਾ ਹੋ ਕੇ ਵਿਸ਼ੇਸ਼ ਦਾਰਸ਼ਨਕ ਮਹੱਤਵ ਦਾ ਧਾਰਨੀ ਸੀ ਜਿਹੜਾ ਮਾਨਵ ਨੂੰ ਨਵੀਂ ਜੀਵਨ ਦ੍ਰਿਸ਼ਟੀ ਤੇ ਸ਼ੈਲੀ ਪ੍ਰਦਾਨ ਕਰਵਾਉਂਦਾ ਸੀ। ਇਸ ਦ੍ਰਿਸ਼ਟੀ ਦਾ ਮੂਲ ਸੁਭਾਅ ਸਰਬੱਤ ਦਾ ਭਲਾ ਸੀ ਜਿਹੜਾ ਇਸ ਤੋਂ ਉਲਟ ਵਿਚਰਨ ਵਾਲੇ ਰਾਜਸੀ ਪ੍ਰਬੰਧ ਨੂੰ ਸਦਾ ਹੀ ਵੰਗਾਰਦਾ ਰਹਿੰਦਾ ਸੀ। ਇਸ ਵੰਗਾਰਮਈ ਚਰਿੱਤਰ ਸਦਕਾ ਪ੍ਰਤੀਕੂਲ ਰਾਜਸੀ ਪ੍ਰਬੰਧਾਂ ਨੇ ਇਸ ਨਗਰ ਅੰਦਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਮੇਟਣ ਦੇ ਕਈ ਅਸਫਲ ਯਤਨ ਕੀਤੇ ਜਿਨ੍ਹਾਂ ਦੀਆਂ ਕਈ ਉਦਾਹਰਨਾਂ ਅਠਾਰ੍ਹਵੀਂ ਸਦੀ ਦੀ ਸਿੱਖ ਲਹਿਰ ਦੇ ਇਤਿਹਾਸ ਦਾ ਹਿੱਸਾ ਹਨ। ਆਪਣੇ ਜਨਮ ਤੋਂ ਸਿੱਖ ਲਹਿਰ ਦੇ ਮੂਲ ਪ੍ਰੇਰਨਾ ਸ੍ਰੋਤ ਵਜੋਂ ਸਥਾਪਤ ਇਹ ਨਗਰ ਜਲ੍ਹਿਆਂਵਾਲੇ ਬਾਗ ਦੇ ਸਾਕੇ ਨਾਲ ਇਕ ਵਾਰ ਫੇਰ ਮਾਨਵ ਦੀ ਸੁਤੰਤਰਤਾ ਦੇ ਦਾਤੇ ਵਜੋਂ ਸੰਸਾਰ ਦੇ ਨਕਸ਼ੇ ਉਤੇ ਉਭਰਦਾ ਹੈ। ਇਸ ਮਹੱਤਵ ਅਧੀਨ ਮੌਲਾ ਬਖ਼ਸ਼ ਕੁਸ਼ਤੇ ਦੇ ਜੀਵਨ ਸਮਾਚਾਰਾਂ ਅੰਦਰ ਵਾਪਰੀ ਇਕ ਘਟਨਾ ਇਸ ਨਗਰ ਦੀ ਰੂਹ ਨੂੰ ਪ੍ਰਗਟਾਅ ਬਖ਼ਸ਼ਦੀ ਹੈ। ਇਥੇ ਉਸ ਘਟਨਾ ਨੂੰ ਉਦਰਤ ਕਰਦੇ ਹਾਂ: 'ਜਿਸ ਦਿਨ (10 ਅਪਰੈਲ, 1919) ਰਾਮਨੌਮੀ ਦਾ ਜਲੂਸ ਨਿਕਲਿਆ ਹਿੰਦੂਆਂ, ਮੁਸਲਮਾਨਾਂ ਨੇ ਇਕੋ ਗਲਾਸ ਵਿਚ ਪਾਣੀ ਪੀਤਾ ਅਤੇ 'ਏਕ ਜੋਤਿ ਦੁਇ ਮੂਰਤੀ' ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ। ਹਰ ਪਾਸੇ ਲੁੱਟ ਮਚ ਗਈ। ਬੈਂਕ ਲੁੱਟੇ ਗਏ। ਅੰਗਰੇਜ਼ ਤੇ ਈਸਾਈ ਗ਼ੈਰ ਸਮਝ ਕੇ ਮਾਰੇ ਜਾਣ ਲੱਗੇ। ਅੱਗਾਂ ਲੱਗਣ ਲੱਗੀਆਂ। ਕੁਸ਼ਤਾ ਜੀ ਆਪਣੇ ਪਰਿਵਾਰ ਸਮੇਤ ਉਨ੍ਹੀਂ ਦਿਨੀਂ ਕੂਚਾ ਡਾ. ਝੰਡੇ ਖਾਂ, ਢਾਬ ਖਟੀਕਾਂ ਵਿਖੇ ਰਹਿੰਦੇ ਸਨ। ਉਨ੍ਹਾਂ ਦੇ ਗੁਆਂਢ ਸਰ ਗਿਰਜਾ ਸ਼ੰਕਰ ਬਾਜਪਾਈ ਦੀ ਭਤੀਜੀ ਡਾਕਟਰ ਮਿਸ ਆਰ. ਬਾਜਪਾਈ ਅਤੇ ਉਸ ਦੀ ਇਕ ਹੋਰ ਸਾਥਣ ਡਾਕਟਰ ਵੀ ਰਹਿੰਦੀਆਂ ਸਨ। ਭੜਕੀ ਹੋਈ ਭੀੜ ਨੇ ਉਨ੍ਹਾਂ ਦੇ ਮਕਾਨ ਨੂੰ ਘੇਰ ਲਿਆ। ਡਾਕਟਰ ਕੁੜੀਆਂ ਨੇ ਜਦ ਕੁਸ਼ਤਾ ਜੀ ਨੂੰ ਵਾਸਤਾ ਪਾਇਆ ਕਿ 'ਸਾਡੀ ਜਾਨ ਨੂੰ ਖ਼ਤਰਾ ਹੈ' ਤਾਂ ਕੁਸ਼ਤਾ ਜੀ ਉਨ੍ਹਾਂ ਨੂੰ ਬੰਨਾ ਟਪਾ ਕੇ ਉਪਰੋਂ ਹੀ ਆਪਣੇ ਘਰ ਲੈ ਗਏ। ਰੇਲ ਦੀ ਆਵਾਜਾਈ ਦੇ ਸਭ ਰਸਤੇ ਬੰਦ ਸਨ। ਫਸਾਦ ਪੂਰੇ ਜੋਬਨ 'ਤੇ ਸਨ। ਮਿਸ ਆਰ. ਬਾਜਪਾਈ ਨੇ ਕਿਹਾ, ''ਸਾਨੂੰ ਕਿਸੇ ਤਰ੍ਹਾਂ ਸਟੇਸ਼ਨ 'ਤੇ ਪਹੁੰਚਾ ਦਿਓ ਤਾਂ ਜੋ ਅਸੀਂ ਲੁਧਿਆਣੇ ਸੈਂਟਰ ਵਿਚ ਪਹੁੰਚ ਜਾਈਏ। ਸਾਡੇ ਲਈ ਉਹੀ ਮਹਿਫੂਜ਼ ਥਾਂ ਏ।'' ਮਾਰ-ਧਾੜ ਦੀ ਅੱਗ ਪੂਰੀ ਤਰ੍ਹਾਂ ਭੜਕੀ ਹੋਈ ਸੀ ਪਰ ਆਪ ਨੇ ਵੀ ਰਾਜਪੂਤੀ ਅਣਖ ਤੇ ਜੋਸ਼ ਤੋਂ ਕੰਮ ਲੈਂਦਿਆਂ ਹਾਮੀ ਭਰ ਦਿੱਤੀ। ਆਪਣੇ ਇਕ ਸੱਜਣ ਭਰਾ ਮੌਲਾ ਬਖ਼ਸ਼ (ਸਾਬਨ ਵਾਲੇ) ਨੂੰ ਤਿਆਰ ਕੀਤਾ। ਉਹ ਆਪਣਾ ਤਾਂਗਾ ਵੀ ਲੈ ਆਇਆ। ਦੋਹਾਂ ਡਾਕਟਰ ਔਰਤਾਂ ਨੂੰ ਬੁਰਕੇ ਪੁਆਏ ਤੇ ਅੱਲ੍ਹਾ ਦਾ ਨਾਂ ਲੈ ਕੇ ਸਟੇਸ਼ਨ ਨੂੰ ਚਾਲੇ ਪਾ ਦਿੱਤੇ। ਰਾਹ ਵਿਚ ਫਸਾਦੀਆਂ ਦੀ ਭੀੜ ਨੇ ਕਈ ਥਾਈਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਚਦੇ-ਬਚਾਉਂਦੇ ਸਟੇਸ਼ਨ ਤਕ ਪਹੁੰਚ ਹੀ ਗਏ। ਉਥੇ ਸਟੇਸ਼ਨ ਵਾਲਿਆਂ ਲਾਲ ਝੰਡੀ ਵਿਖਾ ਦਿੱਤੀ ਕਿ ਸਭ ਪਾਸੇ ਲਈ ਗੱਡੀਆਂ ਉੱਕਾ ਹੀ ਬੰਦ ਹਨ। ਆਪ ਨੇ ਫਿਰ ਵੀ ਹਿੰਮਤ ਅਤੇ ਸੂਝ ਤੋਂ ਕੰਮ ਲਿਆ। ਜਾਨ ਤਲੀ 'ਤੇ ਧਰ ਕੇ ਕਿਲਾ ਗੋਬਿੰਦਗੜ੍ਹ ਵਲ ਤੁਰ ਪਏ। ਰਾਹ ਵਿਚ ਹਜੂਮ ਨੇ ਕਈ ਰੁਕਾਵਟਾਂ ਖੜੀਆਂ ਕੀਤੀਆਂ। ਆਪ ਦ੍ਰਿੜ੍ਹ ਇਰਾਦੇ ਨਾਲ ਇਹੀ ਕਹਿੰਦੇ ਰਹੇ ਕਿ ਬੇਸ਼ਕ ਇਹ ਈਸਾਈ ਔਰਤਾਂ ਨੇ ਪਰ ਇਨ੍ਹਾਂ ਦੀ ਜਾਨ ਬਚਾਉਣਾ ਸਾਡਾ ਇਖਲਾਕੀ ਫਰਜ਼ ਹੈ ਅਤੇ ਆਜ਼ਾਦੀ ਦੇ ਨੇਤਾ ਮਹਾਤਮਾ ਗਾਂਧੀ ਦਾ ਵੀ ਇਹੋ ਅਰਸ਼ਾਦ ਏ ਕਿ ਕਿਸੇ ਔਰਤ ਜਾਂ ਬੱਚੇ ਤੇ ਹੱਥ ਨਾ ਉਠਾਇਆ ਜਾਵੇ। ਸੋ ਇਨ੍ਹਾਂ ਡਾਕਟਰਾਂ ਨੂੰ ਮਹਿਫ਼ੂਜ਼ ਥਾਂ 'ਤੇ ਪਹੁੰਚਾਉਣਾ ਲਾਜ਼ਮੀ ਏ। ਅੰਮ੍ਰਿਤਸਰ ਨਿਵਾਸੀ ਆਪ ਦੀ ਸਾਂਝੀਵਾਲਤਾ ਵਾਲੀ ਵਿਚਾਰਧਾਰਾ ਤੋਂ ਚੰਗੀ ਤਰ੍ਹਾਂ ਜਾਣੂ ਸਨ ਅਤੇ ਆਪ ਦੇ ਹਰ ਬੋਲ ਦੀ ਦਿਲੀ ਕਦਰ ਕਰਦੇ ਸਨ। ਸੋ ਉਹ ਖਾਮੋਸ਼ ਹੋ ਕੇ ਰਹਿ ਜਾਂਦੇ। ਆਪ ਦੋਹਾਂ ਨੂੰ ਲੈ ਕੇ ਕਿਲ੍ਹੇ ਤੱਕ ਪਹੁੰਚ ਗਏ। ਉਥੇ ਅੰਗਰੇਜ਼ ਅਤੇ ਖ਼ਾਸ ਕਰ ਈਸਾਈ ਕਿਲ੍ਹਾਬੰਦ ਸਨ। ਕਿਲ੍ਹੇ ਵਾਲੇ ਕਿਸੇ ਕੀਮਤ 'ਤੇ ਦਰਵਾਜ਼ਾ ਖੋਲ੍ਹਣ ਨੂੰ ਰਾਜ਼ੀ ਨਹੀਂ ਸਨ। ਆਖ਼ਰ ਆਪ ਨੇ ਪਾਦਰੀ ਈ. ਮੈਕਨਜੀ ਨੂੰ ਅੰਦਰੋਂ ਬੁਲਾਇਆ, ਜੋ ਆਪ ਦਾ ਚੋਖਾ ਜਾਣੂੰ ਸੀ। ਉਸ ਨੇ ਆ ਕੇ ਧੰਨਵਾਦ ਸਹਿਤ ਦੋਹਾਂ ਡਾਕਟਰਾਂ ਨੂੰ ਅੰਦਰ ਖੜਿਆ ਤੇ ਆਪ ਵੀ ਖ਼ੈਰ ਨਾਲ ਘਰੀਂ ਪਰਤੇ। ਜਦੋਂ ਮਾਰਸ਼ਲ ਲਾਅ ਲੱਗਾ, ਫੜੋ ਫੜਾਈ ਸ਼ੁਰੂ ਹੋਈ, ਆਪ ਨੇ ਕਈ ਬੇਗੁਨਾਹਾਂ ਨੂੰ ਬਚਾਉਣ ਲਈ ਪੂਰਾ ਟਿੱਲ ਲਾਇਆ। ਉਸ ਵੇਲੇ ਕਿਸੇ ਹਿੰਦੂ, ਮੁਸਲਿਮ ਜਾਂ ਸਿੱਖ ਲਈ ਵਿਤਕਰਾ ਨਾ ਕੀਤਾ ਗਿਆ। ਜਦ ਜ਼ਰਾ ਠੰਢ-ਠੰਢੋਰਾ ਹੋਇਆ ਤਾਂ ਮਿਸ ਆਰ. ਬਾਜਪਾਈ ਨੇ ਇਲਾਹਬਾਦ ਜਾ ਕੇ ਬੜੇ ਵਿਸਥਾਰ ਨਾਲ ਉਸ ਵੇਲੇ ਦੇ ਗਵਰਨਰ ਨੂੰ ਚਿੱਠੀ ਲਿਖੀ। ਗਵਰਨਰ ਨੇ ਆਪ ਨੂੰ ਇਨਸਾਨੀਅਤ ਦੀ ਖ਼ਿਦਮਤ ਲਈ ਇਕ ਸਰਟੀਫਿਕੇਟ ਅਤੇ 500 ਰੁਪਏ ਦਾ ਨਕਦ ਇਨਾਮ ਦਿੱਤਾ। ਆਪ ਅਕਸਰ ਕਹਿੰਦੇ ਸਨ, ''ਮੈਨੂੰ ਇਨਾਮ ਮਿਲਣ ਦੀ ਏਨੀ ਖੁਸ਼ੀ ਨਹੀਂ, ਜਿੰਨੀ ਦੋ ਬੀਬੀਆਂ ਦੇ ਬਚਾਏ ਜਾਣ ਦੀ ਖ਼ੁਸ਼ੀ ਏ ਤੇ ਮੇਰੇ ਨਜ਼ਦੀਕ ਇਨਸਾਨ ਦੀ ਇਹ ਖ਼ਿਦਮਤ ਇਨਸਾਨੀਅਤ ਦੀ ਅਸਲ ਖ਼ਿਦਮਤ ਏ।'' ਮੌਲਾ ਬਖ਼ਸ਼ ਕੁਸ਼ਤਾ ਦੇ ਜੀਵਨ ਦੀ ਇਹ ਅਹਿਮ ਘਟਨਾ ਹੈ। ਇਹ ਦਲੇਰੀ ਭਰਿਆ ਕਾਰਜ ਉਸ ਨੇ 10 ਅਪਰੈਲ, 1919 ਈਸਵੀ ਨੂੰ ਨਿਭਾਇਆ ਸੀ। ਸੰਖੇਪ ਵਿਚ ਇਸ ਦੇ ਪਿਛੋਕੜ ਨੂੰ  ਜਾਣ ਲੈਂਦੇ ਹਾਂ। ਪਹਿਲੀ ਵਿਸ਼ਵ ਜੰਗ ਬੰਦ ਹੋ ਚੁੱਕੀ ਸੀ। ਇਹ 28 ਜੁਲਾਈ, 1914 ਤੋਂ ਆਰੰਭ ਹੋ ਕੇ 11 ਨਵੰਬਰ, 1918 ਈਸਵੀ ਤੱਕ ਜਾਰੀ ਰਹੀ ਸੀ। ਬਰਤਾਨਵੀ ਸਰਕਾਰ ਨੇ ਭਾਰਤੀਆਂ ਨੂੰ ਇਸ ਜੰਗ ਵਿਚ ਸਹਿਯੋਗ ਲਈ ਬਦਲੇ ਵਿਚ ਸਵਰਾਜ ਦੇਣ ਦਾ ਭਰੋਸਾ ਦਿੱਤਾ ਸੀ। ਇਸ ਭਰੋਸੇ ਨੂੰ ਇਮਾਨ ਸਮਝ ਮਹਾਤਮਾ ਗਾਂਧੀ ਤੇ ਕਈ ਰਾਜਨੀਤਕ ਸ਼ਕਤੀਆਂ ਨੇ ਬਰਤਾਨਵੀ ਸਰਕਾਰ ਨੂੰ ਇਸ ਜੰਗ ਵਿਚ ਪੂਰਨ ਸਮਰਥਨ ਪ੍ਰਦਾਨ ਕਰਵਾਇਆ ਸੀ। ਮਹਾਤਮਾ ਗਾਂਧੀ ਵੱਲੋਂ ਭਰਤੀ ਸਾਰਜੈਂਟ ਬਣ ਕੇ ਭਾਰਤੀ ਨੌਜਵਾਨਾਂ ਨੂੰ ਬਰਤਾਨਵੀ ਫੌਜ ਵਿਚ ਭਰਤੀ ਕਰਵਾਉਣ ਲਈ ਨਿਭਾਈ ਅਹਿਮ ਭੂਮਿਕਾ ਇਸ ਦੀ ਉੱਘੀ ਮਿਸਾਲ ਹੈ। ਇਹ ਭਰਤੀ ਮੁਹਿੰਮ ਸਵੈ-ਇੱਛਤ ਨਹੀਂ ਸੀ ਜਿਵੇਂ ਕਿ ਮਹਾਤਮਾ ਦੀ ਭੂਮਿਕਾ ਤੋਂ ਭੁਲੇਖਾ ਪੈ ਸਕਦਾ ਹੈ। ਪੰਜਾਬ ਲਈ ਇਹ ਮੁਹਿੰਮ ਬਰਤਾਨਵੀ ਹਕੂਮਤ ਦੇ ਜਬਰ ਤੇ ਜ਼ੋਰ ਦਾ ਨੰਗਾ ਨਾਚ ਸੀ। ਪੰਜਾਬ ਲਈ ਇਹ ਬੇਹੱਦ ਪੀੜ ਭਰੀ ਸੀ। ਇਸ ਪੀੜ ਦਾ ਅੰਦਾਜ਼ਾ ਜਨਰਲ ਡਾਇਰ ਦੇ ਇਸ ਬਿਆਨ ਤੋਂ ਲੱਗ ਸਕਦਾ ਹੈ। ਉਸ ਨੇ ਲਿਖਿਆ ਸੀ, 'ਪੰਜਾਬ ਨੂੰ ਐਨਾ ਮਜਬੂਰ ਕੀਤਾ ਗਿਆ ਕਿ ਉਹ ਜੰਗ ਦੇ ਅਖੀਰ ਵਿਚ ਜਵਾਨਾਂ ਤੋਂ ਬਿਲਕੁਲ ਖਾਲੀ ਹੋ ਗਿਆ ਸੀ।' ਇਸ ਭਰਤੀ ਵਿਚ ਇਕੱਲੇ ਪੰਜਾਬ ਵਿਚੋਂ 4 ਲੱਖ ਜਵਾਨ ਭਰਤੀ ਕੀਤੇ ਗਏ ਸਨ ਜਿਹੜੇ ਕੱੁਲ ਭਰਤੀ ਦਾ 25 ਫੀਸਦੀ ਸਨ। ਆਬਾਦੀ ਅਨੁਪਾਤ ਅਨੁਸਾਰ ਪੰਜਾਬ ਦੀ ਵਸੋਂ ਕੁਲ ਭਾਰਤੀ ਵਸੋਂ ਦਾ 7 ਫੀਸਦੀ ਹੀ ਸੀ। ਬਰਤਾਨਵੀ ਸਰਕਾਰ ਦੀ ਭਰਤੀ ਵਿਧੀ ਜ਼ੋਰ ਜਬਰ ਤੇ ਅਪਮਾਨਮੁਖੀ ਸੀ। ਪੰਜਾਬ ਇਸ ਕਾਰਨ ਤੜਫ ਉਠਿਆ ਸੀ। ਜੰਗ ਖ਼ਤਮ ਹੋਣ ਉਪਰੰਤ ਅੰਗਰੇਜ਼ ਵੱਲੋਂ ਦਿੱਤੇ ਸਵਰਾਜ ਦੇ ਭਰੋਸੇ ਨੂੰ ਸੱਚ ਮੰਨ ਕੇ ਮਹਾਤਮਾ ਨੇ ਬਰਤਾਨਵੀ ਫੌਜ ਦੀ ਭਰਤੀ ਮਸ਼ੀਨ ਦਾ ਪੁਰਜ਼ਾ ਬਣ ਭਾਰਤ ਅੰਦਰ ਕਾਰਜ ਕੀਤਾ ਸੀ। ਇਸ ਮੁਹਿੰਮ ਦੇ ਕੌੜੇ ਅਨੁਭਵ ਮਹਾਤਮਾ ਨੇ ਆਪਣੀ ਆਤਮ ਕਥਾ ਅੰਦਰ ਲਿਖਤਬੱਧ ਕੀਤੇ ਹਨ। ਵਿਸ਼ਵ ਜੰਗ ਵਿਚ ਜੇਤੂ ਹੋਣ ਉਪਰੰਤ ਬਰਤਾਨਵੀ ਸਰਕਾਰ ਨੇ ਵਾਅਦਾ ਵਫ਼ਾ ਨਹੀਂ ਸੀ ਕੀਤਾ। ਇਸ ਕਾਰਨ ਉਹ ਮਹਾਤਮਾ ਦੀਆਂ ਨਜ਼ਰਾਂ ਅੰਦਰ ਨੈਤਿਕ ਪੱਧਰ ਉਤੇ ਡਿੱਗ ਗਈ ਸੀ। ਇਸ ਨੈਤਿਕ ਹਾਰ ਨੂੰ ਜਬਰ ਨਾਲ ਜਿੱਤ ਵਿਚ ਬਦਲਣ ਲਈ ਬਰਤਾਨਵੀ ਹਕੂਮਤ ਨੇ ਰੋਲਟ ਐਕਟ ਬਣਾਉਣ ਦਾ ਕਦਮ ਚੁੱਕਿਆ ਸੀ। ਮਹਾਤਮਾ ਨੇ ਇਸ ਖ਼ਿਲਾਫ਼ ਅੰਦੋਲਨ ਦਾ ਐਲਾਨ ਕੀਤਾ ਸੀ। ਇਸ ਅੰਦੋਲਨ ਦੀ ਲੋਕ ਤਾਕਤ ਤੇ ਸਫਲਤਾ ਬਾਰੇ ਮਹਾਤਮਾ ਦਾ ਅੰਦਾਜ਼ਾ ਤੇ ਵਿਸ਼ਵਾਸ ਵੀ ਡਾਵਾਂਡੋਲ ਸੀ ਪਰ ਭਾਰਤੀ ਲੋਕ ਮਨ ਨੇ ਮਹਾਤਮਾ ਨੂੰ ਵੀ ਚਕਿਤ ਕਰ ਦਿੱਤਾ ਸੀ। ਸਾਰਾ ਭਾਰਤ ਇਕ ਜਿੰਦ ਹੋ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਡਟ ਖੜਾ ਹੋਇਆ ਸੀ। ਅੰਮ੍ਰਿਤਸਰ ਅੰਦਰ ਇਸ ਜਿੰਦ ਦਾ ਨਾਮ ਡਾ. ਸੈਫੀਊਦੀਨ ਕਿਚਲੂ ਤੇ ਡਾ. ਸੱਤਿਆਪਾਲ ਸੀ। ਇਸ ਅੰਦੋਲਨ ਨੇ 30 ਮਾਰਚ, 1919 ਨੂੰ ਆਰੰਭ ਹੋਣਾ ਸੀ ਪਰ ਮਹਾਤਮਾ ਨੇ ਇਹ ਤਾਰੀਖ ਬਦਲ ਕੇ 6 ਅਪਰੈਲ, 1919 ਕਰ ਦਿੱਤੀ ਸੀ। ਅੰਮ੍ਰਿਤਸਰ ਵਿਚ ਇਹ ਅੰਦੋਲਨ 30 ਮਾਰਚ, 1919 ਨੂੰ ਹੀ ਵਿਸ਼ਾਲ ਹੜਤਾਲ ਨਾਲ ਆਰੰਭ ਹੋਇਆ ਸੀ। ਇਸ ਸਬੰਧੀ ਜਲ੍ਹਿਆਂਵਾਲੇ ਬਾਗ ਵਿਚ ਹੋਈ ਸਭਾ ਨੂੰ ਡਾ. ਸੱਤਿਆਪਾਲ ਨੇ ਪ੍ਰਥਮ ਬੁਲਾਰੇ ਦੇ ਰੂਪ ਵਿਚ ਸੰਬੋਧਤ ਕੀਤਾ ਸੀ। ਇਸ ਸਭਾ ਦੀ ਪ੍ਰਧਾਨਗੀ ਡਾ. ਸੈਫੀਊਦੀਨ ਕਿਚਲੂ ਨੇ ਕੀਤੀ ਸੀ। ਇਸ ਸਭਾ ਵਿਚ ਕੋਈ ਪੰਤਾਲੀ ਹਜ਼ਾਰ ਲੋਕ ਸ਼ਾਮਲ ਹੋਏ ਸਨ। ਇਸ ਪੁਰਅਮਨ ਅਤੇ ਸਫਲ ਹੜਤਾਲ ਨੇ ਬਰਤਾਨਵੀ ਹਕੂਮਤ ਦੀ ਨੀਂਦ ਉਡਾ ਦਿੱਤੀ ਸੀ। ਪਲਟਵਾਰ ਦੇ ਰੂਪ ਵਿਚ ਹਕੂਮਤ ਨੇ 3 ਅਪਰੈਲ ਨੂੰ ਕਿਚਲੂ ਤੇ ਸੱਤਿਆਪਾਲ ਲਈ ਸ਼ਹਿਰ ਦੀਆਂ ਸੀਮਾਵਾਂ ਅੰਦਰ ਹੀ ਰਹਿਣ, ਸਮਾਚਾਰ ਪੱਤਰਾਂ ਵਿਚ ਬਿਆਨ ਨਾ ਦੇਣ ਅਤੇ ਕਿਸੇ ਵੀ ਸਭਾ ਵਿਚ ਭਾਗ ਲੈਣ ਤੇ ਬੋਲਣ ਉਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਤਿਆਗ੍ਰਹਿ ਦੇ ਸੰਬੰਧ ਵਿਚ ਜਲ੍ਹਿਆਂਵਾਲੇ ਬਾਗ ਵਿਚ 6 ਅਪਰੈਲ ਨੂੰ ਵਿਸ਼ਾਲ ਸਭਾ ਹੋਈ ਸੀ ਜਿਸ ਦੀ ਪ੍ਰਧਾਨਗੀ ਬਦਰ-ਉਲ-ਇਸਲਾਮ ਅਲੀ ਖਾਨ ਨੇ ਕੀਤੀ ਸੀ। ਇਸ ਸਭਾ ਵਿਚ ਲਗਪਗ ਪੰਜਾਹ ਹਜ਼ਾਰ ਲੋਕ ਹਾਜ਼ਰ ਸਨ। ਇਸ ਉਪਰੰਤ ਡਾ. ਕਿਚਲੂ ਨੂੰ ਸਤਿਆਗ੍ਰਹਿ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ ਸੀ। ਇਸ ਤੋਂ ਬਾਅਦ 9 ਅਪਰੈਲ, 1919 ਵਾਲੇ ਦਿਨ ਰਾਮਨੌਮੀ ਦੇ ਤਿਉਹਾਰ ਉਤੇ ਭਾਰਤੀ ਲੋਕ ਮਨ ਦੀ ਲਾ-ਮਿਸਾਲ ਏਕਤਾ ਨੂੰ ਪ੍ਰਗਟਾਉਂਦਾ ਇਕ ਵਿਸ਼ਾਲ ਜਲੂਸ ਅੰਮ੍ਰਿਤਸਰ ਸ਼ਹਿਰ ਅੰਦਰ ਆਯੋਜਤ ਕੀਤਾ ਗਿਆ ਸੀ। ਇਸ ਜਲੂਸ ਨੇ ਬਰਤਾਨਵੀ ਹਕੂਮਤ ਦੀ ਇਸ ਧਾਰਨਾ ਨੂੰ ਕਿ ਭਾਰਤ ਧਰਮ ਦੇ ਨਾਮ ਉਤੇ ਵੰਡਿਆ ਹੋਇਆ ਇਕ ਖੰਡੀ ਦੇਸ਼ ਹੈ ਜਿਸ ਨੂੰ ਇਕਮੁੱਠ ਰੱਖਣਾ ਅਸੰਭਵ ਹੈ, ਗਲਤ ਸਾਬਤ ਕਰ ਦਿੱਤੀ ਸੀ। ਉਹ ਇਸ ਨੂੰ ਸਹੀ ਸਾਬਤ ਕਰਨ ਹਿੱਤ ਜ਼ੁਲਮ ਜ਼ੋਰ ਉਤੇ ਉਤਰ ਆਈ ਸੀ। ਜ਼ਿਲ੍ਹਾ ਕਮਿਸ਼ਨਰ ਨੇ 10 ਅਪਰੈਲ ਨੂੰ ਸਵੇਰੇ ਦਸ ਵਜੇ ਡਾ. ਕਿਚਲੂ ਤੇ ਸਤਿਆਪਾਲ ਨੂੰ ਆਪਣੀ ਕੋਠੀ ਉਤੇ ਬੁਲਾ ਕੇ ਨਗਰ ਨਿਕਾਲੇ ਲਈ ਨਜ਼ਰਬੰਦ ਕਰ ਲਿਆ ਸੀ ਅਤੇ ਅੰਮ੍ਰਿਤਸਰ ਤੋਂ ਬਾਹਰ ਅਗਿਆਤ ਥਾਂ (ਧਰਮਸ਼ਾਲਾ) ਭੇਜ ਦਿੱਤਾ ਸੀ। ਇਸ ਹਕੂਮਤੀ ਧੱਕੇ ਦੇ ਖ਼ਿਲਾਫ਼ ਅੰਮ੍ਰਿਤਸਰ ਅੰਦਰ ਉਸੇ ਵੇਲੇ ਮੁਕੰਮਲ ਬੰਦ ਹੋ ਗਿਆ ਸੀ ਅਤੇ ਲੋਕਾਂ ਵੱਲੋਂ ਵਿਸ਼ਾਲ ਜਲੂਸ ਕੱਢਿਆ ਗਿਆ ਸੀ। ਉਸ ਵੇਲੇ ਦੇ ਸਹਾਇਕ ਕਮਿਸ਼ਨਰ ਆਰ.ਬੀ. ਬੇਕਟ ਦੇ ਬਿਆਨ ਅਨੁਸਾਰ ਇਸ ਜਲੂਸ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਕਰੀਬ ਤੀਹ ਹਜ਼ਾਰ ਸੀ। ਬੇਕਟ ਇਸ ਜਲੂਸ ਨੂੰ ਜ਼ਿਲ੍ਹਾ ਕਮਿਸ਼ਨਰ ਦੇ ਨਿਵਾਸ ਸਥਾਨ ਵੱਲ ਜਾਣ ਤੋਂ ਰੋਕਣ ਦੀ ਡਿਊਟੀ ਹਿੱਤ ਮੈਜਿਸਟ੍ਰੇਟ ਦੇ ਰੂਪ ਵਿਚ ਤਾਇਨਾਤ ਸੀ। ਇਸ ਟਕਰਾਅ ਦੌਰਾਨ ਸੈਨਿਕਾਂ ਨੇ ਤਾਕਤ ਦੀ ਵਰਤੋਂ ਕਰਦਿਆਂ ਗੋਲੀ ਚਲਾ ਦਿੱਤੀ ਸੀ, ਜਿਸ ਵਿਚ 20 ਬੰਦੇ ਸ਼ਹੀਦ ਹੋ ਗਏ ਸਨ। ਲੋਕਾਂ ਨੇ ਸ਼ਹੀਦਾਂ ਦੀਆਂ ਲਾਸ਼ਾਂ ਤੇ ਫੱਟੜਾਂ ਨੂੰ ਸੰਭਾਲਣ ਦੇ ਪ੍ਰਬੰਧ ਕੀਤੇ ਸਨ। ਇਸ ਦੌਰਾਨ ਹਸਪਤਾਲ ਦੀ ਅੰਗਰੇਜ਼ ਡਾਕਟਰ ਵੱਲੋਂ ਭਾਰਤੀਆਂ ਬਾਰੇ ਬੋਲੇ ਗਏ ਕਬੋਲਾਂ ਕਾਰਨ ਅੰਦੋਲਤ ਲੋਕ ਮਨ ਨੂੰ ਹੋਰ ਵੀ ਅਪਮਾਨਤ ਤੇ ਪੀੜਤ ਹੋਣਾ ਪਿਆ ਸੀ। ਇਸ ਰੋਹ ਦੀ ਆੜ ਵਿਚ ਫਿਰਕੂ ਮਨਾਂ ਨੇ ਅੰਗਰੇਜ ਪ੍ਰਬੰਧਕਾਂ ਨੂੰ ਮਾਰਨਾ ਆਰੰਭ ਕਰ ਦਿੱਤਾ ਸੀ ਅਤੇ ਸ਼ਹਿਰ ਅੰਦਰ ਲੁੱਟ-ਖੋਹ ਤੇ ਸਾੜ-ਫੂਕ ਸ਼ੁਰੂ ਹੋ ਗਈ ਸੀ। ਬੈਂਕ, ਹਸਪਤਾਲ ਤੇ ਅੰਗਰੇਜ਼ ਟਿਕਾਣੇ ਇਸ ਦੰਗੇ ਦਾ ਸ਼ਿਕਾਰ ਹੋ ਗਏ ਸਨ। ਇਸ ਸਥਿਤੀ ਵਿਚ ਪੰਜ ਅੰਗਰੇਜ਼ ਪ੍ਰਬੰਧਕ (ਦੋ ਬੈਂਕ ਅਧਿਕਾਰੀ, ਇਕ ਡਾਕਟਰ, ਇਕ ਚੌਕੀਦਾਰ) ਮਾਰੇ ਗਏ ਸਨ। ਇਹੋ ਜਿਹੀ ਪ੍ਰਸਥਿਤੀ ਵਿਚ ਮੌਲਾ ਬਖ਼ਸ਼ ਕੁਸ਼ਤਾ ਨੇ ਉਪਰੋਕਤ ਬਿਆਨ ਕੀਤਾ ਮਾਨਵੀ ਕਾਰਜ ਕੀਤਾ ਸੀ। ਇਕ ਭਾਰਤੀ ਪੰਜਾਬੀ ਨੇ ਦੋ ਈਸਾਈ ਡਾਕਟਰ ਔਰਤਾਂ ਨੂੰ ਫਿਰਕੂ ਅੱਗ ਅੰਦਰੋਂ ਸਲਾਮਤ ਕੱਢ ਲਿਆ ਸੀ। ਇਸ ਪ੍ਰਸਥਿਤੀ ਵਿਚ ਮੌਲਾ ਬਖ਼ਸ਼ ਕੁਸ਼ਤਾ ਦੇ ਰੂਪ ਵਿਚ ਭਾਰਤੀ ਪੰਜਾਬੀ ਮਨ ਤਾਂ ਇਹ ਮਾਨਵੀ ਮਿਸਾਲ ਕਾਇਮ ਕਰ ਰਿਹਾ ਸੀ ਪਰ ਦੂਜੇ ਪਾਸੇ ਬਰਤਾਨਵੀ ਹਕੂਮਤ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ। ਉਸ ਬਾਰੇ ਜਾਣ ਲੈਣਾ ਵੀ ਯੋਗ ਹੋਵੇਗਾ। ਦੋ ਸਤਿਆਗ੍ਰਹਿਈਆਂ ਡਾ. ਕਿਚਲੂ ਤੇ ਡਾ. ਸੱਤਿਆਪਾਲ ਦੇ ਅਗਿਆਤ ਨਗਰ ਨਿਕਾਲੇ ਦੇ ਪ੍ਰਤੀਕਰਮ ਵਜੋਂ ਹੋਏ ਬੰਦ ਤੇ ਜਲੂਸ ਨਾਲ ਹਾਕਮ ਧਿਰ ਨੇ ਬੰਦੂਕ ਨਾਲ ਨਜਿੱਠਿਆ ਸੀ। ਸਾਰਾ ਨਗਰ ਇਸ ਜ਼ੁਲਮ ਦੇ ਖ਼ਿਲਾਫ਼ ਉਠ ਖੜਾ ਹੋਇਆ ਸੀ। ਇਸ ਦਾ ਸਬੂਤ 13 ਅਪਰੈਲ, 1919 ਵਾਲੇ ਦਿਨ ਜਲਿਆਂਵਾਲੇ ਬਾਗ ਦੀ ਵਿਸ਼ਾਲ ਪੁਰਅਮਨ ਜਨ ਸਭਾ ਸੀ। ਇਸ ਸਭਾ ਦੀ ਵਿਸ਼ੇਸ਼ਤਾ ਹੀ ਇਹ ਸੀ ਕਿ ਸਾਰਾ ਨਗਰ ਫੌਜ ਦੇ ਹਵਾਲੇ ਹੋ ਜਾਣ ਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ ਵਿਚ ਜਲ੍ਹਿਆਂਵਾਲੇ ਬਾਗ ਪਹੁੰਚੇ ਸਨ। ਇਸ ਇਕੱਠ ਦੀ ਗਿਣਤੀ ਵੀਹ ਹਜ਼ਾਰ ਦੇ ਕਰੀਬ ਸੀ। ਇਹ ਸਭਾ ਸਦਭਾਵਨਾ ਪੂਰਨ ਸੀ। ਸ਼ਹਿਰ ਅੰਦਰ ਫਿਰਕੂ ਸਦਭਾਵਨਾ ਬਰਕਰਾਰ ਰੱਖਦਿਆਂ ਹਕੂਮਤ ਦੇ ਜਬਰ ਖ਼ਿਲਾਫ਼ ਇਕਮੁੱਠਤਾ ਪ੍ਰਗਟਾਉਣਾ ਇਸ ਸਭਾ ਦਾ ਮੁੱਖ ਮੰਤਵ ਸੀ। ਇਸ ਦਿਨ ਵਿਸਾਖੀ ਦਾ ਤਿਉਹਾਰ ਵੀ ਸੀ। ਇਸ ਇਕੱਠ ਵਿਚ ਲੋਕਾਂ ਨੂੰ ਠੰਢਾ ਪਾਣੀ ਵਰਤਾਉਣ ਦਾ ਖਾਸ ਪ੍ਰਬੰਧ ਸੀ ਜਿਸ ਵਿਚ ਊਧਮ ਸਿੰਘ ਵੀ ਸ਼ਾਮਲ ਸੀ। ਉਸ ਵੇਲੇ ਊਧਮ ਸਿੰਘ ਵੀਹ ਸਾਲਾਂ ਦਾ ਅਨਾਥ ਗੱਭਰੂ ਸੀ। ਉਹ ਅੰਮ੍ਰਿਤਸਰ ਦੇ ਖਾਲਸਾ ਯਤੀਮਖਾਨੇ ਵਿਚ ਪਲਿਆ ਸੀ। ਇਸ ਪੁਰਅਮਨ ਸਭਾ ਉਤੇ ਡਾਇਰ ਨੇ ਭਾਰਤੀਆਂ ਨੂੰ ਸਬਕ ਸਿਖਾਉਣ ਦੇ ਮੰਤਵ ਅਧੀਨ ਬਿਨਾਂ ਕਿਸੇ ਚੇਤਾਵਨੀ ਦੇ ਮਿੱਥ ਕੇ ਗੋਲੀਆਂ ਚਲਾਈਆਂ ਸਨ। ਇਕ ਅੰਦਾਜ਼ੇ ਅਨੁਸਾਰ ਉਸ ਨੇ ਫੌਜ ਨੂੰ ਉਦੋਂ ਤੱਕ ਗੋਲੀਆਂ ਚਲਾਉਂਦੇ ਰਹਿਣ ਦਾ ਹੁਕਮ ਕੀਤਾ ਸੀ ਜਦੋਂ ਤੱਕ ਪ੍ਰਾਪਤ ਗੋਲੀ ਸਿੱਕਾ ਮੁੱਕ ਨਾ ਜਾਂਦਾ। ਇਸ ਕਤਲੇਆਮ ਦਾ ਉੱਤਰ ਭਾਰਤੀ ਮਨ ਨੇ ਤਿੰਨ ਰੂਪਾਂ ਵਿਚ ਦਿੱਤਾ ਸੀ। ਪਹਿਲੇ ਰੂਪ ਦਾ ਨਾਮ ਸ਼ਹੀਦ ਊਧਮ ਸਿੰਘ ਹੋ ਗਿਆ ਹੈ। ਦੂਜੇ ਨੇ ਆਪਣਾ ਨਾਮ ਮਹਾਤਮਾ ਗਾਂਧੀ ਧਰ ਲਿਆ ਸੀ ਅਤੇ ਤੀਜੇ ਨੇ ਆਪਣੇ ਆਪ ਨੂੰ ਰਬਿੰਦਰਨਾਥ ਟੈਗੋਰ ਦੱਸ ਕੇ ਬਰਤਾਨਵੀ ਸਰਕਾਰ ਵੱਲੋਂ ਬਖ਼ਸ਼ੇ 'ਸਰ' ਦੇ ਖ਼ਿਤਾਬ ਨੂੰ ਠੋਕਰ ਮਾਰ ਦਿੱਤੀ ਸੀ। ਇਸ ਕਤਲੇਆਮ ਦੀ ਭਿਅੰਕਰਤਾ ਇਨ੍ਹਾਂ ਅੰਕੜਿਆਂ ਤੋਂ ਆਂਕੀ ਜਾ ਸਕਦੀ ਹੈ। ਸਰਕਾਰੀ ਅੰਕੜੇ ਅਨੁਸਾਰ ਕਤਲੇਆਮ ਵਿਚ ਮਰਨ ਵਾਲਿਆਂ ਦੀ ਗਿਣਤੀ 2000 ਸੀ। ਗ਼ੈਰ ਸਰਕਾਰੀ ਅੰਕੜਿਆਂ ਨੇ ਸ਼ਹੀਦਾਂ ਦੀ ਸੰਖਿਆ 1200 ਮੰਨੀ ਸੀ ਅਤੇ ਜ਼ਖ਼ਮੀਆਂ ਦੀ ਗਿਣਤੀ 3600 ਸਹੀ ਕੀਤੀ ਸੀ। ਇਸ ਘਟਨਾਕ੍ਰਮ ਵਿਚ 38 ਲੋਕਾਂ ਨੂੰ ਕੋੜੇ ਮਾਰੇ ਗਏ ਸਨ ਅਤੇ 852 ਲੋਕਾਂ ਉਤੇ ਮੁਕੱਦਮਾ ਚਲਾਇਆ ਗਿਆ ਜਿਨ੍ਹਾਂ ਵਿਚੋਂ 581 ਨੂੰ ਸਜ਼ਾ ਹੋਈ ਸੀ, 108 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ 264 ਨੂੰ ਉਮਰ ਕੈਦ ਦਿੱਤੀ ਗਈ ਸੀ। ਇਥੇ ਇੱਕ ਬੇਹੱਦ ਦੁੱਖ ਭਰਿਆ ਤੱਥ ਲਿਖਦੇ ਹਾਂ। ਉਹ ਤੱਥ ਇਹ ਹੈ ਕਿ ਇਨ੍ਹਾਂ ਸਜ਼ਾਵਾਂ ਵਿਚੋਂ ਕੁਝ ਸਜ਼ਾਵਾਂ ਦਸੰਬਰ 1919 ਦੀ ਕ੍ਰਿਸਮਿਸ ਦੇ ਹਵਾਲੇ ਨਾਲ ਮੁਆਫ ਕਰ ਦਿੱਤੀਆਂ ਗਈਆਂ ਸਨ ਪਰ ਮੁਆਫੀ ਵਾਲੇ ਫੈਸਲੇ ਤੋਂ ਪਹਿਲਾਂ ਹੀ 18 ਲੋਕਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਸੀ। ਇਸ ਤੱਥ ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ ਕਿ ਇਸ ਅੰਦੋਲਨ ਦੌਰਾਨ 18 ਲੋਕ ਫਾਂਸੀ ਦਾ ਰੱਸਾ ਚੁੰਮ ਸ਼ਹਾਦਤ ਨੂੰ ਪ੍ਰਾਪਤ ਹੋਏ ਸਨ। ਇੱਥੇ ਇਕ ਤੱਥ ਹੋਰ ਵੇਖਣ ਵਾਲਾ ਹੈ ਉਹ ਇਹ ਹੈ ਕਿ 30 ਮਾਰਚ, 1919 ਤੋਂ ਲੈ ਕੇ 13 ਅਪਰੈਲ, 1919 ਵਾਲੇ ਦਿਨ ਵਾਪਰੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੱਕ ਹੋਈਆਂ ਜਨ ਸਭਾਵਾਂ ਤੇ ਜਲੂਸਾਂ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਕਦੇ ਵੀ ਵੀਹ ਹਜ਼ਾਰ ਤੋਂ ਘੱਟ ਨਹੀਂ ਸੀ ਰਹੀ। ਇਸ ਅੰਕੜੇ ਨਾਲ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ਇਨ੍ਹਾਂ ਦਿਨਾਂ ਵਿਚ ਪੂਰਾ ਅੰਮ੍ਰਿਤਸਰ ਨਗਰ ਅੰਦੋਲਨ ਦਾ ਰੂਪ ਧਾਰ ਗਿਆ ਸੀ। ਬਰਤਾਨਵੀ ਹਕੂਮਤ ਨੇ ਇਸ ਨੂੰ ਗਦਰ ਦੀ ਸੰਗਿਆ ਦਿੱਤੀ ਸੀ। ਇਸ ਤਰ੍ਹਾਂ ਇਹ ਅੰਕੜੇ ਉਸ ਵੇਲੇ ਅੰਮ੍ਰਿਤਸਰ ਨਗਰ ਅੰਦਰ ਵਿਆਪਕ ਸੁਤੰਤਰਤਾ ਦੇ ਖਿਆਲ ਅਤੇ ਬਰਤਾਨਵੀ ਹਾਕਮ ਦੇ ਜ਼ੋਰ-ਜਬਰ ਦੀ ਇੰਤਹਾ ਨੂੰ ਦਰਸਾਉਂਦੇ ਹਨ। ਜਲ੍ਹਿਆਂਵਾਲਾ ਬਾਗ ਭਾਰਤੀ ਮਨ ਲਈ ਮਾਨਵ ਦੀ ਏਕਤਾ ਤੇ ਸੁਤੰਤਰਤਾ ਦਾ ਪ੍ਰਤੀਕ ਬਣ ਗਿਆ ਹੈ। ਇਹ ਸ਼ਬਦ ਪੰਜਾਬੀ ਤੇ ਭਾਰਤੀ ਸਾਹਿਤ ਅੰਦਰ ਪ੍ਰਵੇਸ਼ ਪਾ ਕੇ ਇਕ ਸਦੀਵੀ ਵਿਸ਼ੇ ਦੇ ਰੂਪ ਵਿਚ ਪਵਿੱਤਰ ਸਥਾਨ ਹਾਸਲ ਕਰ ਗਿਆ ਹੈ। ਇਸ ਸ਼ਬਦ ਦਾ ਸਿਮਰਨ ਭਾਰਤੀ ਦਿਲਾਂ ਨੂੰ ਅਜਬ ਧੜਕਣ ਬਖ਼ਸ਼ਦਾ ਹੈ। ਇਸ ਧੜਕਣ ਅੰਦਰ ਸ਼ਹੀਦ ਊਧਮ ਸਿੰਘ ਦਾ ਨਾਮ ।। ਜਾਪ।। ਦੀ ਸੰਗਿਆ ਧਾਰਨ ਕਰ ਗਿਆ ਹੈ। ਉਸ ਦਾ ਜੀਵਨ ਨਵੇਂ ਨਾਇਕ ਦੇ ਰੂਪ ਵਿਚ ਪੰਜਾਬੀ ਤੇ ਭਾਰਤੀ ਸਾਹਿਤ ਲਈ ਸਦੀਵੀ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਦੋ ਨਾਮ ਓਡਵਾਇਰ ਤੇ ਡਾਇਰ ਅੰਤਾਂ ਦੀ ਨਫਰਤ ਦੇ ਭਾਗੀ ਪਾਤਰ ਬਣ ਭਾਰਤੀ ਤੇ ਪੰਜਾਬੀ ਸਾਹਿਤ ਅੰਦਰ ਦਾਖਲ ਹੋ ਗਏ ਹਨ। ਭਾਰਤੀ ਸਾਹਿਤ ਅਤੇ ਵਿਸ਼ੇਸ਼ ਰੂਪ ਵਿਚ ਪੰਜਾਬੀ ਸਾਹਿਤ ਉਤੇ ਇਸ ਸਾਕੇ ਦਾ ਇਹ ਪ੍ਰਭਾਵ ਪਿਆ ਹੈ। ਵਿਸ਼ਵ ਮਾਨਵ ਅਤੇ ਸਾਹਿਤ ਨੂੰ ਸਦੀਵੀ ਰੂਪ ਵਿੱਚ ਪ੍ਰਭਾਵਤ ਤੇ ਪ੍ਰੇਰਤ ਕਰਨ ਵਾਲੇ ਇਸ ਸਾਕੇ ਦੌਰਾਨ ਮਾਨਵ ਅੰਦਰ ਨਿਵਾਸ ਕਰਦੇ ਉੱਤਮ ਗੁਣਾਂ ਦਾ ਪ੍ਰਕਾਸ਼ ਕਰਨ ਵਾਲੇ ਮਨੁੱਖ ਧੰਨਭਾਗੇ ਹਨ। ਪੰਜਾਬੀ ਸਾਹਿਤ ਦੇ ਹਵਾਲੇ ਨਾਲ ਇਹੋ ਜਿਹਾ ਹੀ ਧੰਨਭਾਗਾ ਇਨਸਾਨ ਮੌਲਾ ਬਖ਼ਸ਼ ਕੁਸ਼ਤਾ ਸੀ ਜਿਸ ਨੂੰ ਇਸ ਸਾਕੇ ਦਾ ਚਸ਼ਮਦੀਨ ਗਵਾਹ ਬਣਨ ਦਾ ਹੀ ਨਹੀਂ ਸਗੋਂ ਇਸ ਦੌਰਾਨ ਬਿਨਾਂ ਕਿਸੇ ਭਿੰਨ ਭੇਦ ਦੇ ਮਾਨਵ ਨੂੰ ਮਾਨਵ ਸਮਝ ਉਸ ਦੀ ਸੇਵਾ, ਸੁਰੱਖਿਆ ਅਤੇ ਸਤਿਕਾਰ ਕਰਨ ਦਾ ਕਾਰਜ ਸਿਦਕ ਨਾਲ ਨਿਭਾਉਣ ਦਾ ਅਵਸਰ ਮਿਲਿਆ ਸੀ। ਉਸ ਵੱਲੋਂ ਇਸ ਸਮੇਂ ਨਿਭਾਇਆ ਕਾਰਜ ਅੰਮ੍ਰਿਤਸਰ ਨਗਰ ਅਤੇ ਜਲ੍ਹਿਆਂਵਾਲੇ ਬਾਗ ਵਿਚ ਜੁੜੀ ਸਭਾ ਦੀ ਰੂਹ ਦੇ ਅਨੁਕੂਲ ਸੀ।

* ਮੋਬਾਈਲ:98880-71992

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All