ਜਬਰ ਜਨਾਹ : ਸਮਾਜਿਕ ਦੁਖਾਂਤ : The Tribune India

ਜਬਰ ਜਨਾਹ : ਸਮਾਜਿਕ ਦੁਖਾਂਤ

ਜਬਰ ਜਨਾਹ : ਸਮਾਜਿਕ ਦੁਖਾਂਤ

ਸਾਡੇ ਸਮਾਜ ਵਿਚ ਔਰਤ ਦੀ ਸਥਿਤੀ ਬੜੀ ਅਜੀਬ ਹੈ। ਇਕ ਪਾਸੇ ਤਾਂ ਉਸ ਦੇ ਮਾਂ-ਰੂਪ ਨੂੰ ਬੇਹੱਦ ਵਡਿਆਈ ਤੇ ਸਨਮਾਨ ਮਿਲਦਾ ਹੈ ਤੇ ਦੂਸਰੇ ਰੂਪ ਵਿਚ ਉਸ ਨੂੰ ਪੈਰ ਦੀ ਜੁੱਤੀ ਕਹਿ ਕੇ ਛੁਟਿਆਇਆ ਜਾਂਦਾ ਹੈ। ਮਾਂ-ਰੂਪ ਵਿਚ ਵਡਿਆਏ ਜਾਣ ਵਾਲਾ ਤੌਰ-ਤਰੀਕਾ ਪੂਜਾ ਦੀ ਹੱਦ ਤਕ ਜਾਂਦਾ ਹੈ ਅਤੇ ਸਮਾਜ ਦੇ ਬਹੁਤ ਸਾਰੇ ਹਿੱਸੇ ਦੇਵੀ-ਪੂਜਕ ਵੀ ਹਨ। ਇਹ ਦੋਵੇਂ ਪਹਿਲੂ ਬਾਹਰੀ ਤੌਰ ’ਤੇ ਬੜੇ ਆਪਾ-ਵਿਰੋਧੀ ਲੱਗਦੇ ਹਨ ਪਰ ਅਸਲ ਵਿਚ ਇਕ-ਦੂਸਰੇ ਦੇ ਪੂਰਕ ਹਨ ਅਤੇ ਸਮਾਜ ਵਿਚ ਔਰਤ ਨੂੰ ਦਿੱਤੇ ਜਾਂਦੇ ਨਿਮਨ/ਨੀਵੇਂ ਦਰਜੇ ਦੀ ਪੁਸ਼ਟੀ ਕਰਦੇ ਹਨ। ਪੂਜਾ ਕਰਨ ਵਾਲੇ ਸਵਰੂਪ ਨੂੰ ਇਸ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ ਕਿ ਇਹ ਉਸ ਦੇ ਤ੍ਰੀਮਤਪਣ ਦੇ ਇਜ਼ਹਾਰ (ਭਾਵ ਜਿਸ ਵਿਚ ਔਰਤ ਦੇ ਤਨ, ਮਨ ਤੇ ਰੂਹ ਦੀਆਂ ਸਾਰੀਆਂ ਖ਼ਾਹਿਸ਼ਾਂ ਪੂਰੇ ਮਾਨਵੀ ਰੂਪ ਵਿਚ ਪ੍ਰਗਟ ਹੋ ਸਕਦੀਆਂ ਹੋਣ) ਦਾ ਪ੍ਰਤੀਵਾਦ ਬਣ ਜਾਂਦਾ ਹੈ। ਇਹ ਘਟਨਾ 29 ਦਸੰਬਰ ਨੂੰ ਮਨੇਸਰ (ਗੁਰੂਗ੍ਰਾਮ) ਵਿਚ ਵਾਪਰਦੀ ਹੈ। ਪਤੀ ਦੀ ਮੌਤ ਦੇ ਦੁੱਖ ਨਾਲ ਘੁਲ ਰਹੀ ਵਿਧਵਾ ਆਪਣੀ ਜ਼ਿੰਦਗੀ ਨੂੰ ਨਵੀਂ ਤੋਰੇ ਤੋਰਨ ਦਾ ਯਤਨ ਕਰਦੀ ਹੈ। ਉਹਦੇ ਦੋ ਬੱਚੇ ਹਨ। ਉਹ ਮਨ ਬਣਾਉਂਦੀ ਹੈ ਕਿ ਉਹ ਉਸ ਕੰਪਨੀ ਤਕ ਪਹੁੰਚ ਕਰੇਗੀ ਜਿੱਥੇ ਉਹਦਾ ਪਤੀ ਕੰਮ ਕਰਦਾ ਹੁੰਦਾ ਸੀ। ਉਹ ਨਖਰੋਲਾ ਚੌਕ ਤੋਂ ਆਟੋ ਰਿਕਸ਼ਾ ਲੈਂਦੀ ਹੈ। ਡਰਾਈਵਰ ਭਾਂਪ ਲੈਂਦਾ ਕਿ ਉਹ ਇਲਾਕੇ ਬਾਰੇ ਨਹੀਂ ਜਾਣਦੀ; ਕਹਿੰਦਾ ਹੈ ਕਿ ਉਹ ਉਹਨੂੰ ਦੱਸੇ ਸਿਰਨਾਵੇਂ ’ਤੇ ਲੈ ਜਾਵੇਗਾ। ਮਨੋਵਿਗਿਆਨੀ ਇਹ ਕਹੇਗਾ ਕਿ ਡਰਾਈਵਰ ਦਾ ਮਨ ਦੋ ਦਿਸ਼ਾਵਾਂ ਵਿਚ ਕੰਮ ਕਰ ਰਿਹਾ ਹੈ। ਪਹਿਲਾ, ਉਹ ਇਸ ਦੁਖੀ ਔਰਤ ਦੀ ਸਹਾਇਤਾ ਕਰਨੀ ਚਾਹੁੰਦਾ ਹੈ। ਦੂਸਰਾ, ਉਹ ਔਰਤ ਜਿਸ ਤਰ੍ਹਾਂ ਦੇ ਹਾਲਾਤ ਵਿਚ ਹੈ, ਉਸ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਹੈ। ਦੂਸਰੇ ਤਰੀਕੇ ਦੀ ਸੋਚ ਡਰਾਈਵਰ ਦੇ ਮਨ ਵਿਚ ਪ੍ਰਵਾਨ ਚੜ੍ਹਦੀ ਹੈ। ਉਹ ਔਰਤ ਨੂੰ ਕਿਤੇ ਹੋਰ ਲੈ ਜਾਂਦਾ ਹੈ; ਆਪਣੇ ਦੋਸਤਾਂ ਨੂੰ ਸੱਦਦਾ ਹੈ; ਉਹ ਉਸ ਨਾਲ ਸਮੂਹਿਕ ਜਬਰ ਜਨਾਹ ਕਰਦੇ ਹਨ ਤੇ ਅਰਧ-ਬੇਹੋਸ਼ੀ ਦੀ ਹਾਲਤ ਵਿਚ ਛੱਡ ਦਿੰਦੇ ਹਨ। ਨਿਰਭਯਾ ਜਬਰ ਜਨਾਹ ਕੇਸ ਦੌਰਾਨ ਲੋਕਾਂ ਦਾ ਗੁੱਸਾ ਕਿਸੇ ਤੂਫ਼ਾਨ ਵਾਂਗ ਉੱਠਿਆ ਤੇ ਇਹੋ ਜਿਹੇ ਅਪਰਾਧਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ। ਅਜਿਹੇ ਕੇਸਾਂ ਦੌਰਾਨ ਇਕੱਠੇ ਹੋਏ ਲੋਕ ਅਪਰਾਧੀਆਂ ਨੂੰ ਫਾਂਸੀ ਤੇ ਹੋਰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੇ ਹਨ। ਦੁਖਾਂਤ ਇਹ ਹੈ ਕਿ ਉਨ੍ਹਾਂ ਲੋਕਾਂ ਵਿਚੋਂ ਹੀ ਕੁਝ ਲੋਕ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਤੇ ਗਵਾਂਢੀ ਬਾਅਦ ਵਿਚ ਔਰਤਾਂ ਨਾਲ ਅਜਿਹੇ ਕੁਕਰਮ ਕਰਦੇ ਹਨ। ਇਹੋ ਜਿਹੀਆਂ ਘਟਨਾਵਾਂ ਤੋਂ ਬਾਅਦ ਲੋਕ ਤੇ ਮੀਡੀਆ ਆਵਾਜ਼ ਉਠਾਉਂਦੇ ਹਨ, ਦੋਸ਼ੀ ਫੜੇ ਜਾਂਦੇ ਹਨ, ਕਾਨੂੰਨੀ ਕਾਰਵਾਈ ਵੀ ਹੁੰਦੀ ਹੈ, ਫਿਰ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈਂਦੀਆਂ। ਸਮਾਜ ਵਿਚ ਪ੍ਰਵਾਨਿਤ ਮਰਦ-ਪ੍ਰਧਾਨ ਸੋਚ ਕਰਕੇ ਪੁਲੀਸ ਬਹੁਤ ਵਾਰੀ ਇਹੋ ਜਿਹੇ ਕੇਸਾਂ ਦੀ ਚੰਗੀ ਤਰ੍ਹਾਂ ਤਫ਼ਤੀਸ਼ ਨਹੀਂ ਕਰ ਪਾਉਂਦੀ ਕਿਉਂਕਿ ਤਫ਼ਤੀਸ਼ ਕਰਨ ਵਾਲਿਆਂ ਦੇ ਮਨਾਂ ਵਿਚ ਔਰਤ-ਵਿਰੋਧੀ ਸੋਚ ਸਮਾਈ ਬੈਠੀ ਹੁੰਦੀ ਹੈ। ਪੀੜਤ ਔਰਤਾਂ ਨੂੰ ਤਫ਼ਤੀਸ਼ ਕਰਨ ਵਾਲੀਆਂ ਏਜੰਸੀਆਂ ਤੇ ਵਕੀਲਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲਾਂ, ਜਿਨ੍ਹਾਂ ਵਿਚ ਕਈ ਪੁੱਠੇ-ਸਿੱਧੇ ਤੇ ਅਪਮਾਨਤ ਕਰਨ ਵਾਲੇ ਹੁੰਦੇ ਹਨ, ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਔਰਤਾਂ ਦਾ ਦੁਖ ਬਹੁਪਰਤੀ ਹੈ। ਇਕ ਪਾਸੇ ਤਾਂ ਉਨ੍ਹਾਂ ਨੂੰ ਇਨਸਾਫ਼ ਲੈਣ ਦੀ ਲੜਾਈ ਵਿਚ ਪੀੜਾ ਉਠਾਉਣੀ ਪੈਂਦੀ ਹੈ ਤੇ ਦੂਸਰਾ ਸਮਾਜ ਵੀ ਉਨ੍ਹਾਂ ਦਾ ਤ੍ਰਿਸਕਾਰ ਕਰਦਾ ਹੈ। ਕਈ ਵਾਰ ਉਹ ਖ਼ੁਦ ਵੀ ਬਹੁਤ ਸ਼ਰਮਸਾਰ ਮਹਿਸੂਸ ਕਰਦੀਆਂ ਹਨ। ਅਸੀਂ ਇਸ ਵਹਿਸ਼ੀਪੁਣੇ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ? ਇਸ ਸਵਾਲ ਦਾ ਜਵਾਬ ਲੱਭਣ ਲਈ ਜਿੱਥੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇ, ਉੱਥੇ ਸਮਾਜ ਨੂੰ ਵੀ ਆਪਣੇ ਅੰਦਰ ਅੰਤਰਝਾਤ ਪਾਉਣ ਦੀ ਸਖ਼ਤ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ