ਚੌਟਾਲਾ ਪਰਿਵਾਰ: ਵਿਰਾਸਤ ਦੀ ਲੜਾਈ

ਭਾਰਤ ਦੇ ਮਰਹੂਮ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪਰਿਵਾਰ ਵਿਚ ਜਾਨਸ਼ੀਨੀ ਦੀ ਲੜਾਈ ਵਿਚ ਓਮ ਪ੍ਰਕਾਸ਼ ਚੌਟਾਲਾ ਨੇ ਛੋਟੇ ਪੁੱਤਰ ਅਭੈ ਚੌਟਾਲਾ ਦਾ ਸਾਥ ਦਿੱਤਾ ਹੈ ਤੇ ਵੱਡੇ ਪੁੱਤਰ ਅਜੈ ਸਿੰਘ ਚੌਟਾਲਾ ਅਤੇ ਪੋਤਰਿਆਂ ਦੁਸ਼ਿਅੰਤ ਤੇ ਦਿਗਵਿਜੈ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿਚੋਂ ਬਰਖ਼ਾਸਤ ਕਰ ਦਿੱਤਾ ਹੈ। ਹੁਣ ਦੁਸ਼ਿਅੰਤ ਦੀ ਅਗਵਾਈ ਵਿਚ ਜੀਂਦ ਵਿਖੇ ਕੀਤੀ ਵਿਸ਼ਾਲ ਰੈਲੀ ਦੌਰਾਨ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ ਹੈ। ਚੌਧਰੀ ਦੇਵੀ ਲਾਲ ਦੀ ਵਿਰਾਸਤ ਦੇ ਵਾਰਸ ਬਣਨ ਦੀ ਰਣਨੀਤੀ ਉੱਤੇ ਚੱਲਦਿਆਂ ਨਵੀਂ ਪਾਰਟੀ ਦਾ ਨਾਮ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ ਹੈ ਅਤੇ ਰੈਲੀ ਜੀਂਦ ਦੇ ਪਾਂਡੂ-ਪਿੰਡਾਰਾ ਮੈਦਾਨ ਵਿਚ ਕੀਤੀ ਗਈ ਜਿੱਥੋਂ ਦੇਵੀ ਲਾਲ ਨੇ ਹਰਿਆਣੇ ਦੀਆਂ ਖੇਤਰੀ ਮੰਗਾਂ ਬਾਰੇ ਨਿਆਂ ਯੁੱਧ ਸ਼ੁਰੂ ਕੀਤਾ ਸੀ। ਪਾਰਟੀ ਦੇ ਜ਼ਿਆਦਾਤਰ ਵਿਧਾਇਕ ਤੇ ਆਗੂ ਓਮ ਪ੍ਰਕਾਸ਼ ਤੇ ਅਭੈ ਦੀ ਧਿਰ ਨਾਲ ਹੀ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਰੈਲੀ ਵਿੱਚ ਜੁੜੀ ਭੀੜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੁਸ਼ਿਅੰਤ ਦਾ ਵੀ ਲੋਕਾਂ ਅੰਦਰ ਅੱਛਾ ਖਾਸਾ ਆਧਾਰ ਹੈ। ਭਾਰਤ ਵਿਚ ਬੇਸ਼ੱਕ ਸੰਸਦੀ ਜਮਹੂਰੀ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ਪਰ ਕੇਂਦਰ ਅਤੇ ਵੱਖ-ਵੱਖ ਰਾਜਾਂ ਦੀਆਂ ਖੇਤਰੀ ਪਾਰਟੀਆਂ ਉੱਤੇ ਪਰਿਵਾਰਵਾਦ ਦਾ ਕਬਜ਼ਾ ਹਕੀਕਤ ਬਣ ਚੁੱਕਾ ਹੈ। ਇਨ੍ਹਾਂ ਪਾਰਟੀਆਂ ਅੰਦਰ ਜਾਨਸ਼ੀਨੀ ਸਮੇਂ ਟਕਰਾਅ ਪੈਦਾ ਹੋਣਾ ਸੁਭਾਵਿਕ ਹੈ। ਚੌਟਾਲਾ ਪਰਿਵਾਰ ਵਿਚ ਪਹਿਲਾਂ ਵੀ ਅਜਿਹਾ ਮੌਕਾ ਆਇਆ ਸੀ। 1989 ਵਿਚ ਚੌਧਰੀ ਦੇਵੀ ਲਾਲ ਦੇ ਰਾਸ਼ਟਰੀ ਰਾਜਨੀਤੀ ਵਿਚ ਚਲੇ ਜਾਣ ਤੋਂ ਬਾਅਦ ਆਪਣਾ ਜਾਨਸ਼ੀਨ ਪੁਰਾਣੀ ਰਵਾਇਤ ਮੁਤਾਬਿਕ ਵੱਡੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨੂੰ ਬਣਾ ਦਿੱਤਾ ਸੀ। ਓਦੋਂ ਛੋਟੇ ਪੁੱਤਰ ਰਣਜੀਤ ਚੌਟਾਲਾ ਨੇ ਬਗ਼ਾਵਤ ਕਰ ਕੇ ਕਾਂਗਰਸ ਦਾ ਪੱਲਾ ਫੜਨ ਨੂੰ ਤਰਜੀਹ ਦਿੱਤੀ, ਪਰ ਪਾਰਟੀ ਦੀ ਤਾਕਤ ਓਮ ਪ੍ਰਕਾਸ਼ ਕੋਲ ਰਹੀ। ਓਮ ਪ੍ਰਕਾਸ਼ ਅਤੇ ਅਜੈ ਚੌਟਾਲਾ ਅਧਿਆਪਕ ਭਰਤੀ ਮਾਮਲੇ ਵਿਚ ਸਜ਼ਾ ਭੁਗਤ ਰਹੇ ਹਨ। ਲੋਕ ਸਭਾ ਦੀਆਂ 2019 ਵਿਚ ਹੋਣ ਵਾਲੀਆਂ ਚੋਣਾਂ ਪਰਿਵਾਰਕ ਵਿਰਾਸਤ ਦੇ ਵਾਰਸ ਦਾ ਫ਼ੈਸਲਾ ਕਰਨ ਦਾ ਮੌਕਾ ਦੇਣਗੀਆਂ। ਹਰਿਆਣਾ ਦੀ ਸਿਆਸੀ ਬਿਸਾਤ ਉੱਤੇ ਬਾਜ਼ੀ ਮਾਰਨ ਦੀ ਰਣਨੀਤੀ ਤਹਿਤ ਹੀ ਦੁਸ਼ਿਅੰਤ ਨੇ ਜੀਂਦ ਭਾਵ ਜਾਟ ਲੈਂਡ ਤੋਂ ਅਲੱਗ ਸਿਆਸੀ ਪਾਰੀ ਖੇਡਣ ਦਾ ਫ਼ੈਸਲਾ ਕੀਤਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਿਸਾਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਦੁਸ਼ਿਅੰਤ ਨੂੰ ਪੜਦਾਦੇ, ਦਾਦੇ ਅਤੇ ਪਿਓ ਦੀ ਵਿਰਾਸਤ ਨੂੰ ਵਰਤਣ ਦਾ ਲਾਭ ਵੀ ਮਿਲੇਗਾ ਤੇ ਨਾਲ ਹੀ ਉਸ ਨੂੰ ਇਨੈਲੋ ਦੇ ਨਾਂਹ-ਪੱਖੀ ਪਹਿਲੂਆਂ ਦਾ ਬੋਝ ਨਹੀਂ ਢੋਣਾ ਪਵੇਗਾ। ਇਹ ਦੇਖਣਾ ਹੈ ਕਿ ਇਸ ਲੜਾਈ ਵਿਚੋਂ ਸਾਰਥਿਕ ਸਿਆਸਤ ਦਾ ਚਿਹਰਾ ਮੋਹਰਾ ਨਿੱਖਰੇਗਾ ਜਾਂ ਮਾਮਲਾ ਵਿਰਾਸਤ ਤੇ ਕਬਜ਼ੇ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ ਜਾਂ ਕੋਈ ਨਵੇਂ ਸਿਆਸੀ ਸਮੀਕਰਨ ਬਣਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All